Latest News
ਵੋਟਿੰਗ ਮਸ਼ੀਨਾਂ ਉੱਤੇ ਸ਼ੱਕ ਦੇ ਬੱਦਲ

Published on 22 Jan, 2019 11:15 AM.


ਕਈ ਵਾਰੀ ਇਹੋ ਜਿਹੇ ਦੋਸ਼ ਰਾਜਨੀਤੀ ਵਿੱਚ ਲੱਗਦੇ ਹਨ, ਜਿਨ੍ਹਾਂ ਨੂੰ ਸੁਣਨ ਵਾਲਿਆਂ ਨੂੰ ਛੇਤੀ ਪਤਾ ਲੱਗ ਜਾਂਦਾ ਹੈ ਕਿ ਇਹ ਸਿਰਫ਼ ਲਾਉਣ ਦੀ ਖ਼ਾਤਰ ਲਾਏ ਜਾ ਰਹੇ ਹਨ, ਪਰ ਸਾਰੇ ਦੋਸ਼ ਇਹੋ ਜਿਹੇ ਨਹੀਂ ਹੁੰਦੇ ਅਤੇ ਉਹ ਏਦਾਂ ਹੀ ਡਸਟਬਿੰਨ ਦੇ ਹਵਾਲੇ ਨਹੀਂ ਕੀਤੇ ਜਾ ਸਕਦੇ। ਭਾਰਤੀ ਲੋਕਤੰਤਰ ਵਿੱਚ ਵੋਟਿੰਗ ਮਸ਼ੀਨਾਂ ਦੀ ਦੁਰਵਰਤੋਂ ਦਾ ਮੁੱਦਾ ਵੀ ਇਹੋ ਜਿਹਾ ਹੀ ਹੈ। ਬੜੇ ਦੋਸ਼ ਲੱਗਦੇ ਰਹੇ ਤੇ ਹਰ ਵਾਰੀ ਭਾਰਤ ਦਾ ਚੋਣ ਕਮਿਸ਼ਨ ਇਹੋ ਰੱਟ ਲਾਈ ਗਿਆ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਹੇਰਾਫੇਰੀ ਦੀ ਗੁੰਜਾਇਸ਼ ਹੀ ਨਹੀਂ ਹੈ। ਜਦੋਂ ਮੱਧ ਪ੍ਰਦੇਸ਼ ਵਿੱਚ ਜ਼ਿਲਾ ਪੱਧਰ ਦੇ ਇੱਕ ਚੋਣ ਅਫ਼ਸਰ ਨੇ ਪੱਤਰਕਾਰਾਂ ਦੇ ਸਾਹਮਣੇ ਮਸ਼ੀਨਾਂ ਪੇਸ਼ ਕਰ ਕੇ ਉਨ੍ਹਾਂ ਦੀ ਕਾਰੀਗਰੀ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਰਿਆਂ ਦੇ ਸਾਹਮਣੇ ਹਰ ਬਟਨ ਦਬਾਏ ਜਾਣ ਉੱਤੇ ਵੋਟ ਇੱਕੋ ਪਾਰਟੀ ਭਾਜਪਾ ਦੇ ਖਾਤੇ ਵਿੱਚ ਪੈਣ ਲੱਗ ਪਈ ਸੀ। ਇਸ ਨਾਲ ਘਬਰਾਏ ਹੋਏ ਚੋਣ ਕਮਿਸ਼ਨ ਨੇ ਇਹ ਕਿਹਾ ਸੀ ਕਿ ਇਹ ਕੁਝ ਮਸ਼ੀਨਾਂ ਖ਼ਰਾਬ ਸਨ ਤੇ ਉਨ੍ਹਾਂ ਵਿੱਚੋਂ ਇੱਕ ਲਿਆ ਕੇ ਪੇਸ਼ ਕਰ ਦਿੱਤੀ ਗਈ ਜਾਪਦੀ ਹੈ। ਕੇਂਦਰ ਵਿੱਚ ਰਾਜ ਕਰਦੀ ਪਾਰਟੀ ਹਰ ਵਾਰੀ ਇਹੋ ਗੱਲ ਕਹਿੰਦੀ ਰਹੀ ਹੈ ਕਿ ਉਸ ਦਾ ਕਿਸੇ ਵੀ ਥਾਂ ਇਸ ਤਰ੍ਹਾਂ ਦੀ ਕਿਸੇ ਗੱਲ ਨਾਲ ਕੋਈ ਸੰਬੰਧ ਨਹੀਂ ਰਿਹਾ ਤੇ ਹਰ ਥਾਂ ਹੀ ਇਹ ਦੋਸ਼ ਸਿੱਧਾ ਇਸ ਪਾਰਟੀ ਉੱਤੇ ਲੱਗਦਾ ਰਿਹਾ ਹੈ। ਫਿਰ ਵੀ ਏਦਾਂ ਦਾ ਪੱਕਾ ਦਾਅਵਾ ਕੋਈ ਨਹੀਂ ਸੀ ਕਰਦਾ।
ਇਸ ਵਾਰੀ ਇਹੋ ਜਿਹਾ ਪੱਕਾ ਦਾਅਵਾ ਕੀਤਾ ਗਿਆ ਹੈ ਤੇ ਇਹ ਭਾਰਤ ਦੀ ਕਿਸੇ ਕੱਚ-ਘਰੜ ਸੰਸਥਾ ਜਾਂ ਕਿਸੇ ਪਾਰਟੀ ਦੇ ਆਗੂਆਂ ਨੇ ਨਹੀਂ ਕੀਤਾ, ਇੰਗਲੈਂਡ ਵਿੱਚ ਬੈਠੇ ਇੱਕ ਇਹੋ ਜਿਹੇ ਵਿਅਕਤੀ ਨੇ ਕਰ ਦਿੱਤਾ ਹੈ, ਜਿਹੜਾ ਇਨ੍ਹਾਂ ਮਾਮਲਿਆਂ ਦੇ ਜਾਣਕਾਰ ਵਜੋਂ ਸੰਸਾਰ ਭਰ ਵਿੱਚ ਜਾਣਿਆਂ-ਪਛਾਣਿਆ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਵੋਟਿੰਗ ਮਸ਼ੀਨਾਂ ਦਾ ਸਾਫਟਵੇਅਰ ਕਿਸੇ ਤਰ੍ਹਾਂ ਦੀ ਹੈਕਿੰਗ ਦੀ ਮਾਰ ਅੱਗੇ ਅੜਨ ਜੋਗਾ ਨਹੀਂ ਅਤੇ ਇਹੋ ਗੱਲ ਨਹੀਂ ਕਿ ਹੈਕ ਹੋਣ ਦੀ ਗੁੰਜਾਇਸ਼ ਹੈ, ਸਗੋਂ ਇਹ ਹੈ ਕਿ ਇਸ ਤਰ੍ਹਾਂ ਦੀ ਹੈਕਿੰਗ ਭਾਰਤ ਵਿੱਚ ਕੀਤੀ ਜਾ ਚੁੱਕੀ ਹੈ। ਉਸ ਨੇ ਪੰਜ ਸਾਲ ਪਹਿਲਾਂ ਦੀਆਂ ਉਨ੍ਹਾਂ ਚੋਣਾਂ ਨਾਲ ਵੀ ਇਹ ਹੈਕਿੰਗ ਜੋੜ ਦਿੱਤੀ ਹੈ, ਜਿਨ੍ਹਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਓਦੋਂ ਆਪਣੇ ਸਿਰ ਬਹੁ-ਗਿਣਤੀ ਦੇ ਲਈ ਲੋੜੀਂਦੀਆਂ ਦੋ ਸੌ ਬਹੱਤਰ ਸੀਟਾਂ ਤੋਂ ਵੀ ਦਸ ਵੱਧ ਲੈ ਗਈ ਸੀ, ਜਦੋਂ ਮੋਦੀ ਸਾਹਿਬ ਖ਼ੁਦ ਕਹਿ ਚੁੱਕੇ ਸਨ ਕਿ ਦੋ ਸੌ ਦੇ ਨੇੜੇ ਹੀ ਜਾ ਸਕਦੇ ਹਨ। ਇਸ ਮਹਾਂਰਥੀ ਨੇ ਇਸ ਦੇ ਨਾਲ ਇੱਕ ਭਾਜਪਾ ਆਗੂ ਦੀ ਮੌਤ ਦਾ ਕਿੱਸਾ ਵੀ ਜੋੜ ਦਿੱਤਾ ਹੈ।
ਅੱਜ ਦੀ ਤਰੀਕ ਵਿੱਚ ਜਦੋਂ ਅਤੇ ਜਿੱਥੇ ਵੀ ਵੋਟਿੰਗ ਮਸ਼ੀਨਾਂ ਦੀ ਕਾਰਗੁਜ਼ਾਰੀ ਉੱਤੇ ਸ਼ੱਕ ਪ੍ਰਗਟ ਕੀਤਾ ਜਾਵੇ ਤਾਂ ਭਾਜਪਾ ਦੇ ਆਗੂ ਇਹ ਕਹਿੰਦੇ ਹਨ ਕਿ ਇਹ ਸਭ ਕਾਂਗਰਸ ਪਾਰਟੀ ਅਤੇ ਹੋਰ ਵਿਰਧੀ ਧਿਰਾਂ ਦਾ ਆਪਣੀ ਕਮਜ਼ੋਰੀ ਲੁਕਾਉਣ ਦਾ ਰੌਲਾ ਹੈ, ਹੋਰ ਕੋਈ ਗੱਲ ਨਹੀਂ ਹੈ। ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸਭ ਤੋਂ ਪਹਿਲਾਂ ਇਨ੍ਹਾਂ ਮਸ਼ੀਨਾਂ ਉੱਤੇ ਸ਼ੱਕ ਦੀ ਉਂਗਲ ਭਾਜਪਾ ਦੇ ਆਗੂਆਂ ਨੇ ਹੀ ਚੁੱਕੀ ਸੀ। ਓਦੋਂ ਚੋਣ ਕਮਿਸ਼ਨ ਨੇ ਸਭ ਪਾਰਟੀਆਂ ਦੇ ਲੀਡਰ ਸੱਦੇ ਅਤੇ ਮਸ਼ੀਨਾਂ ਉੱਤੇ ਆਪਣਾ ਸ਼ੱਕ ਜ਼ਾਹਰ ਕਰਨ ਲਈ ਮੌਕਾ ਪੇਸ਼ ਕੀਤਾ ਸੀ ਤੇ ਬਾਕੀ ਪਾਰਟੀਆਂ ਵਾਲਿਆਂ ਨੇ ਜਦੋਂ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਸ਼ੱਕ ਦਾ ਕੋਈ ਪੱਕਾ ਆਧਾਰ ਨਹੀਂ ਹੈ, ਓਦੋਂ ਭਾਜਪਾ ਦਾ ਇੱਕ ਸਾਬਕਾ ਕੇਂਦਰੀ ਮੰਤਰੀ ਕਹਿੰਦਾ ਰਿਹਾ ਸੀ ਕਿ ਉਸ ਦੇ ਮਨ ਵਿੱਚ ਬੈਠਾ ਸ਼ੱਕ ਨਿਕਲ ਨਹੀਂ ਰਿਹਾ। ਜਦੋਂ ਦੂਜੇ ਲੋਕ ਸ਼ੱਕ ਕਰਦੇ ਹਨ ਤਾਂ ਭਾਜਪਾ ਨੂੰ ਬੁਰਾ ਲੱਗਦਾ ਪਿਆ ਹੈ, ਪਰ ਬੁਰਾ ਲੱਗਣ ਜਾਂ ਨਾ ਲੱਗਣ ਦਾ ਸਵਾਲ ਨਹੀਂ, ਇਸ ਦੀ ਸ਼ੰਕਾ ਨਵਿਰਤੀ ਹੋਣੀ ਚਾਹੀਦੀ ਹੈ।
ਇੱਕ ਗੱਲ ਇਸ ਮੁੱਦੇ ਬਾਰੇ ਇਹ ਵੀ ਨੋਟ ਕਰਨ ਵਾਲੀ ਹੈ ਕਿ ਅੱਜ ਦੀ ਤਾਰੀਖ ਵਿੱਚ ਵੀ ਸਿਰਫ਼ ਵਿਰੋਧੀ ਪਾਰਟੀਆਂ ਦੇ ਲੋਕ ਹੀ ਨਹੀਂ, ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਦੇ ਆਗੂ ਵੀ ਇਹ ਕਹੀ ਜਾਂਦੇ ਹਨ ਕਿ ਭਾਜਪਾ ਨੂੰ ਕਿਸੇ ਮਹਾਂਗੱਠਜੋੜ ਤੋਂ ਡਰਨ ਦੀ ਇਸ ਲਈ ਲੋੜ ਨਹੀਂ ਕਿ ਇਸ ਦਾ ਵੋਟਿੰਗ ਮਸ਼ੀਨਾਂ ਨਾਲ ਗੱਠਜੋੜ ਹੋ ਚੁੱਕਾ ਹੈ। ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਇਸ ਬਾਰੇ ਕਈ ਵਾਰੀ ਆਪਣੇ ਅਖ਼ਬਾਰ ਵਿੱਚ ਵੀ ਲਿਖਿਆ ਹੈ। ਭਾਜਪਾ ਨੇ ਕਦੀ ਉਸ ਦਾ ਜਵਾਬ ਨਹੀਂ ਦਿੱਤਾ। ਲੋਕਤੰਤਰੀ ਪ੍ਰਕਿਰਿਆ ਸਾਫ਼ ਹੋਣੀ ਚਾਹੀਦੀ ਹੈ ਤੇ ਜਿੱਥੇ ਕਿਸੇ ਕਿਸਮ ਦਾ ਸ਼ੱਕ ਪੈਦਾ ਹੋ ਰਿਹਾ ਹੋਵੇ, ਉਹ ਦੂਰ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਇਸ ਪ੍ਰਕਿਰਿਆ ਦੀ ਪਵਿੱਤਰਤਾ ਕਾਇਮ ਰਹਿ ਸਕੇ। ਇਹੋ ਕੀਤਾ ਨਹੀਂ ਜਾਂਦਾ ਤੇ ਲੋਕਾਂ ਵਿੱਚ ਭਰਮ ਪੈਦਾ ਹੋ ਰਹੇ ਹਨ।
ਸਾਡੇ ਦੇਸ਼ ਵਿੱਚ ਇਸ ਵੇਲੇ ਕੰਪਿਊਟਰੀਕਰਨ ਦਾ ਜੋਸ਼ ਵੀ ਇੱਕ ਝੱਲ ਦੀ ਹੱਦ ਤੱਕ ਵਿਖਾਇਆ ਜਾ ਰਿਹਾ ਹੈ ਤੇ ਜਿਸ ਨੇ ਕੋਈ ਨੁਕਤਾਚੀਨੀ ਕੀਤੀ, ਉਸ ਨੂੰ ਪਿੱਛੇ-ਖਿੱਚੂ ਕਿਹਾ ਜਾਂਦਾ ਹੈ। ਪੱਛਮੀ ਦੇਸ਼ ਤਕਨੀਕ ਦੇ ਪੱਖੋਂ ਭਾਰਤ ਤੋਂ ਪਿੱਛੇ ਤਾਂ ਰਹਿਣ ਵਾਲੇ ਨਹੀਂ, ਪਰ ਚੋਣਾਂ ਦੀ ਪਵਿੱਤਰਤਾ ਉੱਤੇ ਕਿਸੇ ਕਿਸਮ ਦਾ ਸ਼ੱਕ ਨਾ ਹੋਵੇ, ਇਸ ਲਈ ਉਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ ਵਿੱਚ ਚੋਣ ਵੇਲੇ ਮਸ਼ੀਨਾਂ ਦੀ ਵਰਤੋਂ ਕਰਨ ਦੀ ਥਾਂ ਹਾਲੇ ਵੀ ਬੈੱਲਟ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਕਾਗ਼ਜ਼ ਵਾਲੇ ਵੋਟ ਪੱਤਰ ਦੀ ਵਰਤੋਂ ਹੋ ਸਕਦੀ ਹੈ ਤਾਂ ਭਾਰਤ ਵਿੱਚ ਵੀ ਕੀਤੀ ਜਾ ਸਕਦੀ ਹੈ। ਇਸ ਬਾਰੇ ਜ਼ਿਦ ਨਹੀਂ ਹੋਣੀ ਚਾਹੀਦੀ। ਭਾਰਤ ਦੀ ਕੇਂਦਰ ਸਰਕਾਰ ਅਤੇ ਉਸ ਦੇ ਇਸ਼ਾਰੇ ਨੂੰ ਸਮਝ ਕੇ ਕੰਮ ਕਰਨ ਦੀ ਆਦਤ ਪਾ ਚੁੱਕਾ ਚੋਣ ਕਮਿਸ਼ਨ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਕਿ ਕਾਗ਼ਜ਼ ਦੇ ਵੋਟ ਪੱਤਰ ਵੀ ਵਰਤੇ ਜਾ ਸਕਦੇ ਹਨ। ਉਨ੍ਹਾਂ ਦੀ ਇਸ ਜ਼ਿਦ ਨੇ ਲੋਕਾਂ ਵਿੱਚ ਜਿਹੜੇ ਸ਼ੱਕ ਪੈਦਾ ਕੀਤੇ ਹਨ, ਉਹ ਇਸੇ ਤਰ੍ਹਾਂ ਵਧੀ ਜਾਣਗੇ ਤਾਂ ਅਗਲੇ ਸਾਲਾਂ ਵਿੱਚ ਲੋਕਤੰਤਰ ਦੇ ਲਈ ਇਹ ਚੰਗਾ ਨਹੀਂ ਹੋਵੇਗਾ।
-ਜਤਿੰਦਰ ਪਨੂੰ

1202 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper