Latest News
ਸੀ ਬੀ ਆਈ ਸਾਹਮਣੇ ਪੇਸ਼ ਹੋਏ ਪੁਲਸ ਕਮਿਸ਼ਨਰ ਰਾਜੀਵ ਕੁਮਾਰ

Published on 11 Feb, 2019 11:48 AM.


ਸ਼ਿਲਾਂਗ (ਨਵਾਂ ਜ਼ਮਾਨਾ ਸਰਵਿਸ)
ਕੋਲਕਾਤਾ ਦੇ ਪੁਲਸ ਪ੍ਰਮੁੱਖ ਰਾਜੀਵ ਕੁਮਾਰ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸਾਂਸਦ ਕੁਨਾਲ ਘੋਸ਼ ਚਿੱਟ ਫੰਡ ਮਾਮਲੇ 'ਚ ਪੁੱਛਗਿੱਛ ਲਈ ਸੋਮਵਾਰ ਨੂੰ ਸੀ ਬੀ ਆਈ ਦੇ ਸਾਹਮਣੇ ਪੇਸ਼ ਹੋਏ। ਕੁਮਾਰ ਅੱਜ ਤੀਜੇ ਦਿਨ ਅਤੇ ਘੋਸ਼ ਦੂਜੇ ਦਿਨ ਸੀ ਬੀ ਆਈ ਦੇ ਸਾਹਮਣੇ ਪੇਸ਼ ਹੋਏ। ਇਸ ਸੰਬੰਧ 'ਚ ਇੱਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘੋਸ਼ ਸਵੇਰੇ ਕਰੀਬ 10 ਵਜੇ ਸੀ ਬੀ ਆਈ ਦਫ਼ਤਰ ਪਹੁੰਚੇ, ਜਦਕਿ ਕੁਮਾਰ ਉਨ੍ਹਾ ਦੇ ਇੱਕ ਘੰਟਾ ਬਾਅਦ ਪਹੁੰਚੇ। ਉਨ੍ਹਾ ਦੱਸਿਆ ਕਿ ਐਤਵਾਰ ਨੂੰ ਜਾਂਚ ਏਜੰਸੀ ਨੇ ਕੁਮਾਰ ਤੋਂ ਇਕੱਲੇ ਅਤੇ ਫਿਰ ਘੋਸ਼ ਦੇ ਨਾਲ ਪੁੱਛਗਿੱਛ ਕੀਤੀ। ਇਹ ਪੁੱਛਗਿੱਛ ਅੱਠ ਘੰਟੇ ਤੋਂ ਜ਼ਿਆਦਾ ਸਮਾਂ ਚੱਲੀ।
ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸਾਂਸਦ ਨੂੰ 2013 'ਚ ਸ਼ਾਰਦਾ ਪੌਂਜੀ ਘੁਟਾਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2016 ਤੋਂ ਉਹ ਜ਼ਮਾਨਤ 'ਤੇ ਹਨ। ਸੁਪਰੀਮ ਕੋਰਟ ਨੇ ਆਦੇਸ਼ ਅਨੁਸਾਰ ਸੀ ਬੀ ਆਈ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੀ ਬੀ ਆਈ ਦੇ ਤਿੰਨ ਅਧਿਕਾਰੀਆਂ ਨੇ ਕੁਮਾਰ ਤੋਂ ਸ਼ਨੀਵਾਰ ਨੂੰ ਸ਼ਾਰਦਾ ਮਾਮਲੇ 'ਚ ਜ਼ਰੂਰੀ ਸਬੂਤਾਂ ਨਾਲ ਛੇੜਛਾੜ ਕਰਨ 'ਚ ਉਨ੍ਹਾ ਦੀ ਕਥਿਤ ਭੂਮਿਕਾ ਨੂੰ ਲੈ ਕੇ ਕਰੀਬ ਨੌਂ ਘੰਟੇ ਪੁੱਛਗਿੱਛ ਕੀਤੀ। ਉਸ ਤੋਂ ਐਤਵਾਰ ਨੂੰ ਰੋਜ਼ ਵੈਲੀ ਮਾਮਲੇ 'ਚ ਵੀ ਪੁੱਛਗਿੱਛ ਕੀਤੀ ਗਈ। ਸ਼ਾਰਦਾ ਘੁਟਾਲੇ ਦੀ ਜਾਂਚ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੁਆਰਾ ਗਠਿਤ ਵਿਸ਼ੇਸ਼ ਜਾਂਚ ਦਲ (ਐੱਸ ਆਈ ਟੀ) ਦੀ ਅਗਵਾਈ ਕੁਮਾਰ ਨੇ ਕੀਤੀ ਸੀ। ਬਾਅਦ 'ਚ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਗਈ ਸੀ। ਦਿੱਲੀ 'ਚ ਅਧਿਕਾਰੀਆਂ ਨੇ ਦੱਸਿਆ ਕਿ ਕੁਮਾਰ ਦੀ ਪੁੱਛਗਿੱਛ ਦੌਰਾਨ ਵੀਡੀਓ ਬਣਾਉਣ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ। ਉਨ੍ਹਾ ਦੱਸਿਆ ਕਿ ਇਸ ਤਰ੍ਹਾਂ ਸਿਰਫ਼ ਹਿਰਾਸਤ 'ਚ ਪੁੱਛਗਿੱਛ ਦੌਰਾਨ ਕੀਤਾ ਜਾਂਦਾ ਹੈ।
ਘੋਸ਼ ਨੇ ਇਸ ਤੋਂ ਪਹਿਲਾਂ ਭਾਜਪਾ ਨੇਤਾ ਮੁਕੁਲ ਰਾਏ ਅਤੇ 12 ਹੋਰ ਲੋਕਾਂ 'ਤੇ ਸ਼ਾਰਦਾ ਘੁਟਾਲੇ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਮੁਕਲ ਰਾਏ ਇੱਕ ਸਮੇਂ ਮਮਤਾ ਬੈਨਰਜੀ ਦਾ ਸੱਜਾ ਹੱਥ ਹੋਇਆ ਕਰਦਾ ਸੀ, ਬਾਅਦ 'ਚ ਉਹ ਭਾਜਪਾ 'ਚ ਸ਼ਾਮਲ ਹੋ ਗਿਆ।

237 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper