ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਲੰਮੇ ਸਮੇਂ ਤੋਂ ਆਪਣੀਆਂ ਗ਼ਲਤ ਕਾਰਵਾਈਆਂ ਕਾਰਨ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਇੱਥੋਂ ਤੱਕ ਕਿ ਸਾਰੀਆਂ ਹੀ ਵਿਰੋਧੀ ਪਾਰਟੀਆਂ ਵੱਲੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉੱਤੇ ਇਹ ਦੋਸ਼ ਲਾਏ ਜਾਂਦੇ ਰਹੇ ਹਨ ਕਿ ਉਹ ਵਿਰੋਧੀਆਂ ਨੂੰ ਦਬਾਉਣ ਲਈ ਇਸ ਏਜੰਸੀ ਦੀ ਵਰਤੋਂ ਕਰ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਧਾਨ ਮੰਤਰੀ ਦੀ ਨਿਗਰਾਨੀ ਹੇਠ ਚੱਲਣ ਵਾਲੀ ਸੀ ਬੀ ਆਈ ਦੇ ਕਾਰ-ਵਿਹਾਰ ਨੂੰ ਲੈ ਕੇ ਨਿਊ ਯਾਰਕ ਦੇ ਇੱਕ ਹਸਪਤਾਲ ਵਿੱਚ ਆਪਣੀ ਬੀਮਾਰੀ ਦਾ ਇਲਾਜ ਕਰਵਾ ਰਹੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਆਪਣੇ ਟਵੀਟ ਰਾਹੀਂ ਇਸ ਏਜੰਸੀ ਦੀ ਸਖ਼ਤ ਆਲੋਚਨਾ ਕੀਤੀ ਹੈ। ਇਸ ਵਿੱਚ ਉਨ੍ਹਾ ਨੇ ਇਸ ਗੱਲ ਦਾ ਖ਼ਾਸ ਤੌਰ ਉੱਤੇ ਜ਼ਿਕਰ ਕੀਤਾ ਹੈ ਕਿ ਇਹ ਏਜੰਸੀ ਆਪਣੀ ਅਧੀਨਗੀ ਵਿੱਚ ਲਏ ਮਾਮਲਿਆਂ ਦੀ ਜਾਂਚ ਸਹੀ ਢੰਗ ਨਾਲ ਕਰਨ ਦੀ ਥਾਂ ਮਾਅਰਕੇਬਾਜ਼ੀ ਵਾਲੇ ਕਦਮ ਪੁੱਟ ਰਹੀ ਹੈ। ਉਨ੍ਹਾ ਦੀ ਟਿੱਪਣੀ ਦਾ ਇਹ ਅਸਰ ਹੋਇਆ ਕਿ ਮਾਮਲੇ ਦੀ ਜਾਂਚ ਕਰਨ ਵਾਲੇ ਸੀ ਬੀ ਆਈ ਅਧਿਕਾਰੀ ਸਿਧਾਂਸ਼ੂ ਧਰ ਮਿਸਰਾ ਨੂੰ ਫੌਰੀ ਤੌਰ 'ਤੇ ਬਦਲ ਦਿੱਤਾ ਗਿਆ।
ਪਿਛਲੇ ਕਈ ਦਿਨਾਂ ਤੋਂ ਆਈ ਸੀ ਆਈ ਸੀ ਆਈ ਬੈਂਕ ਦੀ ਸਾਬਕਾ ਮੁਖੀ ਚੰਦਾ ਕੋਚਰ ਉੱਤੇ ਇਹ ਦੋਸ਼ ਲੱਗ ਰਹੇ ਸਨ ਕਿ ਉਸ ਨੇ ਵੀਡੀਓਕੋਨ ਗਰੁੱਪ ਦੇ ਐੱਮ ਡੀ ਵੇਣੂਗੋਪਾਲ ਧੂਤ ਨੂੰ ਗ਼ਲਤ ਢੰਗ ਨਾਲ ਵੱਡਾ ਕਰਜ਼ਾ ਦਿੱਤਾ ਤੇ ਉਸ ਦੇ ਬਦਲੇ ਵਿੱਚ ਉਸ ਨੇ ਉਸ ਦੇ ਪਤੀ ਦੀ ਕੰਪਨੀ ਵਿੱਚ ਭਾਰੀ ਨਿਵੇਸ਼ ਕੀਤਾ। ਇਸ ਦੋਸ਼ ਕਾਰਨ ਚੰਦਾ ਕੋਚਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।
ਇਸ ਕਥਿਤ ਘੁਟਾਲੇ ਦੀ ਜਾਂਚ ਦਾ ਕੰਮ ਸੀ ਬੀ ਆਈ ਦੇ ਹਵਾਲੇ ਕੀਤਾ ਗਿਆ ਸੀ। ਇਸ ਏਜੰਸੀ ਦੇ ਅਧਿਕਾਰੀਆਂ ਨੇ ਹੁਣ ਦੋਸ਼ੀਆਂ ਵਿਰੁੱਧ ਬਾਕਾਇਦਾ ਐੱਫ਼ ਆਈ ਆਰ ਦਰਜ ਕਰ ਲਈ ਹੈ। ਏਜੰਸੀ ਜਿਨ੍ਹਾਂ ਲੋਕਾਂ ਨੂੰ ਜਾਂਚ ਦੇ ਘੇਰੇ ਵਿੱਚ ਲੈਣਾ ਚਾਹੁੰਦੀ ਹੈ, ਉਨ੍ਹਾਂ ਵਿੱਚ ਆਈ ਸੀ ਆਈ ਸੀ ਆਈ ਬੈਂਕ ਦੇ ਮੌਜੂਦਾ ਮੁੱਖ ਕਾਰਜਕਾਰੀ ਅਧਿਕਾਰੀ ਸੰਦੀਪ ਬਖਸ਼ੀ, ਬੈਂਕ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਕੇ. ਰਾਮਕੁਮਾਰ, ਗੋਲਡਮੈਨ ਸ਼ਾਸ਼ ਇੰਡੀਆ ਦੇ ਚੇਅਰਮੈਨ ਸੰਜੇ ਚੈਟਰਜੀ, ਆਈ ਸੀ ਆਈ ਸੀ ਆਈ ਪ੍ਰੋਡੈਂਸ਼ੀਅਲ ਲਾਈਫ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ ਈ ਓ ਐੱਨ ਐੱਸ ਕੰਨਨ, ਸਟੈਂਡਰਡ ਚਾਰਟਰਡ ਬੈਂਕ ਦੇ ਸੀ ਈ ਓ ਜ਼ਰੀਨ ਦਾਰੂਵਾਲਾ, ਟਾਟਾ ਕੈਪੀਟਲ ਦੇ ਮੁਖੀ ਰਾਜੀਵ ਸੱਭਰਵਾਲ, ਨਿਊ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਕੇ ਵੀ ਕਾਮਥ, ਟਾਟਾ ਕੈਪੀਟਲ ਦੇ ਸੀਨੀਅਰ ਸਲਾਹਕਾਰ ਹੋਮੀ ਖੁਸਰੋ ਖ਼ਾਨ ਦੇ ਨਾਂਅ ਸ਼ਾਮਲ ਹਨ। ਐੱਫ਼ ਆਈ ਆਰ ਵਿੱਚ ਇਹ ਗੱਲ ਵੀ ਦਰਜ ਕੀਤੀ ਗਈ ਹੈ ਕਿ ਉਪਰੋਕਤ ਵਿਅਕਤੀ ਕਰਜ਼ਾ ਮਨਜ਼ੂਰ ਕਰਨ ਵਾਲੀ ਕਮੇਟੀ ਦੇ ਮੈਂਬਰ ਸਨ, ਇਸ ਲਈ ਉਨ੍ਹਾਂ ਦੇ ਕਿਰਦਾਰ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।
ਇਸ ਕੇਸ ਦੇ ਦਰਜ ਹੋਣ ਤੇ ਤੱਥ ਸਾਹਮਣੇ ਆਉਣ 'ਤੇ ਕਾਰਪੋਰੇਟ ਹਲਕਿਆਂ ਤੇ ਬੈਂਕਿੰਗ ਖੇਤਰ ਦੇ ਅਹਿਲਕਾਰਾਂ ਵਿੱਚ ਖਲਬਲੀ ਮੱਚ ਗਈ। ਉਨ੍ਹਾਂ ਦੀ ਸਰਕਾਰੇ-ਦਰਬਾਰੇ ਪਹੁੰਚ ਦਾ ਹੀ ਸਿੱਟਾ ਸੀ ਕਿ ਨਿਊ ਯਾਰਕ ਵਿੱਚ ਆਪਣੀ ਗੰਭੀਰ ਬਿਮਾਰੀ ਦਾ ਇਲਾਜ ਕਰਵਾ ਰਹੇ ਅਰੁਣ ਜੇਤਲੀ ਨੂੰ ਸੀ ਬੀ ਆਈ ਦੇ ਕਿਰਦਾਰ ਨੂੰ ਲੈ ਕੇ ਸਖ਼ਤ ਟਿੱਪਣੀ ਕਰਨੀ ਪਈ ਹੈ। ਇਹ ਗੱਲ ਵੀ ਚਰਚਾ ਵਿੱਚ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਮੁਖੀਆਂ ਤੇ ਨੌਕਰਸ਼ਾਹਾਂ, ਜਿਹੜੇ ਨਰਿੰਦਰ ਮੋਦੀ ਤੇ ਅਰੁਣ ਜੇਤਲੀ ਦੇ ਕਾਰੋਬਾਰੀ ਦੋਸਤ ਹਨ, ਦੀ ਚਿੰਤਾ ਨੂੰ ਵੇਖਦਿਆਂ ਹੋਇਆਂ ਹੀ ਅਰੁਣ ਜੇਤਲੀ ਨੂੰ ਇਥੋਂ ਤੱਕ ਜਾਣਾ ਪਿਆ ਹੈ।
ਅਰੁਣ ਜੇਤਲੀ ਤੋਂ ਲੈ ਕੇ ਮੋਦੀ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਸੀ ਬੀ ਆਈ ਦੇ ਕਿਰਦਾਰ ਬਾਰੇ ਓਦੋਂ ਕੋਈ ਟਿੱਪਣੀ ਨਹੀਂ ਸੀ ਕੀਤੀ, ਜਦੋਂ ਉਸ ਦੇ ਅਧਿਕਾਰੀ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਘਰ ਛਾਪਾ ਮਾਰਨ ਪਹੁੰਚ ਗਏ ਸਨ। ਇਹ ਉਹ ਸਮਾਂ ਸੀ, ਜਦੋਂ ਉਹ ਆਪਣੀ ਬੇਟੀ ਦੇ ਵਿਆਹ ਸਮਾਗਮ ਦੀਆਂ ਰਸਮਾਂ ਅਦਾ ਕਰਨ ਲਈ ਜਾ ਰਹੇ ਸਨ। ਉਸ ਸਮੇਂ ਵੀ ਉਨ੍ਹਾਂ ਨੇ ਜ਼ਬਾਨ ਨਹੀਂ ਸੀ ਖੋਲ੍ਹੀ, ਜਦੋਂ ਰਾਜਧਾਨੀ ਦਿੱਲੀ ਵਿੱਚ ਹੀ ਉਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ 'ਤੇ ਸੀ ਬੀ ਆਈ ਨੇ ਛਾਪਾ ਮਾਰਿਆ ਸੀ ਤੇ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਸਨ। ਭ੍ਰਿਸ਼ਟਾਚਾਰ ਦਾ ਕੋਈ ਕੇਸ ਨਾ ਬਣਦਾ ਵੇਖ ਕੇ ਸੀ ਬੀ ਆਈ ਅਧਿਕਾਰੀਆਂ ਨੂੰ ਜਾਂਚ ਅਧਵਾਟੇ ਹੀ ਛੱਡਣੀ ਪਈ ਸੀ।
ਕੁਝ ਹੀ ਸਮਾਂ ਪਹਿਲਾਂ ਜਦੋਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਵੱਲੋਂ ਮਿਲ ਕੇ ਲੋਕ ਸਭਾ ਦੀਆਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਗਿਆ ਤਾਂ ਇਸ ਦੇ ਦੂਜੇ ਹੀ ਦਿਨ ਸੀ ਬੀ ਆਈ ਨੇ ਖ਼ਾਨ ਘੁਟਾਲੇ ਦਾ ਮਾਮਲਾ ਦਰਜ ਕਰ ਕੇ ਰਾਜ ਦੇ ਕਈ ਅਧਿਕਾਰੀਆਂ, ਠੇਕੇਦਾਰਾਂ ਤੇ ਖ਼ੁਦ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਖ਼ਿਲਾਫ਼ ਐੱਫ਼ ਆਈ ਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਏਥੇ ਹੀ ਬੱਸ ਨਹੀਂ, ਜੀਂਦ ਦੀ ਉੱਪ-ਚੋਣ ਸਮੇਂ ਕਾਂਗਰਸ ਵੱਲੋਂ ਆਯੋਜਤ ਰੈਲੀ ਵਿੱਚ ਹਿੱਸਾ ਲੈਣ ਲਈ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕਈ ਵਿਧਾਇਕਾਂ ਸਮੇਤ ਜਾਣ ਵਾਲੇ ਸਨ ਤਾਂ ਸੀ ਬੀ ਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਘਰੀਂ ਪਹੁੰਚ ਕੇ ਛਾਪੇਮਾਰੀ ਆਰੰਭ ਕਰ ਦਿੱਤੀ ਤੇ ਚਾਰ ਘੰਟਿਆਂ ਤੱਕ ਉਨ੍ਹਾਂ ਨੂੰ ਉੱਥੇ ਹੀ ਰੋਕੀ ਰੱਖਿਆ। ਵਿਰੋਧੀ ਧਿਰ ਦੇ ਕਈ ਹੋਰ ਆਗੂਆਂ ਨੂੰ ਵੀ ਸੀ ਬੀ ਆਈ ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਵੱਲੋਂ ਮੁਕੱਦਮੇ ਦਰਜ ਕਰ ਕੇ ਖੱਜਲ-ਖੁਆਰ ਕੀਤਾ ਗਿਆ। ਸਾਬਕਾ ਕੇਂਦਰੀ ਖ਼ਜ਼ਾਨਾ ਮੰਤਰੀ ਪੀ. ਚਿਦੰਬਰਮ, ਉਨ੍ਹਾ ਦੀ ਪਤਨੀ ਤੇ ਪੁੱਤਰ ਨੂੰ ਤਾਂ ਆਏ ਦਿਨ ਸੀ ਬੀ ਆਈ ਤੇ ਈ ਡੀ ਵੱਲੋਂ ਦਰਜ ਕੇਸਾਂ ਕਾਰਨ ਅਦਾਲਤਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਜਿਸ ਟੂ ਜੀ ਸਕੈਮ ਨੂੰ ਲੈ ਕੇ ਨਰਿੰਦਰ ਮੋਦੀ ਨੇ ਆਪਣੀ ਚੋਣ ਮੁਹਿੰਮ ਵਿੱਢੀ ਤੇ ਉਸ ਦਾ ਸਿਆਸੀ ਲਾਹਾ ਵੀ ਲਿਆ ਸੀ, ਇਹੋ ਸੀ ਬੀ ਆਈ ਅਦਾਲਤ ਵਿੱਚ ਉਸ ਕੇਸ ਨੂੰ ਸਾਬਤ ਕਰਨ ਵਿੱਚ ਨਾਕਾਮ ਰਹੀ ਸੀ।
ਨਰਿੰਦਰ ਮੋਦੀ ਦੀ ਸਰਕਾਰ ਹੈ ਕਿ ਉਹ ਸੀ ਬੀ ਆਈ ਤੇ ਦੂਜੀਆਂ ਜਾਂਚ ਏਜੰਸੀਆਂ ਨੂੰ ਆਪਣੇ ਸਿਆਸੀ ਵਿਰੋਧੀਆਂ ਦੇ ਅਕਸ ਨੂੰ ਧੁੰਦਲਾ ਬਣਾਉਣ ਲਈ ਬੇਸ਼ਰਮੀ ਨਾਲ ਵਰਤ ਰਹੀ ਹੈ। ਹੁਣ ਜਦੋਂ ਆਈ ਸੀ ਆਈ ਸੀ ਆਈ ਬੈਂਕ ਦੇ ਘੁਟਾਲੇ ਦੇ ਮਾਮਲੇ ਵਿੱਚ ਸੀ ਬੀ ਆਈ ਦੀ ਜਾਂਚ ਦਾ ਸੇਕ ਨਰਿੰਦਰ ਮੋਦੀ ਤੇ ਅਰੁਣ ਜੇਤਲੀ ਦੇ ਕਾਰੋਬਾਰੀ ਦੋਸਤ ਮਹਾਂਰਥੀਆਂ ਨੂੰ ਲੱਗਣ ਲੱਗਾ ਹੈ ਤਾਂ ਜੇਤਲੀ ਜੀ ਨੂੰ ਸੀ ਬੀ ਆਈ ਦੇ ਅਧਿਕਾਰੀਆਂ ਦੇ ਕਿਰਦਾਰ ਬਾਰੇ ਟਿੱਪਣੀਆਂ ਕਰਨੀਆਂ ਪੈ ਰਹੀਆਂ ਹਨ। ਲੋਕ ਪੁੱਛ ਰਹੇ ਹਨ ਕਿ ਇਹ ਦੋਹਰਾ ਮਿਆਰ ਕਿਉਂ?