Latest News
ਕਰਨਾਟਕ ਦਾ ਸਿਆਸੀ ਨਾਟਕ ਫਿਰ ਸ਼ੁਰੂ

Published on 16 Jan, 2019 10:56 AM.

ਇੱਕ ਵਾਰ ਫਿਰ ਉਸ ਕਰਨਾਟਕ ਦੀ ਸਰਕਾਰ ਦਾਅ ਉੱਤੇ ਲੱਗੀ ਪਈ ਹੈ, ਜਿਸ ਦੀ ਖਿੱਚੋਤਾਣ ਪਿਛਲੇ ਸਮੇਂ ਦੌਰਾਨ ਵੀ ਕਈ ਰੰਗ ਵਿਖਾਉਂਦੀ ਰਹੀ ਹੈ। ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਭਾਜਪਾ ਸਾਰਿਆਂ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ, ਪਰ ਬਹੁ-ਸੰਮਤੀ ਤੱਕ ਨਹੀਂ ਸੀ ਜਾ ਸਕੀ ਤਾਂ ਸਰਕਾਰ ਬਣਾਉਣ ਦੇ ਲਈ ਖਿੱਚੋਤਾਣ ਵਿੱਚ ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੂੰ ਇਸ ਰਾਜ ਦੀ ਅਗਵਾਈ ਦਾ ਮੌਕਾ ਗਵਰਨਰ ਨੇ ਦੇ ਦਿੱਤਾ ਸੀ। ਗੁਜਰਾਤ ਦੀ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਗਵਰਨਰ ਨੇ ਉਸ ਵਕਤ ਭਾਜਪਾ ਆਗੂ ਵਾਂਗ ਵਿਹਾਰ ਕੀਤਾ ਸੀ, ਪਰ ਕਾਂਗਰਸ ਅਤੇ ਜਨਤਾ ਦਲ ਐੱਸ ਦੇ ਲੀਡਰਾਂ ਨੇ ਸੂਝ ਦਾ ਸਬੂਤ ਦਿੱਤਾ ਤੇ ਭਾਜਪਾ ਦੇ ਵਿਰੋਧ ਲਈ ਏਕਤਾ ਕਰ ਕੇ ਯੇਦੀਯੁਰੱਪਾ ਨੂੰ ਪਾਰ ਨਹੀਂ ਸੀ ਲੱਗਣ ਦਿੱਤਾ। ਫਿਰ ਇਨ੍ਹਾਂ ਦੋਵਾਂ ਧਿਰਾਂ ਦੇ ਆਗੂਆਂ ਨੇ ਸਹਿਮਤੀ ਕਰ ਕੇ ਸਰਕਾਰ ਬਣਾ ਲਈ ਤੇ ਉਸ ਦੇ ਆਸਰੇ ਬਾਅਦ ਵਿੱਚ ਹੋਈਆਂ ਉੱਪ ਚੋਣਾਂ ਲਈ ਇਹ ਜੇਤੂ ਰਹੇ ਤਾਂ ਇਹ ਸਮਝ ਬੈਠੇ ਸਨ ਕਿ ਸਾਡੀ ਪਕੜ ਪੱਕੀ ਹੋ ਗਈ ਹੈ। ਇਹੋ ਜਿਹੇ ਗੱਠਜੋੜਾਂ ਵਿੱਚ ਜਦੋਂ ਪਕੜ ਪੱਕੀ ਹੋ ਗਈ ਦਾ ਭਰਮ ਪੈਦਾ ਹੁੰਦਾ ਹੈ ਤਾਂ ਹਰ ਕਿਸੇ ਦੇ ਸਿਰ ਨੂੰ ਸੱਤਾ ਦਾ ਸੁੱਖ ਮਾਨਣ ਦਾ ਨਸ਼ਾ ਚੜ੍ਹਨ ਲੱਗਦਾ ਹੈ, ਜਿਹੜਾ ਆਖਰ ਨੂੰ ਉਨ੍ਹਾਂ ਲਈ ਘਾਟੇਵੰਦਾ ਰਿਹਾ ਕਰਦਾ ਹੈ। ਏਥੇ ਵੀ ਇਸ ਵਕਤ ਇਹੋ ਹੁੰਦਾ ਦਿਖਾਈ ਦੇ ਰਿਹਾ ਹੈ।
ਮੁੱਖ ਮੰਤਰੀ ਬਣਾਏ ਗਏ ਜਨਤਾ ਦਲ ਐੱਸ ਦੇ ਆਗੂ ਕੁਮਾਰਸਵਾਮੀ ਨੇ ਭਾਵੇਂ ਬਹੁਤੇ ਤਿੱਖੇ ਤੇਵਾਰ ਨਹੀਂ ਦਿਖਾਏ ਅਤੇ ਬੜੇ ਠਰ੍ਹੰਮੇ ਨਾਲ ਚੱਲਣ ਦਾ ਯਤਨ ਕੀਤਾ, ਪਰ ਕਾਂਗਰਸ ਦੇ ਕੁਝ ਲੀਡਰਾਂ ਦੀ ਸੱਤਾ-ਭੁੱਖ ਵਧਦੀ ਜਾ ਰਹੀ ਸੀ। ਵਾਜਪਾਈ ਸਰਕਾਰ ਦੇ ਵਕਤ ਪਾਰਲੀਮੈਂਟ ਇਹ ਫੈਸਲਾ ਕਰ ਗਈ ਸੀ ਕਿ ਕਿਸੇ ਵੀ ਰਾਜ ਵਿੱਚ ਵਿਧਾਨ ਸਭਾ ਦੇ ਕੁੱਲ ਮੈਂਬਰਾਂ ਦੇ ਪੰਦਰਾਂ ਫੀਸਦੀ ਤੋਂ ਵੱਧ ਮੰਤਰੀ ਨਹੀਂ ਬਣਾਏ ਜਾ ਸਕਦੇ। ਇਹ ਫੈਸਲਾ ਕਰਨਾਟਕ ਉੱਤੇ ਵੀ ਲਾਗੂ ਹੋਣਾ ਸੀ। ਹਰ ਕੋਈ ਜਦੋਂ ਏਦਾਂ ਦੀ ਖਿੱਚ ਰੱਖਦਾ ਹੋਵੇ ਕਿ ਉਸ ਨੂੰ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜਿਹੜੇ ਲੋਕ ਕੁਰਸੀ ਤੋਂ ਦੂਰ ਰਹਿ ਜਾਂਦੇ ਹਨ, ਉਨ੍ਹਾਂ ਨੂੰ ਕੋਈ ਦੂਸਰਾ ਸੈਨਤ ਮਾਰ ਸਕਦਾ ਹੈ। ਪਿਛਲੇ ਸਮੇਂ ਵਿੱਚ ਇਸ ਤਰ੍ਹਾਂ ਕਈ ਥਾਂਈਂ ਹੋ ਚੁੱਕਾ ਹੈ। ਮੁਕਾਬਲਾ ਉਸ ਭਾਜਪਾ ਦੇ ਨਾਲ ਹੈ, ਜਿਸ ਦੇ ਪਿੱਛੇ ਇੱਕ ਬੰਧੇਜ-ਬੱਧ ਸੰਗਠਨ ਆਰ ਐੱਸ ਐੱਸ ਖੜਾ ਹੈ ਤੇ ਉਨ੍ਹਾਂ ਦੇ ਬਹੁਤੇ ਲੀਡਰ ਆਮ ਕਰ ਕੇ ਉਸ ਦੇ ਕਹੇ ਤੋਂ ਬਾਹਰ ਨਹੀਂ ਜਾਇਆ ਕਰਦੇ। ਕਾਂਗਰਸ ਅਤੇ ਜਨਤਾ ਦਲ ਐੱਸ ਵਿੱਚ ਏਦਾਂ ਦੀ ਸਥਿਤੀ ਨਹੀਂ ਹੈ।
ਜਦੋਂ ਇਨ੍ਹਾਂ ਪਾਰਟੀਆਂ ਵਿੱਚ ਕੋਈ ਬੰਧੇਜ ਵਾਲੀ ਸਥਿਤੀ ਨਹੀਂ ਤਾਂ ਇਨ੍ਹਾਂ ਦੇ ਲੀਡਰ, ਜਿਹੜੇ ਸੱਤਾ ਦੀ ਝਾਕ ਵਿੱਚ ਹੀ ਰਾਜਨੀਤੀ ਵਿੱਚ ਆਏ ਹੋਏ ਹਨ, ਜਿੱਥੋਂ ਵੀ ਚੋਗਾ ਪਵੇ, ਉਸ ਪਾਸੇ ਨੂੰ ਖਿਸਕ ਸਕਦੇ ਹਨ। ਉਨ੍ਹਾਂ ਨੂੰ ਚੋਗਾ ਪਿਆ ਤਾਂ ਭਾਜਪਾ ਦੇ ਆਗੂਆਂ ਦੀ ਸੈਨਤ ਉੱਤੇ ਨੱਚਣ ਲੱਗ ਪਏ ਸੁਣੇ ਜਾਂਦੇ ਹਨ। ਇਸ ਤੋਂ ਪਹਿਲਾਂ ਗੋਆ ਅਤੇ ਕੁਝ ਹੋਰ ਥਾਂਈਂ ਇਹ ਹੋਇਆ ਹੈ ਕਿ ਕਾਂਗਰਸ ਤੋਂ ਵੀ ਘੱਟ ਸੀਟਾਂ ਜਿੱਤਣ ਦੇ ਬਾਵਜੂਦ ਭਾਜਪਾ ਇਸ ਲਈ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਕਿ ਉਸ ਨੇ ਇਹ ਪੇਸ਼ਕਸ਼ ਕਰ ਦਿੱਤੀ ਸੀ ਕਿ ਸਿਰਫ ਮੁੱਖ ਮੰਤਰੀ ਉਸ ਦਾ ਤੇ ਮੰਤਰੀ ਕਿਸੇ ਵੀ ਧਿਰ ਦੇ ਹੋ ਸਕਦੇ ਹਨ। ਏਹੀ ਫਾਰਮੂਲਾ ਉਹ ਕਰਨਾਟਕ ਵਿੱਚ ਵੀ ਖੇਡ ਸਕਦੀ ਹੈ। ਕਿਆਫੇ ਲੱਗਦੇ ਹਨ ਕਿ ਇਹ ਖੇਡ ਇਸ ਵੇਲੇ ਚੱਲ ਰਹੀ ਹੈ।
ਪਹਿਲਾਂ ਇਹ ਖਬਰ ਆਈ ਸੀ ਕਿ ਕਾਂਗਰਸ ਦੇ ਇੱਕ ਦਰਜਨ ਦੇ ਕਰੀਬ ਵਿਧਾਇਕ ਪਾਰਟੀ ਨਾਲੋਂ ਫਾਸਲਾ ਰੱਖਦੇ ਹੋਏ ਭਾਜਪਾ ਦੇ ਸੰਪਰਕ ਵਿੱਚ ਆ ਚੁੱਕੇ ਹਨ। ਫਿਰ ਇਹ ਖਬਰ ਆਈ ਕਿ ਦੋ ਆਜ਼ਾਦ ਉਮੀਦਵਾਰ ਸਰਕਾਰ ਦਾ ਸਾਥ ਛੱਡ ਕੇ ਉਸ ਦੇ ਖਿਲਾਫ ਭਾਜਪਾ ਨਾਲ ਜਾ ਖੜੋਤੇ ਹਨ। ਇਸ ਦੌਰਾਨ ਇਹ ਵੀ ਖਬਰ ਆਈ ਕਿ ਭਾਜਪਾ ਦੇ ਇੱਕ ਦਰਜਨ ਤੋਂ ਵੱਧ ਵਿਧਾਇਕ ਵੀ ਕਾਂਗਰਸ ਦੇ ਸੰਪਰਕ ਵਿੱਚ ਹਨ ਤੇ ਇਸ ਸੰਪਰਕ ਨੂੰ ਤੋੜਨ ਲਈ ਭਾਜਪਾ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਚੁੱਕਿਆ ਤੇ ਦੂਰ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਸ਼ਹਿਰ ਗੁਰੂਗ੍ਰਾਮ ਵਿੱਚ ਲਿਜਾ ਟਿਕਾਇਆ ਹੈ। ਇਨ੍ਹਾਂ ਖਬਰਾਂ ਵਿੱਚ ਸਚਾਈ ਹੋਵੇ ਤਾਂ ਸਾਫ ਹੈ ਕਿ ਖਤਰਾ ਸਿਰਫ ਇੱਕ ਧਿਰ ਨੰ ਨਹੀਂ। ਦੋਵਾਂ ਵੱਡੀਆਂ ਧਿਰਾਂ ਦੇ ਆਗੂਆਂ ਨੂੰ ਇਹ ਚਿੰਤਾ ਲੱਗੀ ਹੋਈ ਹੈ ਕਿ ਉਨ੍ਹਾਂ ਦੀ ਧਿਰ ਦੇ ਵਿਧਾਇਕਾਂ ਨੂੰ ਕੋਈ ਚੋਗਾ ਨਾ ਪਾ ਲਵੇ ਜਾਂ ਕਿਸੇ ਤਰ੍ਹਾਂ ਖਿਸਕਾ ਨਾ ਲਵੇ। ਭਾਰਤੀ ਲੋਕਤੰਤਰ ਵਿੱਚ ਇਸ ਤਰ੍ਹਾਂ ਲੋਕਾਂ ਦੇ ਚੁਣੇ ਹੋਏ ਵਿਧਾਇਕਾਂ ਨੂੰ ਇਕੱਠੇ ਕਰ ਕੇ ਹੋਰਨਾਂ ਥਾਂਵਾਂ ਉੱਤੇ ਲਿਜਾਣ ਅਤੇ ਕਈ-ਕਈ ਦਿਨ ਰੱਖਣ ਦਾ ਰਿਵਾਜ ਐੱਨ ਟੀ ਰਾਮਾਰਾਓ ਦੇ ਵਕਤ ਕੋਈ ਪੈਂਤੀ ਕੁ ਸਾਲ ਪਹਿਲਾਂ ਤੋਂ ਪਿਆ ਹੋਇਆ ਹੈ ਤੇ ਹਰ ਨਵੇਂ ਸਾਲ ਨਾਲ ਅੱਗੇ ਵਧੀ ਜਾਂਦਾ ਹੈ। ਲੋਕਾਂ ਨੂੰ ਇਸ ਦੀ ਆਦਤ ਜਿਹੀ ਹੋ ਗਈ ਹੈ ਤੇ ਲੀਡਰਾਂ ਨੂੰ ਵੀ ਇਸ ਵਿੱਚ ਕਿਸੇ ਤਰ੍ਹਾਂ ਦੀ ਸ਼ਰਮ-ਝਿਜਕ ਨਹੀਂ ਰਹੀ।
ਇਸ ਵਕਤ ਇਹ ਗੱਲ ਸਪੱਸ਼ਟ ਨਹੀਂ ਕਿ ਕਰਨਾਟਕਾ ਵਿੱਚ ਕਿਸ ਦੇ ਕਿੰਨੇ ਵਿਧਾਇਕ ਕਿਸੇ ਓਪਰੀ ਧਿਰ ਦੇ ਨਾਲ ਖੜੇ ਹੋ ਸਕਦੇ ਹਨ, ਪਰ ਜਦੋਂ ਦੋਵਾਂ ਧਿਰਾਂ ਨੂੰ ਇਹੋ ਜਿਹਾ ਕੇਰਾ ਲੱਗ ਜਾਣ ਦਾ ਡਰ ਹੋਵੇ ਤਾਂ ਉਸ ਰਾਜ ਦੇ ਵਿਕਾਸ ਕੰਮਾਂ ਦੀ ਚਿੰਤਾ ਕਿਸੇ ਨੂੰ ਨਹੀਂ ਹੋ ਸਕਦੀ, ਸਿਰਫ ਸੱਤਾ ਦੀ ਚਿੰਤਾ ਕੀਤੀ ਜਾ ਰਹੀ ਹੋਵੇਗੀ। ਇਹ ਅਜੀਬ ਲੋਕਤੰਤਰ ਹੈ, ਜਿਸ ਦੇ ਲੀਡਰਾਂ ਦਾ ਓਨਾ ਸਮਾਂ ਆਮ ਲੋਕਾਂ ਦੀ ਸੇਵਾ ਵਾਸਤੇ ਨਹੀਂ ਲੱਗਦਾ, ਜਿੰਨਾ ਕੁਰਸੀ ਖੋਹਣ ਜਾਂ ਬਚਾਉਣ ਉੱਤੇ ਲੱਗਦਾ ਰਹਿੰਦਾ ਹੈ।
- ਜਤਿੰਦਰ ਪਨੂੰ

1245 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper