Latest News
ਸੀ ਬੀ ਆਈ ਮੁਖੀ ਵਜੋਂ ਰਾਓ ਨੇ ਲਿਆ ਚਾਰਜ, ਬਦਲੇ ਵਰਮਾ ਦੇ ਫੈਸਲੇ

Published on 11 Jan, 2019 11:33 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਆਲੋਕ ਵਰਮਾ ਨੂੰ ਹਟਾਏ ਜਾਣ ਦੇ ਇੱਕ ਦਿਨ ਬਾਅਦ ਨਾਗੇਸ਼ਵਰ ਰਾਓ ਨੇ ਸ਼ੁੱਕਰਵਾਰ ਨੂੰ ਸੀ ਬੀ ਆਈ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਦੇ ਹੀ ਰਾਓ ਨੇ ਜਿੱਥੇ ਵਰਮਾ ਦੁਆਰਾ ਪਿਛਲੇ 2 ਦਿਨਾਂ 'ਚ ਲਏ ਗਏ ਤਬਾਦਲੇ, ਪੋਸਟਿੰਗ ਸਮੇਤ ਸਾਰੇ ਫੈਸਲਿਆਂ ਨੂੰ ਰੱਦ ਕਰ ਦਿੱਤਾ, ਉਥੇ ਹੀ ਦੂਜੇ ਪਾਸੇ ਆਲੋਕ ਵਰਮਾ ਨੇ ਫਾਇਰ ਸਰਵਿਸਿਜ਼ ਦੇ ਡੀ ਜੀ ਦੇ ਅਹੁਦੇ ਦਾ ਚਾਰਜ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਡਾਇਰੈਕਟਰ ਦੇ ਅਹੁਦੇ ਤੋਂ ਵਰਮਾ ਦੀ ਛੁੱਟੀ ਤੋਂ ਬਾਅਦ ਨਾਗੇਸ਼ਵਰ ਰਾਓ ਨੂੰ ਅੰਤਰਮ ਡਾਇਰੈਕਟਰ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਰਮਾ ਨੇ ਬੁੱਧਵਾਰ ਨੂੰ ਕਾਰਜਭਾਰ ਸੰਭਾਲਦੇ ਹੀ ਪੰਜ ਆਲ੍ਹਾ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਸਨ। ਇਨ੍ਹਾਂ 'ਚ ਦੋ ਜਾਇੰਟ ਡਾਇਰੈਕਟਰ, ਦੋ ਡੀ ਆਈ ਜੀ ਅਤੇ ਇੱਕ ਅਸਿਸਟੈਂਟ ਡਾਇਰੈਕਟਰ ਸ਼ਾਮਲ ਹੈ। ਨਾਲ ਹੀ ਉਨ੍ਹਾ ਅੰਤਰਮ ਡਾਇਰੈਕਟਰ ਨਾਗੇਸ਼ਵਰ ਰਾਓ ਦੇ ਜ਼ਿਆਦਾਤਰ ਟਰਾਂਸਫਰ ਆਦੇਸ਼ਾਂ ਨੂੰ ਵੀ ਰੱਦ ਕਰ ਦਿੱਤਾ ਸੀ। ਹੁਣ ਸਾਰੇ ਆਦੇਸ਼ਾਂ ਨੂੰ ਰਾਓ ਨੇ ਵਾਪਸ ਲੈ ਲਿਆ ਹੈ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਵਰਮਾ ਨੂੰ ਅਹੁਦੇ 'ਤੇ ਬਹਾਲ ਕੀਤਾ ਸੀ। ਰਾਹਤ ਮਿਲਣ ਦੇ ਦੋ ਦਿਨ ਬਾਅਦ ਹੀ ਆਲੋਕ ਵਰਮਾ ਨੂੰ ਸਿਲੈਕਸ਼ਨ ਪੈਨਲ ਨੇ ਸੀ ਬੀ ਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ। ਆਲੋਕ ਵਰਮਾ ਦਾ ਤਬਾਦਲਾ ਕਰਕੇ ਉਨ੍ਹਾ ਨੂੰ ਦਿੱਲੀ ਡੀ ਜੀ ਫਾਇਰ ਦਫ਼ਤਰ, ਸਿਵਲ ਡਿਫੈਂਸ ਅਤੇ ਹੋਮਗਾਰਡ ਬਣਾਇਆ ਗਿਆ। ਵਰਮਾ ਦੇ ਤਬਾਦਲੇ ਤੋਂ ਬਾਅਦ ਰਾਓ ਨੂੰ ਅੰਤਰਮ ਡਾਇਰੈਕਟਰ ਬਣਾਇਆ ਗਿਆ। ਵਰਨਣਯੋਗ ਹੈ ਕਿ ਸੀ ਬੀ ਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਅਤੇ ਡਾਇਰੈਕਟਰ ਆਲੋਕ ਵਰਮਾ ਨੇ ਇੱਕ-ਦੂਜੇ 'ਤੇ ਰਿਸ਼ਵਤ ਦੇ ਦੋਸ਼ ਲਾਏ ਸਨ।

102 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper