Latest News
ਪੱਤਰਕਾਰ ਹੱਤਿਆ ਕੇਸ 'ਚ ਰਾਮ ਰਹੀਮ ਦੋਸ਼ੀ ਕਰਾਰ17 ਨੂੰ ਸਜ਼ਾ ਦਾ ਐਲਾਨ

Published on 11 Jan, 2019 11:42 AM.

ਪੰਚਕੂਲਾ (ਨਵਾਂ ਜ਼ਮਾਨਾ ਸਰਵਿਸ)
ਹਰਿਆਣਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਕਾਂਡ 'ਚ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਪੰਚਕੂਲਾ ਦੀ ਵਿਸ਼ੇਸ਼ ਸੀ ਬੀ ਆਈ ਕੋਰਟ ਦੇ ਜੱਜ ਜਗਦੀਪ ਸਿੰਘ ਨੇ 16 ਸਾਲ ਬਾਅਦ ਪੁਰਾਣੇ ਇਸ ਹੱਤਿਆ ਕਾਂਡ 'ਚ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਦੋਸ਼ੀ ਠਹਿਰਾਇਆ। ਅਦਾਲਤ ਦੁਆਰਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਰਾਮ ਰਹੀਮ ਅਤੇ ਬਾਕੀ ਦੋਸ਼ੀਆਂ ਨੂੰ 17 ਜਨਵਰੀ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।
ਸੁਣਵਾਈ ਤੋਂ ਪਹਿਲਾਂ ਪੰਚਕੂਲਾ 'ਚ ਸੀ ਬੀ ਆਈ ਦੀ ਸਪੈਸ਼ਲ ਕੋਰਟ ਦਾ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ। ਜਿਨਸੀ ਸ਼ੋਸ਼ਣ 'ਚ ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਪਿਛਲੀ ਵਾਰ ਹੋਈ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਪੱਕੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਜ਼ਰੀਏ ਕੋਰਟ 'ਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਮੀਡੀਆ ਨੂੰ ਅਦਾਲਤ ਤੋਂ ਬਾਹਰ ਰੱਖਿਆ ਗਿਆ। ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਤੋਂ ਇਲਾਵਾ ਇਸ ਮਾਮਲੇ 'ਚ ਤਿੰਨ ਹੋਰ ਦੋਸ਼ੀਆਂ ਨੂੰ ਮੁਜਰਮ ਮੰਨਿਆ ਹੈ।
ਪੰਚਕੂਲਾ 'ਚ ਸੀ ਬੀ ਆਈ ਸਪੈਸ਼ਲ ਅਦਾਲਤ ਦੀ ਸੁਰੱਖਿਆ ਵਿਵਸਥਾ ਬਾਰੇ ਜਾਣਕਾਰੀ ਦਿੰਦੇ ਹੋਏ ਡੀ ਸੀ ਪੀ ਕਮਲਦੀਪ ਗੋਇਲ ਨੇ ਕਿਹਾ, 'ਵੱਡੀ ਗਿਣਤੀ 'ਚ ਪੁਲਸ ਬਲ ਨੂੰ ਤਾਇਨਾਤ ਕੀਤਾ ਗਿਆ। ਅਦਾਲਤ ਕੰਪਲੈਕਸ 'ਚ 500 ਦੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਫੈਸਲਾ ਆਉਣ ਤੋਂ ਪਹਿਲਾਂ ਰੋਹਤਕ ਰੇਂਜ ਦੇ ਆਈ ਜੀ ਸੰਦੀਪ ਖਿਰਵਾਰ ਦਾ ਕਹਿਣਾ ਹੈ, 'ਜੇਲ੍ਹ ਦੇ ਆਸਪਾਸ ਅਸੀਂ ਸਖ਼ਤ ਸੁਰੱਖਿਆ ਘੇਰਾ ਬਣਾਇਆ ਹੈ। 500 ਪੁਲਸ ਮੁਲਾਜ਼ਮਾਂ ਦੇ ਨਾਲ ਹੀ ਡਰੋਨ ਨੂੰ ਵੀ ਨਿਗਰਾਨੀ ਲਈ ਲਾਇਆ ਗਿਆ ਹੈ। ਅਸੀਂ ਕਿਸੇ ਵੀ ਤਰ੍ਹਾਂ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਅਸੀਂ ਸਾਰੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।'
ਜ਼ਿਕਰਯੋਗ ਹੈ ਕਿ ਪੱਤਰਕਾਰ ਛਤਰਪਤੀ ਹੱਤਿਆ ਕਾਂਡ ਕਰੀਬ 16 ਸਾਲ ਪੁਰਾਣਾ ਹੈ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਸ 'ਚ ਦੋਸ਼ੀ ਹੈ। ਸਾਲ 2002 'ਚ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਛਤਰਪਤੀ ਆਪਣੀ ਅਖਬਾਰ 'ਚ ਡੇਰੇ ਨਾਲ ਜੁੜੀਆਂ ਖ਼ਬਰਾਂ ਨੂੰ ਪ੍ਰਕਾਸ਼ਤ ਕਰਦੇ ਸਨ। ਪੱਤਰਕਾਰ ਛਤਰਪਤੀ ਦੇ ਪਰਵਾਰ ਨੇ ਮਾਮਲਾ ਦਰਜ ਕਰਵਾਇਆ ਸੀ ਅਤੇ ਬਾਅਦ 'ਚ ਇਸ ਨੂੰ ਸੀ ਬੀ ਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ। ਸੀ ਬੀ ਆਈ ਨੇ 2007 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਸੀ ਅਤੇ ਇਸ 'ਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਗਿਆ ਸੀ।

397 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper