ਹਾਲੇ ਦੋ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਹਿਬਲ ਕਲਾਂ ਕਾਂਡ ਬਾਰੇ ਇਹ ਹੁਕਮ ਸੁਣਾਇਆ ਸੀ ਕਿ ਇਸ ਕੇਸ ਦੀ ਜਾਂਚ ਸੀ ਬੀ ਆਈ ਨੂੰ ਨਹੀਂ ਸੌਂਪੀ ਜਾ ਸਕਦੀ ਅਤੇ ਵਿਸ਼ੇਸ਼ ਜਾਂਚ ਟੀਮ ਜਿਸ ਤਰ੍ਹਾਂ ਕਰਦੀ ਪਈ ਹੈ, ਓਸੇ ਤਰ੍ਹਾਂ ਕਰਦੀ ਰਹੇ ਤਾਂ ਠੀਕ ਹੈ। ਜਿਹੜੇ ਪੁਲਸ ਅਫਸਰਾਂ ਨੇ ਜਾਂ ਸੇਵਾ ਮੁਕਤ ਅਫਸਰਾਂ ਨੇ ਇਸ ਤਰ੍ਹਾਂ ਦੇ ਬਾਰੇ ਸ਼ੱਕ ਪ੍ਰਗਟਾਏ ਸਨ ਕਿ ਜਾਂਚ ਦੌਰਾਨ ਰਾਜਨੀਤਕ ਕਾਰਨਾਂ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਜਾਂ ਤੰਗ ਕੀਤਾ ਜਾ ਸਕਦਾ ਹੈ, ਉਨ੍ਹਾਂ ਦੀਆਂ ਪਟੀਸ਼ਨਾਂ ਕੋਰਟ ਨੇ ਰੱਦ ਕਰ ਦਿੱਤੀਆਂ ਸਨ। ਓਦੋਂ ਹੀ ਇਹ ਸੋਚਿਆ ਜਾਣ ਲੱਗਾ ਸੀ ਕਿ ਅਗਲੀ ਜਾਂਚ ਵਿੱਚ ਤੇਜ਼ੀ ਆ ਸਕਦੀ ਹੈ। ਇਹ ਤੇਜ਼ੀ ਐਤਵਾਰ ਵੱਡੇ ਤੜਕੇ ਓਦੋਂ ਦੇਖਣ ਨੂੰ ਮਿਲੀ, ਜਦੋਂ ਰਿਟਾਇਰਡ ਪੁਲਸ ਅਫਸਰ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਪੁਲਸ ਦੀ ਇੱਕ ਟੀਮ ਅੰਮ੍ਰਿਤਸਰ ਲੈ ਗਈ। ਇਸ ਤੋਂ ਬਾਅਦ ਉਸ ਉੱਤੇ ਅਗਲੀ ਕਾਰਵਾਈ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਹੋਵੇਗੀ। ਇਹ ਪੇਸ਼ੀ ਫਰੀਦਕੋਟ ਦੀ ਅਦਾਲਤ ਵਿੱਚ ਕੀਤੀ ਜਾਣ ਬਾਰੇ ਦੱਸਿਆ ਗਿਆ ਹੈ। ਸਾਰਿਆਂ ਨੂੰ ਯਾਦ ਹੈ ਕਿ ਚਾਰ ਕੁ ਸਾਲ ਪਹਿਲਾਂ ਫਰੀਦਕੋਟ ਜ਼ਿਲੇ ਵਿਚਲੇ ਪਿੰਡ ਬਰਗਾੜੀ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ, ਜਿਨ੍ਹਾਂ ਨੂੰ ਸਿੱਖ ਸਮਾਜ ਅੰਗ ਕਹਿ ਕੇ ਸਤਿਕਾਰ ਦੇਂਦਾ ਹੈ, ਵੱਖ-ਵੱਖ ਪਿੰਡਾਂ ਵਿੱਚ ਸੜਕਾਂ ਅਤੇ ਰੂੜੀਆਂ ਉੱਤੇ ਡਿੱਗੇ ਹੋਏ ਮਿਲੇ ਸਨ। ਇਸ ਨਾਲ ਆਮ ਸਿੱਖ ਸ਼ਰਧਾਲੂਆਂ ਦੇ ਜਜ਼ਬਾਤ ਭੜਕ ਉੱਠੇ ਸਨ। ਜਦੋਂ ਸਿੱਖ ਸ਼ਰਧਾਲੂਆਂ ਨੇ ਇਸ ਦੀ ਜਾਂਚ ਤੇ ਇਨਸਾਫ ਦੀ ਮੰਗ ਲਈ ਧਰਨਾ ਲਾਇਆ ਤਾਂ ਪੁਲਸ ਵੱਲੋਂ ਚਲਾਈ ਗੋਲੀ ਨਾਲ ਦੋ ਜਣੇ ਮਾਰੇ ਗਏ ਸਨ ਤੇ ਕੁਝ ਹੋਰ ਜ਼ਖਮੀ ਹੋ ਗਏ ਸਨ। ਇਸ ਸਾਰੇ ਕਾਂਡ ਵਿੱਚ ਅੱਜ ਤੜਕੇ ਫੜੇ ਗਏ ਸਾਬਕਾ ਪੁਲਸ ਅਫਸਰ ਚਰਨਜੀਤ ਸ਼ਰਮਾ ਤੇ ਕੁਝ ਹੋਰ ਪੁਲਸ ਅਫਸਰਾਂ ਦਾ ਹੱਥ ਸਮਝਿਆ ਜਾਂਦਾ ਸੀ। ਉਨ੍ਹਾਂ ਵਿੱਚੋਂ ਚਰਨਜੀਤ ਸ਼ਰਮਾ ਨੂੰ ਫੜਨਾ ਪਹਿਲੀ ਗ੍ਰਿਫਤਾਰੀ ਹੈ। ਜਦੋਂ ਇਹ ਸਭ ਕੁਝ ਵਾਪਰਿਆ ਸੀ, ਉਸ ਵੇਲੇ ਪੰਜਾਬ ਦੀ ਸਰਕਾਰ ਦੀ ਵਾਗ ਉਸ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਸੀ, ਜਿਸ ਨੂੰ ਸ੍ਰੀ ਅਕਾਲ ਤਖਤ ਤੋਂ ਪੰਥ ਰਤਨ ਦਾ ਖਿਤਾਬ ਮਿਲ ਚੁੱਕਾ ਸੀ, ਪਰ ਉਸ ਨੇ ਇਸ ਵਰਤਾਰੇ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦਿਵਾਉਣ ਵੱਲ ਮੂੰਹ ਕਰਨ ਦੀ ਥਾਂ ਟਾਲਣ ਵਾਲੇ ਢੰਗ ਵਰਤ ਕੇ ਸਮਾਂ ਗੁਜ਼ਾਰਿਆ ਅਤੇ ਚੋਣਾਂ ਹਾਰਨ ਪਿੱਛੋਂ ਬਾਦਲ ਪਿੰਡ ਨੂੰ ਖਿਸਕ ਗਏ ਸਨ। ਨਵੀਂ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਓਦੋਂ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਤੇ ਉਸ ਦੀ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰ ਕੇ ਪ੍ਰਵਾਨਗੀ ਲੈਣ ਪਿੱਛੋਂ ਅਗਲੀ ਕਾਰਵਾਈ ਲਈ ਪੰਜਾਬ ਪੁਲਸ ਦੇ ਅਫਸਰਾਂ ਦੀ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ। ਉਸ ਵਕਤ ਦੀਆਂ ਇਨ੍ਹਾਂ ਮੰਦ-ਭਾਗੀਆਂ ਘਟਨਾਵਾਂ ਵਿੱਚ ਜਿਹੜੇ ਹੋਰ ਪੁਲਸ ਅਫਸਰਾਂ ਦਾ ਨਾਂਅ ਆਉਂਦਾ ਰਿਹਾ ਸੀ ਤੇ ਜਿਨ੍ਹਾਂ ਬਾਰੇ ਜਨਤਕ ਰੋਸ ਦਾ ਪ੍ਰਗਟਾਵਾ ਕਈ ਵਾਰ ਹੋ ਚੁੱਕਾ ਸੀ, ਅਗਲੇ ਦਿਨਾਂ ਵਿੱਚ ਉਨ੍ਹਾਂ ਵਿੱਚੋਂ ਕੁਝ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਫਿਰ ਵੀ ਜਨਤਕ ਪੱਧਰ ਉੱਤੇ ਇਹ ਆਮ ਜਿਹੀ ਚਰਚਾ ਹੈ ਕਿ ਚਰਨਜੀਤ ਸ਼ਰਮਾ ਤਾਂ ਮੌਕੇ ਉੱਤੇ ਕਾਰਵਾਈ ਕਰਨ ਦੇ ਲਈ ਦੋਸ਼ੀ ਹੈ, ਉਸ ਕੋਲੋਂ ਇਹ ਸਾਰਾ ਕੁਝ ਜਿਨ੍ਹਾਂ ਨੇ ਕਰਵਾਇਆ ਸੀ, ਉਨ੍ਹਾਂ ਨੂੰ ਅਜੇ ਤੱਕ ਹੱਥ ਨਹੀਂ ਪਾਇਆ ਗਿਆ। ਜਿਹੜੇ ਲੋਕਾਂ ਦਾ ਨਾਂਅ ਇਸ ਕਾਂਡ ਲਈ ਵੱਡੇ ਦੋਸ਼ੀ ਵਜੋਂ ਤੇ ਪੁਲਸ ਤੋਂ ਇਹ ਕਾਂਡ ਕਰਾਉਣ ਲਈ ਚਰਚਾ ਵਿੱਚ ਹੈ, ਪੰਜਾਬ ਦੀ ਪੁਲਸ ਦਾ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਉਨ੍ਹਾਂ ਵਿੱਚ ਸ਼ਾਮਲ ਹੈ। ਗੱਲ ਏਥੋਂ ਤੱਕ ਰੁਕ ਜਾਣ ਵਾਲੀ ਵੀ ਨਹੀਂ ਅਤੇ ਸਮਝਿਆ ਜਾਂਦਾ ਹੈ ਕਿ ਇਹ ਕੁਝ ਕਰਨ ਲਈ ਸੁਮੇਧ ਸਿੰਘ ਸੈਣੀ ਨੂੰ ਉਸ ਵੇਲੇ ਦੀ ਪੰਜਾਬ ਸਰਕਾਰ ਦੀ ਰਾਜਸੀ ਅਗਵਾਈ ਕਰਦੇ ਬਾਪ-ਬੇਟੇ ਵੱਲੋਂ ਕਿਹਾ ਗਿਆ ਸੀ ਤੇ ਇਸ ਕਾਰਨ ਉਹ ਦੋਵੇਂ ਵੀ ਦੋਸ਼ੀਆਂ ਵਿੱਚ ਗਿਣੇ ਜਾਂਦੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਉਨ੍ਹਾਂ ਵੱਲ ਇਸ਼ਾਰੇ ਕੀਤੇ ਹੋਣ ਕਾਰਨ ਉਨ੍ਹਾਂ ਵੱਲ ਸੂਈ ਘੁੰਮ ਸਕਦੀ ਹੈ ਤੇ ਇਹ ਸੰਭਾਵਨਾ ਤਾਜ਼ਾ ਸਥਿਤੀ ਵਿੱਚ ਕਾਫੀ ਵਧ ਗਈ ਹੈ। ਅਗਲੇ ਦਿਨਾਂ ਵਿੱਚ ਘਟਨਾਵਾਂ ਦਾ ਦੌਰ ਤੇਜ਼ੀ ਨਾਲ ਚੱਲ ਸਕਦਾ ਹੈ। ਅਕਾਲੀ ਦਲ ਦੀ ਲੀਡਰਸ਼ਿਪ ਦਾ ਜਿਹੜਾ ਹਿੱਸਾ ਬਾਦਲ ਬਾਪ-ਬੇਟੇ ਨਾਲ ਪੱਕਾ ਜੁੜਿਆ ਹੋਇਆ ਹੈ, ਉਨ੍ਹਾਂ ਦਾ ਅੱਜ ਵੀ ਇਹੋ ਕਹਿਣਾ ਹੈ ਕਿ ਇਸ ਕੇਸ ਨੂੰ ਰਾਜਸੀ ਪੱਖ ਤੋਂ ਮੋੜਾ ਦਿੱਤਾ ਜਾ ਰਿਹਾ ਹੈ, ਪਰ ਉਹ ਇਸ ਗੱਲ ਦਾ ਜਵਾਬ ਨਹੀਂ ਦੇਂਦੇ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ, ਇਹੋ ਜਾਂਚ ਓਦੋਂ ਸਿਰੇ ਕਿਉਂ ਨਾ ਚਾੜ੍ਹੀ ਗਈ। ਬਾਦਲ ਸਰਕਾਰ ਦੇ ਵਕਤ ਇੱਕ ਜਾਂਚ ਕਮਿਸ਼ਨ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਵਿੱਚ ਬਣਾਇਆ ਗਿਆ ਸੀ, ਉਸ ਦੀ ਰਿਪੋਰਟ ਆ ਚੁੱਕੀ ਹੋਣ ਦੇ ਬਾਵਜੂਦ ਉਸ ਨੂੰ ਪੜ੍ਹਨ ਜਾਂ ਕੋਈ ਫੈਸਲਾ ਲੈਣ ਦੀ ਉਹ ਖੇਚਲ ਨਹੀਂ ਸੀ ਕਰ ਸਕੇ। ਜਨਤਕ ਦਬਾਅ ਹੇਠ ਜਿਹੜੇ ਪੁਲਸ ਅਫਸਰਾਂ ਖਿਲਾਫ ਓਦੋਂ ਕਿਤੇ ਕੋਈ ਕੇਸ ਵੀ ਬਣਾਉਣਾ ਪਿਆ, ਉਸ ਦੀ ਕਾਰਵਾਈ ਇਸ ਲਈ ਅੱਗੇ ਨਹੀਂ ਵਧਾਈ ਕਿ ਪੁਲਸ ਅਫਸਰ ਅੰਦਰਲੇ ਭੇਦ ਜ਼ਾਹਰ ਕਰਨ ਦੇ ਡਰਾਵੇ ਨਾਲ ਉਸ ਸਰਕਾਰ ਨੂੰ ਬਲੈਕਮੇਲ ਕਰਦੇ ਸੁਣੇ ਜਾ ਰਹੇ ਸਨ। ਬਹੁਤ ਸਾਰੇ ਪੁਲਸ ਅਫਸਰ ਇਸ ਵਰਤਾਰੇ ਨੂੰ ਸੱਚੇ ਸੌਦੇ ਵਾਲੇ ਬਾਬੇ ਨੂੰ ਸ੍ਰੀ ਅਕਾਲ ਤਖਤ ਤੋਂ ਦਿਵਾਈ ਗਈ ਮੁਆਫੀ ਨਾਲ ਵੀ ਜੋੜਦੇ ਸਨ ਤੇ ਇਹ ਵੀ ਕਹਿਣ ਤੱਕ ਜਾ ਰਹੇ ਸਨ ਕਿ ਬਾਬੇ ਵਾਲਾ ਮੁੱਦਾ ਲੋਕਾਂ ਦੀ ਨਜ਼ਰ ਵਿੱਚ ਛੋਟਾ ਕਰਨ ਲਈ ਇਹ ਕਾਂਡ ਇੱਕ ਗਿਣੀ-ਮਿਥੀ ਸੋਚ ਅਧੀਨ ਕਰਵਾਏ ਗਏ ਹਨ। ਜਦੋਂ ਉਹ ਇਸ ਸਾਰੇ ਕੁਝ ਨੂੰ ਗਿਣੀ-ਮਿਥੀ ਸੋਚ ਹੇਠ ਕਰਵਾਇਆ ਕਹਿਣ ਤੱਕ ਚਲੇ ਜਾਂਦੇ ਸਨ ਤਾਂ ਸਾਫ ਇਸ਼ਾਰਾ ਉਸ ਵੇਲੇ ਸਰਕਾਰ ਚਲਾ ਰਹੀ ਰਾਜਸੀ ਲੀਡਰਸ਼ਿਪ ਵੱਲ ਕੀਤਾ ਜਾ ਰਿਹਾ ਹੁੰਦਾ ਸੀ। ਆਪੇ ਪਾਈਆਂ ਗੁੰਝਲਾਂ ਦੇ ਨਾਲ ਉਸ ਵਕਤ ਦੀ ਰਾਜਸੀ ਲੀਡਰਸ਼ਿਪ ਏਨੀ ਉਲਝ ਗਈ ਸੀ ਕਿ ਆਪੋ ਵਿੱਚ ਵੀ ਅੱਖ ਮਿਲਾ ਕੇ ਗੱਲ ਕਰਨੋਂ ਝਿਜਕਣ ਲੱਗ ਪਈ ਸੀ। ਅਫਸੋਸ ਦੀ ਗੱਲ ਹੈ ਕਿ ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਰਾਜ ਦੇ ਲੋਕਾਂ ਨੇ ਪੰਜ ਵਾਰ ਪੰਜਾਬ ਦੇ ਰਾਜ ਦੀ ਕਮਾਨ ਸੌਂਪੀ ਸੀ, ਉਹ ਅੱਜ ਉਨ੍ਹਾਂ ਲੋਕਾਂ ਦੇ ਸਾਹਮਣੇ ਕਿੰਤੂਆਂ ਦੇ ਘੇਰੇ ਵਿੱਚ ਘਿਰਿਆ ਹੋਇਆ ਹੈ। ਜਿਸ ਪੁੱਤਰ ਹੱਥ ਪਹਿਲਾਂ ਪੰਜਾਬ ਦੀ ਕਮਾਨ ਸੌਂਪ ਕੇ ਉਸ ਨੇ ਇਹ ਅਣਸੁਖਾਵੀਂ ਸਥਿਤੀ ਪੈਦਾ ਕਰਵਾ ਲਈ ਸੀ, ਫਿਰ ਓਸੇ ਦੇ ਹੱਥ ਵਿੱਚ ਪਾਰਟੀ ਦੀ ਕਮਾਨ ਵੀ ਸੌਂਪੀ ਰੱਖਣ ਦੀ ਜ਼ਿਦ ਕਰ ਕੇ ਆਪਣੇ ਸਾਰੀ ਉਮਰ ਦੇ ਸਾਥੀਆਂ ਦੀ ਨਜ਼ਰ ਵਿੱਚ ਪਹਿਲਾਂ ਵਾਲਾ ਨਹੀਂ ਰਹਿ ਗਿਆ। ਹਾਲਾਤ ਦਾ ਤਕਾਜ਼ਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰੀ ਦਾ ਅਹਿਸਾਸ ਕਰਦਾ। ਉਸ ਨੇ ਇਹ ਕੰਮ ਕਦੇ ਨਹੀਂ ਕੀਤਾ। ਆਖਰ ਨੂੰ ਇਹ ਹਾਲਾਤ ਉਸ ਪਾਸੇ ਵੱਲ ਵਹਿ ਤੁਰੇ ਹਨ ਕਿ ਉਹ ਸ਼ਾਇਦ ਕੋਈ ਦਖਲ ਦੇਣ ਜੋਗਾ ਹੀ ਨਹੀਂ ਰਹਿ ਜਾਵੇਗਾ। ਸਥਿਤੀ ਨਾਜ਼ਕ ਹੋਣ ਕਰ ਕੇ ਪੁਲਸ ਅਫਸਰਾਂ ਲਈ ਵੀ ਈਮਾਨ ਦਾ ਪੱਲਾ ਫੜੀ ਰੱਖਣ ਦੇ ਇਮਤਿਹਾਨ ਦੀ ਘੜੀ ਹੈ ਤੇ ਸਰਕਾਰ ਦੇ ਮੌਜੂਦਾ ਮੁਖੀ ਲਈ ਵੀ ਸਾਬਤ ਕਦਮੀ ਸਾਬਤ ਕਰਨ ਦਾ ਸਮਾਂ ਹੈ। ਸਭ ਤੋਂ ਵੱਡਾ ਇਮਤਿਹਾਨ ਅਗਲੇ ਦਿਨਾਂ ਵਿੱਚ ਅਕਾਲੀ ਲੀਡਰਸ਼ਿਪ ਵਿਚਲੇ ਅਜੇ ਤੱਕ ਚੁੱਪ ਵੱਟੀ ਬੈਠੇ ਜਾਂ ਸਭ ਕੁਝ ਹੁੰਦਾ ਵੇਖ ਕੇ ਸੱਚ ਤੋਂ ਅੱਖਾਂ ਚੁਰਾਉਂਦੇ ਅਕਾਲ ਤਖਤ ਦੇ ਜਥੇਦਾਰ ਤੇ ਹੋਰ ਸਿੱਖ ਧਾਰਮਿਕ ਆਗੂਆਂ ਦਾ ਹੋਣਾ ਹੈ, ਜਿਹੜੇ ਅਜੇ ਤੱਕ ਵੀ ਸਥਿਤੀ ਨੂੰ ਸਮਝਣ ਤੋਂ ਇਨਕਾਰੀ ਹਨ। - ਜਤਿੰਦਰ ਪਨੂੰ