Latest News
ਡਿਜੀਟਲ ਯੁੱਗ 'ਚ ਨਿਆਂ ਪ੍ਰਕਿਰਿਆ ਦਬਾਅ 'ਚ : ਜਸਟਿਸ ਸੀਕਰੀ

Published on 10 Feb, 2019 11:07 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜਸਟਿਸ ਏ ਕੇ ਸੀਕਰੀ ਨੇ ਐਤਵਾਰ ਨੂੰ ਕਿਹਾ ਕਿ ਨਿਆਂਇਕ ਪ੍ਰਕਿਰਿਆ ਦਬਾਅ 'ਚ ਹੈ ਅਤੇ ਕਿਸੇ ਮਾਮਲੇ 'ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਬਹਿਸ ਕਰਨ ਲੱਗ ਜਾਂਦੇ ਹਨ ਕਿ ਇਸ ਦਾ ਫੈਸਲਾ ਕੀ ਆਉਣਾ ਚਾਹੀਦਾ? ਇਸ ਦਾ ਜੱਜ 'ਤੇ ਪ੍ਰਭਾਵ ਪੈਂਦਾ ਹੈ। ਜਸਟਿਸ ਸੀਕਰੀ ਨੇ ਲਾਏਸ਼ੀਆ ਦੇ ਪਹਿਲੇ ਸੰਮੇਲਨ 'ਚ 'ਡਿਜੀਟਲ ਯੁੱਗ 'ਚ ਪ੍ਰੈੱਸ ਦੀ ਆਜ਼ਾਦੀ' ਵਿਸ਼ੇ 'ਤੇ ਚਰਚਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਨਾਗਰਿਕ ਅਤੇ ਮਨੁੱਖੀ ਅਧਿਕਾਰਾਂ ਦੀ ਰੂਪ-ਰੇਖਾ ਅਤੇ ਕਸੌਟੀ ਨੂੰ ਬਦਲ ਰਹੀ ਹੈ ਅਤੇ ਮੀਡੀਆ ਟਰਾਈਲ ਦਾ ਮੌਜੂਦਾ ਰੁਝਾਨ ਉਸ ਦੀ ਇੱਕ ਮਿਸਾਲ ਹੈ।
ਜਸਟਿਸ ਸੀਕਰੀ ਨੇ ਕਿਹਾ, 'ਮੀਡੀਆ ਟਰਾਇਲ ਪਹਿਲਾਂ ਵੀ ਹੁੰਦੇ ਸਨ, ਪਰ ਅੱਜ ਜੋ ਹੋ ਰਿਹਾ ਹੈ, ਉਹ ਇਹ ਕਿ ਜਿਸ ਤਰ੍ਹਾਂ ਕੋਈ ਮੁੱਦਾ ਬੁਲੰਦ ਕੀਤਾ ਜਾਂਦਾ ਹੈ, ਇੱਕ ਪਟੀਸ਼ਨ ਦਾਖਲ ਕਰ ਦਿੱਤੀ ਜਾਂਦੀ ਹੈ। ਇਸ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਇਹ ਚਰਚਾ ਸ਼ੁਰੂ ਕਰ ਦਿੰਦੇ ਹਨ ਕਿ ਇਸ ਦਾ ਫੈਸਲਾ ਕੀ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਫੈਸਲਾ ਕੀ ਹੈ, ਬਲਕਿ ਫੈਸਲਾ ਕੀ ਹੋਣਾ ਚਾਹੀਦਾ। ਮੇਰਾ ਤਜਰਬਾ ਹੈ ਕਿ ਜੱਜ ਕਿਸ ਤਰ੍ਹਾਂ ਮਾਮਲੇ ਦਾ ਫੈਸਲਾ ਕਰਦਾ ਹੈ, ਇਸ 'ਤੇ ਪ੍ਰਭਾਵ ਪੈਂਦਾ ਹੈ।'
ਜਸਟਿਸ ਸੀਕਰੀ ਨੇ ਕਿਹਾ, 'ਇਹ ਸੁਪਰੀਮ ਕੋਰਟ 'ਚ ਜ਼ਿਆਦਾ ਨਹੀਂ, ਕਿਉਂਕਿ ਜਦ ਤੱਕ ਉਹ (ਜੱਜ) ਸੁਪਰੀਮ ਕੋਰਟ 'ਚ ਪਹੁੰਚਦੇ ਹਨ, ਉਹ ਕਾਫ਼ੀ ਪਰਪੱਕ ਹੋ ਜਾਂਦੇ ਹਨ ਅਤੇ ਉਹ ਜਾਣਦੇ ਹਨ ਕਿ ਮੀਡੀਆ 'ਚ ਚਾਹੇ ਜੋ ਵੀ ਹੋ ਰਿਹਾ ਹੈ, ਉਨ੍ਹਾਂ ਕਾਨੂੰਨ ਦੇ ਆਧਾਰ 'ਤੇ ਮਾਮਲੇ ਦਾ ਫੈਸਲਾ ਕਿਸ ਤਰ੍ਹਾਂ ਕਰਨਾ ਹੈ। ਅੱਜ ਨਿਆਂਇਕ ਪ੍ਰਕਿਰਿਆ ਦਬਾਅ 'ਚ ਹੈ।' ਉਨ੍ਹਾ ਕਿਹਾ, 'ਕੁਝ ਸਾਲ ਪਹਿਲਾਂ ਇਹ ਧਾਰਨਾ ਸੀ ਕਿ ਚਾਹੇ ਸੁਪਰੀਮ ਕੋਰਟ ਹੋਵੇ, ਹਾਈ ਕੋਰਟ ਹੋਵੇ ਜਾਂ ਕੋਈ ਹੇਠਲੀ ਅਦਾਲਤ, ਇੱਕ ਵਾਰ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਤਾਂ ਤੁਹਾਨੂੰ ਫੈਸਲੇ ਦੀ ਆਲੋਚਨਾ ਕਰਨ ਦਾ ਪੂਰਾ ਅਧਿਕਾਰ ਹੈ। ਹੁਣ ਜੋ ਜੱਜ ਫੈਸਲਾ ਸੁਣਾਉਂਦੇ ਹਨ, ਉਨ੍ਹਾਂ ਨੂੰ ਵੀ ਬਦਨਾਮ ਕੀਤਾ ਜਾਂਦਾ ਹੈ ਤੇ ਉਨ੍ਹਾਂ ਖਿਲਾਫ਼ ਹਾਨੀਕਾਰਕ ਭਾਸ਼ਣ ਦਿੱਤਾ ਜਾਂਦਾ ਹੈ।'

130 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper