Latest News
ਹਿੰਦੂਤੱਵੀਆਂ ਦਾ ਸ਼ਰਮਨਾਕ ਕਾਰਾ

Published on 23 Jan, 2019 11:03 AM.ਲੰਘੀ 22 ਜਨਵਰੀ ਨੂੰ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮਾਰਗ ਦਰਸ਼ਕ ਅਧੀਨ ਚੱਲਣ ਵਾਲੀ ਹਿੰਦੂਤੱਵੀ ਸੰਸਥਾ 'ਹਿੰਦੂ ਸੈਨਾ' ਵੱਲੋਂ ਉਹ ਸ਼ਰਮਨਾਕ ਕਾਰਾ ਕੀਤਾ ਗਿਆ ਹੈ, ਜਿਸ ਦੀ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਮਿਲਦੀ। 'ਹਿੰਦੂ ਸੈਨਾ' ਵੱਲੋਂ ਇਸ ਦਿਨ ਬਰਤਾਨੀਆ ਦੀ ਮਹਾਰਾਣੀ ਵਿਕਟੋਰੀਆ ਦੀ 118ਵੀਂ ਬਰਸੀ ਮਨਾਉਣ ਲਈ ਜੰਤਰ-ਮੰਤਰ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਿਹੜੇ-ਕਿਹੜੇ ਆਗੂ ਪੁੱਜੇ ਤੇ ਉਨ੍ਹਾਂ ਨੇ ਕੀ-ਕੀ ਤਕਰੀਰਾਂ ਕੀਤੀਆਂ, ਉਸ ਦੀ ਪੂਰੀ ਤਫਸੀਲ ਭਾਵੇਂ ਹਾਲ ਦੀ ਘੜੀ ਸਾਡੇ ਪਾਸ ਨਹੀਂ, ਪ੍ਰੰਤੂ ਇਸ ਸੰਬੰਧੀ ਛਾਪੇ ਗਏ ਸੱਦਾ-ਪੱਤਰ ਵਿੱਚ ਦਰਜ ਤੱਥ ਆਯੋਜਕਾਂ ਦੀ ਵਿਚਾਰਧਾਰਾ ਨੂੰ ਸਪੱਸ਼ਟ ਸਾਹਮਣੇ ਲਿਆਉਂਦੇ ਹਨ।
ਅੰਗਰੇਜ਼ੀ ਵਿੱਚ ਛਪੇ ਇਸ ਸੱਦਾ-ਪੱਤਰ ਦੇ ਸ਼ੁਰੂ ਵਿੱਚ ਲਿਖਿਆ ਗਿਆ ਹੈ, 'ਮਹਾਰਾਣੀ ਵਿਕਟੋਰੀਆ ਅਮਰ ਰਹੇ'। ਇਸ ਤੋਂ ਹੇਠਾਂ ਲੋਕਾਂ ਨੂੰ ਸੱਦਾ ਦਿੰਦਿਆਂ ਲਿਖਿਆ ਗਿਆ ਹੈ, ''ਮਹਾਰਾਣੀ ਵਿਕਟੋਰੀਆ ਦੀ 118ਵੀਂ ਬਰਸੀ ਦੇ ਮੌਕੇ ਉੱਤੇ 'ਹਿੰਦੂ ਸੈਨਾ' ਉਨ੍ਹਾ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ 22 ਜਨਵਰੀ ਨੂੰ ਇੱਕ ਸਮਾਗਮ ਦਾ ਆਯੋਜਨ ਕਰ ਰਹੀ ਹੈ।''
ਇਸ ਸੱਦਾ-ਪੱਤਰ ਵਿੱਚ ਅੰਗਰੇਜ਼ਾਂ ਨੂੰ ਆਜ਼ਾਦੀ ਦਿਵਾਉਣ ਵਾਲੇ ਪੇਸ਼ ਕਰਦਿਆਂ ਕਿਹਾ ਗਿਆ ਹੈ ਕਿ ਅੰਗਰੇਜ਼ਾਂ ਨੇ 1857 ਵਿੱਚ ਬਦੇਸ਼ੀ ਇਸਲਾਮਿਕ ਹਮਲਾਵਰ ਅੱਤਵਾਦੀਆਂ ਕੋਲੋਂ ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਮਦਦ ਕੀਤੀ ਅਤੇ ਇਹ ਸਹੀ ਅਰਥਾਂ ਵਿੱਚ ਭਾਰਤ ਦੀ ਪਹਿਲੀ ਆਜ਼ਾਦੀ ਸੀ। ਗ਼ੁਲਾਮ ਜ਼ਿਹਨੀਅਤ ਦੇ ਮਾਲਕ ਇਨ੍ਹਾਂ ਹਿੰਦੂ ਸੈਨਾ ਵਾਲਿਆਂ ਨੇ ਮਹਾਰਾਣੀ ਵਿਕਟੋਰੀਆ ਦੇ ਸੋਹਲੇ ਗਾਉਂਦਿਆਂ ਇਹ ਵੀ ਲਿਖ ਦਿੱਤਾ ਹੈ ਕਿ ਇਹ ਮਹਾਰਾਣੀ ਵਿਕਟੋਰੀਆ ਦੀ ਗਤੀਸ਼ੀਲ ਅਗਵਾਈ ਸੀ, ਜਿਸ ਕਾਰਨ ਅੰਗਰੇਜ਼ਾਂ ਨੇ ਸੈਂਕੜੇ ਦੇਸੀ ਰਿਆਸਤਾਂ ਨੂੰ ਖ਼ਤਮ ਕਰ ਕੇ ਸਹੀ ਮਾਅਨਿਆਂ ਵਿੱਚ ਕਾਨੂੰਨ ਦੇ ਤਹਿਤ ਇੱਕ ਦੇਸ਼ ਬਣਾਇਆ।
ਇਹੋ ਨਹੀਂ, ਇਸ ਸੱਦਾ-ਪੱਤਰ ਵਿੱਚ ਭਾਰਤੀ ਪਾਰਲੀਮੈਂਟ, ਕਾਨੂੰਨ, ਨਿਆਂ ਪਾਲਿਕਾ, ਭਾਰਤੀ ਫ਼ੌਜ, ਕਾਰਜ ਪਾਲਿਕਾ, ਰੇਲਵੇ ਅਤੇ ਡਾਕ ਸੇਵਾਵਾਂ ਦੀ ਕਾਇਮੀ ਦਾ ਸਿਹਰਾ ਅੰਗਰੇਜ਼ਾਂ ਨੂੰ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ। ਦੇਸ਼ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਸੰਸਥਾ ਨੇ ਦੇਸ਼ ਨੂੰ ਗ਼ੁਲਾਮ ਬਣਾਉਣ ਵਾਲੇ ਅੰਗਰੇਜ਼ ਸ਼ਾਸਕਾਂ ਦੀ ਇਸ ਤਰ੍ਹਾਂ ਤਾਰੀਫ਼ ਕੀਤੀ ਹੋਵੇ।
ਅਸਲ ਵਿੱਚ ਇਹ 'ਹਿੰਦੂ ਸੈਨਾ' ਵੱਲੋਂ ਉਨ੍ਹਾਂ ਹਜ਼ਾਰਾਂ ਦੇਸ਼ ਭਗਤਾਂ ਦਾ ਖੁੱਲ੍ਹੇਆਮ ਅਪਮਾਨ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜੇਲ੍ਹਾਂ ਵਿੱਚ ਸੜੇ ਤੇ ਘੋਰ ਤਸੀਹੇ ਝੱਲੇ। ਹਿੰਦੂ ਸੈਨਾ ਵਾਲਿਆਂ ਨੂੰ ਤਾਂ ਮੇਰਠ ਛਾਉਣੀ ਵਿੱਚ ਗਊ ਮਾਸ ਲੱਗੇ ਕਾਰਤੂਸਾਂ ਵਿਰੁੱਧ ਬਗ਼ਾਵਤ ਕਰ ਕੇ ਜਾਨ ਦੀ ਬਾਜ਼ੀ ਲਾਉਣ ਵਾਲੇ ਮੰਡਲ ਪਾਂਡੇ ਦੀ ਸ਼ਹਾਦਤ ਵੀ ਯਾਦ ਨਾ ਰਹੀ ਤੇ ਨਾ ਹੀ ਯਾਦ ਰਹੀ ਝਾਂਸੀ ਦੀ ਰਾਣੀ ਵੱਲੋਂ ਕੀਤੀ ਗਈ ਬਗ਼ਾਵਤ।
ਹਿੰਦੂ ਸੈਨਾ ਵਾਲਿਆਂ ਮੁਤਾਬਕ ਦੇਸ਼ ਨੂੰ ਆਜ਼ਾਦੀ 1947 ਨਹੀਂ, 1857 ਵਿੱਚ ਮਿਲੀ ਸੀ। ਇਸ ਦਾ ਅਰਥ ਹੈ ਕਿ ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀ, ਗ਼ਦਰ ਲਹਿਰ ਦੇ ਸ਼ਹੀਦਾਂ ਸਮੇਤ ਹਰ ਉਹ ਦੇਸ਼ ਭਗਤ, ਜਿਸ ਨੇ ਅੰਗਰੇਜ਼ਾਂ ਨੂੰ ਦੇਸ ਵਿੱਚੋਂ ਕੱਢਣ ਲਈ ਸੰਘਰਸ਼ ਕੀਤਾ, ਸਭ ਭਾਰਤ ਨੂੰ ਅੰਗਰੇਜ਼ਾਂ ਅਧੀਨ ਮਿਲ ਚੁੱਕੀ ਆਜ਼ਾਦੀ ਦੇ ਬਾਗ਼ੀ ਸਨ।
ਇਸ ਘਟਨਾ ਤੋਂ ਬਾਅਦ ਹੁਣ ਇਸ ਗੱਲ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਕਿ ਜਦੋਂ ਆਮ ਭਾਰਤੀਆਂ ਸਮੇਤ ਸਭ ਦੇਸ਼ ਭਗਤ ਸ਼ਕਤੀਆਂ ਅੰਗਰੇਜ਼ਾਂ ਵਿਰੁੱਧ ਜਾਨ ਤਲੀ 'ਤੇ ਰੱਖ ਕੇ ਲੜ ਰਹੀਆਂ ਸਨ, ਉਸੇ ਸਮੇਂ ਆਰ ਐੱਸ ਐੱਸ ਦੇ ਕਰਤੇ-ਧਰਤੇ ਉਨ੍ਹਾਂ ਦੇ ਵਿਰੋਧ ਵਿੱਚ ਅੰਗਰੇਜ਼ਾਂ ਦੇ ਦਲਾਲ ਬਣੇ ਹੋਏ ਸਨ।
ਇਸ ਸੰਬੰਧੀ ਜੇ ਐੱਨ ਯੂ ਦੀ ਸਾਬਕਾ ਵਿਦਿਆਰਥੀ ਆਗੂ ਸ਼ੈਹਲਾ ਰਾਸ਼ਿਦ ਵੱਲੋਂ ਜਾਰੀ ਬਿਆਨ ਧਿਆਨ ਮੰਗਦਾ ਹੈ। ਉਸ ਨੇ ਲਿਖਿਆ ਹੈ ਕਿ ਕੇਂਦਰ ਦੀ ਕੱਠਪੁਤਲੀ ਦਿੱਲੀ ਪੁਲਸ ਬਿਨਾਂ ਕਿਸੇ ਠੋਸ ਸਬੂਤ ਦੇ ਕਨੱ੍ਹਈਆ ਕੁਮਾਰ ਤੇ ਉਸ ਦੇ ਬਹੁਤ ਸਾਰੇ ਹੋਰ ਸਾਥੀ ਵਿਦਿਆਰਥੀਆਂ ਵਿਰੁੱਧ ਤਾਂ ਦੇਸ਼ ਧਰੋਹ ਦਾ ਝੂਸਾ ਕੇਸ ਬਣਾ ਦਿੰਦੀ ਹੈ, ਪਰ ਉਸ ਨੂੰ ਹਿੰਦੂ ਸੈਨਾ ਦੇ ਇਹ ਸੱਚਮੁੱਚ ਦੇ ਦੇਸ਼ ਧਰੋਹੀ ਨਜ਼ਰ ਨਹੀਂ ਆ ਰਹੇ।
ਸਰਕਾਰ ਨੂੰ ਅਜਿਹੇ ਅੰਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੁ ਕੋਈ ਹੋਰ ਅਜਿਹੀ ਨੀਚਤਾ ਭਰੀ ਕਾਰਵਾਈ ਕਰਨ ਦਾ ਹੀਆ ਨਾ ਕਰ ਸਕੇ।

1383 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper