Latest News
ਕੈਪਟਨ ਨੇ ਪੰਚਾਂ ਤੇ ਸਰਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਈ

Published on 11 Jan, 2019 11:40 AM.


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨਵੇਂ ਚੁਣੇ ਪੰਚਾਂ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਅਹੁਦੇ ਅਤੇ ਨਸ਼ਾ ਰੋਕੂ ਅਫਸਰ (ਡੈਪੋ) ਵਜੋਂ ਹਲਫ਼ ਦਿਵਾਇਆ ਅਤੇ ਆਪੋ-ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੇ ਨਾਲ-ਨਾਲ ਆਪਣੇ ਇਲਾਕੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ।
ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਦਾ ਰੋਲ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਨੁਮਾਇੰਦਿਆਂ ਨੂੰ ਡੈਪੋ ਵਜੋਂ ਸਹੁੰ ਚੁਕਵਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਇਹ ਪਹਿਲੀ ਜ਼ਿੰਮੇਵਾਰੀ ਹੈ, ਜਿਹੜੀ ਮੈਂ ਤੁਹਾਨੂੰ ਸੌਂਪ ਰਿਹਾ ਹਾਂ।'' ਨਸ਼ਿਆਂ ਦੀ ਲਾਹਨਤ ਨਾਲ ਇਕ ਪੂਰੀ ਪੀੜ੍ਹੀ ਬਰਬਾਦ ਹੋ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦਾ ਲੱਕ ਤੋੜਨ ਲਈ ਉਨ੍ਹਾਂ ਨੇ ਸਹੁੰ ਖਾਧੀ ਸੀ ਅਤੇ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੱਖ ਮੰਤਰੀ ਨੇ ਚੁਣੇ ਹੋਏ ਮੈਂਬਰਾਂ ਨੂੰ ਮੁਖ਼ਾਤਿਬ ਹੁੰਦਿਆਂ ਆਖਿਆ ਕਿ ਡੈਪੋ ਅਤੇ ਬੱਡੀ ਪ੍ਰੋਗਰਾਮਾਂ ਦੇ ਨਾਲ-ਨਾਲ ਓ.ਓ.ਏ.ਟੀ. ਕਲੀਨਿਕ ਬਹੁਤ ਕਾਮਯਾਬ ਸਿੱਧ ਹੋਏ ਹਨ ਅਤੇ ਹੁਣ ਇਸ ਲਾਹਨਤ ਦਾ ਖੁਰਾ-ਖੋਜ ਮਿਟਾ ਦੇਣ ਦੀ ਜ਼ਿੰਮੇਵਾਰੀ ਉਨ੍ਹਾਂ (ਚੁਣੇ ਹੋਏ ਨੁਮਾਇੰਦਿਆਂ) ਦੇ ਮੋਢਿਆਂ 'ਤੇ ਹੈ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਪੰਚਾਂ ਅਤੇ ਸਰਪੰਚਾਂ ਦੀ ਚੋਣ ਹੇਠਲੇ ਪੱਧਰ 'ਤੇ ਪੰਚਾਇਤੀ ਰਾਜ ਪ੍ਰਣਾਲੀ ਰਾਹੀਂ ਹੋਈ ਹੈ, ਜੋ ਸਾਡੇ ਮੁਲਕ ਦਾ ਮਜ਼ਬੂਤ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਪੰਚਾਇਤੀ ਚੋਣਾਂ ਵਿੱਚ ਗਲਤ ਹੱਥਕੰਡੇ ਵਰਤਣ ਦੇ ਬਾਵਜੂਦ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਸ਼ਾਸਨ ਦੇ ਉਲਟ ਇਸ ਵਾਰ ਸੂਬੇ ਵਿੱਚ ਚੋਣਾਂ ਅਮਨ-ਸ਼ਾਂਤੀ ਨਾਲ ਹੋਈਆਂ ਹਨ।
ਮੁੱਖ ਮੰਤਰੀ ਨੇ ਪੰਚਾਇਤੀ ਚੋਣਾਂ ਨੂੰ ਅਸਲ ਚੋਣਾਂ ਦੱਸਿਆ, ਕਿਉਂ ਜੋ ਇਹ ਚੋਣਾਂ ਲੋਕਾਂ ਨੂੰ ਸਹੀ ਮਾਅਨਿਆਂ ਵਿੱਚ ਸ਼ਕਤੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਤੱਕ ਲੋਕਾਂ ਨੂੰ ਅਧਿਕਾਰ ਦੇਣ ਦਾ ਸਪਨਾ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਸੀ, ਜਿਨ੍ਹਾਂ ਨੇ ਇਸ ਉਦੇਸ਼ ਦੀ ਪੂਰਤੀ ਲਈ ਸੰਵਿਧਾਨ (73ਵੀਂ ਸੋਧ) ਐਕਟ, 1992 ਨੂੰ ਅਮਲੀਜਾਮਾ ਪਹਿਨਾਇਆ, ਜਿਸ ਨੂੰ ਪੰਚਾਇਤੀ ਰਾਜ ਐਕਟ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨਵੇਂ ਚੁਣੇ ਮੈਂਬਰਾਂ ਨੂੰ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਸੰਜੀਦਗੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਪੰਚਾਂ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਵਧਾਈ ਦਿੰਦਿਆਂ ਸੱਦਾ ਦਿੱਤਾ ਕਿ ਉਹ ਆਪਣੇ ਪਿੰਡਾਂ ਵਿੱਚ ਉਨ੍ਹਾਂ ਦੇ ਮੁਕਾਬਲੇ ਹਾਰੇ ਹੋਏ ਉਮੀਦਵਾਰਾਂ ਨੂੰ ਵੀ ਨਾਲ ਲੈ ਕੇ ਚੱਲਣ ਤਾਂ ਕਿ ਉਨ੍ਹਾਂ ਦੇ ਇਲਾਕੇ ਦਾ ਚੌਤਰਫ਼ਾ ਵਿਕਾਸ ਹੋ ਸਕੇ। ਸ੍ਰੀਮਤੀ ਪਰਨੀਤ ਕੌਰ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਾਰੀਆਂ ਪਾਰਟੀਆਂ ਦੇ ਸਾਂਝੇ ਉਦਮ ਤੇ ਯੋਜਨਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਚਾਇਤਾਂ ਨੂੰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਪਿੰਡਾਂ 'ਚ ਹੇਠਲੇ ਪੱਧਰ 'ਤੇ ਸਮੁੱਚੇ ਪਿੰਡ ਵਾਸੀਆਂ ਦੇ ਸਾਥ ਨਾਲ ਅੱਗੇ ਵਧਣਾ ਚਾਹੀਦਾ ਹੈ। ਇਸ ਸਮੇਂ ਆਪਣੇ ਸੰਬੋਧਨ 'ਚ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅੱਜ ਪੰਜਾਬ ਦੇ ਪਿੰਡਾਂ 'ਚ ਵਿਕਾਸ ਦੇ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨਵੇਂ ਚੁਣੇ ਪੰਚਾਇਤ ਮੈਂਬਰਾਂ ਤੇ ਸਰਪੰਚਾਂ ਸਮੇਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਵਿਕਾਸ ਕੰਮਾਂ 'ਤੇ ਆਪਣਾ ਧਿਆਨ ਕੇਂਦਰਿਤ ਕਰਨ।
ਸਮਾਗਮ ਮੌਕੇ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤਾਂ ਦੀ ਇਸ ਚੋਣ ਨਾਲ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਇਆ ਹੈ। ਸ. ਬਾਜਵਾ ਨੇ ਵੀ ਨਵੇਂ ਚੁਣੇ ਇਨ੍ਹਾਂ ਪੰਚਾਂ, ਸਰਪੰਚਾਂ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸਿਰ ਪਈ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ। ਉਨ੍ਹਾ ਐਲਾਨ ਕੀਤਾ ਕਿ ਪਿੰਡਾਂ ਦੇ ਵਿਕਾਸ ਲਈ ਪਿਛਲੇ 6 ਮਹੀਨਿਆਂ ਤੋਂ ਸਾਂਭੇ ਹੋਏ ਕਰੀਬ 700 ਕਰੋੜ ਰੁਪਏ ਦੇ ਫੰਡ ਮੁੱਖ ਮੰਤਰੀ ਬਹੁਤ ਜਲਦ ਜਾਰੀ ਕਰਨਗੇ। ਸ. ਧਰਮਸੋਤ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਉਹ ਪਿਛਲੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ 'ਚ ਨਾਕਾਮ ਰਹੇ ਹਨ ਅਤੇ ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਤੋਂ ਸੂਬੇ ਲਈ ਕੋਈ ਵਿਸ਼ੇਸ਼ ਪੈਕੇਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਲਈ ਕੋਈ ਫੰਡ ਲੈਣ 'ਚ ਅਸਫ਼ਲ ਹੋਏ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਜ਼ਿਲ੍ਹਾ ਪਟਿਆਲਾ ਦੀਆਂ 1036 ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ 6299 ਪੰਚਾਇਤ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ 25 ਮੈਂਬਰਾਂ ਤੇ 9 ਬਲਾਕ ਸੰਮਤੀਆਂ ਦੇ 193 ਮੈਂਬਰਾਂ ਸਮੇਤ ਜ਼ਿਲ੍ਹਾ ਫ਼ਤਹਿਗੜ੍ਹ•ਸਾਹਿਬ ਦੀਆਂ ਗ੍ਰਾਮ ਪੰਚਾਇਤਾਂ ਦੇ 426 ਸਰਪੰਚਾਂ ਅਤੇ 2433 ਪੰਚਾਇਤ ਮੈਂਬਰਾਂ ਸਮੇਤ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ 10 ਮੈਂਬਰਾਂ ਅਤੇ 5 ਬਲਾਕ ਸੰਮਤੀਆਂ ਦੇ 77 ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਕਲਾਕਾਰਾਂ ਸ੍ਰੀ ਵਿਜੇ ਯਮਲਾ, ਸ੍ਰੀ ਗਗਨਦੀਪ ਬਦਰਾ ਤੇ ਬੀਬਾ ਸਰਘੀ ਨੇ ਸੱਭਿਆਚਾਰਕ ਗੀਤਾਂ ਦੀ ਪੇਸ਼ਕਾਰੀ ਕੀਤੀ।

290 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper