Latest News
ਫੂਲਕਾ ਵੱਲੋਂ ਸਿੱਖ ਸੇਵਕ ਆਰਮੀ ਦਾ ਗਠਨ

Published on 12 Jan, 2019 10:44 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਸੀਨੀਅਰ ਐਡਵੋਕੇਟ ਐੱਚ ਐੱਸ ਫੂਲਕਾ ਨੇ ਸਿੱਖ ਸੇਵਕ ਸੰਗਠਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਸਿੱਖ ਸੇਵਕ ਆਰਮੀ ਦਾ ਗਠਨ ਕੀਤਾ ਹੈ। ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਚ ਐੱਸ ਫੂਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹਾਲਾਤ ਤੋਂ ਸਿਆਸੀਕਰਨ ਖ਼ਤਮ ਕਰਨ ਲਈ ਸਿੱਖ ਸੇਵਕ ਆਰਮੀ ਦਾ ਗਠਨ ਕੀਤਾ ਗਿਆ ਹੈ, ਜਿਸ ਨਾਲ ਪਿੰਡ ਅਤੇ ਵਾਰਡ ਪੱਧਰ 'ਤੇ ਨਿਯੁਕਤੀਆਂ ਕਰਕੇ ਇਸ ਸੰਗਠਨ ਰਾਹੀਂ ਚੋਣਾਂ ਲੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਉਹ ਆਪ ਇਸ ਚੋਣ ਵਿੱਚ ਹਿੱਸਾ ਨਹੀਂ ਲੈ। ਉਨ੍ਹਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਿਆਸੀਕਰਨ ਭਾਰੂ ਹੋ ਚੁੱਕਾ ਹੈ। ਕਿਸੇ ਵੀ ਐੱਸ ਜੀ ਪੀ ਸੀ ਮੈਂਬਰ ਨੂੰ ਜਨਰਲ ਚੋਣਾਂ ਲੜਨ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ, ਸਿੱਖ ਸੇਵਕ ਆਰਮੀ ਵਿੱਚ ਵੈੱਬਸਾਈਟ ਰਾਹੀਂ ਅਤੇ ਫੋਨ ਨੰਬਰਾਂ ਰਾਹੀਂ ਭਰਤੀ ਕੀਤੀ ਜਾਵੇਗੀ। ਪਹਿਲੇ ਪੱਧਰ ਉੱਤੇ ਪੰਜ ਹਜ਼ਾਰ ਵਲੰਟੀਅਰ ਇਸ ਸੇਵਕ ਫੋਰਸ ਵਿੱਚ ਹਿੱਸਾ ਲੈਣਗੇ। ਸਿੱਖ ਸੇਵਕ ਆਰਮੀ ਵਿੱਚ ਸਿੰਘ ਸਭਾਵਾਂ ਅਤੇ ਸੇਵਕ ਜਥਾ ਇਸ਼ਨਾਨ ਦੇ ਨੁਮਾਇੰਦਿਆਂ ਨੂੰ ਨੁਮਾਇੰਦਗੀ ਦੇਣ ਦੇ ਨਾਲ ਐੱਸ ਜੀ ਪੀ ਸੀ ਚੋਣਾਂ ਲੜਾਈਆਂ ਜਾਣਗੀਆਂ, ਜੋ ਗੁਰੂ ਘਰ ਦੀ ਨਿਸ਼ਕਾਮ ਸੇਵਾ ਨਿਭਾਅ ਸਕਣਗੇ। ਉਨ੍ਹਾ ਕਿਹਾ ਕਿ ਸੇਵਕ ਜੱਥਾ ਦੇ ਮੈਂਬਰਾਂ ਨੂੰ ਕਿਸੇ ਵੀ ਭਾਵਨਾ ਕਾਰਨ ਲਾਲਚ ਨਹੀਂ ਹੁੰਦਾ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪੂਰੀ ਤਰ੍ਹਾਂ ਸਿਆਸੀਕਰਨ ਹੈ ਅਤੇ ਲਾਲਚੀ ਲੋਕ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ ਅਤੇ ਜਨਰਲ ਚੋਣਾਂ ਵੀ ਲੜ ਰਹੇ ਹਨ। ਉਨ੍ਹਾ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਲੜਨਗੇ ਅਤੇ ਇਸ ਸੰਗਠਨ ਦੀ ਨਿਗਰਾਨੀ ਲਈ ਬੁੱਧੀਜੀਵੀਆਂ ਦਾ ਪੈਨਲ ਗਠਨ ਕੀਤਾ ਜਾ ਰਿਹਾ ਹੈ, ਜਿਹੜੇ ਬੁੱਧੀਜੀਵੀ ਇਸ ਪੈਨਲ ਵਿੱਚ ਹੋਣਗੇ, ਉਹ ਵੀ ਚੋਣ ਨਹੀਂ ਲੜਨਗੇ। ਉਨ੍ਹਾ ਕਿਹਾ ਕਿ ਇਹ ਭਰਤੀ ਇੱਕ ਮਹੀਨੇ ਵਿੱਚ ਪੂਰੀ ਕਰ ਦਿੱਤੀ ਜਾਵੇਗੀ ਅਤੇ ਅਗਾਂਹ ਰਣਨੀਤੀ ਤਿਆਰ ਕੀਤੀ ਜਾਵੇਗੀ।

261 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper