Latest News
ਫਿਲਮ ਦੇ ਬਹਾਨੇ ਰਾਜਨੀਤੀ

Published on 14 Jan, 2019 11:29 AM.


ਭਾਰਤ ਦੀ ਰਾਜਨੀਤੀ ਇੱਕ ਵਾਰ ਫਿਰ ਇੱਕ ਫਿਲਮ ਦੇ ਵਿਵਾਦ ਨਾਲ ਉਕਸਾਹਟ ਵਿੱਚ ਆ ਰਹੀ ਹੈ। ਇਸ ਫਿਲਮ ਦਾ ਸਾਰਾ ਨਿਸ਼ਾਨਾ ਸਾਬਕਾ ਪ੍ਰਧਾਨ ਮੰਤਰੀ ਨੂੰ ਅੱਗੇ ਕਰ ਕੇ ਕਾਂਗਰਸ ਪਾਰਟੀ ਦੀ ਅਸਲੀ ਆਗੂ ਸੋਨੀਆ ਗਾਂਧੀ ਵੱਲ ਸੇਧਿਆ ਗਿਆ ਹੈ। ਫਿਲਮ ਨਾਲ ਜੁੜੇ ਹੋਏ ਲੋਕਾਂ ਵਿੱਚੋਂ ਬਹੁਤੇ ਭਾਰਤੀ ਜਨਤਾ ਪਾਰਟੀ ਨਾਲ ਸਿੱਧੇ ਜਾਂ ਕਿਸੇ ਨਾ ਕਿਸੇ ਸੰਪਰਕ ਸੂਤਰ ਦੇ ਰਾਹੀਂ ਜੁੜੇ ਹੋਏ ਹਨ। ਵਿਸ਼ਾ-ਵਸਤੂ ਵੀ ਏਦਾਂ ਦਾ ਬਣਾਇਆ ਗਿਆ ਹੈ ਕਿ ਭਾਜਪਾ ਨੂੰ ਚੋਣਾਂ ਵਿੱਚ ਲਾਭ ਮਿਲ ਸਕੇ। ਇਸ ਦਾ ਆਧਾਰ ਇੱਕ ਕਿਤਾਬ ਨੂੰ ਬਣਾਇਆ ਗਿਆ ਹੈ, ਜਿਹੜੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਡਾਕਟਰ ਮਨਮੋਹਨ ਸਿੰਘ ਦੇ ਨਾਲ ਮੀਡੀਆ ਐਡਵਾਈਜ਼ਰ ਵਜੋਂ ਕੰਮ ਕਰ ਚੁੱਕੇ ਸੰਜੇ ਬਾਰੂ ਨੇ ਲਿਖੀ ਸੀ। ਇਹ ਕਿਤਾਬ ਇੱਕ ਖਾਸ ਨਜ਼ਰੀਏ ਤੋਂ ਲਿਖੀ ਗਈ ਸੀ।
ਅਨੂਪਮ ਖੇਰ ਬਾਰੇ ਸਾਰੇ ਲੋਕ ਜਾਣਦੇ ਹਨ ਕਿ ਉਨ੍ਹਾ ਦੀ ਭਾਜਪਾ ਨਾਲ ਚਿਰੋਕਣੀ ਸਾਂਝ ਹੈ ਤੇ ਉਨ੍ਹਾ ਦੀ ਪਤਨੀ ਕਿਰਨ ਖੇਰ ਭਾਜਪਾ ਵੱਲੋਂ ਪਾਰਲੀਮੈਂਟ ਮੈਂਬਰ ਹੈ। ਇਸ ਕਰ ਕੇ ਉਸ ਵੱਲੋਂ ਇਹੋ ਜਿਹੀ ਫਿਲਮ ਬਣਾਉਣੀ ਹੈਰਾਨੀ ਦੀ ਗੱਲ ਨਹੀਂ ਹੋ ਸਕਦੀ। ਉਂਜ ਉਹ ਕਹਿੰਦਾ ਹੈ ਕਿ ਉਸ ਦੀ ਫਿਲਮ ਨਾਲ ਡਾਕਟਰ ਮਨਮੋਹਨ ਸਿੰਘ ਦੀ ਇੱਜ਼ਤ ਵਧ ਜਾਵੇਗੀ ਤੇ ਦੇਸ਼ ਦੇ ਲੋਕ ਉਸ ਦੇ ਅਸਲੀ ਅਕਸ ਤੋਂ ਜਾਣੂ ਹੋਣਗੇ, ਪਰ ਜਿਸ ਕਿਤਾਬ ਨੂੰ ਆਧਾਰ ਬਣਾ ਕੇ ਫਿਲਮ ਬਣਾਈ ਗਈ ਹੈ, ਉਸ ਦੀ ਜੜ੍ਹ ਜਿੰਨੇ ਕੁ ਲੋਕਾਂ ਨੂੰ ਪਤਾ ਹੈ, ਉਹ ਇਸ ਗੱਲ ਨਾਲ ਸਹਿਮਤ ਨਹੀਂ ਹੋ ਸਕਦੇ ਕਿ ਫਿਲਮ ਡਾਕਟਰ ਮਨਮੋਹਨ ਸਿੰਘ ਦਾ ਮਾਣ ਵਧਾਉਣ ਵਾਲੀ ਹੋ ਸਕਦੀ ਹੈ। ਕਿਤਾਬ ਦਾ ਲੇਖਕ ਸੰਜੇ ਬਾਰੂ ਹੈ। ਉਹ ਡਾਕਟਰ ਮਨਮੋਹਨ ਸਿੰਘ ਦੇ ਮੀਡੀਆ ਐਡਵਾਈਜ਼ਰ ਵਜੋਂ ਕਿਸੇ ਵੀ ਖਾਸ ਚਰਚਾ ਤੋਂ ਬਿਨਾਂ ਕੰਮ ਕਰਦਾ ਰਿਹਾ, ਪਰ ਜਦੋਂ ਪੰਜਵਾਂ ਸਾਲ ਸ਼ੁਰੂ ਹੋਣ ਲੱਗਾ ਤੇ ਖੱਬੇ-ਪੱਖੀਆਂ ਦੇ ਪਾਸਾ ਵੱਟ ਜਾਣ ਨਾਲ ਹਾਰ ਹੁੰਦੀ ਵੇਖੀ ਤਾਂ ਉਸ ਦਾ ਸਾਥ ਛੱਡ ਕੇ ਤੁਰ ਗਿਆ ਸੀ। ਚੋਣਾਂ 'ਚ ਨਤੀਜਾ ਹੈਰਾਨੀ ਜਨਕ ਰਿਹਾ ਅਤੇ ਡਾਕਟਰ ਮਨਮੋਹਨ ਸਿੰਘ ਫਿਰ ਪ੍ਰਧਾਨ ਮੰਤਰੀ ਬਣ ਗਏ ਤਾਂ ਉਹ ਉਨ੍ਹਾ ਨੂੰ ਮੁੜ ਕੇ ਮਿਲਣ ਚਲਾ ਗਿਆ। ਜਾਣਕਾਰ ਆਖਦੇ ਹਨ ਕਿ ਉਹ ਪਹਿਲਾਂ ਵਾਲੀ ਨਿਯੁਕਤੀ ਫਿਰ ਚਾਹੁੰਦਾ ਸੀ ਤੇ ਡਾਕਟਰ ਮਨਮੋਹਨ ਸਿੰਘ ਨੇ ਪਰਖੇ ਹੋਏ ਨੂੰ ਹੋਰ ਪਰਖਣ ਤੋਂ ਇਨਕਾਰ ਦਿੱਤਾ ਤਾਂ ਦੁਖੀ ਹੋ ਗਿਆ, ਪਰ ਚੁੱਪ ਵੱਟ ਰੱਖੀ ਸੀ। ਬਾਅਦ ਵਿੱਚ ਇਹੋ ਨਾਰਾਜ਼ਗੀ ਕੱਢਣ ਲਈ ਉਸ ਨੇ ਕਿਤਾਬ ਲਿਖ ਦਿੱਤੀ ਤੇ ਉਸ ਕਿਤਾਬ ਨੂੰ ਲੈ ਕੇ ਅਨੂਪਮ ਖੇਰ ਵਰਗੇ ਭਾਜਪਾ ਨਾਲ ਨੇੜ ਰੱਖਦੇ ਲੋਕਾਂ ਨੇ ਫਿਲਮ ਬਣਾ ਦਿੱਤੀ ਹੈ।
ਭਾਰਤ ਦੇ ਲੋਕਾਂ ਨੂੰ ਅਤੇ ਸਿੱਖ ਭਾਈਚਾਰੇ ਨੂੰ ਵੀ ਡਾਕਟਰ ਮਨਮੋਹਨ ਸਿੰਘ ਨਾਲ ਕਈ ਗੱਲਾਂ ਬਾਰੇ ਮੱਤਭੇਦ ਹੋ ਸਕਦੇ ਹਨ, ਪਰ ਇੱਕ ਗੱਲ ਹਰ ਕੋਈ ਕਹੇਗਾ ਕਿ ਡਾਕਟਰ ਮਨਮੋਹਨ ਸਿੰਘ ਨੇ ਅੱਜ ਦੇ ਦੌਰ ਦੇ ਲੀਡਰਾਂ ਵਾਂਗ ਭ੍ਰਿਸ਼ਟਾਚਾਰ ਕਰਨ ਦਾ ਪਾਪ ਕਦੇ ਨਹੀਂ ਕੀਤਾ। ਉਸ ਉੱਤੇ ਇਹ ਦੋਸ਼ ਲੱਗਦਾ ਹੈ ਕਿ ਉਹ ਕਿਸੇ ਹੋਰ ਆਗੂ ਦੇ ਰਿਮੋਟ ਕੰਟਰੋਲ ਨਾਲ ਚੱਲਦਾ ਰਿਹਾ ਸੀ ਤੇ ਆਪ ਕੋਈ ਫੈਸਲਾ ਨਹੀਂ ਸੀ ਲੈਣ ਜੋਗਾ। ਇਸ ਬਾਰੇ ਮਨਮੋਹਨ ਸਿੰਘ ਦੇ ਸਾਥੀ ਇਹ ਕਹਿੰਦੇ ਹਨ ਕਿ ਲੋਕਤੰਤਰ ਵਿੱਚ ਜਦੋਂ ਪਾਰਟੀ ਆਪਣੇ ਵਰਕਰਾਂ ਤੇ ਆਗੂਆਂ ਨੂੰ ਹਦਾਇਤਾਂ ਦੇਣ ਦੇ ਸਮਰੱਥ ਹੈ ਤਾਂ ਉਹ ਵੀ ਆਪਣੀ ਪਾਰਟੀ ਲੀਡਰਸ਼ਿਪ ਨਾਲ ਸਲਾਹ ਕਰ ਲੈਂਦਾ ਸੀ, ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ। ਆਖਰ ਨਰਿੰਦਰ ਮੋਦੀ ਵਗੈਰਾ ਵੀ ਨਾਗਪੁਰ ਵਿੱਚ ਬੈਠੇ ਹੋਇਆਂ ਨਾਲ ਸਲਾਹਾਂ ਕਰਨ ਚਲੇ ਹੀ ਜਾਂਦੇ ਹਨ ਤੇ ਜਦੋਂ ਏਦਾਂ ਦਾ ਮਿਹਣਾ ਇੱਕ ਵਾਰ ਵਾਜਪਾਈ ਨੂੰ ਦਿੱਤਾ ਗਿਆ ਸੀ ਤਾਂ ਉਸ ਨੇ ਵੀ ਕਿਹਾ ਸੀ ਕਿ 'ਸਾਡਾ ਪਰਵਾਰ’ ਕਿਵੇਂ ਚੱਲਦਾ ਹੈ, ਅਸੀਂ ਕੀ ਕਰਦੇ ਹਾਂ, ਇਸ ਵਿੱਚ ਦਖਲ ਕੋਈ ਨਹੀਂ ਦੇ ਸਕਦਾ।'
ਸਿੱਖ ਭਾਈਚਾਰੇ ਅਤੇ ਪੰਜਾਬੀ ਲੋਕਾਂ ਵਿੱਚ ਇਸ ਵੇਲੇ ਇਸ ਫਿਲਮ ਦੇ ਖਿਲਾਫ ਰੋਸ ਇਸ ਗੱਲ ਲਈ ਹੈ ਕਿ ਮਨਮੋਹਨ ਸਿੰਘ ਵਰਗੇ ਸਾਊ ਬੰਦੇ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੁੱਦੇ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਵੀ ਵੱਖੋ-ਵੱਖ ਬੋਲੀ ਬੋਲ ਰਹੇ ਹਨ। ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ ਹੀ ਇਹ ਕਹਿ ਰਹੇ ਹਨ ਕਿ ਮਨਮੋਹਨ ਸਿੰਘ ਬਾਰੇ ਫਿਲਮ ਚੱਲਣ ਤੋਂ ਰੋਕ ਦੇਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਸਿੱਖਾਂ ਵਿੱਚ ਰੋਸ ਹੈ ਤੇ ਭਾਜਪਾ ਦੇ ਸਿੱਖ ਆਗੂ ਆਖਦੇ ਹਨ ਕਿ ਸਿੱਖਾਂ ਵਿੱਚ ਮਨਮੋਹਨ ਸਿੰਘ ਬਾਰੇ ਰੋਸ ਵੱਧ ਹੈ, ਇਸ ਲਈ ਫਿਲਮ ਚਲਾਉਣੀ ਚਾਹੀਦੀ ਹੈ। ਪਿੱਛੋਂ ਇਹ ਦੋਵੇਂ ਧਿਰਾਂ ਚੋਣਾਂ ਵਿੱਚ ਭਾਵੇਂ ਇਕੱਠੀਆਂ ਨਿਭ ਜਾਣ, ਇਸ ਵੇਲੇ ਫਿਲਮ ਦੇ ਸਵਾਲ ਉੱਤੇ ਪੈਂਤੜਾ ਵੱਖੋ-ਵੱਖ ਹੈ।
ਵੱਡੀ ਗੱਲ ਇਹ ਨਹੀਂ ਕਿ ਇੱਕ ਫਿਲਮ ਡਾਕਟਰ ਮਨਮੋਹਨ ਸਿੰਘ ਬਾਰੇ ਬਣਾਈ ਗਈ ਹੈ, ਸਗੋਂ ਇਹ ਹੈ ਕਿ ਜਦੋਂ ਚੋਣ ਨੇੜੇ ਹੁੰਦੀ ਹੈ, ਹਰ ਵਾਰੀ ਇਹੋ ਜਿਹਾ ਕੋਈ ਨਾ ਕੋਈ ਤਮਾਸ਼ਾ ਕੀਤਾ ਜਾਂਦਾ ਹੈ। ਸਿਆਸੀ ਲੜਾਈ ਨੂੰ ਸਿਆਸੀ ਪੱਧਰ ਉੱਤੇ ਹੀ ਰੱਖਣਾ ਚਾਹੀਦਾ ਹੈ, ਫਿਲਮਾਂ ਆਦਿ ਨਾਲ ਇਸ ਤਰ੍ਹਾਂ ਦੀ ਰਾਜਨੀਤੀ ਕਰਨੀ ਇੱਕ ਬੇਹੂਦਗੀ ਤੋਂ ਵੱਧ ਨਹੀਂ ਹੋ ਸਕਦਾ। ਫਿਲਮਾਂ ਤੱਕ ਹੀ ਗੱਲ ਸੀਮਤ ਨਹੀਂ, ਜਿਵੇਂ ਸੰਜੇ ਬਾਰੂ ਵੱਲੋਂ ਲਿਖੀ ਇਸ ਕਿਤਾਬ ਨਾਲ ਰਾਜਨੀਤਕ ਲੋੜਾਂ ਲਈ ਫਿਲਮ ਬਣਾਈ ਤੇ ਫਿਰ ਪ੍ਰਚਾਰਤ ਕੀਤੀ ਗਈ ਹੈ, ਏਦਾਂ ਹੀ ਕਿਤਾਬਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇੱਕ ਵਾਰੀ ਇਹੋ ਜਿਹੀ ਹਰਕਤ ਵਿਦੇਸ਼ ਮੰਤਰੀ ਰਹਿ ਚੁੱਕੇ ਨਟਵਰ ਸਿੰਘ ਤੋਂ ਵੀ ਕਰਾਈ ਗਈ ਸੀ। ਉਹ ਜਦੋਂ ਵਿਦੇਸ਼ ਮੰਤਰੀ ਸੀ ਤਾਂ ਭਾਜਪਾ ਨੇ ਉਸ ਦੇ ਖਿਲਾਫ ਦੁਹਾਈ ਪਾ ਕੇ ਅਤੇ ਪਾਰਲੀਮੈਂਟ ਜਾਮ ਕਰ ਕੇ ਉਸ ਦਾ ਅਸਤੀਫਾ ਦਿਵਾਇਆ ਸੀ, ਪਰ ਜਦੋਂ ਅਸਤੀਫਾ ਦੇ ਗਿਆ ਤਾਂ ਅੱਠ ਮਹੀਨੇ ਬੀਤੇ ਸਨ ਕਿ ਉਸ ਦੇ ਅਸਤੀਫੇ ਦਾ ਕਾਰਨ ਬਣਨ ਵਾਲੇ ਪੁੱਤਰ ਜਗਤ ਸਿੰਘ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ। ਨਟਵਰ ਸਿੰਘ ਤੋਂ ਵੀ ਏਦਾਂ ਦੀ ਕਿਤਾਬ ਉਸ ਵੇਲੇ ਲਿਖਵਾਈ ਗਈ ਤੇ ਉਸ ਨਹਿਰੂ-ਗਾਂਧੀ ਪਰਵਾਰ ਦੇ ਖਿਲਾਫ ਵਰਤੀ ਗਈ ਸੀ, ਜਿਸ ਪਰਵਾਰ ਦੇ ਵਿਹੜੇ ਵਿੱਚ ਨਟਵਰ ਸਿੰਘ ਦਾ ਬਚਪਨ ਤੋਂ ਆਉਣ-ਜਾਣ ਸੀ ਤੇ ਜਿਨ੍ਹਾਂ ਦੇ ਉਹ ਸੋਹਲੇ ਗਾਉਂਦਾ ਹੁੰਦਾ ਸੀ। ਨਟਵਰ ਸਿੰਘ ਨੂੰ ਵਰਤਣ ਤੋਂ ਬਾਅਦ ਉਸ ਨੂੰ ਤੇ ਉਸ ਦੇ ਪੁੱਤਰ ਜਗਤ ਸਿੰਘ ਨੂੰ ਵੀ ਭਾਜਪਾ ਨੇ ਡਸਟਬਿਨ ਵਿੱਚ ਸੁੱਟ ਦਿੱਤਾ ਸੀ ਤੇ ਆਖਰ ਨੂੰ ਉਹ ਮੁੰਡਾ ਰਾਜਸਥਾਨ ਵਿੱਚ ਇੱਕ ਉੱਪ ਚੋਣ ਲਈ ਬਹੁਜਨ ਸਮਾਜ ਪਾਰਟੀ ਦੀ ਟਿਕਟ ਉੱਤੇ ਚੋਣ ਲੜਦਾ ਪਿਆ ਹੈ।
ਸਾਡੀ ਸਮਝ ਹੈ ਕਿ ਸੰਜੇ ਬਾਰੂ ਨੂੰ ਵੀ ਕਿਤਾਬ ਲਿਖਾਉਣ ਲਈ ਵਰਤਿਆ ਗਿਆ ਹੈ ਤੇ ਫਿਲਮ ਬਣਾਉਣ ਵਾਲੇ ਅਨੂਪਮ ਖੇਰ ਅਤੇ ਭਾਜਪਾ ਦੀ ਨੇੜਤਾ ਵਾਲੇ ਲੋਕਾਂ ਦੀ ਪੇਸ਼ਕਾਰੀ ਨਾਲ ਭਾਜਪਾ ਦੀ ਚੋਣ ਮੁਹਿੰਮ ਦਾ ਪੜੁੱਲ ਬੰਨ੍ਹਣ ਦੇ ਲਈ ਯਤਨ ਕੀਤਾ ਗਿਆ ਹੈ, ਪਰ ਚੋਣ ਮੁਹਿੰਮਾਂ ਵਿੱਚ ਇਹੋ ਜਿਹੀਆਂ ਗੱਲਾਂ ਬਹੁਤਾ ਫਾਇਦਾ ਨਹੀਂ ਕਰਦੀਆਂ ਹੁੰਦੀਆਂ। 'ਕਿੱਸਾ ਕੁਰਸੀ ਕਾ'’ ਜਦੋਂ ਪੇਸ਼ ਕੀਤੀ ਗਈ ਤਾਂ ਉਸ ਦੇ ਬਾਅਦ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਫਿਰ ਕਾਂਗਰਸ ਜਿੱਤ ਗਈ ਸੀ। ਦੇਸ਼ ਦੇ ਆਮ ਲੋਕਾਂ ਨੂੰ ਪਹਿਲਾਂ ਜਿੰਨੇ ਸਿੱਧੜ ਨਹੀਂ ਸਮਝਣਾ ਚਾਹੀਦਾ, ਉਹ ਵੱਖ-ਵੱਖ ਸਮੇਂ ਵੱਖ-ਵੱਖ ਸਰਕਾਰਾਂ ਵੱਲੋਂ ਦਿੱਤੇ ਝਟਕਿਆਂ ਨਾਲ ਬੜੇ ਸਿਆਣੇ ਹੋ ਚੁੱਕੇ ਹਨ। ਇਸ ਲਈ ਇਹੋ ਜਿਹੀ ਕਿਸੇ ਫਿਲਮ ਦਾ ਬਹੁਤਾ ਅਸਰ ਨਹੀਂ ਕਬੂਲਣ ਲੱਗੇ।
-ਜਤਿੰਦਰ ਪਨੂੰ

1234 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper