ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ 'ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਦੋ ਫੌਜ ਦੇ ਜਵਾਨ ਸ਼ਹੀਦ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਰਤਨੀਪੋਰਾ ਇਲਾਕੇ 'ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਕਿਹਾ, 'ਸ਼ੁਰੂਆਤੀ ਗੋਲੀਬਾਰੀ 'ਚ ਤਿੰਨ ਜਵਾਨ ਜ਼ਖ਼ਮੀ ਹੋ ਗਏ, ਉਨ੍ਹਾਂ ਨੂੰ ਤੁਰੰਤ ਫੌਜੀ ਹਸਪਤਾਲ 'ਚ ਲਿਜਾਇਆ ਗਿਆ।'
ਉਨ੍ਹਾ ਕਿਹਾ, 'ਹਾਲਾਂਕਿ ਰਾਸ਼ਟਰੀ ਰਾਈਫ਼ਲਜ਼ ਦੇ ਸਿਪਾਹੀ ਬਲਜੀਤ ਸਿੰਘ ਅਤੇ 10 ਪੈਰਾ-ਰੈਜੀਮੈਂਟ ਦੇ ਨਾਈਕ ਸਾਇਦ ਨੇ ਦਮ ਤੋੜ ਦਿੱਤਾ, ਜਦਕਿ ਹਵਾਲਦਾਰ ਚੰਦਰ ਪਾਲ ਹੁਣ ਵੀ ਹਸਪਤਾਲ 'ਚ ਹੈ।' ਪੁਲਸ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਇੱਕ ਅੱਤਵਾਦੀ ਵੀ ਮਾਰਿਆ ਜਾ ਚੁੱਕਾ ਹੈ।
ਪੁਲਸ ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਦੇ ਨਾਲ ਪਿੰਡ 'ਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਪੁਲਵਾਮਾ 'ਚ ਮੋਬਾਇਲ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਹੈ। ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਰਾਤ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਰਤਨੀਪੋਰਾ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ।
ਅੱਤਵਾਦੀਆਂ ਦੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਨ ਨਾਲ ਅਭਿਆਨ ਮੁਕਾਬਲੇ 'ਚ ਬਦਲ ਗਿਆ। ਸੁਰੱਖਿਆ ਬਲਾਂ ਨੇ ਵੀ ਉਨ੍ਹਾਂ ਦੀ ਗੋਲੀਬਾਰੀ ਦਾ ਮੂੰਹ-ਤੋੜ ਜਵਾਬ ਦਿੱਤਾ। ਇਸ ਦੌਰਾਨ ਜਦ ਸੁਰੱਖਿਆ ਬਲਾਂ ਦੇ ਜਵਾਨਾਂ ਤੇ ਅੱਤਵਾਦੀਆਂ 'ਚ ਮੁਕਾਬਲਾ ਹੋਇਆ ਤਾਂ ਉਦੋਂ ਵੱਡੀ ਗਿਣਤੀ 'ਚ ਸਥਾਨਕ ਪੱਥਰਬਾਜ਼ਾਂ ਨੇ ਉਨ੍ਹਾਂ 'ਤੇ ਹਮਲਾ ਬੋਲ ਦਿੱਤਾ। ਜਵਾਨਾਂ ਅਤੇ ਉਨ੍ਹਾਂ ਦੀਆਂ ਗੱਡੀਆਂ 'ਤੇ ਪੱਥਰਬਾਜ਼ੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।