Latest News
ਅਹੁਦੇ ਤੋਂ ਹਟਾਏ ਜਾਣ ਬਾਅਦ ਆਲੋਕ ਵਰਮਾ ਨੇ ਦਿੱਤਾ ਅਸਤੀਫ਼ਾ

Published on 11 Jan, 2019 11:32 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਹਾਈ ਪਾਵਰ ਸਿਲੈਕਸ਼ਨ ਕਮੇਟੀ ਦੁਆਰਾ ਸੀ ਬੀ ਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ਅਤੇ ਤਬਾਦਲਾ ਕੀਤੇ ਜਾਣ ਦੇ ਇੱਕ ਦਿਨ ਬਾਅਦ ਆਲੋਕ ਵਰਮਾ ਨੇ ਸਰਕਾਰ ਨੂੰ ਅਸਤੀਫ਼ਾ ਭੇਜ ਦਿੱਤਾ ਹੈ। ਵਰਮਾ ਦਾ ਤਬਾਦਲਾ ਕਰਦੇ ਹੋਏ ਉਨ੍ਹਾ ਨੂੰ ਫਾਇਰ ਸਰਵਿਸਿਜ਼ ਦਾ ਡਾਇਰੈਕਟਰ ਬਣਾਇਆ ਗਿਆ ਸੀ, ਪਰ ਪਹਿਲਾਂ ਤਾਂ ਉਨ੍ਹਾ ਚਾਰਜ ਲੈਣ ਤੋਂ ਇਨਕਾਰ ਕੀਤਾ ਅਤੇ ਬਾਅਦ 'ਚ ਅਸਤੀਫ਼ਾ ਦੇ ਦਿੱਤਾ।
ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਡਰ ਤੋਂ 1979 ਬੈਚ ਦੇ ਆਈ ਪੀ ਅੱੈਸ ਅਫ਼ਸਰ ਆਲੋਕ ਵਰਮਾ ਸੀ ਬੀ ਆਈ ਦੇ 27ਵੇਂ ਡਾਇਰੈਕਟਰ ਸਨ। ਉਹ ਦਿੱਲੀ ਪੁਲਸ ਦੇ ਕਮਿਸ਼ਨਰ ਵੀ ਰਹਿ ਚੁੱਕੇ ਸਨ। 31 ਜਨਵਰੀ ਨੂੰ ਉਹ ਰਿਟਾਇਰ ਹੋਣ ਵਾਲੇ ਸਨ। ਵਰਮਾ 1 ਫਰਵਰੀ 2017 ਨੂੰ ਸੀ ਬੀ ਆਈ ਡਾਇਰੈਕਟਰ ਬਣੇ ਸਨ। ਉਨ੍ਹਾ ਦਾ ਕਾਰਜਕਾਲ ਕਾਫ਼ੀ ਵਿਵਾਦਤ ਰਿਹਾ। ਵਰਮਾ ਅਤੇ ਸੀ ਬੀ ਆਈ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਦੋਵਾਂ ਨੇ ਇੱਕ-ਦੂਜੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਬਾਅਦ 'ਚ ਅਸਥਾਨਾ ਖਿਲਾਫ਼ ਐੱਫ ਆਈ ਆਰ ਵੀ ਦਰਜ ਹੋਈ। ਇਹ ਵਿਵਾਦ ਏਨਾ ਵਧ ਗਿਆ ਕਿ ਸਰਕਾਰ ਨੇ ਦੋਵਾਂ ਅਫ਼ਸਰਾਂ ਨੂੰ ਜਬਰਨ ਛੁੱਟੀ 'ਤੇ ਭੇਜ ਦਿੱਤਾ। ਇਸ ਖਿਲਾਫ਼ ਵਰਮਾ ਸੁਪਰੀਮ ਕੋਰਟ ਪਹੁੰਚੇ ਅਤੇ 8 ਜਨਵਰੀ ਨੂੰ ਕੋਰਟ ਨੇ ਉਨ੍ਹਾ ਨੂੰ ਡਾਇਰੈਕਟਰ ਦੇ ਅਹੁਦੇ 'ਤੇ ਬਹਾਲ ਤਾਂ ਕਰ ਦਿੱਤਾ, ਪਰ ਸਿਲੈਕਸ਼ਨ ਕਮੇਟੀ ਨੂੰ 1 ਹਫ਼ਤੇ ਦੇ ਅੰਦਰ ਉਨ੍ਹਾ 'ਤੇ ਲਾਏ ਦੋਸ਼ਾਂ 'ਤੇ ਫੈਸਲੇ ਦਾ ਵੀ ਨਿਰਦੇਸ਼ ਦਿੱਤਾ ਸੀ।
ਉੱਚ ਪੱਧਰੀ ਸਿਲੈਕਸ਼ਨ ਕਮੇਟੀ ਦੁਆਰਾ ਸੀ ਬੀ ਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਲੋਕ ਵਰਮਾ ਨੇ ਦਾਅਵਾ ਕੀਤਾ ਕਿ ਉਨ੍ਹਾ ਦਾ ਤਬਾਦਲਾ ਉਨ੍ਹਾ ਦੇ ਵਿਰੋਧ 'ਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਲਾਏ ਗਏ ਝੂਠੇ ਤੇ ਫਰਜ਼ੀ ਦੋਸ਼ਾਂ ਦੇ ਆਧਾਰ 'ਤੇ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਸਿਲੈਕਸ਼ਨ ਕਮੇਟੀ ਨੇ ਭ੍ਰਿਸ਼ਟਾਚਾਰ ਅਤੇ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਵੀਰਵਾਰ ਨੂੰ ਵਰਮਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।
ਇਸ ਮਾਮਲੇ 'ਚ ਚੁੱਪੀ ਤੋੜਦੇ ਹੋਏ ਵਰਮਾ ਨੇ ਦੇਰ ਰਾਤ ਇੱਕ ਬਿਆਨ 'ਚ ਕਿਹਾ ਕਿ ਭ੍ਰਿਸ਼ਟਾਚਾਰ ਦੇ ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ ਕਰਨ ਵਾਲੀ ਮਹੱਤਵਪੂਰਨ ਏਜੰਸੀ ਹੋਣ ਦੇ ਨਾਤੇ ਸੀ ਬੀ ਆਈ ਦੀ ਸੁਤੰਤਰਤਾ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਉਨ੍ਹਾ ਕਿਹਾ, 'ਇਸ ਨੂੰ ਬਾਹਰੀ ਦਬਾਅ ਦੇ ਬਗੈਰ ਕੰਮ ਕਰਨਾ ਚਾਹੀਦਾ ਹੈ। ਮੈਂ ਏਜੰਸੀ ਦੀ ਇਮਾਨਦਾਰੀ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਉਸ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਨੂੰ ਕੇਂਦਰ ਸਰਕਾਰ ਅਤੇ ਸੀ ਵੀ ਸੀ ਦੇ 23 ਅਕਤੂਬਰ 2018 ਦੇ ਆਦੇਸ਼ਾਂ 'ਚ ਦੇਖਿਆ ਜਾ ਸਕਦਾ ਹੈ, ਜੋ ਬਿਨਾਂ ਕਿਸੇ ਅਧਿਕਾਰ ਖੇਤਰ ਦੇ ਦਿੱਤੇ ਗਏ ਸਨ ਅਤੇ ਜਿਨ੍ਹਾਂ ਨੂੰ ਰੱਦ ਕੀਤਾ ਗਿਆ।'

151 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper