Latest News
ਰਾਹੁਲ ਨੇ ਕਿਹਾ; ਯੂ ਪੀ ਤੋਂ ਕਾਂਗਰਸ ਦੀ ਸ਼ੁਰੂਆਤ

Published on 11 Feb, 2019 11:25 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)
ਕਹਿੰਦੇ ਹਨ ਕਿ ਦਿੱਲੀ ਦੀ ਸੱਤਾ ਯੂ ਪੀ ਤੋਂ ਹੋ ਕੇ ਜਾਂਦੀ ਹੈ, ਇਸ ਲਈ ਸਾਰੇ ਰਾਜਨੀਤਕ ਦਲਾਂ ਦੀ ਤਰਜੀਹ 80 ਲੋਕ ਸਭਾ ਸੀਟਾਂ ਵਾਲੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਦੀ ਹੁੰਦੀ ਹੈ। ਇੱਥੇ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਪਿਛਲੀਆਂ ਚੋਣਾਂ 'ਚ ਖਰਾਬ ਰਿਹਾ ਹੈ। ਸੋਮਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਵਨਿਯੁਕਤ ਪਾਰਟੀ ਜਨਰਲ ਸਕੱਤਰ (ਪੂਰਬੀ) ਪ੍ਰਿਯੰਕਾ ਗਾਂਧੀ ਅਤੇ ਜਨਰਲ ਸਕੱਤਰ (ਪੱਛਮੀ) ਜਿਯੋਤਿਰਦਿੱਤਿਆ ਸਿੰਧੀਆ ਨਾਲ ਲਖਨਊ 'ਚ ਰੋਡ ਸ਼ੋਅ ਕਰਕੇ ਪਾਰਟੀ ਵਰਕਰਾਂ 'ਚ ਨਵਾਂ ਜ਼ੋਸ਼ ਭਰਨ ਦੀ ਕੋਸ਼ਿਸ਼ ਕੀਤੀ। ਰੋਡ ਸ਼ੋਅ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਪ੍ਰਿਯੰਕਾ ਅਤੇ ਸਿੰਧੀਆ ਨੂੰ ਯੂ ਪੀ ਭੇਜਣ ਪਿੱਛੇ ਦੇ ਆਪਣੇ ਪਲਾਨ ਨੂੰ ਵੀ ਦੱਸਿਆ। ਰਾਹੁਲ ਨੇ ਕਿਹਾ ਕਿ ਯੂ ਪੀ ਤੋਂ ਹੀ ਕਾਂਗਰਸ ਪਾਰਟੀ ਦੀ ਸ਼ੁਰੂਆਤ ਹੋਈ ਸੀ ਅਤੇ ਇੱਥੇ ਪਾਰਟੀ ਕਮਜ਼ੋਰ ਨਹੀਂ ਰਹਿ ਸਕਦੀ। ਉਨ੍ਹਾ ਕਿਹਾ, 'ਯੂ ਪੀ 'ਚ ਪਾਰਟੀ ਨੂੰ ਖੜਾ ਕਰਨ ਦਾ ਕੰਮ ਮੈਂ ਪ੍ਰਿਯੰਕਾ ਅਤੇ ਜਿਯੋਤਿਰਦਿੱਤਿਆ ਸਿੰਧੀਆ ਨੂੰ ਦਿੱਤਾ ਹੈ। ਮੈਂ ਇਨ੍ਹਾਂ ਨੂੰ ਕਿਹਾ ਹੈ ਕਿ ਲੋਕ ਸਭਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਹੋਣਾ ਚਾਹੀਦਾ ਹੈ ਤੇ ਅਸੰਬਲੀ ਚੋਣਾਂ 'ਚ ਕਾਂਗਰਸ ਦੀ ਸਰਕਾਰ ਬਣਾਉਣੀ ਪਵੇਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਇੱਕ ਇੰਚ ਬਿਨਾਂ ਪਿੱਛੇ ਹਟੇ ਪੂਰਾ ਕਰਨਾ ਹੋਵੇਗਾ। ਪ੍ਰਿਯੰਕਾ, ਸਿੰਧੀਆ ਸਮੇਤ ਕਾਂਗਰਸ ਪਾਰਟੀ ਦੇ ਵਰਕਰ ਸੂਬੇ 'ਚ ਸਰਕਾਰ ਬਣਾਉਣ ਦੇ ਮਿਸ਼ਨ 'ਚ ਲੱਗ ਗਏ ਹਨ। ਇਸ ਦੌਰਾਨ ਉਨ੍ਹਾ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਕਿਸੇ ਵੀ ਪ੍ਰਦੇਸ਼ 'ਚ ਬੈਕ ਫੁਟ 'ਤੇ ਨਹੀਂ, ਫਰੰਟ ਫੁੱਟ 'ਤੇ ਖੇਡੇਗੀ।
ਉਨ੍ਹਾ ਕਿਹਾ ਕਿ ਸਾਡੀ ਪਾਰਟੀ ਬੇਝਿਜਕ, ਬਿਨਾਂ ਡਰੇ, ਬਿਨਾਂ ਘਬਰਾਏ ਹਰ ਪ੍ਰਦੇਸ਼ 'ਚ ਫਰੰਟ ਫੁੱਟ 'ਤੇ ਖੇਡੇਗੀ। ਰਾਹੁਲ ਨੇ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਇੱਕ ਪਾਸੇ ਕਾਂਗਰਸ ਹੈ, ਜਿਸ ਦੀ ਵਿਚਾਰਧਾਰਾ ਪਿਆਰ, ਭਾਈਚਾਰਾ ਅਤੇ ਜਨਤਾ ਨੂੰ ਜੋੜਨ ਦੀ ਹੈ, ਦੂਜੇ ਪਾਸੇ ਭਾਜਪਾ, ਆਰ ਐੱਸ ਅੱੈਸ ਅਤੇ ਨਰੇਂਦਰ ਮੋਦੀ ਦੀ ਵਿਚਾਰਧਾਰਾ ਦੇਸ਼ ਨੂੰ ਤੋੜਨ, ਨਫ਼ਰਤ ਫੈਲਾਉਣ ਦੀ ਤੇ ਦੇਸ਼ ਨੂੰ ਕਮਜ਼ੋਰ ਕਰਨ ਦੀ ਹੈ।
ਉਨ੍ਹਾ ਕਿਹਾ ਕਿ ਤੁਸੀਂ ਨਤੀਜੇ ਦੇਖ ਲਏ ਹਨ ਕਿ ਨਰੇਂਦਰ ਮੋਦੀ ਨੇ ਪੰਜ ਸਾਲ 'ਚ ਕੀ ਕੀਤਾ? ਰਾਹੁਲ ਨੇ ਕਿਹਾ ਕਿ ਨੌਜਵਾਨ ਕਹਿ ਰਹੇ ਹਨ ਕਿ ਚੌਕੀਦਾਰ ਨੇ ਇੱਕ ਨੂੰ ਵੀ ਰੁਜ਼ਗਾਰ ਨਹੀਂ ਦਿੱਤਾ। ਮੋਦੀ ਨੇ ਕਿਹਾ ਸੀ ਕਿ ਹਰ ਸਾਲ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, ਪਰ ਉਨ੍ਹਾਂ ਕੇਵਲ ਅਨਿਲ ਅੰਬਾਨੀ ਨੂੰ ਲਾਭ ਪਹੁੰਚਾਇਆ। ਉਨ੍ਹਾ ਕਿਹਾ ਕਿ ਦੇਸ਼ ਦੇ ਕਿਸਾਨ ਕਹਿ ਰਹੇ ਹਨ ਕਿ ਸਾਢੇ ਤਿੰਨ ਲੱਖ ਕਰੋੜ ਰੁਪਇਆ 15 ਲੋਕਾਂ ਦਾ ਮੁਆਫ਼ ਕੀਤਾ ਜਾ ਸਕਦਾ ਹੈ, ਪਰ ਕਿਸਾਨਾਂ ਦਾ ਮੁਆਫ਼ ਨਹੀਂ ਕੀਤਾ ਜਾ ਸਕਦਾ? ਸੰਬੋਧਨ ਦੌਰਾਨ ਉਨ੍ਹਾ ਵਾਰ-ਵਾਰ 'ਚੌਕੀਦਾਰ ਚੋਰ ਹੈ' ਦਾ ਨਾਅਰਾ ਵੀ ਲਾਇਆ।
ਉਨ੍ਹਾ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਾਰਿਆਂ ਨੂੰ ਦੇਖ ਲਿਆ ਹੈ, ਹੁਣ ਉਨ੍ਹਾਂ ਨੂੰ ਕਾਂਗਰਸ ਦੀ ਸਰਕਾਰ ਚਾਹੀਦੀ ਹੈ। ਯੂ ਪੀ 'ਚ ਕਾਂਗਰਸ ਨੂੰ ਅੱਗੇ ਵਧਾਉਣਾ ਹੈ ਅਤੇ ਇਸ ਲਈ ਜ਼ਮੀਨੀ ਨੇਤਾਵਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ। ਜੋ ਹੈਲੀਕਾਪਟਰ ਤੋਂ ਆਉਂਦੇ ਹਨ, ਚਲੇ ਜਾਂਦੇ ਹਨ, ਸਾਨੂੰ ਉਹ ਨਹੀਂ ਚਾਹੀਦੇ। ਨੌਜਵਾਨਾਂ ਨੂੰ ਰਾਹੁਲ ਨੇ ਕਿਹਾ, 'ਮੋਦੀ ਜੀ ਆਏ ਸਨ, 56 ਇੰਚ ਦੀ ਛਾਤੀ ਦੱਸੀ ਸੀ। ਮੈਂ ਪ੍ਰਧਾਨ ਮੰਤਰੀ ਨਹੀਂ ਚੌਕੀਦਾਰ ਬਣਨਾ ਚਾਹੁੰਦਾ ਹਾਂ। ਅਖ਼ਬਾਰ 'ਚ ਆਇਆ ਹੈ ਕਿ ਰਾਫ਼ੇਲ 'ਤੇ ਹਵਾਈ ਫੌਜ ਦੀ ਜੋ ਗੱਲ ਚੱਲ ਰਹੀ ਸੀ, ਉਸ 'ਚ ਪ੍ਰਧਾਨ ਮੰਤਰੀ ਨੇ ਦਖ਼ਲ-ਅੰਦਾਜ਼ੀ ਕੀਤੀ।' ਰਾਹੁਲ ਨੇ ਦੋਸ਼ ਲਾਇਆ ਕਿ ਹਰ ਡਿਫੈਂਸ ਸਮਝੌਤੇ 'ਚ ਭ੍ਰਿਸ਼ਟਾਚਾਰ ਖਿਲਾਫ਼ ਇੱਕ ਕਲਾਜ਼ ਹੁੰਦਾ ਹੈ, ਉਸ 'ਚ ਲਿਖਿਆ ਹੁੰਦਾ ਹੈ ਕਿ ਜੇਕਰ ਭ੍ਰਿਸ਼ਟਾਚਾਰ ਹੁੰਦਾ ਹੈ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਕਰਾਰ ਰੱਦ ਵੀ ਕੀਤਾ ਜਾ ਸਕਦਾ ਹੈ, ਪਰ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਦਾ ਪੈਸਾ ਲੁੱਟ ਕੇ ਅਨਿਲ ਅੰਬਾਨੀ ਨੂੰ ਦੇ ਦਿੱਤਾ। ਮੋਦੀ ਜੀ ਦਾ ਖੋਖਲਾਪਨ ਦੇਸ਼ ਦੇ ਨੌਜਵਾਨਾਂ ਤੇ ਕਿਸਾਨਾਂ ਦੇ ਸਾਹਮਣੇ ਆਇਆ ਹੈ। ਉਨ੍ਹਾ ਕਿਹਾ ਕਿ ਕਾਂਗਰਸ ਵਰਕਰਾਂ ਦੇ ਕੋਲ ਕਈ ਮੁੱਦੇ ਹਨ। ਚੋਣਾਂ 'ਚ ਇਸ ਵਾਰ ਰੁਜ਼ਗਾਰ, ਭ੍ਰਿਸ਼ਟਾਚਾਰ, ਕਰਜ਼ ਮੁਆਫ਼ੀ ਵਰਗੇ ਕਈ ਮੁੱਦੇ ਹਨ। ਇੱਥੇ ਗਠਜੋੜ ਵੀ ਚੋਣ ਲੜ ਰਿਹਾ ਹੈ, ਮੈਂ ਮਾਇਆਵਤੀ ਅਤੇ ਅਖਿਲੇਸ਼ ਦਾ ਆਦਰ ਕਰਦਾ ਹਾਂ, ਪਰ ਕਾਂਗਰਸ ਪੂਰੇ ਜੋਸ਼ ਨਾਲ ਲੜੇਗੀ ਤੇ ਆਪਣੀ ਵਿਚਾਰਧਾਰਾ ਲਈ ਲੜੇਗੀ।

179 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper