Latest News
ਅਮਰੀਕੀ ਮਹਾਂਸ਼ਕਤੀ ਦੀ ਅੰਦਰੂਨੀ ਖਿੱਚੋਤਾਣ

Published on 13 Jan, 2019 10:22 AM.

ਸੰਸਾਰ ਦੀ ਇਕਲੌਤੀ ਮਹਾਂਸ਼ਕਤੀ ਕਹੇ ਜਾਂਦੇ ਅਮਰੀਕਾ ਦੇ ਅਜੋਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਦੇਸ਼ ਵਿੱਚ ਸਿਖਰਲੀ ਤਾਕਤ ਦੀ ਕਮਾਨ ਸੰਭਾਲਣ ਨੂੰ ਹਾਲੇ ਦੋ ਸਾਲ ਪੂਰੇ ਹੋਣ ਵਿੱਚ ਇੱਕ ਹਫਤਾ ਘੱਟ ਹੈ। ਇਸ ਦੋ ਸਾਲ ਤੋਂ ਘੱਟ ਦੇ ਸਮੇਂ ਵਿੱਚ ਹੀ ਉਹ ਆਪਣੇ ਦੇਸ਼ ਵਿੱਚ ਕਈ ਪੱਖਾਂ ਤੋਂ ਸਮੁੱਚੇ ਲੋਕਤੰਤਰ ਅਤੇ ਪ੍ਰਸ਼ਾਸਨ ਦੋਵਾਂ ਨਾਲੋਂ ਨਿੱਖੜਿਆ ਹੋਇਆ ਦਿਖਾਈ ਦੇ ਰਿਹਾ ਹੈ। ਉਸ ਦੇ ਖਿਲਾਫ ਮਹਾਂ-ਦੋਸ਼ ਦਾ ਮਤਾ ਲਿਆਉਣ ਦੀਆਂ ਗੱਲਾਂ ਵੀ ਚੱਲ ਰਹੀਆਂ ਹਨ। ਅਮਰੀਕੀ ਪਾਰਲੀਮੈਂਟ ਨਾਲ ਵੱਡਾ ਅੜਿੱਕਾ ਖਰਚੇ ਦੇ ਬਿੱਲ ਪਾਸ ਨਾ ਹੋਣ ਕਾਰਨ ਪਿਆ ਤੇ ਇਸ ਦੇ ਨਤੀਜੇ ਵਜੋਂ ਸਾਰਾ ਕੰਮ ਏਦਾਂ ਠੱਪ ਹੋਇਆ ਪਿਆ ਹੈ, ਜਿਸ ਨੂੰ ਉਨ੍ਹਾਂ ਦੀ ਸਰਕਾਰੀ ਸ਼ਬਦਾਵਲੀ ਵਿੱਚ 'ਸ਼ੱਟ ਡਾਊਨ'’ ਦੇ ਨਾਂਅ ਨਾਲ ਸਮਝਿਆ ਜਾਂਦਾ ਹੈ। ਸ਼ੱਟ ਡਾਊਨ ਕਈ ਵਾਰੀ ਪਿਛਲੇ ਰਾਸ਼ਟਰਪਤੀਆਂ ਦੇ ਵਕਤ ਵੀ ਕਰਨਾ ਪੈ ਜਾਂਦਾ ਰਿਹਾ ਸੀ ਤੇ ਹਰ ਵਾਰੀ ਰਾਸ਼ਟਰਪਤੀ ਤੇ ਪਾਰਲੀਮੈਂਟ ਦੀ ਖਹਿਬਾਜ਼ੀ ਦੇ ਕਾਰਨ ਹੀ ਵਾਪਰਦਾ ਰਿਹਾ ਸੀ, ਪਰ ਏਨਾ ਲੰਮਾ ਕਦੇ ਘੱਟ ਹੀ ਚੱਲਿਆ ਸੀ, ਜਿੰਨਾ ਇਸ ਵਾਰੀ ਚੱਲ ਗਿਆ ਹੈ। ਸਮੱਸਿਆ ਦੀ ਜੜ੍ਹ ਲੱਭਣੀ ਹੋਵੇ ਤਾਂ ਰਾਸ਼ਟਰਪਤੀ ਚੋਣ ਲਈ ਤਿੰਨ ਸਾਲ ਪਹਿਲਾਂ ਜਦੋਂ ਮੁਹਿੰਮ ਸ਼ੁਰੂ ਹੋਈ ਸੀ, ਉਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਰਿਪਬਲੀਕਨ ਪਾਰਟੀ ਦਾ ਉਮੀਦਵਾਰ ਬਣਨ ਲਈ ਕਈ ਕਿਸਮ ਦੀਆਂ ਪੁਆੜੇ ਪਾਊ ਗੱਲਾਂ ਕਰਨ ਦਾ ਸਿਲਸਿਲਾ ਆਰੰਭ ਕਰ ਦਿੱਤਾ ਸੀ। ਫਿਰ ਜਦੋਂ ਉਮੀਦਵਾਰ ਬਣ ਗਿਆ ਤਾਂ ਆਪਣੀ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਨਿੱਜ ਬਾਰੇ ਇਹੋ ਜਿਹੇ ਭੱਦੇ ਹਮਲੇ ਕਰਨ ਲੱਗ ਪਿਆ, ਜਿਹੜੇ ਉਸ ਦਾ ਸਾਊ ਪ੍ਰਭਾਵ ਨਹੀਂ ਸਨ ਛੱਡਦੇ। ਜਦੋਂ ਉਹ ਜਿੱਤ ਗਿਆ ਤਾਂ ਰਾਸ਼ਟਰਪਤੀ ਵਜੋਂ ਕੰਮ ਕਰਨ ਦਾ ਆਪਣਾ ਸਮਾਂ ਸ਼ੁਰੂ ਹੁੰਦੇ ਸਾਰ ਪਹਿਲੇ ਮਹੀਨੇ ਵਿੱਚ ਉਸ ਨੇ ਆਪਣੀ ਸਭ ਤੋਂ ਵੱਡੀ ਜਾਂਚ ਏਜੰਸੀ ਦੇ ਮੁਖੀ ਨਾਲ ਰੇੜਕਾ ਪਾ ਲਿਆ ਸੀ। ਨਤੀਜੇ ਵਜੋਂ ਉਸ ਦੇ ਮੁਖੀ ਨੂੰ ਅਹੁਦਾ ਛੱਡਣਾ ਪੈ ਗਿਆ ਸੀ। ਫਿਰ ਟਰੰਪ ਨੇ ਕੁਝ ਹੋਰ ਅਧਿਕਾਰੀਆਂ ਨਾਲ ਏਦਾਂ ਦੇ ਮੱਤਭੇਦ ਪੈਦਾ ਕੀਤੇ ਕਿ ਕੁਝ ਲੋਕ ਅਹੁਦੇ ਤੋਂ ਅਸਤੀਫਾ ਦੇ ਗਏ ਤੇ ਕੁਝਨਾਂ ਨੂੰ ਇਸ ਨੇ ਕੱਢਣ ਦਾ ਐਲਾਨ ਕਰ ਦਿੱਤਾ। ਆਪਣੇ ਭਰੋਸੇ ਦਾ ਬੰਦਾ ਮੰਨ ਕੇ ਜਿਸ ਆਦਮੀ ਨੂੰ ਇਸ ਨੇ ਵਿਦੇਸ਼ ਮੰਤਰੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ, ਉਹ ਜਦੋਂ ਉੱਤਰੀ ਕੋਰੀਆ ਵਿੱਚ ਸੰਸਾਰ ਦੀ ਜਾਨ ਸੁਕਾਉਣ ਵਾਲਾ ਝੇੜਾ ਨਿਪਟਾਉਣ ਨੂੰ ਗਿਆ ਹੋਇਆ ਸੀ, ਟਰੰਪ ਨੇ ਉਸ ਦੇ ਖਿਲਾਫ ਜਨਤਕ ਬਿਆਨ ਦਾਗ ਦਿੱਤਾ ਕਿ ਉਹ ਗਲਤ ਕੰਮ ਕਰਦਾ ਪਿਆ ਹੈ। ਉਹ ਫਿਰ ਵੀ ਆਪਣੇ ਕੰਮ ਵਿੱਚ ਲੱਗਾ ਰਿਹਾ ਤੇ ਸਮੱਸਿਆ ਨਿਪਟਾ ਲਈ, ਪਰ ਆਪਣੇ ਰਾਸ਼ਟਰਪਤੀ ਦੇ ਵਿਹਾਰ ਕਾਰਨ ਅਹੁਦੇ ਤੋਂ ਉਸ ਨੇ ਅਸਤੀਫਾ ਦੇ ਦਿੱਤਾ। ਇਸ ਦੇ ਬਾਅਦ ਟਰੰਪ ਨੇ ਰੱਖਿਆ ਮੰਤਰੀ ਦੇ ਖਿਲਾਫ ਭੜਾਸ ਕੱਢੀ ਤਾਂ ਉਸ ਨੇ ਵੀ ਅਸਤੀਫਾ ਦੇ ਦਿੱਤਾ ਤੇ ਜਾਣ ਦੀ ਤਰੀਕ ਮਿੱਥ ਦਿੱਤੀ। ਡੋਨਾਲਡ ਟਰੰਪ ਦੀ ਬੁਲਾਰਾ ਬੀਬੀ ਇਨ੍ਹਾਂ ਸਭਨਾਂ ਨੂੰ ਗਲਤ ਕਹਿੰਦੀ ਹੈ। ਉਸ ਦੀ ਜ਼ਿੰਮੇਵਾਰੀ ਇਹੋ ਹੈ ਕਿ ਜਿਸ ਦਿਨ ਤੱਕ ਖੁਦ ਉਸ ਦੀ ਵਾਰੀ ਨਾ ਆ ਗਈ, ਉਹ ਰਾਸ਼ਟਰਪਤੀ ਦੇ ਕਹੇ ਨੂੰ ਠੀਕ ਕਹਿੰਦੀ ਰਹੇਗੀ। ਇਸ ਦਸੰਬਰ ਦੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਵਾਲੇ ਬਾਰਡਰ ਉੱਤੇ ਕੰਧ ਬਣਾਉਣ ਦਾ ਮੁੱਦਾ ਚੁੱਕ ਕੇ ਫੰਡਾਂ ਲਈ ਜ਼ੋਰ ਦਿੱਤਾ ਤਾਂ ਪਾਰਲੀਮੈਂਟ ਮੈਂਬਰ ਨਹੀਂ ਮੰਨੇ। ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਦੇ ਬਹੁ-ਮੱਤ ਕਾਰਨ ਬਹੁਤੇ ਮੈਂਬਰ ਦੀਵਾਰ ਬਣਾਉਣ ਵਾਸਤੇ ਫੰਡ ਖਰਚ ਕਰਨਾ ਨਹੀਂ ਮੰਨਦੇ। ਟਰੰਪ ਆਪਣੀ ਥਾਂ ਅੜਿਆ ਰਿਹਾ। ਨਤੀਜੇ ਵਜੋਂ ਅਮਰੀਕੀ ਸਰਕਾਰ ਦੇ ਬਹੁਤ ਸਾਰੇ ਕਰਮਚਾਰੀਆਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਸ਼ੱਟ ਡਾਊਨ ਦੇ ਕਾਰਨ ਆਪਣੇ ਕੰਮਾਂ ਤੋਂ ਖਾਲੀ ਹੱਥ ਆਪਣੇ ਘਰਾਂ ਨੂੰ ਮੁੜਨਾ ਪੈ ਗਿਆ। ਇਹ ਅੜਿੱਕਾ ਅਜੇ ਤੱਕ ਸਿਰੇ ਨਹੀਂ ਲੱਗਾ। ਡੋਨਾਲਡ ਟਰੰਪ ਕਹਿ ਰਿਹਾ ਹੈ ਕਿ ਉਹ ਇਸ ਅੜਿੱਕੇ ਨੂੰ ਵਧਦਾ ਵੇਖੇਗਾ ਤਾਂ ਐਮਰਜੈਂਸੀ ਵੀ ਲਾਗੂ ਕਰ ਸਕਦਾ ਹੈ। ਇਸ ਨਾਲ ਹਾਲਤ ਹੋਰ ਵਿਗੜੇਗੀ। ਦੂਸਰੇ ਪਾਸੇ ਇਹ ਖਬਰ ਆ ਗਈ ਹੈ ਕਿ ਉਸ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐੱਫ ਬੀ ਆਈ ਨੇ ਰਾਸ਼ਟਰਪਤੀ ਦੇ ਖਿਲਾਫ ਉਸ ਦੇ ਰੂਸ ਨਾਲ ਸੰਬੰਧਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੋਸ਼ ਅਮਰੀਕੀ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੇ ਦੌਰਾਨ ਹੀ ਲੱਗਣ ਲੱਗ ਪਿਆ ਸੀ ਕਿ ਇਸ ਚੋਣ ਵਿੱਚ ਰੂਸ ਦਾ ਲੁਕਵਾਂ ਜਿਹਾ ਦਖਲ ਜਾਪਦਾ ਹੈ। ਫਿਰ ਜਦੋਂ ਇਹ ਕਿਹਾ ਜਾਣ ਲੱਗਾ ਕਿ ਦਖਲ ਸੱਚਮੁੱਚ ਸੀ ਤਾਂ ਇਸ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਜਾਂਚ ਦੌਰਾਨ ਕਈ ਗੱਲਾਂ ਬਾਰੇ ਰੌਲਾ ਪੈਂਦਾ ਰਿਹਾ, ਟਰੰਪ ਦੇ ਪਰਵਾਰ ਬਾਰੇ ਵੀ ਪਿਆ, ਪਰ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ। ਆਖਰ ਇੱਕ ਅਖਬਾਰ ਵੱਲੋਂ ਛਾਪੀ ਗਈ ਇਸ ਖਬਰ ਨੇ ਹੰਗਾਮਾ ਮਚਾ ਦਿੱਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਇਸ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਜਾਂਚ ਕਰਦੀ ਪਈ ਹੈ। ਟਰੰਪ ਨੇ ਮਜ਼ਾਕ ਉਡਾਇਆ ਹੈ। ਇਸ ਦੇ ਨਾਲ ਉਸ ਨੇ ਜਾਂਚ ਏਜੰਸੀ ਦੇ ਅਫਸਰਾਂ ਬਾਰੇ ਪੁੱਠਾ-ਸਿੱਧਾ ਕਈ ਕੁਝ ਬੋਲ ਦਿੱਤਾ ਹੈ। ਉਹ ਆਪਣੇ ਦੇਸ਼ ਦੇ ਮੀਡੀਏ ਨੂੰ ਵੀ ਆਪਣੀ ਵਿਰੋਧੀ ਧਿਰ ਕਹੀ ਜਾ ਰਿਹਾ ਹੈ। ਜਿਹੜੀ ਗੱਲ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੀ, ਉਹ ਇਹੋ ਜਿਹੀ ਰੋਜ਼ ਦੀ ਕਿੜ-ਕਿੜ ਦੇ ਪਿੱਛੇ ਲੁਕਵੀਂ ਕਿਸੇ ਚਾਲ ਦੀ ਹਵਾੜ ਪੇਸ਼ ਕਰਦੀ ਹੈ। ਅੰਦਰੂਨੀ ਚਰਚਾ ਇਹ ਵੀ ਹੈ ਕਿ ਅਸਲ ਵਿੱਚ ਡੋਨਾਲਡ ਟਰੰਪ ਦੀ ਆਪਣੀ ਪਾਰਟੀ ਦੇ ਅੰਦਰ ਹੀ ਕਾਰਪੋਰੇਟ ਘਰਾਣਿਆਂ ਦੇ ਦੋ ਗਰੁੱਪਾਂ ਦੀ ਖਹਿਬਾਜ਼ੀ ਚੱਲ ਰਹੀ ਹੈ। ਇੱਕ ਧੜਾ ਟਰੰਪ ਨੂੰ ਪਸੰਦ ਨਹੀਂ ਕਰਦਾ। ਉਹ ਟਰੰਪ ਦੇ ਲੱਥਣ ਲਈ ਬਾਕੀ ਦੇ ਦੋ ਸਾਲ ਉਡੀਕਣ ਦੀ ਥਾਂ ਅੱਧ ਵਿਚਾਲੇ ਇਸ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਇਸ ਦੇ ਦੋ ਰਾਹ ਹੀ ਹੋ ਸਕਦੇ ਹਨ। ਇੱਕ ਡੋਨਾਲਡ ਟਰੰਪ ਦਾ ਅਸਤੀਫਾ ਤੇ ਦੂਸਰਾ ਉਸ ਦੇ ਖਿਲਾਫ ਮਹਾਂ-ਦੋਸ਼ ਦਾ ਮਤਾ। ਅਗਲੇ ਦਿਨਾਂ ਵਿੱਚ ਉਸ ਦੇਸ਼ ਵਿੱਚ ਲੱਗਾ ਸ਼ੱਟ-ਡਾਊਨ ਤਾਂ ਖਤਮ ਹੋ ਸਕਦਾ ਹੈ, ਪਰ ਇਹ ਅੰਦਰੂਨੀ ਖਿੱਚੋਤਾਣ ਖਤਮ ਨਹੀਂ ਹੋ ਸਕਣੀ। -ਜਤਿੰਦਰ ਪਨੂੰ

1265 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper