Latest News
ਪਾਕਿਸਤਾਨ ਨੂੰ ਹੋਸ਼ ਕਰਨ ਦੀ ਲੋੜ

Published on 17 Feb, 2019 09:47 AM.


ਪੁਲਵਾਮਾ ਦੀ ਘਟਨਾ ਤੋਂ ਬਾਅਦ ਭਾਰਤ ਦੀ ਜਨਤਾ ਗੁੱਸੇ ਵਿੱਚ ਹੈ। ਸਰਕਾਰ ਵੀ ਗੁੱਸੇ ਵਿੱਚ ਹੈ। ਕਈ ਪਾਸਿਓਂ ਆਵਾਜ਼ ਉਠ ਰਹੀ ਹੈ ਕਿ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਕੁਝ ਲੋਕ ਸਬਕ ਸਿਖਾਉਣ ਦੀ ਗੱਲ ਕਰਦੇ ਹਨ। ਇਹੋ ਜਿਹੇ ਸਮੇਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਦਾ ਉੱਠਣਾ ਸੁਭਾਵਕ ਵੀ ਹੈ। ਭਾਰਤ ਵਿੱਚ ਠਰ੍ਹੰਮੇ ਵਾਲੇ ਲੋਕ ਆਪਣੀ ਸਰਕਾਰ ਤੇ ਲੋਕਾਂ ਨੂੰ ਇਹ ਗੱਲ ਕਹਿਣ ਦਾ ਯਤਨ ਕਰਦੇ ਹਨ ਕਿ ਉਬਾਲੇ ਖਾਣ ਦੀ ਬਜਾਏ ਲੰਮੇ ਸਮੇਂ ਦੀ ਨੀਤੀ ਬਾਰੇ ਸੋਚਣਾ ਅਤੇ ਸਮਝ ਨਾਲ ਕਦਮ ਚੁੱਕਣਾ ਠੀਕ ਹੁੰਦਾ ਹੈ। ਮੀਡੀਏ ਦਾ ਇੱਕ ਹਿੱਸਾ ਆਪਣੇ ਦਰਸ਼ਕਾਂ ਨੂੰ ਹੋਰ ਭੜਕਾਹਟ ਲਈ ਉਕਸਾ ਰਿਹਾ ਹੈ। ਜਿਸ ਦੇਸ਼ ਦੇ ਨਾਲ ਏਨੀ ਜ਼ਿਆਦਤੀ ਹੋਈ ਹੋਵੇ, ਉਸ ਵਿੱਚ ਇਸ ਤਰ੍ਹਾਂ ਦਾ ਪ੍ਰਤੀਕਰਮ ਸਮਝ ਵਿੱਚ ਆ ਜਾਂਦਾ ਹੈ।
ਦੂਸਰੇ ਪਾਸੇ ਪਾਕਿਸਤਾਨ ਦੀ ਸਰਕਾਰ ਅਤੇ ਉਸ ਦੇ ਪ੍ਰਭਾਵ ਹੇਠਾਂ ਆਇਆ ਮੀਡੀਆ ਇਹ ਕਹਿੰਦਾ ਹੈ ਕਿ ਭਾਰਤ ਕੋਲ ਕੋਈ ਸਬੂਤ ਹਨ ਤਾਂ ਉਹ ਵਿਖਾਵੇ। ਸਬੂਤ ਤਾਂ ਮੁੰਬਈ ਹਮਲੇ ਬਾਰੇ ਵੀ ਵਿਖਾਏ ਗਏ ਸਨ ਅਤੇ ਇਹ ਸਿਰਫ ਸਾਡੇ ਦੇਸ਼ ਵੱਲੋਂ ਨਹੀਂ, ਅਮਰੀਕਾ ਵੱਲੋਂ ਵੀ ਦਿੱਤੇ ਜਾ ਚੁੱਕੇ ਹਨ, ਪਾਕਿਸਤਾਨ ਦੀ ਸਰਕਾਰ ਨੇ ਉਨ੍ਹਾਂ ਨੂੰ ਵੀ ਮੰਨਿਆ ਨਹੀਂ ਸੀ। ਅਗਲੀ ਵਾਰ ਵੀ ਸਬੂਤ ਪੇਸ਼ ਕਰ ਦਿੱਤੇ ਗਏ ਤਾਂ ਉਨ੍ਹਾਂ ਮੰਨਣੇ ਨਹੀਂ। ਇਸ ਦਾ ਇੱਕ ਸਾਫ ਕਾਰਨ ਸਭ ਨੂੰ ਪਤਾ ਹੈ। ਦਹਿਸ਼ਤਗਰਦੀ ਦੇ ਲਈ ਨਰਸਰੀ ਬਣ ਚੁੱਕਾ ਪਾਕਿਸਤਾਨ ਆਪਣੇ ਕਾਰਿਆਂ ਤੋਂ ਹਟਿਆ ਨਹੀਂ ਤੇ ਹਟਣਾ ਵੀ ਨਹੀਂ, ਕਿਉਂਕਿ ਇਸ ਦੀ ਡਿਪਲੋਮੇਸੀ ਵੀ ਇਸ ਨਾਲ ਬੱਝ ਚੁੱਕੀ ਹੈ। ਸੰਸਾਰ ਭਰ ਵਿੱਚ ਪਾਕਿਸਤਾਨੀ ਦੂਤ ਦਹਿਸ਼ਤਗਰਦਾਂ ਦੀ ਢਾਲ ਬਣਦੇ ਦਿਖਾਈ ਦੇਂਦੇ ਹਨ। ਦੁਨੀਆ ਭਰ ਦੇ ਲੋਕਾਂ ਨੂੰ ਜਿਹੜੀ ਗੱਲ ਪਤਾ ਹੈ, ਪਾਕਿਸਤਾਨ ਸਰਕਾਰ ਉਸ ਨੂੰ ਝੁਠਲਾਉਣਾ ਚਾਹੁੰਦੀ ਹੈ, ਪਰ ਇਹ ਕੰਮ ਸੌਖਾ ਨਹੀਂ। ਜਿਹੜੇ ਸਬੂਤ ਭਾਰਤ ਦੇਂਦਾ ਹੈ, ਉਹ ਤਾਂ ਪਾਕਿਸਤਾਨ ਕੱਟ ਸਕਦਾ ਹੈ, ਸਾਰੀ ਦੁਨੀਆ ਤਾਂ ਗਲਤ ਨਹੀਂ ਹੋ ਗਈ।
ਹਾਲੇ ਪਿਛਲੇ ਦਿਨੀਂ ਇੱਕ ਅਮਰੀਕੀ ਨੌਜਵਾਨ, ਜਿਹੜਾ ਜੱਦੀ-ਪੁਸ਼ਤੀ ਈਸਾਈ ਅਮਰੀਕਨ ਪਰਵਾਰ ਨਾਲ ਸੰਬੰਧਤ ਸੀ ਤੇ ਪਾਕਿਸਤਾਨ ਚੱਲਿਆ ਸੀ, ਨੂੰ ਜਦੋਂ ਅਮਰੀਕਾ ਦੀ ਪੁਲਸ ਨੇ ਫੜਿਆ ਤਾਂ ਉਸ ਨੇ ਦੱਸਿਆ ਸੀ ਕਿ ਉਸ ਨੂੰ ਉਸ ਨਾਲ ਪੜ੍ਹਦੇ ਪਾਕਿਸਤਾਨੀ ਦੋਸਤਾਂ ਨੇ ਪਤਿਆ ਕੇ ਧਰਮ ਪ੍ਰੀਵਰਤਨ ਕਰਵਾਇਆ ਤੇ ਉਹ ਦਹਿਸ਼ਤਗਰਦ ਬਣਨਾ ਚਾਹੁੰਦਾ ਹੈ। ਜਦੋਂ ਪੁੱਛਿਆ ਗਿਆ ਕਿ ਪਾਕਿਸਤਾਨ ਕਾਹਦੇ ਲਈ ਜਾਣਾ ਹੈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਹ ਦੱਸਿਆ ਗਿਆ ਹੈ ਕਿ ਇਸ ਕੰਮ ਦੀ ਸਾਰੀ ਟਰੇਨਿੰਗ ਓਥੇ ਮਿਲਦੀ ਹੈ। ਬ੍ਰਿਟੇਨ ਵਿੱਚ ਫੜੇ ਗਏ ਕੁਝ ਮੁੰਡਿਆਂ ਨੇ ਵੀ ਇਹੋ ਕਿਹਾ ਸੀ। ਹਰ ਵਾਰੀ ਪਾਕਿਸਤਾਨ ਦੇ ਬਾਰੇ ਹੀ ਇਹ ਗੱਲ ਪਤਾ ਕਿਉਂ ਲੱਗਦੀ ਹੈ ਕਿ ਦਹਿਸ਼ਤਗਰਦੀ ਦੀ ਟਰੇਨਿੰਗ ਉਸ ਦੇਸ਼ ਵਿੱਚ ਦਿੱਤੀ ਜਾਂਦੀ ਹੈ, ਇਹ ਚਿੰਤਾ ਵਾਲਾ ਵਿਸ਼ਾ ਹੋਣਾ ਚਾਹੀਦਾ ਹੈ। ਪਾਕਿਸਤਾਨ ਦੀ ਸਰਕਾਰ ਇਸ ਨੂੰ ਹਰ ਵਾਰੀ ਝੂਠੀਆਂ ਦਲੀਲਾਂ ਅਤੇ ਜਵਾਬੀ ਦੂਸ਼ਣਬਾਜ਼ੀ ਨਾਲ ਟਾਲਣ ਦਾ ਯਤਨ ਕਰਦੀ ਹੈ। ਉਹ ਇਹ ਨਹੀਂ ਸੋਚ ਰਹੀ ਕਿ ਸੰਸਾਰ ਦੇ ਲੋਕ ਉਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਉੱਤੇ ਹੱਸਦੇ ਹਨ।
ਸਾਡੇ ਕੋਲ ਇਸ ਬਾਰੇ ਦੋ ਤਾਜ਼ਾ ਮਿਸਾਲਾਂ ਹਨ, ਜਿਹੜੀਆਂ ਪਾਕਿਸਤਾਨ ਸਰਕਾਰ ਦੇ ਦਹਿਸ਼ਤਗਰਦੀ ਪੱਖੀ ਚਿਹਰੇ ਉਤੇ ਝਾਤ ਪਵਾਉਣ ਵਾਲੀਆਂ ਹਨ। ਇੱਕ ਤਾਂ ਇਹ ਕਿ ਈਰਾਨ ਦੀ ਫੌਜ ਦੇ ਮੁਖੀ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੇ ਦੋ ਦਰਜਨ ਤੋਂ ਵੱਧ ਫੌਜੀ ਮਾਰੇ ਗਏ ਹਨ ਅਤੇ ਇਹ ਗੱਲ ਸਾਬਤ ਹੁੰਦੀ ਹੈ ਕਿ ਉਨ੍ਹਾਂ ਦਾ ਕਤਲ ਪਾਕਿਸਤਾਨੀ ਤਾਲਿਬਾਨ ਨੇ ਕੀਤਾ ਹੈ। ਦੂਸਰੀ ਖਬਰ ਨਾਲ ਦੇ ਦੇਸ਼ ਅਫਗਾਨਿਸਤਾਨ ਦਾ ਸਰਕਾਰੀ ਬਿਆਨ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਦਹਿਸ਼ਤਗਰਦ ਵਾਰਦਾਤਾਂ ਪਾਕਿਸਤਾਨ ਤੋਂ ਆਏ ਅੱਤਵਾਦੀ ਕਰਦੇ ਹਨ। ਪਾਕਿਸਤਾਨ ਦੇ ਇੱਕ ਪਾਸੇ ਭਾਰਤ ਹੈ ਤੇ ਇਸ ਤੋਂ ਦੁਖੀ ਹੈ। ਦੂਸਰੇ ਪਾਸੇ ਅਫਗਾਨਿਸਤਾਨ ਤੇ ਈਰਾਨ ਨਾਲ ਜੁੜਦੇ ਦੇਸ਼ ਹਨ। ਉਹ ਵੀ ਦੁਖੀ ਹਨ ਤਾਂ ਫਿਰ ਪਾਕਿਸਤਾਨ ਤੋਂ ਸੁਖੀ ਕੌਣ ਰਹਿ ਗਿਆ ਹੈ?
ਅਗਲੀ ਗੱਲ ਇਹ ਹੋ ਗਈ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਨਾਲ ਅੱਡੇ ਬਦਲ ਕੇ ਤਾਲਿਬਾਨ ਗੱਲ ਚਲਾਈ ਜਾ ਰਹੇ ਸਨ, ਇਸ ਵਾਰੀ ਉਨ੍ਹਾਂ ਇਹ ਕਹਿ ਦਿੱਤਾ ਹੈ ਕਿ ਗੱਲਬਾਤ ਦਾ ਅਗਲਾ ਦੌਰ ਪਾਕਿਸਤਾਨ ਵਿੱਚ ਚੱਲੇਗਾ। ਇਸ ਐਲਾਨ ਦਾ ਪਹਿਲਾ ਅਸਰ ਇਹ ਪਿਆ ਹੈ ਕਿ ਅਫਗਾਨਿਸਤਾਨ ਸਰਕਾਰ ਭੜਕ ਉੱਠੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਿੱਚ ਜਦੋਂ ਹਰ ਵਾਰੀ ਹਰ ਦਹਿਸ਼ਤਗਰਦ ਵਾਰਦਾਤਾਂ ਦੀ ਪੈੜ ਪਾਕਿਸਤਾਨ ਵਿੱਚ ਨਿਕਲਦੀ ਹੈ ਤੇ ਤਾਲਿਬਾਨ ਨੇ ਓਥੇ ਬੈਠ ਕੇ ਅਮਰੀਕਨਾਂ ਨਾਲ ਗੱਲਬਾਤ ਕਰਨੀ ਹੈ ਤਾਂ ਇਸ ਤੋਂ ਸਾਫ ਹੈ ਕਿ ਵਾਰਦਾਤਾਂ ਉਹੋ ਕਰਵਾ ਰਹੇ ਸਨ। ਪਾਕਿਸਤਾਨ ਦੀ ਸਰਕਾਰ ਇਸ ਦੋਸ਼ ਦੀ ਕਾਟ ਲਈ ਹਰ ਤਰ੍ਹਾਂ ਦੇ ਸਬੂਤਾਂ ਨੂੰ ਅਣਗੌਲੇ ਕਰਦੀ ਪਈ ਹੈ। ਸੰਸਾਰ ਦੀ ਸੱਥ ਕੋਈ ਬੁੱਧੂਆਂ ਦਾ ਟੋਲਾ ਨਹੀਂ ਹੈ। ਇਸ ਕਾਰਨ ਉਸ ਦੀ ਦਾਲ ਨਹੀਂ ਗਲ ਰਹੀ। ਫਿਰ ਵੀ ਪਾਕਿਸਤਾਨ ਸਰਕਾਰ ਦੇ ਕਰਤੇ-ਧਰਤੇ ਕੋਈ ਦੋਸ਼ ਮੰਨ ਨਹੀਂ ਰਹੇ। ਸੱਚ ਤਾਂ ਸੱਚ ਹੈ ਤੇ ਅੰਤ ਨੂੰ ਝੂਠ ਉੱਤੇ ਇਹ ਭਾਰੂ ਹੋਣਾ ਹੀ ਹੈ, ਫਿਰ ਵੇਲੇ ਸਿਰ ਮੰਨ ਲੈਣਾ ਚਾਹੀਦਾ ਹੈ, ਪਰ ਉਹ ਨਹੀਂ ਮੰਨ ਰਹੇ।
ਸਾਡੇ ਇਸ ਖਿੱਤੇ ਵਿੱਚ ਅਮਨ ਖਤਰੇ ਵਿੱਚ ਹੈ। ਅਮਨ ਨੂੰ ਵੱਡਾ ਖਤਰਾ ਦਹਿਸ਼ਤਗਰਦੀ ਤੋਂ ਹੈ। ਇਸ ਦਹਿਸ਼ਤਗਰਦੀ ਨੂੰ ਪਾਕਿਸਤਾਨ ਦੀ ਸ਼ਹਿ ਹੋਣ ਕਾਰਨ ਨੌਬਤ ਜੰਗ ਤੱਕ ਵੀ ਜਾ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਸ ਦੀ ਭਾਰਤ ਨਾਲ ਜੰਗ ਹੋਣ ਵਾਲੀ ਹੈ, ਸਗੋਂ ਇਹ ਹੈ ਕਿ ਖਿਝੇ ਹੋਏ ਅਫਗਾਨਿਸਤਾਨ ਜਾਂ ਈਰਾਨ ਵਿੱਚੋਂ ਵੀ ਕੋਈ ਧਿਰ ਉਸ ਨਾਲ ਆਢਾ ਲੈ ਸਕਦੀ ਹੈ। ਇਸ ਖਤਰੇ ਨੂੰ ਪਾਕਿਸਤਾਨ ਨੂੰ ਸੋਚਣਾ ਚਾਹੀਦਾ ਹੈ। ਤਾਲਿਬਾਨ ਅੱਤਵਾਦੀ ਹਮਲੇ ਕਰ ਸਕਦੇ ਹਨ, ਪਰ ਉਹ ਕੋਈ ਜੰਗ ਨਹੀਂ ਲੜ ਸਕਦੇ। ਜਿੱਥੇ ਇਰਾਕ ਵਿੱਚ ਉਨ੍ਹਾਂ ਨੇ ਜੰਗ ਲੜੀ ਸੀ, ਓਥੇ ਪੈਰ ਉੱਖੜ ਚੁੱਕੇ ਹਨ। ਪੰਜਾਬੀ ਦਾ ਮੁਹਾਵਰਾ ਹੈ ਕਿ 'ਲੱਜ ਰਖੰਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ'’ ਅਤੇ ਅੱਜ ਦਾ ਪਾਕਿਸਤਾਨ ਉਸ ਨੀਤੀ ਉੱਤੇ ਚੱਲ ਰਿਹਾ ਹੈ, ਇਸ ਕਰ ਕੇ ਪਾਕਿਸਤਾਨ ਦੀ ਸਰਕਾਰ ਨੂੰ ਅੱਗਾ-ਪਿੱਛਾ ਵਿਚਾਰਨ ਦੀ ਲੋੜ ਹੈ। ਉਹ ਚੁਫੇਰੇ ਸ਼ਰਾਰਤਾਂ ਕਰ ਕੇ ਜਵਾਬੀ ਕਾਰਵਾਈ ਵੱਲੋਂ ਬਚ ਕੇ ਨਹੀਂ ਰਹਿ ਸਕਦਾ, ਇਸ ਲਈ ਉਸ ਦੇਸ਼ ਦੀ ਸਰਕਾਰ ਨੂੰ ਹਕੀਕਤਾਂ ਬਾਰੇ ਵੇਲੇ ਸਿਰ ਹੋਸ਼ ਕਰਨੀ ਚਾਹੀਦੀ ਹੈ।
-ਜਤਿੰਦਰ ਪਨੂੰ

1051 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper