Latest News
ਪੰਜਾਬ ਦੇ ਲੋਕਾਂ ਨੂੰ ਲੋਕ ਸਭਾ ਚੋਣਾਂ ਦੀ ਤੀਬਰਤਾ ਨਾਲ ਉਡੀਕ

Published on 30 Jan, 2019 10:16 AM.


ਪੰਜਾਬ ਦੇ ਲੋਕ ਇਸ ਵੇਲੇ ਲੋਕ ਸਭਾ ਚੋਣਾਂ ਦੀ ਉਡੀਕ ਕਰਦੇ ਪਏ ਹਨ। ਉਡੀਕ ਭਾਵੇਂ ਸਾਰੇ ਭਾਰਤ ਦੇ ਲੋਕ ਕਰ ਰਹੇ ਹਨ, ਪਰ ਪੰਜਾਬ ਦੀ ਉਡੀਕ ਦੇ ਕਾਰਨ ਕੁਝ ਵੱਖਰੇ ਹਨ। ਏਥੇ ਪਿਛਲੀ ਵਾਰ ਦੀਆਂ ਚੋਣਾਂ ਨਾਲੋਂ ਚਾਰ ਸਾਲਾਂ ਵਿੱਚ ਅਸਲੋਂ ਹੀ ਹਾਲਾਤ ਬਦਲ ਚੁੱਕੇ ਹਨ। ਸਿਰਫ਼ ਇਹੋ ਤਬਦੀਲੀ ਨਹੀਂ ਕਿ ਓਦੋਂ ਵਾਲੀ ਅਕਾਲੀ-ਭਾਜਪਾ ਸਰਕਾਰ ਨਹੀਂ ਰਹੀ ਤੇ ਉਸ ਦੀ ਥਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਚੁੱਕੀ ਹੈ, ਇਸ ਤੋਂ ਵੱਧ ਹਾਲਾਤ ਦੇ ਵਿੱਚ ਸਿਫਤੀ ਤਬਦੀਲੀ ਇਹ ਵਾਪਰ ਚੁੱਕੀ ਹੈ ਕਿ ਪਿਛਲੀ ਇੱਕ ਸਦੀ ਤੋਂ ਸਿੱਖੀ ਦਾ ਠੇਕੇਦਾਰ ਬਣ ਰਿਹਾ ਅਕਾਲੀ ਦਲ ਇਸ ਵਕਤ ਸਿੱਖ ਭਾਈਚਾਰੇ ਵਿਚਲੇ ਰੋਹ ਤੋਂ ਡਰਦਾ ਪਿੰਡਾਂ ਦੇ ਮਾਹੌਲ ਤੋਂ ਤ੍ਰਹਿਕਿਆ ਪਿਆ ਹੈ। ਇਸ ਦੇ ਬਹੁਤ ਸਾਰੇ ਆਗੂ ਇਹ ਗੱਲ ਮੰਨਦੇ ਹਨ ਕਿ ਬਰਗਾੜੀ ਤੇ ਬਹਿਬਲ ਕਲਾਂ ਵਾਲੀਆਂ ਘਟਨਾਵਾਂ ਨੇ ਏਨੀ ਢਾਹ ਲਾ ਛੱਡੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਸ਼ੱਕ ਅਸਮਾਨ ਵੱਲ ਟਾਕੀਆਂ ਲਾਉਂਦਾ ਰਹੇ, ਪੈਰਾਂ ਹੇਠਲੀ ਜ਼ਮੀਨ ਖਿਸਕਣ ਦਾ ਪਤਾ ਹਰ ਵੱਡੇ-ਛੋਟੇ ਅਕਾਲੀ ਆਗੂ ਨੂੰ ਲੱਗ ਚੁੱਕਾ ਹੈ।
ਪਿਛਲੇਰੇ ਮਹੀਨੇ ਇਨ੍ਹਾਂ ਹੀ ਕਾਰਨਾਂ ਦੇ ਅਸਰ ਹੇਠ ਅਕਾਲੀ ਦਲ ਦੇ ਕੁਝ ਬਜ਼ੁਰਗ ਆਗੂਆਂ ਨੇ ਜਦੋਂ ਵੱਖਰਾ ਰਾਹ ਚੁਣਨ ਦਾ ਐਲਾਨ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਉਨ੍ਹਾਂ ਨੂੰ 'ਪਿਤਾ ਸਮਾਨ'’ਕਹਿ ਕੇ ਵਾਪਸ ਆਉਣ ਲਈ ਅਪੀਲ ਕੀਤੀ ਤੇ ਜਦੋਂ ਉਹ ਨਾ ਮੁੜੇ ਤਾਂ ਉਨ੍ਹਾਂ ਹੀ 'ਪਿਤਾ ਸਮਾਨ'’ਆਗੂਆਂ ਦੇ ਖ਼ਿਲਾਫ਼ ਬਦ-ਜ਼ਬਾਨੀ ਕਰਨ ਲੱਗ ਪਿਆ ਸੀ। ਇਹੋ ਜਿਹੇ ਭੱਦੇ ਰੁਖ਼ ਨਾਲ ਉਹ ਨਿੱਖੜਦੇ ਜਾਂਦੇ ਆਗੂਆਂ ਨੂੰ ਮੋੜ ਨਹੀਂ ਸਕਦਾ, ਸਗੋਂ ਹੋਰਨਾਂ ਦੇ ਮਨ ਵਿੱਚ ਕੌੜ ਭਰੀ ਜਾਂਦਾ ਹੈ। ਫਿਰ ਵੀ ਕਈ ਪੁਰਾਣੇ ਆਗੂ ਅਜੇ ਪਾਰਟੀ ਦੇ ਨਾਲ ਹਨ, ਪਰ ਉਹ ਇੱਜ਼ਤ ਨਾਲ ਰਹਿਣਾ ਚਾਹੁੰਦੇ ਹਨ। ਸੁਖਬੀਰ ਸਿੰਘ ਬਾਦਲ ਅਤੇ ਉਸ ਨਾਲ ਜੁੜੀ ਜੁੰਡੀ ਵਾਲੇ ਲੋਕਾਂ ਨੂੰ ਆਪਣੇ ਤੋਂ ਸਿਵਾ ਕਿਸੇ ਦੀ ਇੱਜ਼ਤ ਦੀ ਚਿੰਤਾ ਹੀ ਨਹੀਂ ਲੱਗਦੀ। ਸੁਖਦੇਵ ਸਿੰਘ ਢੀਂਡਸਾ ਨੂੰ ਪੰਜਾਬ ਦੇ ਲੋਕ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਦੇ ਰੂਪ ਵਿੱਚ ਵੇਖਦੇ ਆਏ ਸਨ। ਜਦੋਂ ਉਨ੍ਹਾ ਨੇ ਵੀ ਕੁਝ ਗੱਲਾਂ ਕਾਰਨ ਚੁੱਪ ਜਿਹੀ ਵੱਟ ਲਈ ਤਾਂ ਸਮਝਿਆ ਜਾਂਦਾ ਸੀ ਕਿ ਵੱਡੇ ਬਾਦਲ ਦੇ ਜਾਣ ਤੋਂ ਬਾਅਦ ਉਹ ਪਾਰਟੀ ਵੱਲ ਵਾਪਸ ਮੋੜਾ ਕੱਟ ਲੈਣਗੇ, ਪਰ ਨਵੀਂ ਭਾਰੂ ਹੋਈ ਲੀਡਰਸ਼ਿਪ ਦੇ ਵਿਹਾਰ ਨੇ ਏਨਾ ਮਨ ਖ਼ਰਾਬ ਕੀਤਾ ਕਿ ਕਈ ਦਿਨ ਚੁੱਪ ਰਹੇ ਢੀਂਡਸਾ ਨੇ ਵੀ ਜਦੋਂ ਆਪਣੀ ਚੁੱਪ ਤੋੜੀ ਤਾਂ ਬਾਦਲ ਪਰਵਾਰ ਬਾਰੇ ਆਪਣੇ ਮਨ ਦਾ ਰੰਜ ਬਾਹਰ ਕੱਢ ਦਿੱਤਾ ਹੈ।
ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਪੰਜਾਬ ਵਿੱਚ ਅੱਤਵਾਦ ਵੇਲੇ ਵਿਗੜੇ ਹਾਲਾਤ ਇੱਕ ਵਾਰੀ ਅਮਨ ਦੇ ਰਾਹ ਪੈ ਜਾਣ ਦੇ ਬਾਅਦ ਚੌਵੀ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਜਿਹੜੀ ਸਾਂਝ ਪਾਈ ਸੀ, ਉਹ ਵੀ ਤਿੜਕਦੀ ਨਜ਼ਰ ਆਉਂਦੀ ਹੈ। ਬਾਦਲ ਬਾਪ-ਬੇਟੇ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾਂ ਹੀ ਕੇਂਦਰੀ ਭਾਜਪਾ ਲੀਡਰਸ਼ਿਪ ਨੇ ਅਕਾਲੀ ਦਲ ਤੋਂ ਨਾਰਾਜ਼ ਹੋਏ ਬੈਠੇ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਦਿਵਾ ਦਿੱਤਾ ਤਾਂ ਅਕਾਲੀ ਦਲ ਦੀ ਇਸ ਨਵੀਂ ਲੀਡਰਸ਼ਿਪ ਲਈ ਬਰਦਾਸ਼ਤ ਕਰਨਾ ਸੌਖਾ ਨਹੀਂ ਸੀ। ਤਦ ਵੀ ਉਹ ਇਸ ਨੂੰ ਕਿਸੇ ਤਰ੍ਹਾਂ ਸ਼ਾਇਦ ਹਜ਼ਮ ਕਰ ਲੈਂਦੇ, ਪਰ ਭਾਜਪਾ ਨੇ ਜਦੋਂ ਸੁਖਬੀਰ ਸਿੰਘ ਬਾਦਲ ਨਾਲ ਸਿੱਧੀ ਬਿਆਨਬਾਜ਼ੀ ਦੀ ਜੰਗ ਲੜਨ ਵਾਲੇ ਵਕੀਲ ਐੱਚ ਐੱਸ ਫੂਲਕਾ ਨੂੰ ਵੀ ਪਦਮਸ੍ਰੀ ਦਿਵਾ ਦਿੱਤਾ ਤਾਂ ਇਹ ਬਾਦਲ ਪਰਵਾਰ ਨੂੰ ਸਿੱਧੀ ਠਿੱਬੀ ਲਾਏ ਜਾਣ ਵਾਲੀ ਗੱਲ ਸੀ। ਸਾਰਿਆਂ ਨੂੰ ਇਹ ਪਤਾ ਹੈ ਕਿ ਐੱਚ ਐੱਸ ਫੂਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੋਂ ਬਾਦਲ ਪਰਵਾਰ ਦਾ ਕਬਜ਼ਾ ਤੁੜਵਾਉਣ ਦਾ ਮੋਰਚਾ ਲਾਉਣ ਦਾ ਝੰਡਾ ਚੁੱਕੀ ਫਿਰਦਾ ਹੈ। ਉਸ ਨੂੰ ਪਦਮਸ੍ਰੀ ਦਿਵਾਉਣ ਤੋਂ ਸਾਫ਼ ਹੈ ਕਿ ਭਾਜਪਾ ਲੀਡਰਸ਼ਿਪ ਇਸ ਵਕਤ ਅਕਾਲੀ ਦਲ ਵਿੱਚ ਬਾਦਲਾਂ ਨਾਲ ਭਿੜਨ ਵਾਲੀ ਹਰ ਕਿਸੇ ਧਿਰ ਨੂੰ ਸ਼ਹਿ ਜਾਂ ਸਰਪ੍ਰਸਤੀ ਦੇਣ ਤੋਂ ਝਿਜਕਣ ਦੀ ਲੋੜ ਨਹੀਂ ਸਮਝਦੀ।
ਇਸ ਦੌਰਾਨ ਆਈ ਇਹ ਖ਼ਬਰ ਵੀ ਹਰ ਕਿਸੇ ਦਾ ਧਿਆਨ ਖਿੱਚਣ ਵਾਲੀ ਸੀ ਕਿ ਭਾਜਪਾ ਨੇ ਲੁਧਿਆਣੇ ਜਾਂ ਕਿਸੇ ਹੋਰ ਢੁਕਵੀਂ ਸੀਟ ਤੋਂ ਵਕੀਲ ਐੱਚ ਐੱਸ ਫੂਲਕਾ ਨੂੰ ਟਿਕਟ ਦੇਣ ਦਾ ਇਰਾਦਾ ਬਣਾ ਲਿਆ ਹੈ ਅਤੇ ਇਸ ਮਕਸਦ ਲਈ ਭਾਜਪਾ ਦੇ ਹੇਠਲੇ ਵਰਕਰਾਂ ਦੇ ਮਨ ਟੋਹੇ ਜਾਣ ਲੱਗ ਪਏ ਹਨ। ਪੰਜ ਸਾਲ ਪਹਿਲਾ ਜਦੋਂ ਅੰਮ੍ਰਿਤਸਰ ਸੀਟ ਤੋਂ ਅਰੁਣ ਜੇਤਲੀ ਦੀ ਹਾਰ ਹੋਈ ਸੀ ਤਾਂ ਭਾਜਪਾ ਹਾਈ ਕਮਾਨ ਭਾਵੇਂ ਅਕਾਲੀ ਆਗੂਆਂ ਦੇ ਖ਼ਿਲਾਫ਼ ਉੱਬਲ ਰਹੀ ਸੀ, ਪੰਜਾਬ ਦੇ ਭਾਜਪਾ ਮੰਤਰੀ ਅਤੇ ਵਿਧਾਇਕ ਫਿਰ ਵੀ ਅਕਾਲੀ ਦਲ ਨਾਲੋਂ ਸਾਂਝ ਤੋੜ ਲੈਣ ਦੇ ਖ਼ਿਲਾਫ਼ ਸਨ। ਅੱਜ ਇਹ ਗੱਲ ਨਹੀਂ। ਜਿਨ੍ਹਾਂ ਭਾਜਪਾ ਆਗੂਆਂ ਨੂੰ ਓਦੋਂ ਅਕਾਲੀ ਦਲ ਦੇ ਨਾਲ ਜੁੜਨ ਵਿੱਚ ਸੱਤਾ ਦਾ ਸੁੱਖ ਮਿਲਦਾ ਦਿੱਸਦਾ ਸੀ, ਉਨ੍ਹਾਂ ਵਿੱਚੋਂ ਬਹੁਤੇ ਤਾਂ ਚੋਣਾਂ ਵਿੱਚ ਹਾਰ ਗਏ ਸਨ, ਪਰ ਜਿਹੜੇ ਜਿੱਤਣ ਵਿੱਚ ਕਾਮਯਾਬ ਰਹੇ ਸਨ, ਉਨ੍ਹਾਂ ਵਿੱਚ ਅਕਾਲੀ ਦਲ ਦੇ ਨਾਲ ਮੋਹ ਵਾਲੀ ਗੱਲ ਨਹੀਂ ਲੱਭਦੀ। ਆਪਸੀ ਗੱਲਬਾਤ ਵਿੱਚ ਭਾਜਪਾ ਦੇ ਲੀਡਰ ਇਹ ਕਹਿ ਜਾਂਦੇ ਹਨ ਕਿ ਬਥੇਰੀ ਸਾਂਝ ਰੱਖ ਕੇ ਵੇਖ ਲਈ, ਛੱਡਣ ਦਾ ਵਕਤ ਵੀ ਤਾਂ ਆਉਣਾ ਸੀ।
ਇਹੋ ਜਿਹੇ ਹਾਲਾਤ ਵਿੱਚ ਅਜੇ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਇੱਕ ਸਦੀ ਪੁਰਾਣੀ ਪਾਰਟੀ ਦਾ ਭਵਿੱਖ ਕੀ ਹੋਵੇਗਾ, ਇਸ ਲਈ ਉਹ ਲੋਕ ਸਭਾ ਚੋਣਾਂ ਦੀ ਉਡੀਕ ਤੀਬਰਤਾ ਨਾਲ ਕਰ ਰਹੇ ਹਨ। ਕਾਰਨ ਇਹ ਹੈ ਕਿ ਓਦੋਂ ਇਹ ਪਤਾ ਲੱਗ ਜਾਣਾ ਹੈ ਕਿ ਅਕਾਲੀ ਦਲ ਦੇ ਪੱਲੇ ਕੀ ਰਹਿ ਗਿਆ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਭਾਜਪਾ ਉਨ੍ਹਾਂ ਦੇ ਨਾਲ ਸਾਂਝ ਰੱਖਣ ਨੂੰ ਤਿਆਰ ਹੈ ਜਾਂ ਤੰਦ ਕੱਟੀ ਜਾ ਸਕਦੀ ਹੈ। ਚੋਣਾਂ ਲੜਨ ਦੇ ਦਾਅਵੇਦਾਰ ਅਕਾਲੀ ਆਗੂ ਇਸੇ ਕਾਰਨ ਪਾਰਟੀ ਹਾਈ ਕਮਾਨ ਨਾਲ ਬਹੁਤਾ ਸੰਪਰਕ ਰੱਖਣ ਦੀ ਥਾਂ ਭਾਜਪਾ ਲੀਡਰਾਂ ਵੱਲ ਝਾਕਦੇ ਸੁਣੇ ਜਾਣ ਲੱਗੇ ਹਨ। ਸੱਤ ਸਾਲ ਪਹਿਲਾਂ ਜਦੋਂ ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸਨ ਤਾਂ ਕੇਂਦਰ ਵਿੱਚ ਮਨਮੋਹਨ ਸਿੰਘ ਵਾਲੀ ਸਰਕਾਰ ਸੀ ਤੇ ਪੰਜਾਬ ਦੀ ਕਮਾਨ ਅਕਾਲੀ ਦਲ ਦੀ ਨੌਜਵਾਨ ਪੀੜ੍ਹੀ ਦੇ ਹੱਥ ਹੋਣ ਕਾਰਨ ਭਾਜਪਾ ਟਿਕਟ ਦੇ ਚਾਹਵਾਨ ਆਪਣੀ ਹਾਈ ਕਮਾਂਡ ਵੱਲ ਭੱਜਣ ਦੀ ਥਾਂ ਅਕਾਲੀ ਦਲ ਦੇ ਲੀਡਰਾਂ ਵੱਲ ਝਾਕਦੇ ਸਨ। ਅੱਜ ਹਾਲਤ ਉਸ ਤੋਂ ਉਲਟ ਹੈ। ਅਕਾਲੀ ਦਲ ਦੇ ਚੁਣੇ ਹੋਏ ਅਤੇ ਚੁਣੇ ਜਾਣ ਦੇ ਚਾਹਵਾਨ ਲੀਡਰ ਆਪਣੀ ਲੀਡਰਸ਼ਿਪ ਦੀ ਬਜਾਏ ਸਵੇਰੇ-ਸ਼ਾਮ 'ਸੰਘਮ ਸ਼ਰਣਮ ਗੱਛਾਮੀ' ਕਰਦੇ ਸੁਣੇ ਜਾਣ ਲੱਗ ਪਏ ਹਨ ਤੇ ਅਕਾਲੀ ਦਲ ਦੀ ਲੀਡਰਸ਼ਿਪ ਬੇਵੱਸੀ ਨਾਲ ਵੇਖਦੀ ਪਈ ਹੈ। ਲੋਕਾਂ ਨੂੰ ਏਸੇ ਲਈ ਲੋਕ ਸਭਾ ਚੋਣਾਂ ਦੀ ਤੀਬਰਤਾ ਨਾਲ ਉਡੀਕ ਹੈ।
- ਜਤਿੰਦਰ ਪਨੂੰ

1180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper