ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਇੱਕ ਤੋਂ ਬਾਅਦ ਦੂਜੀ, ਨਾਮਣੇ ਵਾਲੀਆਂ ਯੂਨੀਵਰਸਿਟੀਆਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਕਿਸੇ ਤੋਂ ਗੁੱਝਾ ਨਹੀਂ। ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਸੰਘ ਵੱਲੋਂ ਸੱਤਾ ਦੀ ਸ਼ਹਿ ਉੱਤੇ ਹਰ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਫਿਰਕੂ ਅਧਾਰ ਉੱਤੇ ਵੰਡਣ ਦੀ ਗੰਦੀ ਖੇਡ ਖੇਡੀ ਗਈ। ਸਭ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਗਿਆ। ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਤੇ ਉਸ ਦੇ ਸਾਥੀਆਂ ਉੱਤੇ ਦੇਸ਼ ਧਰੋਹ ਦਾ ਝੂਠਾ ਦੋਸ਼ ਮੜ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਹਾਲੇ ਤੱਕ ਵੀ ਉਸ ਕੇਸ ਦੀਆਂ ਤਰੀਕਾਂ ਭੁਗਤ ਰਹੇ ਹਨ। ਪਿਛਲੇ ਸਾਲ ਹਿੰਦੂ ਯੂਨੀਵਰਸਿਟੀ ਬਨਾਰਸ ਵਿੱਚ ਵੀ ਭਗਵਾਂ ਬਰਗੇਡ ਦੇ ਗੁੰਡਿਆਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਵਿਦਿਆਰਥਣਾਂ ਨੂੰ ਮੋਰਚਾ ਮੱਲਣਾ ਪਿਆ।
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤਾਂ ਪਿਛਲੇ ਲੰਮੇ ਸਮੇਂ ਤੋਂ ਹਿੰਦੂਤਵੀਆਂ ਦੇ ਨਿਸ਼ਾਨੇ ਉੱਤੇ ਰਹੀ ਹੈ। ਪਿਛਲੇ ਸਾਲ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਾਲਿਆਂ ਵੱਲੋਂ ਪੁਲਸ ਦੀ ਸ਼ਹਿ ਉੱਤੇ ਕੀਤੀ ਗਈ ਗੁੰਡਾਗਰਦੀ ਕਾਰਨ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਆਪਣੀ ਯੂਨੀਵਰਸਿਟੀ ਦੀ ਫੇਰੀ ਨੂੰ ਰੱਦ ਕਰਨਾ ਪਿਆ। ਉਨ੍ਹਾ ਨੂੰ ਉੱਥੇ ਇੱਕ ਸੈਮੀਨਾਰ ਵਿੱਚ ਭਾਸ਼ਣ ਦੇਣ ਲਈ ਬੁਲਾਇਆ ਗਿਆ ਸੀ। ਇਸੇ ਦੌਰਾਨ ਹੀ ਏ ਬੀ ਵੀ ਪੀ ਵਾਲਿਆਂ ਨੇ ਯੂਨੀਵਰਸਿਟੀ ਵਿੱਚ ਲੱਗੀ ਜਿਨਾਹ ਦੀ ਤਸਵੀਰ ਉੱਤੇ ਹੰਗਾਮਾ ਸ਼ੁਰੂ ਕਰ ਦਿੱਤਾ। ਯਾਦ ਰਹੇ ਕਿ ਮੁਹੰਮਦ ਅਲੀ ਜਿਨਾਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ ਤੇ ਸਭ ਸੰਸਥਾਪਕਾਂ ਦੀਆਂ ਤਸਵੀਰਾਂ ਨਾਲ ਉਨ੍ਹਾ ਦੀ ਵੀ ਫੋਟੋ ਲੱਗੀ ਸੀ। ਬੀਤੇ ਅਕਤੂਬਰ ਵਿੱਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਉੱਤੇ ਇਹ ਕਹਿ ਕੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਕਿ ਉਨ੍ਹਾਂ ਅੱਤਵਾਦੀ ਮਨਾਨ ਬਸ਼ੀਰ ਵਾਨੀ ਦੀ ਨਮਾਜ਼-ਏ-ਜਨਾਜ਼ਾ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਹਾਲਾਂਕਿ ਏ ਐੱਮ ਯੂ ਪ੍ਰਸ਼ਾਸਨ ਵੱਲੋਂ ਇਜ਼ਾਜ਼ਤ ਨਾ ਦਿੱਤੇ ਜਾਣ ਕਾਰਣ ਕੋਈ ਇਕੱਠ ਹੋਇਆ ਹੀ ਨਹੀਂ ਸੀ। ਏ ਐਮ ਯੂ ਪ੍ਰਸ਼ਾਸ਼ਨ ਨੇ ਇਨ੍ਹਾਂ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਮੁਅੱਤਲ ਕਰ ਦਿੱਤਾ ਸੀ। ਇਸ ਧੱਕੇਸ਼ਾਹੀ ਦੇ ਜਵਾਬ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਸਜਾਦ ਰਾਥਰ ਦੀ ਅਗਵਾਈ ਵਿੱਚ ਸਮੁੱਚੇ ਵਿਦਿਆਰਥੀ ਇੱਕਮੁੱਠ ਹੋ ਗਏ। ਉਨ੍ਹਾਂ ਯੂਨੀਵਰਸਿਟੀ ਦੇ ਕੁਲਪਤੀ ਤਾਰਿਕ ਮੰਸੂਰ ਨੂੰ ਲਿਖੇ ਖਤ ਵਿੱਚ ਕਿਹਾ ਕਿ ਜੇਕਰ ਇਸੇ ਤਰ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਝੂਠੇ ਦੋਸ਼ਾਂ ਹੇਠ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਤਾਂ ਯੂਨੀਵਰਸਿਟੀ ਵਿੱਚ ਪੜ੍ਹ ਰਹੇ 1200 ਤੋਂ ਵੱਧ ਕਸ਼ਮੀਰੀ ਵਿਦਿਆਰਥੀ ਏ ਐੱਮ ਯੂ ਛੱਡ ਕੇ ਘਰਾਂ ਨੂੰ ਤੁਰ ਜਾਣਗੇ। ਇਸ ਧਮਕੀ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਪ੍ਰਸ਼ਾਸਨ ਨੇ ਤੁਰੰਤ ਵਿਦਿਆਰਥੀਆਂ ਨੂੰ ਇਹ ਕਹਿ ਕੇ ਦੋਸ਼ ਮੁਕਤ ਕਰਾ ਦਿੱਤਾ ਕਿ ਉਨ੍ਹਾਂ ਖ਼ਿਲਾਫ਼ ਕੋਈ ਪੁਖਤਾ ਸਬੂਤ ਨਹੀਂ ਮਿਲਿਆ।
ਤਾਜਾ ਘਟਨਾ ਬੀਤੇ ਮੰਗਲਵਾਰ ਦੀ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਵੱਲੋਂ ਸਾਂਸਦ ਅਸਦੁਦੀਨ ਓਵੈਸੀ ਨੂੰ ਇੱਕ ਪ੍ਰੋਗਰਾਮ ਵਿੱਚ ਬੋਲਣ ਲਈ ਸੱਦਿਆ ਗਿਆ ਸੀ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਵਾਲਿਆਂ ਇਸ ਵਿਰੁੱਧ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ, ਹਾਲਾਂਕਿ ਓਵੈਸੀ ਆਏ ਹੀ ਨਹੀਂ ਸਨ।
ਇਸੇ ਦੌਰਾਨ ਰਿਪਬਲਿਕ ਟੀ ਵੀ ਦੇ ਪੱਤਰਕਾਰਾਂ ਦੀ ਕੁਝ ਵਿਦਿਆਰਥੀਆਂ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਆਗੂ ਮੁਕੇਸ਼ ਸਿੰਘ ਦੀ ਸ਼ਿਕਾਇਤ ਉੱਤੇ ਯੂਨੀਵਰਸਿਟੀ ਦੇ 14 ਵਿਦਿਆਰਥੀਆਂ ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਇੱਕ ਰਿਪੋਰਟ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਅਲੱਗ-ਅਲੱਗ ਸ਼ਿਕਾਇਤਾਂ ਦਰਜ ਕਰਾਈਆਂ ਸਨ। ਇੱਕ ਬਿਨਾਂ ਮਨਜ਼ੂਰੀ ਦੇ ਰਿਪਬਲਿਕ ਟੀ ਵੀ ਦੇ ਪੱਤਰਕਾਰਾਂ ਦੇ ਯੂਨੀਵਰਸਿਟੀ ਵਿੱਚ ਦਾਖ਼ਲ ਹੋਣ ਵਿਰੁੱਧ ਤੇ ਦੂਜੀ ਅਗਿਆਤ ਬਾਹਰੀ ਸ਼ਰਾਰਤੀ ਤੱਤਾਂ ਦੀਆਂ ਤੋੜ-ਫੋੜ ਦੀਆਂ ਕਾਰਵਾਈਆਂ ਵਿਰੁੱਧ ਸੀ, ਪਰ ਯੋਗੀ ਦੀ ਪੁਲਸ ਨੇ ਇਨ੍ਹਾਂ ਸ਼ਿਕਾਇਤਾਂ ਉੱਤੇ ਕਾਰਵਾਈ ਕਰਨ ਦੀ ਥਾਂ ਭਾਜਪਾ ਆਗੂ ਦੀ ਸ਼ਿਕਾਇਤ ਨੂੰ ਪਹਿਲ ਦੇ ਕੇ 14 ਵਿਦਿਆਰਥੀਆਂ ਉੱਤੇ ਝੂਠਾ ਦੇਸ਼ ਧਰੋਹ ਦਾ ਕੇਸ ਮੜ੍ਹ ਦਿੱਤਾ। ਉਨ੍ਹਾਂ ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਹ ਉੱਥੇ ਪਾਕਿਸਤਾਨ ਦੇ ਹੱਕ ਵਿੱਚ ਨਾਅਰੇ ਲਾ ਰਹੇ ਸਨ। ਦੂਜੇ ਪਾਸੇ ਵਿਦਿਆਰਥੀ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸੱਚ ਇਹ ਹੈ ਕਿ ਰਿਪਬਲਿਕ ਟੀ ਵੀ ਤੇ ਜਨਤਾ ਯੁਵਾ ਮੋਰਚਾ ਵਾਲੇ ਯੂਨੀਵਰਸਿਟੀ ਨੂੰ ਅੱਤਵਾਦੀਆਂ ਦੀ ਯੂਨੀਵਰਸਿਟੀ ਕਹਿ ਕੇ ਵਿਦਿਆਰਥੀਆਂ ਨੂੰ ਭੜਕਾ ਰਹੇ ਸਨ। ਇਸ ਦੌਰਾਨ ਦੋਹਾਂ ਧਿਰਾਂ ਵਿਚਕਾਰ ਕੁਝ ਝੜਪਾਂ ਹੋ ਗਈਆਂ। ਇੱਕ ਰਿਪੋਰਟ ਮੁਤਾਬਕ ਸਾਰੀ ਘਟਨਾ ਦੀ ਪੜਤਾਲ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰਾ ਘਟਨਾਕ੍ਰਮ ਇੱਕ ਸੋਚੀ-ਸਾਜ਼ਿਸ਼ ਦਾ ਨਤੀਜਾ ਸੀ। ਹਰ ਸੋਚਵਾਨ ਤੇ ਜਮਹੂਰੀਅਤ ਪਸੰਦ ਵਿਅਕਤੀ ਤੇ ਸੰਸਥਾਵਾਂ ਨੂੰ ਇਨ੍ਹਾਂ ਵਿਦਿਆਰਥੀਆਂ ਦੇ ਹੱਕ ਵਿੱਚ ਅਵਾਜ਼ ਉਠਾਉਣੀ ਚਾਹੀਦੀ ਹੈ, ਤਾਂ ਕਿ ਹਿੰਦੂਤਵੀ ਸੰਗਠਨਾਂ ਵੱਲੋਂ ਵਿਦਿਆਰਥੀਆਂ ਅੰਦਰ ਫ਼ਿਰਕੂ ਜ਼ਹਿਰ ਘੋਲਣ ਦੀਆਂ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਸਕੇ।