Latest News
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ; ਨਾਗੇਸ਼ਵਰ ਰਾਓ ਮਾਣਹਾਨੀ ਦਾ ਦੋਸ਼ੀ ਕਰਾਰ

Published on 12 Feb, 2019 11:28 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮੁਜ਼ੱਫਰਪੁਰ ਸ਼ੈਲਟਰ ਹੋਮ ਨਾਲ ਸੰਬੰਧਤ ਸੁਪਰੀਮ ਕੋਰਟ ਦੀ ਮਾਣਹਾਨੀ ਦੇ ਮਾਮਲੇ 'ਚ ਸੀ ਬੀ ਆਈ ਦੇ ਸਾਬਕਾ ਅੰਤਰਮ ਡਾਇਰੈਕਟਰ ਨਾਗੇਸ਼ਵਰ ਰਾਓ ਦੀ ਬਿਨਾਂ ਸ਼ਰਤ ਮੁਆਫ਼ੀ ਨੂੰ ਸਿਖਰਲੀ ਅਦਾਲਤ ਨੇ ਨਾਮਨਜ਼ੂਰ ਕਰਦੇ ਹੋਏ ਉਨ੍ਹਾ ਨੂੰ ਸ਼ਜਾ ਸੁਣਾ ਦਿੱਤੀ। ਸਿਖਰਲੀ ਅਦਾਲਤ ਨੇ ਨਰਾਜ਼ਗੀ ਪ੍ਰਗਟ ਕਰਦੇ ਹੋਏ ਰਾਓ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਾਉਣ ਦੇ ਨਾਲ-ਨਾਲ ਉਨ੍ਹਾ ਨੂੰ ਆਦੇਸ਼ ਦਿੱਤਾ ਕਿ ਜਦ ਤੱਕ ਕੋਰਟ ਦੀ ਕਾਰਵਾਈ ਚੱਲੇਗੀ, ਉਦੋਂ ਤੱਕ ਉਨ੍ਹਾ ਨੂੰ ਪਿੱਛੇ ਬੈਠਣਾ ਹੋਵੇਗਾ।
ਅਸਲ 'ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮੁਜ਼ੱਫਰਪੁਰ ਸ਼ੈਲਟਰ ਹੋਮ ਦੀ ਸੀ ਬੀ ਆਈ ਜਾਂਚ 'ਚ ਸੁਪਰੀਮ ਦੀ ਇਜਾਜ਼ਤ ਤੋਂ ਬਿਨਾਂ ਜਾਂਚ ਟੀਮ 'ਚ ਸ਼ਾਮਲ ਕਿਸੇ ਵੀ ਅਧਿਕਾਰੀ ਦਾ ਤਬਾਦਲਾ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਵੀ ਨਾਗੇਸ਼ਵਰ ਰਾਓ ਨੇ ਜਾਂਚ ਟੀਮ ਦੇ ਚੀਫ਼ ਸੀ ਬੀ ਆਈ ਅਧਿਕਾਰੀ ਏ ਕੇ ਸ਼ਰਮਾ ਦਾ 17 ਜਨਵਰੀ ਨੂੰ ਸੀ ਬੀ ਆਈ ਤੋਂ ਸੀ ਆਰ ਪੀ ਐੱਫ਼ 'ਚ ਤਬਾਦਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸੀ ਬੀ ਆਈ ਦੇ ਸਾਬਕਾ ਅੰਤਰਮ ਡਾਇਰੈਕਟਰ ਨਾਗੇਸ਼ਵਰ ਰਾਓ ਨੇ ਬਿਨਾਂ ਸ਼ਰਤ ਅਦਾਲਤ ਤੋਂ ਮੁਆਫ਼ੀ ਮੰਗ ਲਈ ਸੀ। ਉਨ੍ਹਾ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਬਿਨਾਂ ਸ਼ਰਤ ਮੁਆਫ਼ੀਨਾਮਾ ਦਾਖ਼ਲ ਕਰ ਦਿੱਤਾ ਸੀ। ਸੁਣਵਾਈ ਸਮੇਂ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਕਿਹਾ ਰਾਓ ਆਪਣੀ ਗਲਤੀ ਸਵੀਕਾਰ ਕਰ ਰਹੇ ਹਨ, ਪਰ ਉਨ੍ਹਾ ਇਹ ਜਾਣਬੁੱਝ ਕੇ ਨਹੀਂ ਕੀਤਾ ਸੀ ਅਤੇ ਸਭ ਅਣਜਾਣੇ 'ਚ ਹੋ ਗਿਆ। ਇਸ 'ਤੇ ਚੀਫ਼ ਜਸਟਿਸ ਨੇ ਕਿਹਾ ਕਿ ਮਾਣਹਾਨੀ ਦੇ ਦੋਸ਼ ਦਾ ਬਚਾਅ ਸਰਕਾਰ ਦੇ ਪੈਸੇ ਨਾਲ ਕਿਉਂ ਕੀਤਾ ਜਾ ਰਿਹਾ ਹੈ।
ਕੇ ਕੇ ਵੇਣੂਗੋਪਾਲ ਦੀ ਦਲੀਲ 'ਤੇ ਚੀਫ਼ ਜਸਟਿਸ ਨੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਰਾਓ ਨੂੰ ਸੁਪਰੀਮ ਕੋਰਟ ਦੇ ਪੁਰਾਣੇ ਆਦੇਸ਼ ਦਾ ਪਤਾ ਸੀ, ਇਸ ਲਈ ਉਨ੍ਹਾ ਕਾਨੂੰਨੀ ਵਿਭਾਗ ਤੋਂ ਰਾਇ ਮੰਗੀ ਅਤੇ ਲੀਗਲ ਐਡਵਾਈਜ਼ਰ ਨੇ ਕਿਹਾ ਸੀ ਕਿ ਏ ਕੇ ਸ਼ਰਮਾ ਦਾ ਤਬਾਦਲਾ ਕਰਨ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਖ਼ਲ ਕਰ ਇਜਾਜ਼ਤ ਮੰਗੀ ਜਾਵੇ, ਪਰ ਇਸ ਤਰ੍ਹਾਂ ਕਿਉਂ ਨਹੀਂ ਕੀਤਾ ਗਿਆ? ਇਸ 'ਤੇ ਅਟਾਰਨੀ ਜਨਰਲ ਨੇ ਕਿਹਾ ਕਿ ਰਾਓ ਨੇ ਗਲਤੀ ਸਵੀਕਾਰੀ ਹੈ, ਉਨ੍ਹਾ ਮੁਆਫ਼ੀ ਮੰਗੀ ਹੈ। ਇਸ 'ਤੇ ਸੀ ਜੇ ਆਈ ਨੇ ਕਿਹਾ ਕਿ ਸੰਤੁਸ਼ਟ ਹੋਏ ਬਗੈਰ ਕੋਰਟ ਤੋਂ ਪੁੱਛੇ ਬਗੈਰ ਅਧਿਕਾਰੀ ਦਾ ਰਿਲੀਵ ਆਰਡਰ ਸਾਇਨ ਕਰਨਾ ਮਾਣਹਾਨੀ ਨਹੀਂ ਤਾਂ ਕੀ ਹੈ?
ਸੁਣਵਾਈ 'ਚ ਸੀ ਜੇ ਅਈ ਨੇ ਕਿਹਾ ਕਿ ਨਾਗੇਸ਼ਵਰ ਰਾਓ ਨੇ ਆਰ ਕੇ ਸ਼ਰਮਾ ਨੂੰ ਜਾਂਚ ਤੋਂ ਹਟਾਉਣ ਦਾ ਫੈਸਲਾ ਲੈਣ ਤੋਂ ਬਾਅਦ ਸੁਪਰੀਮ ਕੋਰਟ ਨੂੰ ਦੱਸਣ ਦੀ ਜ਼ਰੂਰਤ ਤੱਕ ਨਹੀਂ ਸਮਝੀ ਅਤੇ ਉਨ੍ਹਾ ਦਾ ਰਵੱਈਆ ਰਿਹਾ ਹੈ ਕਿ ਮੈਂ ਜੋ ਕਰਨਾ ਸੀ, ਕਰ ਦਿੱਤਾ। ਇਸ 'ਤੇ ਕੇ ਕੇ ਵੇਣੂਗੋਪਾਲ ਨੇ ਚੀਫ਼ ਜਸਟਿਸ ਨੂੰ ਕਿਹਾ, 'ਮਾਈ ਲਾਰਡ ਪਲੀਜ਼ ਇਨ੍ਹਾ ਨੂੰ (ਨਾਗੇਸ਼ਵਰ ਰਾਓ) ਮੁਆਫ਼ ਕਰ ਦਿਓ।' ਇਸ 'ਤੇ ਚੀਫ਼ ਜਸਟਿਸ ਨੇ ਕਿਹਾ ਕਿ ਉਹ ਨਾਗੇਸ਼ਵਰ ਰਾਓ ਦੀ ਮੁਆਫ਼ੀ ਨੂੰ ਸਵੀਕਾਰ ਕਰ ਰਹੇ ਅਤੇ ਉਨ੍ਹਾ ਨੂੰ ਮਾਣਹਾਨੀ ਦਾ ਦੋਸ਼ੀ ਕਰਾਰ ਦੇਣ ਵਾਲੇ ਹਨ।

120 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper