Latest News
ਸੀ ਬੀ ਆਈ ਕੋਈ ਓਹਲਾ ਹੀ ਨਹੀਂ ਰੱਖਣਾ ਚਾਹੁੰਦੀ!

Published on 04 Feb, 2019 10:47 AM.


ਇਸ ਐਤਵਾਰ ਦੀ ਸ਼ਾਮ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਇੱਕ ਬੜਾ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੈ। ਇਹ ਅਜੇ ਵੀ ਚੱਲੀ ਜਾ ਰਿਹਾ ਹੈ। ਡਰਾਮੇ ਦੀ ਇੱਕ ਪਾਤਰ ਇਸ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਸੀ ਬੀ ਆਈ ਹੈ ਤੇ ਦੂਸਰੀ ਇਸ ਤੋਂ ਵੱਡੀ ਪਾਤਰ ਉਸ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬਣ ਗਈ ਹੈ। ਰਾਜ ਦੀ ਮੁੱਖ ਮੰਤਰੀ ਆਪਣੇ ਹੀ ਰਾਜ ਦੀ ਰਾਜਧਾਨੀ ਵਿੱਚ ਧਰਨਾ ਲਾ ਕੇ ਬੈਠੀ ਹੈ, ਜਾਂ ਕਿਹਾ ਜਾਵੇ ਕਿ ਧਰਨਾ ਲਾਉਣ ਲਈ ਮਜਬੂਰ ਹੋਈ ਹੈ। ਸੀ ਬੀ ਆਈ ਦੇ ਅਧਿਕਾਰੀ ਆਪਣੇ ਨਾਲ ਧੱਕੇਸ਼ਾਹੀ ਹੋਣ ਦਾ ਰੌਲਾ ਪਾ ਰਹੇ ਹਨ ਤੇ ਮਮਤਾ ਬੈਨਰਜੀ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਦੇ ਸਿਖ਼ਰਲੇ ਗਰੁੱਪ ਵੱਲੋਂ ਮਿਥ ਕੇ ਕੀਤੀ ਜਾ ਰਹੀ ਗ਼ੈਰ-ਸੰਵਿਧਾਨਕ ਡਰਾਮੇਬਾਜ਼ੀ ਦੱਸ ਰਹੀ ਹੈ।
ਦੇਸ਼ ਦੇ ਲੋਕਾਂ ਨੂੰ ਅਚਾਨਕ ਇਹ ਹੈਰਾਨੀ ਵਾਲੀ ਖਬਰ ਮਿਲੀ ਕਿ ਸੀ ਬੀ ਆਈ ਦੀ ਇੱਕ ਟੀਮ ਕੋਲਕਾਤਾ ਦੀ ਪੁਲਸ ਦੇ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਉਸ ਦੀ ਪੁੱਛਗਿੱਛ ਕਰਨ ਗਈ ਹੈ। ਇੱਕ ਦਿਨ ਪਹਿਲਾਂ ਤੱਕ ਇਸ ਕੇਸ ਬਾਰੇ ਸਾਰੇ ਦੇਸ਼ ਦੇ ਲੋਕਾਂ ਕੋਲ ਇਹੋ ਜਿਹੀ ਕੋਈ ਖ਼ਬਰ ਤੱਕ ਨਹੀਂ ਸੀ ਕਿ ਕਿਸੇ ਕਿਸਮ ਦੀ ਜਾਂਚ ਹੋਣ ਵਾਲੀ ਹੈ ਤੇ ਅਚਾਨਕ ਸੀ ਬੀ ਆਈ ਟੀਮ ਫੁਰਤੀ ਦੇ ਨਾਲ ਜਾਂਚ ਕਰਨ ਵੀ ਓਥੇ ਪਹੁੰਚ ਗਈ। ਪੁਲਸ ਕਮਿਸ਼ਨਰ ਨੇ ਆਪਣੇ ਘਰ ਆਉਣ ਦਾ ਅਦਾਲਤੀ ਵਾਰੰਟ ਜਾਂ ਯੋਗ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਹੁਕਮ ਮੰਗਿਆ ਤਾਂ ਉਹ ਵਿਖਾ ਨਾ ਸਕੇ ਤੇ ਪੁਲਸ ਨੇ ਘੇਰ ਕੇ ਥਾਣੇ ਲਿਜਾ ਬਿਠਾਏ, ਜਿੱਥੇ ਕਾਨੂੰਨੀ ਕਾਰਵਾਈ ਦੇ ਬਾਅਦ ਉਨ੍ਹਾ ਨੂੰ ਛੱਡ ਵੀ ਦਿੱਤਾ ਗਿਆ। ਓਨੀ ਦੇਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਹਿਰ ਦੇ ਪੁਲਸ ਕਮਿਸ਼ਨਰ ਦੇ ਘਰ ਜਾ ਪਹੁੰਚੀ ਤੇ ਸਾਰੀ ਗੱਲ ਸੁਣਨ ਦੇ ਬਾਅਦ ਓਥੇ ਹੀ ਇਹ ਐਲਾਨ ਕਰ ਦਿੱਤਾ ਕਿ ਉਹ ਧਰਨਾ ਲਾਵੇਗੀ ਤੇ ਸੋਮਵਾਰ ਨੂੰ ਵਿਧਾਨ ਸਭਾ ਦੇ ਬੱਜਟ ਸੈਸ਼ਨ ਵਿੱਚ ਵੀ ਜਾਣ ਦੀ ਥਾਂ ਆਪਣਾ ਭਾਸ਼ਣ ਫੋਨ ਉੱਤੇ ਕਰੇਗੀ।
ਅੱਜ ਸੋਮਵਾਰ ਸਵੇਰ ਨੂੰ ਦੋ ਥਾਂਈਂ ਇਸ ਮੁੱਦੇ ਉੱਤੇ ਭੇੜ ਸ਼ੁਰੂ ਹੋ ਗਿਆ। ਸਿਆਸੀ ਜੰਗ ਲੋਕ ਸਭਾ ਅਤੇ ਰਾਜ ਸਭਾ ਦੇ ਅੰਦਰ ਹੋ ਰਹੀ ਸੀ ਤੇ ਕਾਨੂੰਨੀ ਟੱਕਰ ਸੁਪਰੀਮ ਕੋਰਟ ਵਿੱਚ ਹੋਈ ਸੀ। ਸਰਕਾਰ ਨੇ ਪਾਰਲੀਮੈਂਟ ਵਿੱਚ ਕਿਹਾ ਕਿ ਵਿਰੋਧ ਦੀਆਂ ਸਾਰੀਆਂ ਧਿਰਾਂ ਇੱਕ ਗ਼ਲਤ ਗੱਲ ਦਾ ਪੱਖ ਲੈ ਰਹੀਆਂ ਹਨ, ਅੱਜ ਤੱਕ ਕਦੇ ਕਿਸੇ ਰਾਜ ਦੀ ਪੁਲਸ ਅਤੇ ਸਰਕਾਰ ਨੇ ਸੀ ਬੀ ਆਈ ਵਾਲੀ ਕਿਸੇ ਜਾਂਚ ਟੀਮ ਨਾਲ ਇਹ ਕੁਝ ਨਹੀਂ ਕੀਤਾ, ਜੋ ਪੱਛਮੀ ਬੰਗਾਲ ਵਿੱਚ ਹੋਇਆ ਹੈ। ਵਿਰੋਧੀ ਧਿਰ ਇਹ ਕਹਿੰਦੀ ਰਹੀ ਕਿ ਅੱਜ ਤੱਕ ਕਦੀ ਕਿਸੇ ਕੇਂਦਰੀ ਸਰਕਾਰ ਨੇ ਸੀ ਬੀ ਆਈ ਨੂੰ ਇਸ ਤਰ੍ਹਾਂ ਆਪਣੇ ਹਿੱਤਾਂ ਲਈ ਵੀ ਨਹੀਂ ਸੀ ਵਰਤਿਆ, ਜਿਸ ਤਰ੍ਹਾਂ ਨਰਿੰਦਰ ਮੋਦੀ ਸਰਕਾਰ ਵਰਤ ਰਹੀ ਹੈ। ਦੋਵੇਂ ਧਿਰਾਂ ਦੀਆਂ ਆਪੋ ਆਪਣੀਆਂ ਦਲੀਲਾਂ ਸਨ।
ਜਦੋਂ ਸਿਆਸੀ ਪੱਖ ਤੋਂ ਦੋਵਾਂ ਧਿਰਾਂ ਕੋਲ ਏਦਾਂ ਟਕਰਾਵੀਂਆਂ ਦਲੀਲਾਂ ਹੋਣ ਤਾਂ ਫਿਰ ਲੋਕ ਅਦਾਲਤਾਂ ਤੋਂ ਜਾਨਣਾ ਚਾਹੁੰਦੇ ਹਨ ਕਿ ਦੋਵਾਂ ਵਿੱਚੋਂ ਕੌਣ ਠੀਕ ਤੇ ਕੌਣ ਗ਼ਲਤ ਹੈ? ਇਸ ਵੇਲੇ ਮੁੱਦਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਜਾ ਪਹੁੰਚਿਆ ਹੈ ਤੇ ਓਥੇ ਪਹਿਲੇ ਪੜਾਅ ਵਿੱਚ ਸਰਕਾਰ ਤੇ ਜਾਂਚ ਏਜੰਸੀ ਸੀ ਬੀ ਆਈ ਦੇ ਪੈਰ ਨਹੀਂ ਲੱਗ ਸਕੇ। ਸੀ ਬੀ ਆਈ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਨੇ ਸਾਰਾ ਵੇਰਵਾ ਰੱਖ ਕੇ ਕਿਹਾ ਕਿ ਕੋਲਕਾਤਾ ਦੇ ਪੁਲਸ ਕਮਿਸ਼ਨਰ ਦੇ ਖ਼ਿਲਾਫ਼ ਪੱਕੇ ਸਬੂਤਾਂ ਦੇ ਨਾਲ ਜਾਂਚ ਕਰਨ ਗਈ ਸੀ ਬੀ ਆਈ ਟੀਮ ਦੇ ਖ਼ਿਲਾਫ਼ ਗ਼ੈਰ-ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਆਖਿਆ ਕਿ ਪਹਿਲਾਂ ਉਹ ਪੁਖਤਾ ਸਬੂਤ ਪੇਸ਼ ਕਰੋ, ਜਿਨ੍ਹਾਂ ਨਾਲ ਇਹ ਜਾਂਚ ਟੀਮ ਓਥੇ ਗਈ ਸੀ, ਫਿਰ ਕੋਲਕਾਤਾ ਪੁਲਸ ਦੀ ਕਾਰਵਾਈ ਜਾਇਜ਼ ਜਾਂ ਨਾਜਾਇਜ਼ ਹੋਣ ਦੀ ਬਹਿਸ ਹੋ ਸਕਦੀ ਹੈ। ਇਸ ਮਕਸਦ ਲਈ ਸੁਣਵਾਈ ਇੱਕ ਦਿਨ ਟਾਲ ਦਿੱਤੀ ਗਈ ਹੈ। ਦੂਸਰੀ ਧਿਰ ਇਹ ਕਹਿੰਦੀ ਹੈ ਕਿ ਜਿਨ੍ਹਾਂ ਸਬੂਤਾਂ ਦਾ ਸੀ ਬੀ ਆਈ ਹਵਾਲਾ ਦੇਂਦੀ ਹੈ ਕਿ ਉਸ ਨਾਲ ਉਹ ਇਹ ਜਾਂਚ ਕਰ ਸਕਦੀ ਹੈ, ਉਨ੍ਹਾਂ ਸਬੂਤਾਂ ਨੂੰ ਜਦੋਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਤਾਂ ਹਾਈ ਕੋਰਟ ਨੇ ਕਹਿ ਦਿੱਤਾ ਸੀ ਕਿ ਇਹ ਸਬੂਤ ਮੰਨਣ ਯੋਗ ਨਹੀਂ ਜਾਪਦੇ। ਜਦੋਂ ਉਹ ਸਬੂਤ ਹਾਈ ਕੋਰਟ ਨੇ ਨਹੀਂ ਸੀ ਮੰਨੇ ਤਾਂ ਸੀ ਬੀ ਆਈ ਚੁੱਕ ਕੇ ਕਿਸ ਤਰ੍ਹਾਂ ਤੁਰ ਪਈ ਸੀ?
ਇਨ੍ਹਾਂ ਸਾਰੀਆਂ ਗੱਲਾਂ ਤੋਂ ਵੱਖਰਾ ਬਹਿਸ ਦਾ ਇੱਕ ਮਾਮਲਾ ਹੋਰ ਹੈ। ਪਿਛਲੇਰੇ ਮਹੀਨੇ ਜਦੋਂ ਉੱਤਰ ਪ੍ਰਦੇਸ਼ ਵਿੱਚ ਰਾਜਸੀ ਖੇਤਰ ਦੇ ਦੋ ਮਹਾਂਰਥੀਆਂ ਬੀਬੀ ਮਾਇਆਵਤੀ ਅਤੇ ਅਖਿਲੇਸ਼ ਸਿੰਘ ਨੇ ਸਿਆਸੀ ਗੱਠਜੋੜ ਕੀਤਾ ਤਾਂ ਸੀ ਬੀ ਆਈ ਨੇ ਪੁਰਾਣੇ ਦੱਬੇ ਹੋਏ ਕੇਸਾਂ ਦੀਆਂ ਫਾਈਲਾਂ ਕੱਢ ਕੇ ਉਨ੍ਹਾਂ ਦੋਵਾਂ ਦੇ ਖ਼ਿਲਾਫ਼ ਜਾਂਚ ਆਰੰਭ ਕਰ ਦਿੱਤੀ ਤੇ ਉਨ੍ਹਾਂ ਦੇ ਨੇੜਲੇ ਲੋਕਾਂ ਨੂੰ ਸੱਦਣ ਦੇ ਵਾਰੰਟ ਜਾਰੀ ਕਰਨ ਲੱਗ ਪਈ ਸੀ। ਇਸ ਤਰ੍ਹਾਂ ਕਈ ਹੋਰ ਥਾਂਈਂ ਵੀ ਕੀਤਾ ਜਾ ਚੁੱਕਾ ਹੈ। ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਵਾਲੇ ਵੱਡੇ ਆਗੂਆਂ ਨੇ ਜਦੋਂ ਇਹ ਵੇਖਿਆ ਕਿ ਮਮਤਾ ਬੈਨਰਜੀ ਪੱਛਮੀ ਬੰਗਾਲ ਵਿੱਚ ਉਨ੍ਹਾਂ ਦੇ ਪੈਰ ਨਹੀਂ ਲੱਗਣ ਦੇ ਰਹੀ ਤਾਂ ਮਮਤਾ ਦੇ ਖ਼ਿਲਾਫ਼ ਸੀ ਬੀ ਆਈ ਨੂੰ ਸਰਗਰਮ ਕਰ ਦਿੱਤਾ ਹੈ। ਜਿਹੜੇ ਸ਼ਾਰਦਾ ਚਿੱਟ ਫੰਡ ਘੋਟਾਲੇ ਨੂੰ ਉਛਾਲਿਆ ਜਾਂਦਾ ਹੈ, ਉਹ ਕੋਈ ਦੋ-ਚਾਰ ਦਿਨਾਂ ਵਿੱਚ ਪੈਦਾ ਨਹੀਂ ਸੀ ਹੋ ਗਿਆ, ਬੜਾ ਪੁਰਾਣਾ ਕੇਸ ਹੈ। ਚਾਰ ਸਾਲ ਭਾਜਪਾ ਦੇ ਨਰਿੰਦਰ ਮੋਦੀ ਦੀ ਸਰਕਾਰ ਚੱਲਦੀ ਰਹੀ ਤੇ ਇਸ ਦੌਰਾਨ ਕਦੀ ਉਸ ਦੀ ਫਾਈਲ ਅੱਗੇ ਨਹੀਂ ਸੀ ਤੁਰੀ, ਪਰ ਜਦੋਂ ਲੋਕ ਸਭਾ ਚੋਣਾਂ ਸਿਰ ਉੱਤੇ ਆਈਆਂ ਤਾਂ ਜਾਂਚ ਕਰਨ ਵਾਸਤੇ ਸੀ ਬੀ ਆਈ ਟੀਮ ਸਰਗਰਮ ਕਰ ਦਿੱਤੀ ਹੈ। ਇਹ ਸਿਆਸੀ ਲੋੜਾਂ ਵਾਸਤੇ ਪ੍ਰਮੁੱਖ ਜਾਂਚ ਏਜੰਸੀ ਦੀ ਦੁਰਵਰਤੋਂ ਕਰਨ ਦੀ ਸਿਖ਼ਰ ਵਾਲੀ ਮਿਸਾਲ ਹੈ। ਇਸ ਤਰ੍ਹਾਂ ਕੀਤਾ ਜਾਵੇ ਤਾਂ ਅੱਗੋਂ ਵਿਰੋਧ ਵੀ ਹੋਵੇਗਾ ਅਤੇ ਹੋ ਰਿਹਾ ਹੈ।
ਅਸਲ ਕਹਾਣੀ ਮੰਗਲਵਾਰ ਦੇ ਦਿਨ ਸੁਪਰੀਮ ਕੋਰਟ ਵਿੱਚ ਬਹਿਸ ਦੇ ਨਾਲ ਹੀ ਸਾਹਮਣੇ ਆਵੇਗੀ, ਪਰ ਹਾਲ ਦੀ ਘੜੀ ਜੋ ਕੁਝ ਹੋਈ ਜਾ ਰਿਹਾ ਦਿਖਾਈ ਦੇਂਦਾ ਹੈ, ਉਸ ਨਾਲ ਇਸ ਦੇਸ਼ ਦੀ ਦਿੱਖ ਚੰਗੀ ਨਹੀਂ ਬਣ ਰਹੀ। ਹਾਲਾਤ ਕੂਕ-ਕੂਕ ਕੇ ਇਹ ਗੱਲ ਕਹਿੰਦੇ ਜਾਪਦੇ ਹਨ ਕਿ ਹਾਕਮ ਪਾਰਟੀ ਦੀ ਖਿਦਮਤ ਕਰਨ ਵਿੱਚ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਕੋਈ ਓਹਲਾ ਵੀ ਨਹੀਂ ਰਹਿਣ ਦੇਣਾ ਚਾਹੁੰਦੀ ਤੇ ਉਸ ਦੇ ਅਧਿਕਾਰੀਆਂ ਨੂੰ ਆਪਣੇ ਅਕਸ ਦੀ ਵੀ ਕੋਈ ਪ੍ਰਵਾਹ ਨਹੀਂ ਰਹੀ।
-ਜਤਿੰਦਰ ਪਨੂੰ

1221 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper