Latest News
ਸਿਆਸਤ ਦੀ ਹੱਦੋਂ ਬਾਹਰੀ ਗੰਦੀ ਖੇਡ

Published on 15 Jan, 2019 11:01 AM.ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਫਿਰ ਚਰਚਾ ਵਿੱਚ ਹੈ। ਇਸ ਵਾਰੀ ਚਰਚਾ ਇਸ ਕਰ ਕੇ ਛਿੜੀ ਹੈ ਕਿ ਕੁਝ ਸਾਲ ਪਹਿਲਾਂ ਇਸ ਯੂਨੀਵਰਸਿਟੀ ਵਿੱਚ ਜਿਹੜੇ ਵਿਦਿਆਰਥੀਆਂ ਨੂੰ ਦੇਸ਼ ਧਰੋਹ ਦੇ ਕੇਸ ਵਿੱਚ ਸ਼ਾਮਲ ਕੀਤਾ ਗਿਆ ਸੀ, ਕੱਲ੍ਹ ਉਨ੍ਹਾਂ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰ ਦਿੱਤੀ ਗਈ ਹੈ। ਇਸ ਚਾਰਜਸ਼ੀਟ ਨਾਲੋਂ ਇਸ ਦਾ ਸਮਾਂ ਵੱਧ ਧਿਆਨ ਖਿੱਚ ਰਿਹਾ ਹੈ। ਕਈ ਸਾਲ ਇਹ ਕੇਸ ਫਾਈਲਾਂ ਵਿੱਚ ਪਿਆ ਰਹਿਣ ਪਿੱਛੋਂ ਕੱਲ੍ਹ ਅਚਾਨਕ ਚਾਰਜਸ਼ੀਟ ਫਾਈਲ ਕੀਤੀ ਗਈ ਹੈ।
ਇਸ ਮਾਮਲੇ ਦਾ ਆਧਾਰ ਬਣੀ ਵੀਡੀਓ ਜਦੋਂ ਕੁਝ ਸਰਕਾਰ ਪੱਖੀ ਚੈਨਲਾਂ ਨੇ ਵਿਖਾਈ ਤਾਂ ਹਰ ਕੋਈ ਹੈਰਾਨ ਹੋ ਗਿਆ ਕਿ ਖੱਬੇ ਪੱਖੀ ਜਥੇਬੰਦੀਆਂ ਦੇ ਆਗੂ ਆਪਣੇ ਦੇਸ਼ ਦੇ ਖਿਲਾਫ ਇਹ ਕੀ ਕੁਝ ਕਹੀ ਜਾਂਦੇ ਹਨ, ਪਰ ਮਸਾਂ ਦੋ ਦਿਨ ਇਸ ਦੀ ਚਰਚਾ ਹੋਈ, ਤੀਸਰਾ ਦਿਨ ਚੜ੍ਹਨ ਤੱਕ ਅਸਲੀਅਤ ਸਾਹਮਣੇ ਆ ਗਈ ਸੀ। ਕੁਝ ਚੈਨਲਾਂ ਨੇ ਦੋ ਵੀਡੀਓ ਪੇਸ਼ ਕਰ ਕੇ ਦਾਅਵਾ ਕਰ ਦਿੱਤਾ ਕਿ ਖੱਬੇ ਪੱਖੀ ਵਿਦਿਆਰਥੀ ਆਗੂਆਂ ਦੀ ਅਗਵਾਈ ਵਾਲੇ ਇਕੱਠ ਵਿੱਚ ਏਦਾਂ ਦਾ ਕੋਈ ਨਾਅਰਾ ਹੀ ਨਹੀਂ ਸੀ ਲੱਗਾ ਤੇ ਕਿਸੇ ਹੋਰ ਇਕੱਠ ਵਿੱਚ ਲੱਗੇ ਨਾਅਰੇ ਇਸ ਵੀਡੀਓ ਵਿੱਚ ਫਿੱਟ ਕਰਨ ਦੇ ਬਾਅਦ ਇੱਕ ਸਾਜ਼ਿਸ਼ ਦੇ ਅਧੀਨ ਇਹ ਬਣਾਉਣ ਦਾ ਯਤਨ ਕੀਤਾ ਗਿਆ ਸੀ ਕਿ ਇਹ ਲੋਕ ਆਪਣੇ ਦੇਸ਼ ਦੇ ਖਿਲਾਫ ਨਾਅਰੇ ਲਾਈ ਜਾ ਰਹੇ ਹਨ। ਫਿਰ ਇਸ ਸਾਜ਼ਿਸ਼ ਦਾ ਪ੍ਰਮੁੱਖ ਨਿਸ਼ਾਨਾ ਖੱਬੇ ਪੱਖੀ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੂੰ ਬਣਾਇਆ ਗਿਆ ਤੇ ਜਦੋਂ ਉਸ ਦੀ ਗ੍ਰਿਫਤਾਰੀ ਹੋਈ, ਉਸ ਵੇਲੇ ਉਸ ਨਾਲ ਕਚਹਿਰੀ ਵਿੱਚ ਜੱਜ ਦੇ ਚੈਂਬਰ ਵਿੱਚ ਭਾਜਪਾ ਪੱਖੀ ਵਕੀਲਾਂ ਨੇ ਪੁਲਸ ਦੇ ਸਾਹਮਣੇ ਕੁੱਟ-ਮਾਰ ਕੀਤੀ ਸੀ। ਕੁਝ ਦਿਨ ਜੇਲ੍ਹ ਵਿੱਚ ਤੜੇ ਰਹਿਣ ਦੇ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਜਿਵੇਂ ਭਾਜਪਾ ਸਮਝਦੀ ਸੀ ਕਿ ਵਿਦਿਆਰਥੀਆਂ ਤੋਂ ਕੱਟਿਆ ਜਾਵੇਗਾ, ਉਸ ਦੀ ਥਾਂ ਉਹ ਹੋਰ ਵੀ ਵੱਧ ਪ੍ਰਵਾਨਤ ਵਿਦਿਆਰਥੀ ਆਗੂ ਬਣਿਆ ਦਿਖਾਈ ਦੇਂਦਾ ਸੀ।
ਇਸ ਤੋਂ ਬਾਅਦ ਇਹ ਮੁੱਦਾ ਕਈ ਵਾਰੀ ਉੱਠ ਚੁੱਕਾ ਹੈ। ਹਰ ਵਾਰੀ ਕਨ੍ਹਈਆ ਕੁਮਾਰ ਨੂੰ ਦੇਸ਼-ਧਰੋਹੀ ਕਿਹਾ ਜਾਂਦਾ ਸੀ ਤੇ ਉਹ ਕਹਿੰਦਾ ਸੀ ਕਿ ਜੇ ਮੈਂ ਦੇਸ਼ ਧਰੋਹੀ ਹਾਂ ਤਾਂ ਮੇਰੇ ਖਿਲਾਫ ਚਾਰਜਸ਼ੀਟ ਪੇਸ਼ ਕਿਉਂ ਨਹੀਂ ਕੀਤੀ ਜਾਂਦੀ ਤੇ ਹਰ ਵਾਰੀ ਉਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਵਕਤ ਆਏ ਤੋਂ ਕਰ ਦਿੱਤੀ ਜਾਵੇਗੀ। ਦਿੱਲੀ ਦੀ ਪੁਲਸ ਕੇਂਦਰ ਸਰਕਾਰ ਦੇ ਅਧੀਨ ਹੈ। ਕੇਂਦਰ ਦੀ ਸਰਕਾਰ ਦੀ ਮਿਆਦ ਪੁੱਗਣ ਲੱਗੀ ਹੈ ਅਤੇ ਅਗਲੀਆਂ ਚੋਣਾਂ ਦਾ ਐਲਾਨ ਹੋਣ ਵਿੱਚ ਮਸਾਂ ਦੋ ਮਹੀਨੇ ਦਾ ਵਕਤ ਰਹਿ ਗਿਆ ਤਾਂ ਕਨ੍ਹਈਆ ਕੁਮਾਰ ਅਤੇ ਹੋਰਨਾਂ ਖਿਲਾਫ ਚਾਰਜਸ਼ੀਟ ਦਾਇਰ ਕਰਵਾ ਦਿੱਤੀ ਗਈ ਹੈ। ਇਸ ਤੋਂ ਸਾਫ ਹੈ ਕਿ ਇਸ ਕੰਮ ਲਈ ਜਿਸ ਢੁਕਵੇਂ ਮੌਕੇ ਦੀ ਉਡੀਕ ਕੀਤੀ ਜਾ ਰਹੀ ਸੀ, ਉਹ ਹੋਰ ਕੋਈ ਨਹੀਂ, ਲੋਕ ਸਭਾ ਚੋਣਾਂ ਵਾਲਾ ਹੀ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਚਾਰਜਸ਼ੀਟ ਵਿੱਚ ਕਮਿਊਨਿਸਟ ਪਾਰਟੀ ਦੇ ਲੀਡਰ ਡੀ ਰਾਜਾ ਦੀ ਧੀ ਅਪਰਾਜਿਤਾ ਦਾ ਨਾਂਅ ਵੀ ਪਾ ਦਿੱਤਾ ਗਿਆ ਹੈ। ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਪਿਛਲੇ ਪੰਜਾਹ ਸਾਲਾਂ ਤੋਂ ਭਾਰਤੀ ਰਾਜਨੀਤੀ ਵਿੱਚ ਵਿਚਰਦਾ ਰਿਹਾ ਇਹ ਆਗੂ ਏਨੇ ਉੱਚੇ ਦੇਸ਼ਭਗਤੀ ਵਾਲੇ ਕਿਰਦਾਰ ਦਾ ਮਾਲਕ ਹੈ ਕਿ ਕਦੀ ਕਿਸੇ ਨੇ ਉਸ ਉੱਤੇ ਉਂਗਲੀ ਨਹੀਂ ਉਠਾਈ। ਭਾਜਪਾ ਤੇ ਉਸ ਦੇ ਪਿੱਛੇ ਖੜੇ ਪਰਵਾਰ ਦੀ, ਕਮਿਊਨਿਸਟ-ਵਿਰੋਧ ਦੀ ਪੁਰਾਣੀ ਮਾਨਸਿਕਤਾ ਦਾ ਵੀ ਕਿਸੇ ਨੂੰ ਓਹਲਾ ਨਹੀਂ ਅਤੇ ਇਹ ਸਾਫ ਦਿਸਦਾ ਹੈ ਕਿ ਇਸ ਕੇਸ ਵਿੱਚ ਉਸ ਆਗੂ ਦੀ ਧੀ ਨੂੰ ਫਸਾਉਣ ਦਾ ਮਕਸਦ ਬਹਾਨੇ ਨਾਲ ਕਮਿਊਨਿਸਟ ਲਹਿਰ ਉੱਤੇ ਹਮਲਾ ਕਰਨਾ ਹੈ। ਰਾਜ ਸਭਾ ਦੇ ਮੈਂਬਰ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਡੀ ਰਾਜਾ ਉੱਤੇ ਅੱਜ ਤੱਕ ਕਦੇ ਕੋਈ ਕਾਲਾ ਧੱਬਾ ਨਹੀਂ ਲੱਗ ਸਕਿਆ, ਉਸ ਦੇ ਕਿਰਦਾਰ ਉੱਤੇ ਇੱਕ ਕਾਲਾ ਧੱਬਾ ਲਾਉਣ ਲਈ ਬੜਾ ਭੱਦਾ ਢੰਗ ਵਰਤਣ ਦਾ ਯਤਨ ਕੀਤਾ ਗਿਆ ਹੈ। ਤਾਮਿਲ ਨਾਡੂ ਨਾਲ ਸੰਬੰਧ ਰੱਖਦੇ ਉਸ ਆਗੂ ਬਾਰੇ, ਉਸ ਰਾਜ ਦੀਆਂ ਸਾਰੀਆਂ ਪਾਰਟੀਆਂ ਦੇ ਆਗੂ ਉਸ ਦੇ ਬਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਨ। ਜਿਸ ਆਗੂ ਵਿੱਚ ਕੋਈ ਕਾਣਾਪਣ ਹੋਵੇ, ਉਸ ਬਾਰੇ ਖੁਦ ਉਸ ਦੇ ਰਾਜ ਦੇ ਹੋਰਨਾਂ ਪਾਰਟੀਆਂ ਦੇ ਲੋਕ ਵੱਧ ਜਾਣਦੇ ਹੁੰਦੇ ਹਨ। ਉਸ ਰਾਜ ਦੀ ਕਿਸੇ ਵੀ ਪਾਰਟੀ ਦਾ ਆਗੂ ਉਸ ਬਾਰੇ ਮਾੜਾ ਨਹੀਂ ਕਹਿ ਸਕਦਾ।
ਅਸੀਂ ਪਿਛਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਕਈ ਕੇਸ ਬਣਦੇ ਅਤੇ ਇੱਕ ਜਾਂ ਦੂਸਰੇ ਆਗੂ ਨੂੰ ਚੋਣਾਂ ਨੇੜੇ ਆਉਣ ਦਾ ਸਮਾਂ ਵੇਖ ਕੇ ਬਦਨਾਮ ਕਰਨ ਦੀਆਂ ਖੇਡਾਂ ਹੁੰਦੀਆਂ ਵੇਖਦੇ ਰਹੇ ਹਾਂ। ਇਹ ਵੀ ਓਸੇ ਤਰ੍ਹਾਂ ਦੀ ਖੇਡ ਹੈ। ਸਿਆਸੀ ਲੜਾਈ ਨੂੰ ਸਿਆਸੀ ਪੱਧਰ ਤੱਕ ਰੱਖਿਆ ਜਾਣਾ ਚਾਹੀਦਾ ਹੈ, ਪਰ ਸਾਡੇ ਦੇਸ਼ ਵਿੱਚ ਇਹ ਹੱਦਬੰਦੀ ਕਾਇਮ ਨਹੀਂ ਰਹਿੰਦੀ ਤੇ ਸਿਆਸੀ ਲੜਾਈ ਵਿੱਚ ਭੱਦੀ ਦੂਸ਼ਣਬਾਜ਼ੀ ਤੇ ਝੂਠੀ ਮੁਕੱਦਮੇਬਾਜ਼ੀ ਦਾ ਦਖਲ ਵੀ ਵੇਖਣ ਨੂੰ ਮਿਲ ਜਾਂਦਾ ਹੈ। ਇਸ ਵਾਰੀ ਕਨ੍ਹਈਆ ਕੁਮਾਰ ਅਤੇ ਸੀ ਪੀ ਆਈ ਆਗੂ ਡੀ ਰਾਜਾ ਦੀ ਬੇਟੀ ਦੇ ਖਿਲਾਫ ਇਸ ਤਰ੍ਹਾਂ ਦੀ ਮੁਕੱਦਮੇਬਾਜ਼ੀ ਵਾਲੀ ਖੇਡ ਤੋਂ ਇਹ ਸਾਫ ਹੁੰਦਾ ਪਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਰੀ ਉਮਰ ਏਦਾਂ ਦੇ ਚੱਕਰ ਹੀ ਚਲਾਏ ਹਨ, ਉਹ ਇਸ ਵਾਰ ਦੀਆਂ ਚੋਣਾਂ ਵਿੱਚ ਵੀ ਇਹੋ ਕੁਝ ਕਰਨਗੇ। ਭਾਰਤ ਦਾ ਲੋਕਤੰਤਰ ਸਾਰੀ ਦੁਨੀਆ ਵਿੱਚੋਂ ਵੱਡਾ ਕਿਹਾ ਜਾਂਦਾ ਹੈ, ਪਰ ਜਦੋਂ ਇਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਣਗੀਆਂ ਤਾਂ ਇਹ ਵੋਟਰਾਂ ਦੀ ਗਿਣਤੀ ਪੱਖੋਂ ਤਾਂ ਵੱਡਾ ਰਹੇਗਾ, ਕਿਰਦਾਰ ਦੀ ਬੁਲੰਦੀ ਪੱਖੋਂ ਨਹੀਂ ਗਿਣਿਆ ਜਾਣ ਲੱਗਾ।
-ਜਤਿੰਦਰ ਪਨੂੰ

1495 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper