Latest News
ਅਮਰੀਕਾ-ਤਾਲਿਬਾਨ ਸ਼ਾਂਤੀਵਾਰਤਾ ਪਿੱਛੇ ਪਾਕਿ ਨਿਭਾ ਰਿਹੈ ਵੱਡੀ ਭੂਮਿਕਾ

Published on 10 Feb, 2019 11:00 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਅਫਗਾਨਿਸਤਾਨ 'ਚ ਅਮਰੀਕੀ ਹਮਲੇ ਨੂੰ ਖ਼ਤਮ ਹੋਏ ਲੰਮਾ ਸਮਾਂ ਬੀਤ ਚੁੱਕਾ ਹੈ। ਹੁਣ ਪਾਕਿਸਤਾਨ ਨੇ ਅਫਗਾਨ ਤਾਲਿਬਾਨ ਨਾਲ ਅਮਰੀਕੀ ਸ਼ਾਂਤੀ ਗੱਲਬਾਤ 'ਚ ਪਰਦੇ ਦੇ ਪਿੱਛੇ ਤੋਂ ਅਹਿਮ ਭੂਮਿਕਾ ਅਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਅਧਿਕਾਰੀਆਂ ਤੇ ਤਾਲਿਬਾਨ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਸਹਿਯੋਗ ਨਾ ਕਰਨ ਵਾਲੇ ਤਾਲਿਬਾਨ ਨੇਤਾਵਾਂ 'ਤੇ ਦਬਾਅ ਵੀ ਪਾ ਰਿਹਾ ਹੈ। ਵਿਦਰੋਹੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਅੱਤਵਾਦੀਆ ਦੇ ਪਰਵਾਰਾਂ ਨੂੰ ਹਿਰਾਸਤ 'ਚ ਲੈਣ ਦਾ ਮਾਮਲਾ ਵੀ ਸ਼ਾਮਲ ਹੈ। ਸ਼ਾਂਤੀ ਗੱਲਬਾਤ 'ਚ ਪਾਕਿਸਤਾਨ ਦੀ ਭੂਮਿਕਾ ਤਰੀਫ਼ਯੋਗ ਹੈ। ਇਸਲਾਮਾਬਾਦ ਤਾਲਿਬਾਨ ਦੇ ਉਪਰ ਦਿਖਣ ਵਾਲੇ ਆਪਣੇ ਪ੍ਰਭਾਵ ਨੂੰ ਨਜਰਅੰਦਾਜ਼ ਕਰਨ ਦੀ ਕੋਸ਼ਿਸ ਕਰ ਰਿਹਾ ਹੈ, ਜਿਸ ਨੂੰ ਲੈ ਕੇ ਵਾਸ਼ਿੰਗਟਨ ਲੰਮੇ ਸਮੇਂ ਤੋਂ ਦੋਸ਼ ਲਾਉਂਦਾ ਆ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਇਹ ਮਦਦ ਅਸਥਾਈ ਹੋ ਸਕਦੀ ਹੈ। ਉਥੇ ਤਾਲਿਬਾਨ ਵੀ ਇਸਲਾਮਾਬਾਦ ਦਾ ਅਹਿਸਾਨ ਲੈਣਾ ਚਾਹੁੰਦਾ ਹੈ। 17 ਸਾਲ ਪੁਰਾਣੀ ਲੜਾਈ ਦੌਰਾਨ ਪਾਕਿਸਤਾਨ 'ਚ ਵਿਦਰੋਹੀਆਂ ਦੇ ਲੁਕਣ ਲਈ ਸੁਰੱਖਿਅਤ ਜਗ੍ਹਾ ਅਤੇ ਉਨ੍ਹਾਂ ਨੂੰ ਮਦਦ ਦੇ ਅਮਰੀਕੀ ਦੋਸ਼ਾਂ ਨੂੰ ਪਾਕਿਸਤਾਨ ਨਕਾਰਦਾ ਰਿਹਾ ਹੈ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਇਸ ਗੱਲਬਾਤ 'ਚ ਪਾਕਿਸਤਾਨ ਦੀ ਭੂਮਿਕਾ 'ਤੇ ਕਿਹਾ, 'ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਦੀ ਮਦਦ ਦੇ ਬਿਨਾਂ ਇਹ ਸ਼ਾਂਤੀ ਸੰਭਵ ਨਹੀਂ ਹੋਵੇਗੀ। ਉਨ੍ਹਾਂ ਕੁਝ ਕਦਮ ਚੁੱਕੇ ਹਨ ਅਤੇ ਗੱਲਬਾਤ ਲਈ ਦੋਵਾਂ ਦੇਸ਼ਾਂ ਦੀ ਯਾਤਰਾ ਵੀ ਕੀਤੀ ਹੈ।' ਤਾਲਿਬਾਨ ਸੂਤਰਾਂ ਨੇ ਕਿਹਾ ਕਿ ਤਾਲਿਬਾਨ ਨੂੰ ਸ਼ਾਂਤੀ ਗੱਲਬਾਤ ਦੇ ਮੇਜ਼ ਤੱਕ ਲਿਆਉਣ 'ਚ ਪਾਕਿਸਤਾਨ ਦਾ ਯੋਗਦਾਨ ਰਿਹਾ ਹੈ। ਸਭ ਤੋਂ ਪਹਿਲਾਂ ਇਸਲਾਮਾਬਾਦ ਨੇ ਧਾਰਮਕ ਨੇਤਾਵਾਂ ਜ਼ਰੀਏ ਅੱਤਵਾਦੀਆਂ ਨੂੰ ਇੱਕ ਸੰਦੇਸ਼ ਭੇਜਿਆ ਕਿ ਉਨ੍ਹਾਂ ਨੂੰ ਅਮਰੀਕਾ ਨਾਲ ਗੱਲਬਾਤ ਕਰਨੀ ਹੋਵੇਗੀ। ਤਾਲਿਬਾਨ ਦੇ ਇੱਕ ਨੇਤਾ ਨੇ ਕਿਹਾ ਕਿ ਉਨ੍ਹਾਂ ਤਾਲਿਬਾਨ ਮੈਂਬਰਾਂ ਦੇ ਪਰਵਾਰਾਂ ਨੂੰ ਹਿਰਾਸਤ 'ਚ ਲੈ ਲਿਆ ਤਾਂ ਕਿ ਦਬਾਅ ਬਣਾਇਆ ਜਾ ਸਕੇ। ਨਾਂਅ ਨਾ ਦੱਸਣ ਦੀ ਸ਼ਰਤ 'ਤੇ ਤਾਲਿਬਾਨ ਨੇਤਾ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦੀਆਂ 'ਤੇ 'ਬਹੁਤ ਜ਼ਿਆਦਾ' ਦਬਾਅ ਬਣਾਇਆ ਅਤੇ ਕਈ ਮਹੀਨਿਆਂ ਤੱਕ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਰੱਖਿਆ ਗਿਆ। ਤਾਲਿਬਾਨ ਆਗੂ ਮੁਤਾਬਕ, 'ਪਾਕਿਸਤਾਨ ਨੇ ਸਾਨੂੰ (ਤਾਲਿਬਾਨ) ਨੂੰ ਸਪੱਸ਼ਟ ਕਰ ਦਿੱਤਾ ਕਿ ਸਾਨੂੰ ਅਮਰੀਕਾ ਅਤੇ ਅਫਗਾਨ ਸਰਕਾਰ ਨਾਲ ਗੱਲਬਾਤ ਕਰਨੀ ਹੋਵੇਗੀ।'

176 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper