Latest News
ਮੇਘਾਲਿਆ : ਸੁਪਰੀਮ ਕੋਰਟ ਨੇ ਕਿਹਾ; ਚਮਤਕਾਰ ਵੀ ਹੁੰਦੈ

Published on 11 Jan, 2019 11:37 AM.

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਮੇਘਾਲਿਆ ਸਰਕਾਰ ਨੂੰ ਕਿਹਾ ਕਿ ਉਹ ਪੂਰਬੀ ਜੈਯੰਤੀਆ ਪਹਾੜੀ 'ਚ ਖਾਣ 'ਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਮਾਹਰਾਂ ਦੀ ਮਦਦ ਲਈ ਜਾਵੇ। ਜਸਟਿਸ ਏ ਕੇ ਸੀਕਰੀ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਚਮਤਕਾਰ ਵੀ ਹੁੰਦੇ ਹਨ, ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਰੱਖੋ। ਅਦਾਲਤ ਨੇ ਦੋਵਾਂ ਸਰਕਾਰਾਂ ਨੂੰ ਕਿਹਾ, 'ਰੈਸਕਿਓ ਆਪਣੀਆਂ ਕੋਸ਼ਿਸਾ ਜਾਰੀ ਰੱਖਣ। ਕੀ ਪਤਾ ਘੱਟੋ-ਘੱਟ ਕੁਝ ਖਾਣ ਮਜ਼ਦੂਰ ਹੁਣ ਵੀ ਜਿਊਂਦਾ ਹੋਣ, ਚਮਤਕਾਰ ਵੀ ਹੁੰਦੇ ਹਨ।' ਸੁਪਰੀਮ ਕੋਰਟ ਨੇ ਇਸ ਦੌਰਾਨ ਗੈਰ-ਕਾਨੂੰਨੀ ਖਾਣ ਨੂੰ ਲੈ ਸਰਕਾਰ ਨੂੰ ਫਟਕਾਰ ਵੀ ਲਾਈ। ਅਦਾਲਤ ਨੇ ਸਰਕਾਰ ਤੋਂ ਪੁੱਛਿਆ ਕਿ ਗੈਰ-ਕਾਨੂੰਨੀ ਖਾਣ ਚਲਾਉਣ ਵਾਲੇ ਲੋਕਾਂ ਅਤੇ ਇਸ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਦਾ ਕੀ ਹੋਇਆ? ਮੇਘਾਲਿਆ ਦੇ ਪੂਰਬੀ ਜੈਯੰਤੀਆ ਪਹਾੜੀ ਜ਼ਿਲ੍ਹੇ 'ਚ 13 ਦਸੰਬਰ ਤੋਂ ਹੀ ਇੱਕ ਗੈਰ-ਕਾਨੂੰਨੀ ਕੋਲਾ ਖਾਣ 'ਚ 15 ਖਾਣ ਮਜ਼ਦੂਰ ਫਸੇ ਹੋਏ ਹਨ। ਖਾਣ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਵਾਇਦ ਚੱਲ ਰਹੀ ਹੈ, ਪਰ ਏਨਾ ਲੰਮਾ ਸਮਾਂ ਲੰਘ ਜਾਣ ਕਾਰਨ ਮਜ਼ਦੂਰਾਂ ਦਾ ਜਿਊਂਦਾ ਹੋਣਾ ਚਮਤਕਾਰ ਹੀ ਹੋਵੇਗਾ।
ਬੀਤੀ 13 ਦਸੰਬਰ ਨੂੰ 370 ਫੁੱਟ ਡੂੰਘੀ ਕੋਲਾ ਖਾਣ 'ਚ ਨਦੀ ਦਾ ਪਾਣੀ ਭਰ ਜਾਣ ਨਾਲ ਸੁਰੰਗ ਦਾ ਰਸਤਾ ਬੰਦ ਹੋ ਗਿਆ ਸੀ। ਉਦੋਂ ਤੋਂ ਫਸੇ 15 ਖਾਣ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਰੰਗ 'ਚੋਂ ਪਾਣੀ ਕੱਢਣ ਲਈ 2 ਪੰਪ ਵੀ ਲਾਏ ਗਏ ਹਨ। ਹਾਦਸੇ ਦੇ ਦੋ ਦਿਨ ਪਹਿਲਾਂ 11 ਦਸੰਬਰ ਨੂੰ ਪੂਰਬੀ ਜੈਯੰਤੀਆ ਜ਼ਿਲ੍ਹੇ 'ਚ ਇੱਕ ਪਾਸੇ ਗੈਰ-ਕਾਨੂੰਨੀ ਕੋਲਾ ਖਾਣ 'ਚ ਵੀ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਮਾਮਲੇ 'ਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅਸੁਰੱਖਿਅਤ ਮਾਇਨਿੰਗ 'ਤੇ 2014 ਤੋਂ ਪਾਬੰਦੀ ਲਾਈ ਹੋਈ ਹੈ। ਇਸ ਦੇ ਬਾਵਜੂਦ ਗੈਰ-ਕਾਨੂੰਨ ਮਾਇਨਿੰਗ ਜਾਰੀ ਹੈ।

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper