Latest News
ਇਲਾਹਾਬਾਦ 'ਵਰਸਿਟੀ ਜਾ ਰਹੇ ਅਖਿਲੇਸ਼ ਨੂੰ ਏਅਰਪੋਰਟ 'ਤੇ ਰੋਕਿਆ

Published on 12 Feb, 2019 11:25 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)
ਇਲਾਹਾਬਾਦ ਯੂਨੀਵਰਸਿਟੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਲਖਨਊ ਏਅਰਪੋਰਟ 'ਤੇ ਰੋਕ ਦਿੱਤਾ ਗਿਆ। ਅਖਿਲੇਸ਼ ਨੂੰ ਰੋਕੇ ਜਾਣ ਨਾਲ ਏਅਰਪੋਰਟ 'ਤੇ ਪੁਲਸ, ਪ੍ਰਸ਼ਾਸਨ ਅਤੇ ਉਨ੍ਹਾ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋਈ। ਅਖਿਲੇਸ਼ ਯਾਦਵ ਨੇ ਇਸ 'ਤੇ ਟਵੀਟ ਕਰਕੇ ਵਿਰੋਧ ਪ੍ਰਗਟ ਕੀਤਾ ਹੈ। ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਇਲਾਹਾਬਾਦ ਯੂਨੀਵਰਸਿਟੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਅਖਿਲੇਸ਼ ਦੇ ਟਵੀਟ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਵਰਕਰ ਏਅਰਪੋਰਟ 'ਤੇ ਇਕੱਠੇ ਹੋ ਗਏ ਅਤੇ ਹੰਗਾਮਾ ਕਰਨ ਲੱਗੇ। ਮਾਮਲੇ ਵਧਣ 'ਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਪ੍ਰਯਾਗਰਾਜ 'ਚ ਅਰਾਜਕਤਾ ਨਾ ਫੈਲੇ, ਇਸ ਲਈ ਅਖਿਲੇਸ਼ ਨੂੰ ਰੋਕਿਆ ਗਿਆ ਹੈ।
ਅਖਿਲੇਸ਼ ਨੇ ਟਵੀਟ ਕੀਤਾ, 'ਇੱਕ ਵਿਦਿਆਰਥੀ ਨੇਤਾ ਦੇ ਸਹੁੰ ਚੁੱਕ ਸਮਾਗਮ ਨਾਲ ਸਰਕਾਰ ਏਨੀ ਡਰ ਰਹੀ ਹੈ ਕਿ ਮੈਨੂੰ ਲਖਨਊ ਹਵਾਈ ਅੱਡੇ 'ਤੇ ਰੋਕਿਆ ਜਾ ਰਿਹਾ ਹੈ।' ਇਲਾਹਾਬਾਦ ਯੂਨੀਵਰਸਿਟੀ 'ਚ ਮੰਗਲਵਾਰ ਨੂੰ ਵਿਦਿਆਰਥੀ ਸੰਘ ਦਾ ਉਦਘਾਟਨ ਸਮਾਰੋਹ ਹੋਣਾ ਸੀ। ਅਖਿਲੇਸ਼ ਯਾਦਵ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਨਿਕਲੇ ਸਨ। ਉਹ ਲਖਨਊ ਏਅਰਪੋਰਟ 'ਤੇ ਪਹੁੰਚੇ, ਪਰ ਉਨ੍ਹਾ ਨੂੰ ਜਹਾਜ਼ 'ਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਏਅਰਪੋਰਟ 'ਤੇ ਤਾਇਨਾਤ ਸਨ ਅਤੇ ਜਹਾਜ਼ ਦੇ ਗੇਟ ਦੇ ਕੋਲ ਘੇਰ ਕੇ ਖੜੇ ਹੋ ਗਏ।
ਅਖਿਲੇਸ਼ ਯਾਦਵ ਨੇ ਫਿਰ ਲਿਖਿਆ, 'ਮੈਨੂੰ ਲਖਨਊ ਏਅਰਪੋਰਟ 'ਤੇ ਬੰਧਕ ਬਣਾਇਆ ਗਿਆ ਹੈ। ਬਿਨਾਂ ਕਿਸੇ ਲਿਖਤੀ ਆਦੇਸ਼ ਦੇ ਮੈਨੂੰ ਹਵਾਈ ਜਹਾਜ਼ 'ਤੇ ਚੜ੍ਹਨ ਤੋਂ ਰੋਕਿਆ ਜਾ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਸਰਕਾਰ ਵਿਦਿਆਰਥੀ ਸੰਘ ਦੇ ਸਹੁੰ ਚੁੱਕ ਸਮਾਰੋਹ ਤੋਂ ਕਿੰਨੀ ਡਰੀ ਹੋਈ ਹੈ। ਭਾਜਪਾ ਜਾਣਦੀ ਹੈ ਕਿ ਦੇਸ਼ ਦੇ ਨੌਜਵਾਨ ਇਸ ਅਨਿਆਏ ਨੂੰ ਬਰਦਾਸ਼ਤ ਨਹੀਂ ਕਰਨਗੇ।' ਅਖਿਲੇਸ਼ ਯਾਦਵ ਨੂੰ ਲਖਨਊ ਏਅਰਪੋਰਟ ਤੋਂ ਪ੍ਰਯਾਗਰਾਜ ਨਾ ਜਾਣ ਦੇਣ ਦੀ ਖ਼ਬਰ ਮਿਲਦੇ ਹੀ ਪ੍ਰਯਾਗਰਾਜ ਏਅਰਪੋਰਟ ਦੇ ਬਾਹਰ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅਖਿਲੇਸ਼ ਅਤੇ ਉਨ੍ਹਾਂ ਦੇ ਵਿਚਕਾਰ ਤੂੰ-ਤੂੰ, ਮੈਂ-ਮੈਂ ਵੀ ਹੋਈ, ਪਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰਯਾਗਰਾਜ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅਖਿਲੇਸ਼ ਦੇ ਟਵੀਟ ਤੋਂ ਬਾਅਦ ਪ੍ਰਸ਼ਾਸਨ 'ਚ ਭਗਦੜ ਮਚ ਗਈ। ਇਸ ਮਾਮਲੇ 'ਚ ਜਦ ਲਖਨਊ ਦੇ ਡੀ ਐੱਮ ਕੈਲਾਸ਼ ਰਾਜ ਸ਼ਰਮਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾ ਕੋਈ ਗੱਲ ਨਹੀਂ ਕੀਤੀ। ਏਅਰਪੋਰਟ 'ਤੇ ਰੋਕੇ ਜਾਣ ਦੀ ਖ਼ਬਰ ਫੈਲਦੇ ਹੀ ਸੂਬੇ 'ਚ ਕਈ ਸਥਾਨਾਂ 'ਤੇ ਸਪਾ ਦਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਪ੍ਰਯਾਗਰਾਜ 'ਚ ਪ੍ਰਦਰਸ਼ਨ ਕਰ ਰਹੇ ਸਪਾ ਵਰਕਰਾਂ 'ਤੇ ਪੁਲਸ ਨੇ ਲਾਠੀਆਂ ਵਰ੍ਹਾਈਆਂ। ਇਸ ਘਟਨਾ 'ਚ ਸਪਾ ਸਾਂਸਦ ਧਰਮਿੰਦਰ ਯਾਦਵ ਸਮੇਤ ਕਈ ਸੀਨੀਅਰ ਨੇਤਾਵਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਦਕਿ ਵੱਡੀ ਗਿਣਤੀ 'ਚ ਵਰਕਰ ਵੀ ਜ਼ਖ਼ਮੀ ਹੋਏ ਹਨ। ਇਸ ਘਟਨਾ 'ਚ ਕਈ ਪੁਲਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ। ਲਾਠੀਚਾਰਜ ਨੂੰ ਲੈ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀ ਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕ ਬਾਲਸਨ ਚੁਰਾਹੇ 'ਤੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਫੁੱਲ ਭੇਟ ਕਰਨ ਗਏ ਸਨ। ਬਾਅਦ 'ਚ ਉਹਨਾ ਨਾਅਰੇਬਾਜ਼ੀ ਅਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਨੂੰ ਕੰਟਰੋਲ ਕਰਨ ਲਈ ਪੁਲਸ ਨੇ ਬਲ ਪ੍ਰਯੋਗ ਕੀਤਾ। ਉਨ੍ਹਾ ਦੱਸਿਆ ਕਿ ਇਸ ਘਟਨਾ 'ਚ ਦੋ ਸੀ ਓ ਸਮੇਤ ਕਈ ਪੁਲਸ ਮੁਲਾਜ਼ਮ ਜਖ਼ਮੀ ਹੋ ਗਏ। ਪੁਲਸ ਨੇ 50 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਪੁਲਸ ਲਾਈਨ ਲਿਆਂਦਾ ਗਿਆ ਹੈ। ਸਪਾ ਨੇਤਾ ਵਿਜਮਾ ਯਾਦਵ ਨੇ ਦੱਸਿਆ ਕਿ ਪੁਲਸ ਲਾਠੀਚਾਰਜ 'ਚ ਬਦਾਯੂੰ ਤੋਂ ਲੋਕ ਸਭਾ ਸਾਂਸਦ ਧਰਮਿੰਦਰ ਯਾਦਵ ਅਤੇ ਕਰੀਬ 15-20 ਵਿਦਿਆਰਥੀ ਜ਼ਖ਼ਮੀ ਹੋਏ ਹਨ। ਜ਼ਿਕਰਯੋਗ ਹੈ ਕਿ ਪ੍ਰਯਾਗਰਾਜ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਅਖਿਲੇਸ਼ ਯਾਦਵ ਦੇ ਇਲਾਹਾਬਾਦ ਯੂਨੀਵਰਸਿਟੀ ਆਉਣ 'ਤੇ ਰੋਕ ਲਾ ਦਿੱਤੀ ਸੀ। ਅੱਪਰ ਨਗਰ ਮੈਜਿਸਟ੍ਰੇਟ ਵੱਲੋਂ ਸੋਮਵਾਰ ਨੂੰ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ। ਇਸ ਆਦੇਸ਼ 'ਚ ਕਿਹਾ ਗਿਆ ਕਿ ਯੂਨੀਵਰਸਿਟੀ ਦੀ ਪ੍ਰਬੰਧਕੀ ਕਮੇਟੀ ਨੇ 8 ਫਰਵਰੀ ਨੂੰ ਫੈਸਲਾ ਲਿਆ ਕਿ ਰਾਜਨੀਤਕ ਦਲਾਂ ਨਾਲ ਸੰਬੰਧਤ ਲੋਕਾਂ ਨੂੰ ਵਿਦਿਆਰਥੀ ਸੰਘ ਦੇ ਸਾਲਾਨਾ ਸਮਾਰੋਹ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

187 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper