Latest News
ਗੁੱਜਰ ਅੰਦੋਲਨ ਕਾਰਨ ਕਈ ਰੇਲ ਗੱਡੀਆਂ ਰੱਦ, ਸੜਕਾਂ ਜਾਮ

Published on 09 Feb, 2019 11:28 AM.

ਜੈਪੁਰ (ਨਵਾਂ ਜ਼ਮਾਨਾ ਸਰਵਿਸ)
ਗੁੱਜਰ ਨੇਤਾ ਕਰੋੜੀ ਸਿੰਘ ਬੈਂਸਲਾ ਆਪਣੇ ਸਮਰਥਕਾਂ ਨਾਲ ਸ਼ੁੱਕਰਵਾਰ ਤੋਂ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ 'ਚ ਰੇਲ ਪਟੜੀਆਂ 'ਤੇ ਬੈਠੇ ਹਨ। ਇੱਕ ਵਾਰ ਫਿਰ ਗੁੱਜਰ ਭਾਈਚਾਰਾ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਉਤਰਿਆ ਹੈ। ਉਨ੍ਹਾ ਸ਼ਨੀਵਾਰ ਨੂੰ ਕਿਹਾ ਕਿ ਗੁੱਜਰ ਭਾਈਚਾਰੇ ਦੀ ਮੰਗ ਨੂੰ ਪੂਰਾ ਕਰਨਾ ਪ੍ਰਧਾਨ ਮੰਤਰੀ (ਨਰੇਂਦਰ ਮੋਦੀ) ਅਤੇ ਮੁੱਖ ਮੰਤਰੀ (ਅਸ਼ੋਕ ਗਹਿਲੋਤ) ਲਈ ਵੱਡਾ ਕੰਮ ਨਹੀਂ ਹੋਣਾ ਚਾਹੀਦਾ। ਬੈਂਸਲਾ ਨੇ ਇਸ ਵਾਰ ਦੇ ਅੰਦੋਲਨ ਨੂੰ ਆਰ-ਪਾਰ ਦੀ ਲੜਾਈ ਦੱਸਿਆ ਹੈ, ਉਥੇ ਹੀ ਲਾਈਨਾਂ 'ਤੇ ਜਾਰੀ ਪ੍ਰਦਰਸ਼ਨ ਦੇ ਕਾਰਨ ਰੇਲ ਆਵਾਜ਼ਾਈ 'ਤੇ ਅਸਰ ਪਿਆ ਹੈ। ਹੁਣ ਤੱਕ 14 ਰੇਲ ਗੱਡੀਆਂ ਰੱਦ ਕੀਤੀਆਂ ਜਾ ਚੁੱਕੀਆਂ ਹਨ ਅਤੇ 20 ਰੇਲ ਗੱਡੀਆਂ ਦੇ ਮਾਰਗ ਬਦਲੇ ਗਏ ਹਨ।
ਬੈਂਸਲਾ ਨੇ ਕਿਹਾ, 'ਸਾਡੇ ਕੋਲ ਚੰਗੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਹਨ, ਅਸੀਂ ਚਾਹੁੰਦੇ ਹਾਂ ਕਿ ਉਹ ਗੁੱਜਰ ਭਾਈਚਾਰੇ ਦੀਆਂ ਮੰਗਾਂ ਸੁਣਨ। ਉਨ੍ਹਾਂ ਲਈ ਰਾਖਵਾਂਕਰਨ ਦੇਣਾ ਕੋਈ ਬਹੁਤ ਵੱਡਾ ਕੰਮ ਨਹੀਂ।' ਉਨ੍ਹਾ ਸ਼ੁੱਕਰਵਾਰ ਨੂੰ ਕਿਹਾ, 'ਸੂਬਾ ਸਰਕਾਰ (ਅਸ਼ੋਕ ਗਹਿਲੋਤ ਸਰਕਾਰ) ਨੂੰ ਆਪਣੇ ਵਾਅਦੇ 'ਤੇ ਖਰਾ ਉਤਰਨਾ ਚਾਹੀਦਾ ਹੈ। ਹਾਲਾਤ ਬਦਲ ਗਏ ਹਨ, ਇਸ ਵਾਰ ਅਸੀਂ ਰੁਕਾਂਗੇ ਨਹੀਂ।'
ਉਧਰ ਮਾਧੋਪੁਰ ਜ਼ਿਲ੍ਹੇ ਦੇ ਮਲਾਰਨਾ ਸਟੇਸ਼ਨ ਦੇ ਕੋਲ ਸੈਂਕੜੇ ਗੁੱਜਰ ਰੇਲ ਲਾਈਨਾਂ 'ਤੇ ਕਬਜ਼ਾ ਕਰਕੇ ਬੈਠੇ ਹਨ, ਉਥੇ ਹੀ ਦੌਸਾ ਦੇ ਸਿਕੰਦਰਾ ਚੁਰਾਹੇ 'ਤੇ ਵੀ ਗੁੱਜਰਾਂ ਨੇ ਡੇਰਾ ਜਮਾਇਆ ਹੈ।
ਗੁੱਜਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨ 'ਚ ਰਾਜਸਥਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਰਾਖਵੇਂਕਰਨ ਦੀ ਚਿੱਠੀ ਨਹੀਂ ਦਿੱਤੀ ਤਾਂ ਰਾਸ਼ਟਰੀ ਰਾਜਮਾਰਗ-21 ਜੈਪੁਰ-ਆਗਰਾ ਹਾਈਵੇ ਨੂੰ ਜਾਮ ਕਰ ਦਿੱਤਾ ਜਾਵੇਗਾ। ਦੌਸਾ ਜ਼ਿਲ੍ਹੇ ਦੇ ਸਿਕੰਦਰਾ 'ਚ ਗੁੱਜਰ ਰਾਖਵਾਂਕਰਨ ਅੰਦੋਲਨ 2019 ਨੂੰ ਲੈ ਕੇ ਕਰਨਲ ਕਰੋੜੀ ਸਿੰਘ ਬੈਂਸਲਾ ਦੇ ਸੜਕੀ ਮਾਰਗ ਜਾਮ ਦੇ ਸੱਦੇ ਤੋਂ ਬਾਅਦ ਗੁੱਜਰ ਨੇ ਕਰੀਬ ਦੋ ਘੰਟੇ ਤੱਕ ਮੀਟਿੰਗ ਕੀਤੀ, ਜਿਸ 'ਚ ਨੈਸ਼ਨਲ ਹਾਈਵੇ ਜਾਮ ਕਰਨ ਨੂੰ ਲੈ ਕੇ ਚਰਚਾ ਹੋਈ।
ਮੀਟਿੰਗ 'ਚ ਗੁੱਜਰ ਸਮਾਜ ਨੂੰ ਰਾਖਵਾਂਕਰਨ ਨਾ ਮਿਲਣ 'ਤੇ ਸਰਕਾਰ ਖਿਲਾਫ਼ ਗੁੱਸਾ ਜਤਾਇਆ ਗਿਆ ਅਤੇ ਸਰਕਰ ਨੂੰ ਪੰਜ ਫੀਸਦੀ ਰਾਖਵਾਂਕਰਨ ਦੀ ਮੰਗ ਛੇਤੀ ਪੂਰੀ ਕਰਨ ਦੀ ਚੇਤਾਵਨੀ ਦਿੱਤੀ ਗਈ। ਇਸ ਦੌਰਾਨ ਗਹਿਲੋਤ ਸਰਕਾਰ ਵੱਲੋਂ ਗੁੱਜਰ ਅੰਦੋਲਨਕਾਰੀਆਂ ਨਾਲ ਰੇਲ ਲਾਈਨਾਂ 'ਤੇ ਗੱਲਬਾਤ ਕਰਨ ਲਈ ਸੈਰ-ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਅਤੇ ਆਈ ਏ ਐੱਸ ਨੀਰਜ ਕੇ ਪਵਨ ਪਹੁੰਚੇ। ਇਸ ਦੌਰਾਨ ਸੈਰ-ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਗੁੱਜਰਾਂ ਦੇ ਨਾਲ ਖੜ੍ਹੇ ਹਨ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾ ਨੂੰ ਭੇਜਿਆ ਹੈ। ਸ੍ਰੀ ਸਿੰਘ ਨੇ ਕਿਹਾ ਕਿ ਗੁੱਜਰਾਂ ਦੇ ਪ੍ਰਤੀਨਿਧੀ ਮੰਡਲ ਦੇ ਨਾਲ ਗੱਲਬਾਤ ਹੋ ਸਕਦੀ ਹੈ, ਪਰ ਗੁੱਜਰ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਕਨਵੀਨਰ ਕਰਨਲ ਕਰੋੜੀ ਸਿੰਘ ਬੈਂਸਲਾ ਨੇ ਕਿਹਾ ਕਿ ਅੰਦੋਲਨ ਜਾਰੀ ਰਹੇਗਾ ਅਤੇ ਕੋਈ ਵੀ ਪ੍ਰਤੀਨਿਧੀ ਮੰਡਲ ਗੱਲਬਾਤ ਲਈ ਨਹੀਂ ਜਾਵੇਗਾ, ਲਾਈਨਾਂ 'ਤੇ ਹੀ ਗੁੱਜਰਾਂ ਨੂੰ 5 ਫੀਸਦੀ ਦੀ ਚਿੱਠੀ ਚਾਹੀਦੀ ਹੈ।

425 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper