Latest News
ਟੀ ਐੱਮ ਸੀ ਵਿਧਾਇਕ ਦੀ ਹੱਤਿਆ, ਭਾਜਪਾ ਆਗੂ ਖਿਲਾਫ਼ ਐੱਫ ਆਈ ਆਰ

Published on 10 Feb, 2019 11:12 AM.


ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਪੱਛਮੀ ਬੰਗਾਲ ਦੇ ਨਦੀਆ 'ਚ ਤ੍ਰਿਣਮੂਲ ਕਾਂਗਰਸ ਵਿਧਾਇਕ ਸੱਤਿਆਜੀਤ ਬਿਸਵਾਸ ਦੀ ਹੱਤਿਆ ਦੇ ਮਾਮਲੇ 'ਚ ਭਾਜਪਾ ਨੇਤਾ ਮੁਕੁਲ ਰਾਏ ਖਿਲਾਫ਼ ਐੱਫ ਆਈ ਆਰ ਦਰਜ ਕੀਤੀ ਗਈ ਹੈ। ਅਸਲ 'ਚ ਸ਼ਨੀਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਟੀ ਐੱਮ ਸੀ ਵਿਧਾਇਕ ਸੱਤਿਆਜੀਤ ਬਿਸਵਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਹ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਗੰਜ ਤੋਂ ਵਿਧਾਇਕ ਸਨ। ਜਿਸ ਸਮੇਂ ਬਿਸਵਾਸ ਦੀ ਹੱਤਿਆ ਕੀਤੀ ਗਈ, ਉਸ ਸਮੇਂ ਉਹ ਆਪਣੇ ਖੇਤਰ 'ਚ ਸਰਸਵਤੀ ਪੂਜਾ ਸਮਾਰੋਹ 'ਚ ਸ਼ਾਮਲ ਹੋਣ ਗਏ ਹੋਏ ਸਨ। ਸਰਸਵਤੀ ਪੂਜਾ ਦੇ ਮੌਕੇ ਇੱਕ ਸੰਸਕ੍ਰਿਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੋਗਰਾਮ 'ਚ ਜਦ ਉਹ ਮੰਚ ਤੋਂ ਉਤਰ ਰਹੇ ਸਨ ਤਾਂ ਉਸੇ ਸਮੇਂ ਹਮਲਾਵਰਾਂ ਨੇ ਉਨ੍ਹਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀ ਚਲਾ ਦਿੱਤੀ। ਪੁਲਸ ਨੇ ਦੱਸਿਆ ਕਿ ਵਿਧਾਇਕ ਬਿਸਵਾਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾ ਨੂੰ ਮ੍ਰਿਤਕ ਐਲਾਨ ਦਿੱਤਾ।
ਵਿਧਾਇਕ ਬਿਸਵਾਸ ਦੀ ਹੱਤਿਆ ਦੇ ਦੋਸ਼ 'ਚ ਪੁਲਸ ਨੇ ਸ਼ੁਰੂਆਤੀ ਜਾਂਚ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੁਲਸ ਨੇ ਇਸ ਹੱਤਿਆ ਕਾਂਡ ਨੂੰ ਲੈ ਕੇ ਐੱਫ ਆਈ ਆਰ ਦਰਜ ਕੀਤੀ ਹੈ, ਉਸ 'ਚ ਭਾਜਪਾ ਨੇਤਾ ਮੁਕੁਲ ਰਾਓ ਦਾ ਵੀ ਨਾਂਅ ਸ਼ਾਮਲ ਹੈ। ਨਾਲ ਹੀ ਹੱਤਿਆ ਤੋਂ ਬਾਅਦ ਹੰਸਖਲੀ ਪੁਲਸ ਸਟੇਸ਼ਨ ਦੇ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਨਾਦੀਆ ਜ਼ਿਲ੍ਹਾ ਬੰਗਲਾਦੇਸ਼ ਦੇ ਬਾਰਡਰ ਨਾਲ ਜੁੜਿਆ ਹੋਇਆ ਹੈ। ਕੁਝ ਸਮੇਂ ਤੋਂ ਭਾਜਪਾ ਨੇ ਇੱਥੇ ਆਪਣੀਆਂ ਸਿਆਸੀ ਗਤੀਵਿਧੀਆਂ ਵਧਾਈਆਂ ਸਨ। ਸੱਤਿਆਜੀਤ ਬਿਸਵਾਸ ਉਸ ਮਤੂਆ ਭਾਈਚਾਰੇ ਨਾਲ ਜੁੜੇ ਹੋਏ ਸਨ, ਜਿਸ ਦਾ ਵੋਟ ਬੈਂਕ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੋਵਾਂ ਦੀ ਜਿੱਤ ਲਈ ਮਹੱਤਵਪੂਰਨ ਹੈ। ਨਾਦੀਆ ਜ਼ਿਲ੍ਹੇ ਦੇ ਤ੍ਰਿਣਮੂਲ ਕਾਂਗਰਸ ਪ੍ਰਧਾਨ ਗੌਰੀ ਸ਼ੰਕਰ ਦੱਤਾ ਨੇ ਹੱਤਿਆ ਦਾ ਦੋਸ਼ ਭਾਜਪਾ ਅਤੇ ਮੁਕੁਲ ਰਾਏ ਦੇ ਸਮਰੱਥਕਾਂ ਉਪਰ ਲਾਇਆ ਸੀ। ਹਾਲਾਂਕਿ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਲੀਪ ਘੋਸ਼ ਨੇ ਇਸ ਦੋਸ਼ ਨੂੰ ਬੇਬੁਨਿਆਦ ਅਤੇ ਗਲਤ ਦੱਸਿਆ ਹੈ। ਉਨ੍ਹਾ ਇਸ ਹੱਤਿਆ ਦੇ ਪਿੱਛੇ ਦਾ ਕਾਰਨ ਤ੍ਰਿਣਮੂਲ ਕਾਂਗਰਸ ਦੀ ਗੁੱਟਬੰਦੀ ਦੱਸੀ, ਪਰ ਹੁਣ ਭਾਜਪਾ ਨੇਤਾ ਖਿਲਾਫ਼ ਐੱਫ਼ ਆਈ ਆਰ ਦਰਜ ਹੋ ਗਈ ਹੈ।

285 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper