Latest News
ਕੇਂਦਰੀ ਜਾਂਚ ਏਜੰਸੀ ਦਾ ਵਿਗੜਦਾ ਅਕਸ

Published on 11 Jan, 2019 11:30 AM.


ਭਾਰਤ ਦੀ ਕੇਂਦਰੀ ਜਾਂਚ ਏਜੰਸੀ ਵਜੋਂ ਸੀ ਬੀ ਆਈ ਦਾ ਜਿਹੜਾ ਅਕਸ ਇਸ ਦੇ ਹੋਂਦ ਵਿੱਚ ਆਉਣ ਵਾਲੇ ਦਿਨਾਂ ਤੋਂ ਲੈ ਕੇ ਬਣਿਆ ਰਿਹਾ ਸੀ, ਉਹ ਇਸ ਵਕਤ ਨਹੀਂ ਰਿਹਾ ਜਾਪਦਾ। ਸਿਆਸੀ ਲੀਡਰਸ਼ਿਪ ਨੇ ਸਭ ਵਿਗਾੜ ਛੱਡਿਆ ਹੈ।
ਪਿਛਲੀ ਮਨਮੋਹਨ ਸਿੰਘ ਸਰਕਾਰ ਦੇ ਵਕਤ ਜਦੋਂ ਹਰ ਕਿਸੇ ਸੌਦੇ ਵਿੱਚ ਘਪਲੇ ਨਿਕਲ ਰਹੇ ਸਨ ਤਾਂ ਸੁਪਰੀਮ ਕੋਰਟ ਨੇ ਇੱਕ ਵਾਰੀ ਸੀ ਬੀ ਆਈ ਦੇ ਡਾਇਰੈਕਟਰ ਨੂੰ ਖਿਝ ਕੇ ਕਿਹਾ ਸੀ ਕਿ ਇਹ ਜਾਂਚ ਏਜੰਸੀ ਹੈ ਜਾਂ ਲੀਡਰਾਂ ਦੇ ਪਿੰਜਰੇ ਵਿਚਲਾ ਤੋਤਾ ਹੈ? ਇਸ ਦੀ ਬਹੁਤ ਚਰਚਾ ਹੋਈ ਸੀ। ਏਡੇ ਵੱਡੇ ਝਟਕੇ ਤੋਂ ਬਾਅਦ ਇਸ ਦਾ ਅਕਸ ਸੁਧਰਨ ਦੀ ਜਿਹੜੀ ਆਸ ਲੋਕਾਂ ਨੇ ਰੱਖੀ ਸੀ, ਉਹ ਇਸ ਲਈ ਪੂਰੀ ਨਹੀਂ ਹੋਈ ਕਿ ਸਮੇਂ ਦੀਆਂ ਸਰਕਾਰਾਂ ਨੇ, ਪਿਛਲੀ ਸਰਕਾਰ ਨੇ ਵੀ ਅਤੇ ਮੌਜੂਦਾ ਸਰਕਾਰ ਨੇ ਵੀ, ਇਹੋ ਜਿਹੇ ਅਫਸਰ ਲਾਉਣ ਨੂੰ ਪਹਿਲ ਦਿੱਤੀ, ਜਿਹੜੇ ਨੇਮਾਂ-ਕਾਨੂੰਨਾਂ ਦਾ ਖਿਆਲ ਕਰਨ ਦੀ ਬਜਾਏ ਨਿਯੁਕਤੀ ਦੇ ਹੁਕਮ ਦੇਣ ਵਾਲਿਆਂ ਦੇ ਚਿਹਰੇ ਵੱਲ ਵੇਖ ਕੇ ਚੱਲਦੇ ਰਹਿਣ। ਫਿਰ ਵੀ ਹਰ ਮਿੱਟੀ ਇੱਕੋ ਜਿਹੀ ਨਹੀਂ ਹੁੰਦੀ। ਜਦੋਂ ਆਪਣੇ ਸਿਰ ਨਾਲ ਸੋਚਣ ਵਾਲੇ ਕੁਝ ਅਫਸਰ ਆ ਗਏ ਤੇ ਕਾਨੂੰਨ ਮੁਤਾਬਕ ਚੱਲਣ ਲੱਗੇ ਤਾਂ ਉਨ੍ਹਾਂ ਦੇ ਪਰ ਕੁਤਰਨ ਦਾ ਕੰਮ ਸ਼ੁਰੂ ਹੋ ਗਿਆ। ਇਸ ਏਜੰਸੀ ਦੇ ਮੌਜੂਦਾ ਡਾਇਰੈਕਟਰ ਅਲੋਕ ਨਾਲ ਇਹੋ ਹੋਇਆ ਸੀ। ਉਸ ਦਾ ਕੇਸ ਫਿਰ ਸੁਪਰੀਮ ਕੋਰਟ ਤੱਕ ਗਿਆ। ਓਥੋਂ ਇਹ ਹੁਕਮ ਹੋਇਆ ਕਿ ਇਸ ਨੂੰ ਡਾਇਰੈਕਟਰ ਦੇ ਅਹੁਦੇ ਉੱਤੇ ਬਹਾਲ ਕੀਤਾ ਜਾਵੇ, ਪਰ ਨਾਲ ਅਲੋਕ ਨਾਥ ਬਾਰੇ ਅਗਲਾ ਕੋਈ ਵੀ ਫੈਸਲਾ ਇੱਕ ਹਫਤੇ ਵਿੱਚ ਕਰਨ ਲਈ ਕਹਿ ਦਿੱਤਾ ਗਿਆ ਤਾਂ ਸਰਕਾਰ ਨੇ ਇਸ ਨੂੰ ਵਰਤ ਲਿਆ ਹੈ। ਅਲੋਕ ਨਾਥ ਨੇ ਸੁਪਰੀਮ ਕੋਰਟ ਦੇ ਹੁਕਮ ਉੱਤੇ ਬੁੱਧਵਾਰ ਨੂੰ ਮੁੜ ਕੇ ਏਜੰਸੀ ਦਾ ਚਾਰਜ ਲਿਆ ਤੇ ਵੀਰਵਾਰ ਨੂੰ ਉਸ ਨੂੰ ਹਟਾ ਕੇ ਅੱਗ ਬੁਝਾਊ ਮਹਿਕਮੇ ਵੱਲ ਤੋਰ ਦਿੱਤਾ ਗਿਆ ਹੈ। ਇਹ ਉਸ ਨੂੰ ਝਟਕਾ ਦੇਣ ਲਈ ਕੀਤਾ ਗਿਆ ਨਜ਼ਰ ਆਉਂਦਾ ਹੈ।
ਅਲੋਕ ਨਾਥ ਵਰਮਾ ਇੱਕ ਅਫਸਰ ਹੈ ਜਾਂ ਕਿਹਾ ਜਾਵੇ ਕਿ ਇੱਕ ਵਿਅਕਤੀ ਹੈ, ਏਦਾਂ ਦੇ ਕੇਸ ਵਿੱਚ ਵਿਅਕਤੀ ਦੇ ਨਾਲੋਂ ਦੇਸ਼ ਦੇ ਹਿੱਤਾਂ ਨਾਲ ਜੁੜੇ ਹੋਏ ਵਰਤਾਰੇ ਦੀ ਗੱਲ ਕਰਨੀ ਵੱਧ ਜ਼ਰੂਰੀ ਹੁੰਦੀ ਹੈ। ਵਰਤਾਰਾ ਇਹ ਭਾਵੇਂ ਪਿਛਲੀ ਸਰਕਾਰ ਦੌਰਾਨ ਵੀ ਠੀਕ ਸੇਧ ਵਿੱਚ ਨਹੀਂ ਸੀ, ਮੌਜੂਦਾ ਸਰਕਾਰ ਵਿੱਚ ਏਨੀ ਬੁਰੀ ਤਰ੍ਹਾਂ ਕੁਰਾਹੇ ਦਾ ਸ਼ਿਕਾਰ ਹੋ ਗਿਆ ਹੈ ਕਿ ਦੋ ਪਾਰਟੀਆਂ ਦੇ ਆਗੂ ਆਪੋ ਵਿੱਚ ਕਿਸੇ ਥਾਂ ਮੀਟਿੰਗ ਵੀ ਕਰਨ ਤਾਂ ਸੀ ਬੀ ਆਈ ਓਸੇ ਰਾਤ ਦੋਵਾਂ ਦੇ ਖਿਲਾਫ ਕੇਸਾਂ ਦੀ ਜਾਂਚ ਦੀਆਂ ਫਾਈਲਾਂ ਦੇ ਥੱਬੇ ਚੁੱਕ ਕੇ ਤੁਰ ਪੈਂਦੀ ਹੈ। ਅਖਿਲੇਸ਼ ਸਿੰਘ ਯਾਦਵ ਤੇ ਮਾਇਆਵਤੀ ਦੇ ਕੇਸ ਵਿੱਚ ਇਹੋ ਕੁਝ ਹੋਇਆ ਹੈ। ਦੂਸਰੀ ਤਰਫ ਰਾਜ ਕਰਦੀ ਧਿਰ ਦੇ ਖਿਲਾਫ ਕਿਸੇ ਕੇਸ ਦੀ ਫਾਈਲ ਵੀ ਪੜ੍ਹਨ ਲਈ ਸੀ ਬੀ ਆਈ ਦਾ ਮੁਖੀ ਮੰਗਵਾ ਲਵੇ ਤਾਂ ਉਸ ਨੂੰ ਤੁਰੰਤ ਛੁੱਟੀ ਭੇਜ ਦਿੱਤਾ ਜਾਂਦਾ ਹੈ। ਇਸ ਨਾਲ ਬਾਕੀ ਲੋਕਾਂ ਨੂੰ ਇੱਕ ਸਿਗਨਲ ਚਲਾ ਜਾਂਦਾ ਹੈ ਅਤੇ ਉਹ ਕਿਸੇ ਵੀ ਸੂਰਤ ਵਿੱਚ ਨੌਕਰੀ ਕਾਇਮ ਰੱਖਣ ਵਾਸਤੇ ਵਗਦੇ ਵਹਿਣ ਦੇ ਨਾਲ ਵਗਣ ਨੂੰ ਪਹਿਲ ਦੇਣ ਲੱਗ ਜਾਂਦੇ ਹਨ।
ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਹੈ, ਓਦੋਂ ਇਸ ਏਜੰਸੀ ਦੀ ਕਾਰਗੁਜ਼ਾਰੀ ਦਾ ਇਹ ਹਾਲ ਹੈ ਕਿ ਪਿਛਲੇ ਸਾਲਾਂ ਵਿੱਚ ਇਸ ਵੱਲੋਂ ਪੜਤਾਲੇ ਗਏ ਕੇਸਾਂ ਦੇ ਸਿਰੇ ਚੜ੍ਹਨ ਦੀ ਫੀਸਦੀ ਲਗਾਤਾਰ ਡਿੱਗਦੀ ਜਾ ਰਹੀ ਹੈ। ਕਦੀ ਇਸ ਏਜੰਸੀ ਦੇ ਵੱਲ ਭੇਜੇ ਗਏ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਹੋਣ ਦੀ ਜਿਹੜੀ ਆਸ ਰੱਖੀ ਜਾਇਆ ਕਰਦੀ ਸੀ, ਉਹ ਅੱਜ ਦੇ ਸਮੇਂ ਵਿੱਚ ਰੱਖਣੀ ਫਜ਼ੂਲ ਹੁੰਦੀ ਜਾ ਰਹੀ ਹੈ। ਬਹੁਤ ਸਾਰੇ ਕੇਸਾਂ ਵਿੱਚ ਦੋਸ਼ੀ ਆਰਾਮ ਨਾਲ ਛੁੱਟ ਜਾਂਦੇ ਹਨ। ਪਿਛਲੀ ਸਰਕਾਰ ਦੇ ਵਕਤ ਜਿਹੜੇ ਟੈਲੀਕਾਮ ਵਾਲੇ ਬਹੁ-ਚਰਚਿਤ ਘੋਟਾਲੇ ਵਿੱਚ ਉਸ ਵਕਤ ਦਾ ਕੇਂਦਰੀ ਮੰਤਰੀ ਏ. ਰਾਜਾ ਅਹੁਦਾ ਛੱਡਣ ਤੋਂ ਬਾਅਦ ਜੇਲ੍ਹ ਵਿੱਚ ਕਈ ਦਿਨ ਤੱਕ ਤੜਿਆ ਰਿਹਾ ਸੀ, ਜੇ ਓਸੇ ਸਰਕਾਰ ਦੇ ਵਕਤ ਛੁੱਟ ਜਾਂਦਾ ਤਾਂ ਕਿਹਾ ਜਾਣਾ ਸੀ ਕਿ ਸਰਕਾਰ ਨੇ ਮਿਲੀਭੁਗਤ ਨਾਲ ਛੁਡਵਾ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਅਧੀਨ ਵੀ ਅਦਾਲਤ ਨੇ ਇਸ ਲਈ ਛੱਡ ਦਿੱਤਾ ਹੈ ਕਿ ਉਸ ਦੇ ਖਿਲਾਫ ਸੱਤ ਸਾਲ ਤੱਕ ਕੋਈ ਸਬੂਤ ਹੀ ਪੇਸ਼ ਨਹੀਂ ਸਨ ਕੀਤੇ ਗਏ। ਇਨ੍ਹਾਂ ਸੱਤਾਂ ਸਾਲਾਂ ਵਿੱਚੋਂ ਸਾਢੇ ਤਿੰਨ ਸਾਲ ਪਿਛਲੀ ਮਨਮੋਹਨ ਸਿੰਘ ਦੀ ਸਰਕਾਰ ਵਾਲੇ ਸਨ ਤੇ ਬਾਕੀ ਸਾਢੇ ਤਿੰਨ ਸਾਲ ਨਰਿੰਦਰ ਮੋਦੀ ਵਾਲੀ ਸਰਕਾਰ ਦੇ ਰਾਜ ਵਿੱਚ ਗੁਜ਼ਰੇ ਹਨ। ਦੋਵਾਂ ਸਰਕਾਰਾਂ ਦੇ ਦੌਰਾਨ ਉਹ ਸੀ ਬੀ ਆਈ ਕੇਸਾਂ ਵਿੱਚੋਂ ਬਚ ਗਿਆ ਹੈ। ਇਹ ਕੰਮ ਸੀ ਬੀ ਆਈ ਦੇ ਅਧਿਕਾਰੀ ਖੁਦ ਨਹੀਂ ਕਰਦੇ, ਏਦਾਂ ਦੀਆਂ ਛੋਟਾਂ ਸਮੇਂ ਦੀ ਸਰਕਾਰ ਦੇ ਅੱਖ ਦੇ ਇਸ਼ਾਰੇ ਉੱਤੇ ਦਿੱਤੀਆਂ ਜਾਂਦੀਆਂ ਹਨ ਅਤੇ ਕੇਸ ਸਿਰੇ ਨਾ ਚੜ੍ਹਨ ਕਾਰਨ ਫੀਸਦੀਆਂ ਡਿੱਗਣ ਦਾ ਕਾਲਾ ਧੱਬਾ ਇਸ ਜਾਂਚ ਏਜੰਸੀ ਦੇ ਅਕਸ ਉੱਤੇ ਲੱਗਦਾ ਹੈ।
ਇਹ ਸਾਲ ਲੋਕ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਫਤਵਾ ਦੇਣ ਦਾ ਹੈ। ਜਦੋਂ ਉਸ ਫਤਵੇ ਦੀ ਸਰਗਰਮੀ ਸ਼ੁਰੂ ਹੋਣ ਦੇ ਲਈ ਮਸਾਂ ਦੋ ਮਹੀਨੇ ਦਾ ਵਕਤ ਰਹਿ ਗਿਆ ਹੈ, ਓਦੋਂ ਵੀ ਇਸ ਮਾਮਲੇ ਵਿੱਚ ਚੱਜ ਦੀ ਗੱਲ ਹੁੰਦੀ ਦਿਖਾਈ ਨਹੀਂ ਦੇ ਰਹੀ। ਸੀ ਬੀ ਆਈ ਦੇ ਅੰਦਰ ਪੂਰੀ ਤਰ੍ਹਾਂ ਗੁੱਟ ਬਣੇ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਕੌਣ ਕਿਸ ਆਗੂ ਦਾ ਕਾਰਿੰਦਾ ਗਿਣਿਆ ਜਾਂਦਾ ਹੈ, ਇਸ ਦਾ ਰੌਲਾ ਜਾਂਚ ਏਜੰਸੀ ਦੀਆਂ ਕੰਧਾਂ ਨੂੰ ਵੀ ਸੁਣਦਾ ਪਿਆ ਹੈ। ਇਹ ਸਾਰਾ ਕੁਝ ਦੇਸ਼ ਦੇ ਹਿੱਤ ਵਿੱਚ ਨਹੀਂ ਹੁੰਦਾ ਪਿਆ।
-ਜਤਿੰਦਰ ਪਨੂੰ

1344 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper