Latest News
ਭਾਜਪਾ ਗੱਠਜੋੜ ਨੂੰ ਖੋਰਾ-ਦਰ-ਖੋਰਾ

Published on 10 Jan, 2019 11:32 AM.


ਆਮ ਕਹਾਵਤ ਹੈ ਕਿ 'ਜਦੋਂ ਬੇੜੀ ਡੁੱਬਣ ਲੱਗਦੀ ਹੈ' ਤਾਂ ਉਸ ਵਿੱਚ ਸਵਾਰ ਮੁਸਾਫ਼ਰ ਇੱਕ-ਇੱਕ ਕਰਕੇ ਛਾਲਾਂ ਮਾਰਨ ਲੱਗਦੇ ਹਨ। ਅੱਜ ਇਹੋ ਸਥਿਤੀ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਦੀ ਬਣੀ ਹੋਈ ਹੈ। ਲੋਕ ਸਭਾ ਦੀਆਂ 2014 ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਸੂਬਿਆਂ ਵਿੱਚ 28 ਪਾਰਟੀਆਂ ਨਾਲ ਮਿਲ ਕੇ ਲੜੀਆਂ ਸਨ। ਇਸ ਚੋਣ ਵਿੱਚ ਭਾਜਪਾ ਨੂੰ ਅਣਕਿਆਸੀ ਸਫ਼ਲਤਾ ਮਿਲੀ ਤੇ ਉਸ ਨੇ 282 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਉਸ ਦੀਆਂ ਸਹਿਯੋਗੀ 22 ਪਾਰਟੀਆਂ ਨੇ ਵੀ 54 ਸੀਟਾਂ ਹਾਸਲ ਕਰ ਲਈਆਂ ਸਨ। ਇਸ ਤੋਂ ਬਾਅਦ ਹੋਈਆਂ ਕਈ ਰਾਜਾਂ ਦੀਆਂ ਚੋਣਾਂ ਦੌਰਾਨ ਵੀ ਭਾਜਪਾ ਨੇ ਕਈ ਹੋਰ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕੀਤੇ ਤੇ ਇਸ ਨਾਲ ਨੈਸ਼ਨਲ ਡੈਮੋਕਰੇਟਿਕ ਅਲਾਇੰਸ ਵਿੱਚ ਸ਼ਾਮਲ ਪਾਰਟੀਆਂ ਦੀ ਗਿਣਤੀ ਵਧ ਕੇ 42 ਹੋ ਗਈ ਸੀ।
ਪਰ ਇਨ੍ਹਾਂ ਪੰਜਾਂ ਸਾਲਾਂ ਦੌਰਾਨ, ਖਾਸ ਕਰਕੇ ਪਿਛਲੇ ਕੁਝ ਸਮੇਂ ਤੋਂ, ਐੱਨ ਡੀ ਏ ਦਾ ਕੁਨਬਾ ਬਿਖਰਣਾ ਸ਼ੁਰੂ ਹੋ ਗਿਆ ਤੇ ਇਹ ਬਿਖਰਾਅ ਲਗਾਤਾਰ ਜਾਰੀ ਹੈ। ਹੁਣ ਤੱਕ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਭਾਜਪਾ ਗੱਠਬੰਧਨ ਨੂੰ ਅਲਵਿਦਾ ਕਿਹਾ ਹੈ, ਉਨ੍ਹਾਂ ਵਿੱਚ ਹਰਿਆਣਾ ਦੀ ਹਰਿਆਣਾ ਜਨਹਿੱਤ ਕਾਂਗਰਸ, ਤਾਮਿਲਨਾਡੂ ਦੀਆਂ ਪਾਰਟੀਆਂ ਐੱਮ ਡੀ ਐੱਮ ਕੇ, ਡੀ ਐੱਮ ਡੀ ਕੇ ਤੇ ਪੀ ਐੱਮ ਕੇ, ਆਂਧਰਾ ਪ੍ਰਦੇਸ਼ ਦੇ ਫ਼ਿਲਮ ਕਲਾਕਾਰ ਪਵਨ ਕਲਿਆਣ ਦੀ ਜਨ ਸੈਨਾ ਪਾਰਟੀ, ਕੇਰਲਾ ਦੀਆਂ ਦੋ ਪਾਰਟੀਆਂ ਆਰ ਐੱਸ ਪੀ (ਬਾਲਸ਼ਵਿਕ) ਤੇ ਸੀ ਕੇ ਜਾਨੂੰ ਦੀ ਰਾਸ਼ਟਰੀ ਸਭਾ ਸ਼ਾਮਲ ਹਨ। ਇਨ੍ਹਾਂ ਤੋਂ ਬਿਨਾਂ 2017 ਵਿੱਚ ਮਹਾਂਰਾਸ਼ਟਰ ਦੀ ਪਾਰਟੀ ਸਵੈਭਿਮਾਨੀ ਪਕਸ਼ ਵੀ ਭਾਜਪਾ ਤੋਂ ਵੱਖ ਹੋ ਗਈ ਸੀ। ਇਸ ਦੇ ਮੁਖੀ ਸਾਂਸਦ ਰਾਜੂ ਸ਼ੈਟੀ ਨੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਦੱਸ ਕੇ ਭਾਜਪਾ ਗੱਠਜੋੜ ਨੂੰ ਅਲਵਿਦਾ ਕਹਿ ਦਿੱਤਾ ਸੀ।
ਨਾਗਾਲੈਂਡ ਵਿੱਚ 2018 ਦੀਆਂ ਚੋਣਾਂ ਭਾਜਪਾ ਨੇ ਐੱਨ ਡੀ ਪੀ ਪੀ ਨਾਲ ਮਿਲ ਕੇ ਲੜੀਆਂ ਸਨ। ਇਸ ਦੇ ਵਿਰੋਧ ਵਿੱਚ ਭਾਜਪਾ ਦੀ 15 ਸਾਲ ਪੁਰਾਣੀ ਸਹਿਯੋਗੀ ਐੱਨ ਪੀ ਐੱਫ਼ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਪਿਛਲੇ ਸਾਲ ਦੇ ਸ਼ੁਰੂ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਪਾਰਟੀ ਹਿੰਦੋਸਤਾਨ ਅਵਾਮ ਮੋਰਚਾ ਭਾਜਪਾ ਦਾ ਸਾਥ ਛੱਡ ਕੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਵਿੱਚ ਸ਼ਾਮਲ ਹੋ ਗਈ ਸੀ। ਇਸੇ ਦੌਰਾਨ ਐੱਨ ਡੀ ਏ ਨੂੰ ਸਭ ਤੋਂ ਵੱਡਾ ਝਟਕਾ ਉਸ ਵੇਲੇ ਲੱਗਾ, ਜਦੋਂ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਭਾਜਪਾ ਗੱਠਜੋੜ ਨੂੰ ਛੱਡ ਕੇ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਵਿੱਚ ਸ਼ਾਮਲ ਹੋ ਗਈ। ਤੇਲਗੂ ਦੇਸ਼ਮ ਦੇ ਲੋਕ ਸਭਾ ਵਿੱਚ 16 ਸਾਂਸਦ ਹਨ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿੱਚ ਭਾਜਪਾ ਦਾ ਪੀ ਡੀ ਪੀ ਨਾਲ ਗੱਠਜੋੜ ਜੂਨ 2018 ਵਿੱਚ ਟੁੱਟ ਗਿਆ। ਜਦੋਂ ਉੱਥੇ ਪੀ ਡੀ ਪੀ, ਕਾਂਗਰਸ ਤੇ ਨੈਸ਼ਨਲ ਕਾਨਫ਼ਰੰਸ ਨੇ ਸਾਂਝੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਤਾਂ ਭਾਜਪਾ ਨੇ ਉਥੇ ਰਾਜਪਾਲ ਰਾਹੀਂ ਰਾਸ਼ਟਰਪਤੀ ਰਾਜ ਲਾਗੂ ਕਰਵਾ ਦਿੱਤਾ।
ਬਿਹਾਰ ਵਿੱਚ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਤੇ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਫ਼ ਪਾਰਟੀ ਵੀ ਭਾਜਪਾ ਨੂੰ ਛੱਡ ਕੇ ਵਿਰੋਧੀ ਪਾਰਟੀਆਂ ਦੇ ਮਹਾਂਗੱਠਜੋੜ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਪੱਛਮੀ ਬੰਗਾਲ ਦੇ ਗੋਰਖਾ ਮੁਕਤੀ ਮੋਰਚਾ ਨੇ ਵੀ ਐੱਨ ਡੀ ਏ ਦਾ ਸਾਥ ਛੱਡ ਦਿੱਤਾ। ਹਾਲੇ ਪਿਛਲੇ ਹਫ਼ਤੇ ਹੀ ਅਸਾਮ ਗਣ ਪ੍ਰੀਸ਼ਦ ਵੀ ਨਾਗਰਿਕਤਾ ਸੰਸੋਧਨ ਬਿੱਲ ਦਾ ਵਿਰੋਧ ਕਰਦਿਆਂ ਐੱਨ ਡੀ ਏ 'ਚੋਂ ਬਾਹਰ ਆ ਗਈ ਹੈ। ਇਸ ਦੇ ਨਾਲ ਹੀ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕਿਹਾ ਹੈ ਕਿ ਨਾਗਰਿਕਤਾ ਸੰਸੋਧਨ ਬਿਲ ਦੇ ਮੁੱਦੇ ਉੱਤੇ ਉਹ ਵੀ ਐੱਨ ਡੀ ਏ ਨੂੰ ਛੱਡ ਸਕਦੇ ਹਨ।
ਇਹੋ ਨਹੀਂ ਐੱਨ ਡੀ ਏ ਵਿੱਚ ਸ਼ਾਮਲ ਬਾਕੀ ਪਾਰਟੀਆਂ ਨੇ ਵੀ ਭਾਜਪਾ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਿਵ ਸੈਨਾ, ਜਿਸ ਦੇ ਲੋਕ ਸਭਾ ਵਿੱਚ 18 ਸਾਂਸਦ ਹਨ, ਪਿਛਲੇ ਤਿੰਨ ਸਾਲਾਂ ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕਰਦੀ ਆ ਰਹੀ ਹੈ। ਭਾਜਪਾ ਦੀ ਇਹ ਹਿੰਮਤ ਹੀ ਨਹੀਂ ਪੈਂਦੀ ਕਿ ਉਹ ਸ਼ਿਵ ਸੈਨਾ ਨੂੰ ਗੱਠਜੋੜ ਵਿੱਚੋਂ ਬਾਹਰ ਕਰ ਸਕੇ। ਹੁਣ ਤਾਂ ਉਸ ਦੇ ਆਗੂ ਇਹ ਵੀ ਕਹਿ ਰਹੇ ਹਨ ਕਿ ਉਹ 2019 ਦੀਆਂ ਚੋਣਾਂ ਆਪਣੇ ਦਮ 'ਤੇ ਲੜਨਗੇ।
ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਹਿਯੋਗੀ ਪਾਰਟੀ ਅਪਨਾ ਦਲ ਦੀ ਕਨਵੀਨਰ ਤੇ ਕੇਂਦਰੀ ਮੰਤਰੀ ਅਨੂਪ੍ਰਿਆ ਪਟੇਲ ਨੇ ਜਨਤਕ ਤੌਰ 'ਤੇ ਭਾਜਪਾ ਨੂੰ ਆਪਣਾ ਰਵੱਈਆ ਸੁਧਾਰਨ ਦੀ ਚਿਤਾਵਨੀ ਦਿੱਤੀ ਹੈ। ਇੱਕ ਹੋਰ ਸਹਿਯੋਗੀ ਸੁਹੇਲ ਦੇਵ ਭਾਰਤੀ ਸਮਾਜ ਪਾਰਟੀ ਦੇ ਮੁਖੀ ਓਮ ਪ੍ਰਕਾਸ਼ ਰਾਜਭਰ, ਜੋ ਯੂ ਪੀ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ, ਕਈ ਵਾਰ ਭਾਜਪਾ ਨਾਲੋਂ ਗੱਠਜੋੜ ਤੋੜਨ ਦੀਆਂ ਧਮਕੀਆਂ ਦੇ ਚੁੱਕੇ ਹਨ। ਬੀਤੀ 29 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ਗਾਜੀਪੁਰ ਰੈਲੀ, ਜੋ ਮਹਾਰਾਜਾ ਸੁਹੇਲ ਦੇਵ ਨੂੰ ਸਮਰਪਿਤ ਸੀ, ਦਾ ਉਕਤ ਦੋਹਾਂ ਪਾਰਟੀਆਂ ਨੇ ਹੀ ਬਾਈਕਾਟ ਕੀਤਾ। ਪਾਰਟੀਆਂ ਤੋਂ ਇਲਾਵਾ ਬਹਿਰੀਚ ਤੋਂ ਭਾਜਪਾ ਦੀ ਸਾਂਸਦ ਸਵਿੱਤਰੀ ਬਾਈ ਫੂਲੇ ਨੇ ਭਾਜਪਾ ਤੇ ਸੰਸਦ ਤੋਂ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਕਿ ਉਹ 2019 ਵਿੱਚ ਭਾਜਪਾ ਨੂੰ ਹਰਾਉਣ ਲਈ ਕੰਮ ਕਰੇਗੀ।
ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ ਵਿੱਚੋਂ ਇੱਕ-ਇੱਕ ਕਰਕੇ ਪਾਰਟੀਆਂ ਦਾ ਵੱਖ ਹੋਣਾ ਦੱਸਦਾ ਹੈ ਕਿ ਆਉਣ ਵਾਲੇ ਦਿਨ ਭਾਜਪਾ ਲਈ ਚੰਗੇ ਨਹੀਂ ਰਹਿਣੇ। ਜਿੱਥੇ ਭਾਜਪਾ ਦਾ ਕੁਨਬਾ ਬਿਖਰ ਰਿਹਾ ਹੈ, ਉਥੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਦੀ ਕਤਾਰ ਲੰਮੀ ਹੁੰਦੀ ਜਾ ਰਹੀ ਹੈ। ਇਹ ਦਰਸਾਉਂਦਾ ਹੈ ਕਿ ਹਵਾ ਦਾ ਰੁਖ ਬਦਲ ਰਿਹਾ ਹੈ।

1092 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper