Latest News
ਰਿਵਾਇਤਾਂ ਦੇ ਪਰਦੇ ਹੇਠ ਕੱਟੜਪੰਥ ਵਧਾ ਰਹੀ ਹਾਕਮ ਧਿਰ

Published on 28 Jan, 2019 11:04 AM.


ਭਾਰਤੀ ਰਾਜਨੀਤੀ ਦੀ ਇੱਕ ਖ਼ਾਸ ਧਿਰ ਇਸ ਸਾਲ ਦੀਆਂ ਚੋਣਾਂ ਵਿੱਚ ਫਿਰ ਲੋਕਾਂ ਨੂੰ ਧਰਮ ਦੇ ਨਾਂਅ ਉੱਤੇ ਭੜਕਾਉਣ ਦਾ ਪੁਰਾਣਾ ਨੁਸਖਾ ਵਰਤਣ ਦੇ ਰੌਂਅ ਵਿੱਚ ਜਾਪਦੀ ਹੈ, ਪਰ ਉਹ ਇਸ ਬਾਰੇ ਕੁਝ ਦੋਚਿੱਤੀ ਜਿਹੀ ਵਿੱਚ ਵੀ ਹੈ। ਇੱਕ ਪਾਸੇ ਤਾਂ ਇਹ ਧਿਰ ਸੰਵਿਧਾਨਕ ਹੱਦਾਂ ਦੀ ਪਹਿਰੇਦਾਰੀ ਦਾ ਭਰਮ ਰੱਖਣ ਦੀ ਕੋਸ਼ਿਸ਼ ਕਰਦੀ ਹੈ ਤੇ ਦੂਸਰੇ ਪਾਸੇ ਇਸ ਕੰਮ ਲਈ ਖ਼ੁਦ ਹੀ ਭੜਕਾਏ ਹੋਏ ਸਾਧੂਆਂ ਦੇ ਦਬਾਅ ਕਾਰਨ ਆਪਣੇ ਇਰਾਦੇ ਅੱਗੇ ਵਧਾਉਣ ਵਿੱਚ ਦੇਰੀ ਕਰਨ ਤੋਂ ਝਿਜਕ ਰਹੀ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲਦੀ ਇਸ ਧਿਰ ਨੇ ਪੰਜ ਸਾਲ ਪਹਿਲਾਂ ਦੇਸ਼ ਦੇ ਲੋਕਾਂ ਨਾਲ ਕੁਝ ਏਦਾਂ ਦੇ ਵਾਅਦੇ ਕੀਤੇ ਸਨ, ਜਿਹੜੇ ਫਿਰ ਕਦੇ ਪੂਰੇ ਨਹੀਂ ਹੋ ਸਕੇ। ਵਾਅਦੇ ਵਿਕਾਸ ਦੇ ਵੀ ਸਨ, ਰੁਜ਼ਗਾਰ ਪੈਦਾ ਕਰਨ ਦੇ ਵੀ ਸਨ, ਲੋਕਾਂ ਦੇ ਖਾਤਿਆਂ ਵਿੱਚ ਸਿੱਧੀ ਮਾਇਆ ਪਾਉਣ ਦੇ ਵੀ ਸਨ, ਪਰ ਪੰਜ ਸਾਲ ਬੀਤ ਚੱਲੇ ਹਨ ਤੇ ਇਨ੍ਹਾਂ ਸਾਰਿਆਂ ਵਿੱਚੋਂ ਕੋਈ ਵੀ ਪੂਰਾ ਨਹੀਂ ਹੋਇਆ। ਆਮ ਲੋਕਾਂ ਦੀ ਹਾਲਤ 'ਨਾ ਮਾਇਆ ਮਿਲੀ, ਨਾ ਰਾਮ'’ਵਾਲੀ ਕਰ ਚੁੱਕੀ ਇਸ ਰਾਜਸੀ ਧਿਰ ਦੇ ਲਈ ਅਗਲੇ ਮਹੀਨਿਆਂ ਵਿੱਚ ਹੋ ਰਹੀਆਂ ਆਮ ਚੋਣਾਂ ਮੌਕੇ ਆਮ ਲੋਕਾਂ ਵਿੱਚ ਜਾਣ ਵੇਲੇ ਇਹੋ ਜਿਹੀ ਸਮੱਸਿਆ ਬਣ ਚੁੱਕੀ ਹੈ, ਜਿਸ ਦਾ ਸਾਹਮਣਾ ਕਰਨ ਦੀ ਘਬਰਾਹਟ ਸਾਫ਼ ਦਿੱਸਦੀ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਤੇ ਕੇਂਦਰ ਦੇ ਮੰਤਰੀ ਨਿਤਿਨ ਗਡਕਰੀ ਨੇ ਇਸ ਬਾਰੇ ਮੁੰਬਈ ਦੇ ਇੱਕ ਸਮਾਗਮ ਵਿੱਚ ਬੋਲਦੇ ਹੋਏ ਸਾਫ਼ ਕਹਿ ਦਿੱਤਾ ਹੈ ਕਿ ਉਹ ਸੁਫ਼ਨੇ ਕਦੇ ਪਰੋਸਣੇ ਨਹੀਂ ਚਾਹੀਦੇ, ਜਿਨ੍ਹਾਂ ਉੱਤੇ ਅਮਲ ਨਾ ਹੋ ਸਕਦਾ ਹੋਵੇ। ਇੱਕ ਕੇਂਦਰੀ ਮੰਤਰੀ ਬੋਲ ਪਿਆ, ਬਾਕੀ ਜਨਤਕ ਤੌਰ ਉੱਤੇ ਬੋਲੇ ਨਹੀਂ, ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਏਦਾਂ ਦੀ ਸੋਚ ਵਾਲਾ ਸਿਰਫ਼ ਉਹ ਹੀ ਹੈ, ਇਸ ਪਾਰਟੀ ਅਤੇ ਇਸ ਦੇ ਸਰਪ੍ਰਸਤ ਆਰ ਐੱਸ ਐੱਸ ਵਿੱਚ ਬਹੁਤ ਸਾਰੇ ਹੋਰ ਵੱਡੇ ਆਗੂ ਵੀ ਏਸੇ ਤਰ੍ਹਾਂ ਸੋਚ ਰਹੇ ਸੁਣੇ ਜਾਂਦੇ ਹਨ ਤੇ ਉਨ੍ਹਾਂ ਦੀ ਗਿਣਤੀ ਵਧੀ ਜਾਂਦੀ ਹੈ।
ਜਦੋਂ ਏਦਾਂ ਦੀ ਉਲਝਣ ਵਾਲੀ ਸਥਿਤੀ ਹੋਵੇ ਤਾਂ ਆਮ ਆਦਮੀ ਨੂੰ ਵੀ ਭਵਜਲ ਵਿੱਚ ਭਗਵਾਨ ਯਾਦ ਆਉਂਦਾ ਹੈ। ਇਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਵੀ ਭਗਵਾਨ ਯਾਦ ਆਉਣ ਲੱਗ ਪਿਆ ਹੈ। ਅਯੁੱਧਿਆ ਦਾ ਰਾਮ ਮੰਦਰ ਉਸਾਰਨ ਦੀ ਯਾਦ ਪੰਜ ਸਾਲ ਨਹੀਂ ਸੀ ਆਈ ਤੇ ਜਦੋਂ ਚੋਣਾਂ ਦੀ ਘੜੀ ਨੇੜੇ ਆਉਂਦੀ ਵੇਖੀ ਤਾਂ ਪਾਰਟੀ ਦੇ ਸਿਖ਼ਰਲੇ ਦੋਵੇਂ ਆਗੂ, ਪ੍ਰਧਾਨ ਮੰਤਰੀ ਤੇ ਪਾਰਟੀ ਪ੍ਰਧਾਨ, ਇੱਕੋ ਸੁਰ ਵਿੱਚ ਇਹ ਕਹਿਣ ਲੱਗ ਪਏ ਕਿ ਮੰਦਰ ਓਥੇ ਜ਼ਰੂਰ ਬਣਾਉਣਾ ਹੈ। ਅੱਗੋਂ ਹਿੰਦੂ ਸਾਧੂਆਂ ਨੇ ਜਦੋਂ ਇਹ ਮੁੱਦਾ ਚੁੱਕ ਲਿਆ ਕਿ ਜੇ ਓਥੇ ਬਣਾਉਣਾ ਹੈ ਤਾਂ ਬਣਾਉਣਾ ਕਦੋਂ ਹੈ, ਫਿਰ ਕੇਂਦਰ ਸਰਕਾਰ ਦੇ ਮੁਖੀ ਨੇ ਟਾਲਣ ਲਈ ਇਹ ਕਹਿਣਾ ਆਰੰਭ ਕਰ ਦਿੱਤਾ ਕਿ ਮੁੱਦਾ ਸੁਪਰੀਮ ਕੋਰਟ ਵਿੱਚ ਹੈ, ਜਦੋਂ ਓਥੋਂ ਕਿਸੇ ਪਾਸੇ ਗੱਲ ਲੱਗ ਗਈ, ਮੰਦਰ ਨੂੰ ਉਸਾਰਨ ਦਾ ਕੰਮ ਓਦੋਂ ਹੀ ਛੋਹ ਦਿੱਤਾ ਜਾਵੇਗਾ। ਸੁਪਰੀਮ ਕੋਰਟ ਵਿੱਚ ਇਹ ਮਸਲਾ ਪੰਜ ਸਾਲ ਪਹਿਲਾਂ ਓਦੋਂ ਵੀ ਸੀ, ਜਦੋਂ ਉਹ ਇਹ ਕਹਿ ਰਹੇ ਸਨ ਕਿ ਸਾਡੀ ਸਰਕਾਰ ਇਹ ਕੰਮ ਕਰੇਗੀ, ਪਰ ਪੰਜ ਸਾਲ ਬੋਲੇ ਨਹੀਂ ਸਨ। ਇਹੋ ਗੱਲ ਦੱਸ ਰਹੀ ਹੈ ਕਿ ਮੰਦਰ ਦਾ ਮੁੱਦਾ ਉਨ੍ਹਾਂ ਦੀ ਆਸਥਾ ਦਾ ਮੁੱਦਾ ਨਹੀਂ, ਰਾਜਨੀਤਕ ਲੋੜਾਂ ਦੀ ਪੂਰਤੀ ਨਾਲ ਜੁੜੇ ਏਜੰਡੇ ਦਾ ਹਿੱਸਾ ਹੈ, ਜਿਸ ਦਾ ਅਰਥ ਇਹ ਹੈ ਕਿ ਇਹ ਪਾਰਟੀ ਆਪਣੀਆਂ ਰਾਜਸੀ ਲੋੜਾਂ ਲਈ ਧਰਮ ਦੀ ਸਿੱਧੀ ਦੁਰਵਰਤੋਂ ਕਰ ਰਹੀ ਹੈ। ਉਸ ਨੇ ਪੰਜਵੇਂ ਸਾਲ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰੀ ਦਿਨਾਂ ਵਿੱਚ ਅਦਾਲਤ ਤੋਂ ਕੋਈ ਛੋਟਾ-ਮੋਟਾ ਸੰਕੇਤਕ ਫ਼ੈਸਲਾ ਵੀ ਆ ਜਾਵੇ ਤਾਂ ਲੋਕਾਂ ਨੂੰ ਕਹਿ ਸਕਣ ਕਿ ਐਨਾ ਹੀ ਸਹੀ, ਕੁਝ ਤਾਂ ਕੀਤਾ ਹੈ, ਪਰ ਉਹ ਵੀ ਗੱਲ ਨਹੀਂ ਬਣ ਸਕੀ। ਜਿਹੜੀ ਸੁਣਵਾਈ ਸੁਪਰੀਮ ਕੋਰਟ ਨੇ ਇਸ ਹਫਤੇ ਕਰਨੀ ਸੀ, ਇੱਕ ਜੱਜ ਦੇ ਮੌਜੂਦ ਨਾ ਹੋਣ ਕਾਰਨ ਬਾਕੀ ਬੈਂਚ ਸੁਣਵਾਈ ਨਹੀਂ ਕਰ ਸਕਦਾ ਤੇ ਇਸ ਤਰ੍ਹਾਂ ਇਹ ਗੱਲ ਵੀ ਨਹੀਂ ਬਣੀ। ਨਤੀਜੇ ਵਜੋਂ ਪ੍ਰਧਾਨ ਮੰਤਰੀ ਅਤੇ ਉਸ ਦੇ ਸਾਥੀ ਸ਼ਸ਼ੋਪੰਜ ਵਿੱਚ ਉਲਝੇ ਹੋਏ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਉਹ ਪੈਂਤੀ ਸਾਲ ਪੁਰਾਣੇ ਆਪਣੇ ਉਸ ਏਜੰਡੇ ਨੂੰ ਕਿਸੇ ਤਣ-ਪੱਤਣ ਨਹੀਂ ਲਾ ਸਕੇ, ਓਦੋਂ ਉਹ ਇੱਕ ਹੋਰ ਮੁੱਦਾ ਚੁੱਕ ਕੇ ਇਸ ਦੇਸ਼ ਦੇ ਸਭ ਤੋਂ ਸ਼ਾਂਤ ਸੂਬੇ ਕੇਰਲਾ ਵਿੱਚ ਉਲਝਣਾਂ ਵਧਾਉਣ ਦਾ ਕੰਮ ਛੋਹ ਬੈਠੇ ਹਨ ਤੇ ਇਸ ਵਿੱਚੋਂ ਰਾਜਸੀ ਲਾਭ ਲੈਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲ ਨਾਡੂ ਤੋਂ ਬਾਅਦ ਜਦੋਂ ਕੇਰਲਾ ਨੂੰ ਗਏ ਤਾਂ ਜਾਂਦੇ ਸਾਰ ਪਹਿਲੇ ਪੜਾਅ ਉੱਤੇ ਹੀ ਰਿਵਾਇਤਾਂ ਦਾ ਝੰਡਾ ਚੁੱਕ ਕੇ ਸਾਬਰੀਮਾਲਾ ਵਿੱਚ ਔਰਤਾਂ ਦੇ ਪੂਜਾ ਕਰਨ ਵਿਰੁੱਧ ਇਹ ਕਹਿਣ ਲੱਗ ਪਏ ਕਿ ਕਾਂਗਰਸ ਅਤੇ ਖੱਬੇ ਪੱਖੀ ਆਗੂ ਸਾਡਾ ਸੱਭਿਆਚਾਰ ਤਬਾਹ ਕਰਦੇ ਪਏ ਹਨ। ਸਾਬਰੀਮਾਲਾ ਮੰਦਰ ਵਾਸਤੇ ਜਿਹੜੇ ਪ੍ਰਧਾਨ ਮੰਤਰੀ ਨੂੰ ਰਿਵਾਇਤਾਂ ਅਤੇ ਸੱਭਿਆਚਾਰ ਦਾ ਹੇਜ ਜਾਗਿਆ ਹੈ, ਮੁਸਲਿਮ ਭਾਈਚਾਰੇ ਦੀਆਂ ਔਰਤਾਂ ਦੇ ਹੱਕ ਦਾ ਝੰਡਾ ਚੁੱਕਣ ਵੇਲੇ ਉਹ ਰਿਵਾਇਤਾਂ ਨਾਲੋਂ ਵੱਧ ਔਰਤਾਂ ਨਾਲ ਹੁੰਦੀ ਜ਼ਿਆਦਤੀ ਦੀ ਗੱਲ ਕਰਦੇ ਹਨ। ਪਹਿਲਾਂ ਮਹਾਰਾਸ਼ਟਰ ਵਿੱਚ ਜਦੋਂ ਔਰਤਾਂ ਨੇ ਸ਼ਨੀ ਸ਼ਿੰਗਣਾਪੁਰ ਮੰਦਰ ਵਿੱਚ ਦਾਖ਼ਲੇ ਦੇ ਹੱਕ ਦੀ ਲੜਾਈ ਲੜੀ ਸੀ ਤਾਂ ਉਸ ਵੇਲੇ ਭਾਜਪਾ ਦੇ ਕਿਸੇ ਆਗੂ ਦੀ ਇਹ ਜੁਰਅੱਤ ਨਹੀਂ ਸੀ ਪਈ ਕਿ ਉਨ੍ਹਾਂ ਦਾ ਵਿਰੋਧ ਕਰਦਾ, ਪਰ ਕੇਰਲਾ ਵਿੱਚ ਰਾਜਸੀ ਲਾਭਾਂ ਲਈ ਉਹੀ ਆਗੂ ਰਿਵਾਇਤ ਦੇ ਪਹਿਰੇਦਾਰ ਬਣ ਕੇ ਇੱਕ ਖ਼ਾਸ ਭਾਈਚਾਰੇ ਦੇ ਲੋਕਾਂ ਵਿੱਚ ਕੱਟੜਪੰਥੀਪੁਣਾ ਭਰਨ ਦੇ ਰਾਹ ਪੈ ਗਏ ਹਨ।
ਚੋਣਾਂ ਆਉਂਦੀਆਂ ਹਨ ਤੇ ਵਾਰ-ਵਾਰ ਆਉਂਦੀਆਂ ਹਨ। ਇਨ੍ਹਾਂ ਵਿੱਚ ਕਿਸੇ ਧਿਰ ਨੇ ਜਿੱਤਣਾ ਹੁੰਦਾ ਤੇ ਦੂਸਰੀ ਨੇ ਹਾਰਨਾ ਵੀ ਹੁੰਦਾ ਹੈ, ਪਰ ਇਹੋ ਜਿਹਾ ਦਾਅ ਨਹੀਂ ਖੇਡਣਾ ਚਾਹੀਦਾ ਕਿ ਸਿਆਸੀ ਪਾਰਟੀਆਂ ਦੀ ਹਾਰ-ਜਿੱਤ ਅਮਲ ਵਿੱਚ ਦੇਸ਼ ਤੇ ਦੇਸ਼ ਦੇ ਲੋਕਾਂ ਦੀ ਹਾਰ ਦਾ ਰਾਹ ਖੋਲ੍ਹਣ ਤੁਰ ਪਵੇ। ਰਾਜਨੀਤੀ ਦੀਆਂ ਵੀ ਕੁਝ ਹੱਦਾਂ ਚਾਹੀਦੀਆਂ ਹਨ। ਬਦਕਿਸਮਤੀ ਨਾਲ ਦੇਸ਼ ਦੀ ਅਗਵਾਈ ਜਿਸ ਪਾਰਟੀ ਦੇ ਹੱਥ ਹੈ, ਉਸ ਦੇ ਲੀਡਰ ਹੀ ਇਨ੍ਹਾਂ ਹੱਦਾਂ ਨੂੰ ਮੰਨਣ ਤੋਂ ਇਨਕਾਰੀ ਹਨ। ਸੱਤਾ ਤੋਂ ਬਾਹਰ ਦੀ ਕੋਈ ਵੀ ਧਿਰ ਇਸ ਤਰ੍ਹਾਂ ਕਰ ਰਹੀ ਹੋਵੇ ਤਾਂ ਉਸ ਨੂੰ ਰੋਕਣ ਦੀ ਮੰਗ ਰਾਜ ਕਰਨ ਵਾਲਿਆਂ ਤੋਂ ਕੀਤੀ ਜਾ ਸਕਦੀ ਹੈ, ਪਰ ਜੇ ਇਸ ਦੇਸ਼ ਵਿੱਚ ਰਾਜ ਕਰਨ ਵਾਲੇ ਹੀ ਜਾਣ-ਬੁੱਝ ਕੇ ਦੇਸ਼ ਨੂੰ ਕੁਰਾਹੇ ਪਾ ਰਹੇ ਹੋਣ ਤਾਂ ਕਿਹਾ ਕਿਸ ਨੂੰ ਜਾ ਸਕਦਾ ਹੈ!
-ਜਤਿੰਦਰ ਪਨੂੰ

1350 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper