Latest News
ਇਹ ਕੀ ਹੋ ਰਿਹਾ ਹੈ ਵਿਧਾਨ ਸਭਾ ਵਿੱਚ!

Published on 18 Feb, 2019 11:18 AM.


ਅੱਜ ਪੰਜਾਬ ਦੀ ਵਿਧਾਨ ਸਭਾ ਨੇ ਬੱਜਟ ਪੇਸ਼ ਹੁੰਦਾ ਵੇਖਣਾ ਅਤੇ ਸੁਣਨਾ ਸੀ। ਇਸ ਦੀ ਥਾਂ ਹੋਰ ਹੀ ਦ੍ਰਿਸ਼ ਵੇਖਣਾ ਮਿਲ ਗਿਆ, ਜਿਸ ਨਾਲ ਬੱਜਟ ਦੂਸਰੇ ਥਾਂ ਦੀ ਮੱਦ ਬਣ ਗਈ ਅਤੇ ਸਿਆਸੀ ਧਮੱਚੜ ਵੱਡੀ ਖਬਰ ਹੋ ਗਈ।
ਹੋਇਆ ਇਹ ਕਿ ਜਦੋਂ ਬੱਜਟ ਪੇਸ਼ ਕੀਤਾ ਜਾਣ ਵਾਲਾ ਸੀ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਹਿਲ ਉੱਤੇ ਅਕਾਲੀ-ਭਾਜਪਾ ਦੇ ਵਿਧਾਇਕਾਂ ਨੇ ਇਹ ਮੁੱਦ ਚੁੱਕ ਲਿਆ ਕਿ ਪੁਲਵਾਮਾ ਵਿੱਚ ਸੀ ਆਰ ਪੀ ਐੱਫ ਦੇ ਕਾਫਲੇ ਉੱਤੇ ਦਹਿਸ਼ਤਗਰਦਾਂ ਦੇ ਹਮਲੇ ਪਿੱਛੋਂ ਨਵਜੋਤ ਸਿੰਘ ਸਿੱਧੂ ਵੱਲੋਂ ਕਹੇ ਸ਼ਬਦਾਂ ਉੱਤੇ ਵਿਚਾਰ ਕੀਤੀ ਜਾਵੇ। ਸਪੀਕਰ ਸਾਹਿਬ ਨੇ ਵਾਰ-ਵਾਰ ਦੱਸਿਆ ਕਿ ਬੱਜਟ ਪੇਸ਼ ਹੋਣ ਕਾਰਨ ਅੱਜ ਇਸ ਬਾਰੇ ਕੋਈ ਬਹਿਸ ਨਹੀਂ ਹੋ ਸਕਦੀ, ਪਰ ਉਹ ਆਪਣੀ ਮੰਗ ਉੱਤੇ ਅੜੇ ਰਹੇ। ਇਸ ਦੇ ਜਵਾਬ ਵਿੱਚ ਨਵਜੋਤ ਸਿੰਘ ਸਿੱਧੂ ਵੀ ਮੋਰਚਾ ਮੱਲ ਖੜੋਤਾ। ਦੋਵੀਂ ਧਿਰੀਂ ਤੂੰ-ਤੂੰ-ਮੈਂ-ਮੈਂ ਹੋਣ ਲੱਗੀ ਤੇ ਮਿਹਣਿਆਂ ਤੋਂ ਤੁਰਦੀ ਬਹਿਸ ਗਾਲ੍ਹਾਂ ਵਰਗੀ ਭਾਸ਼ਾ ਵਰਤਣ ਦੀ ਹੱਦ ਪਾਰ ਕਰਨ ਲੱਗ ਪਈ। ਕਾਂਗਰਸ ਦੇ ਕਈ ਲੋਕ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਆਣ ਡਟੇ ਅਤੇ ਫਿਰ ਜਿਹੜਾ ਧਮੱਚੜ ਪਿਆ, ਉਸ ਦੇ ਬਾਅਦ ਸਪੀਕਰ ਨੂੰ ਅਕਾਲੀ-ਭਾਜਪਾ ਮੈਂਬਰਾਂ ਵਿਰੁੱਧ ਕਾਰਵਾਈ ਲਈ ਸਿੱਧਾ ਹੁਕਮ ਜਾਰੀ ਕਰਨ ਲਈ ਮਜਬੂਰ ਹੋਣਾ ਪੈ ਗਿਆ। ਇਹ ਕੋਈ ਚੰਗੀ ਗੱਲ ਨਹੀਂ ਹੋਈ।
ਪੁਲਵਾਮਾ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਵਿਰੁੱਧ ਜਦੋਂ ਸਾਰਾ ਦੇਸ਼ ਗੁੱਸੇ ਵਿੱਚ ਸੀ ਤਾਂ ਨਵਜੋਤ ਸਿੰਘ ਸਿੱਧੂ ਇਕੱਲੇ ਦਾ ਵੱਖਰਾ ਰਾਗ ਛੇੜਨਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਾ। ਫਿਰ ਵੀ ਉਹ ਦੇਸ਼ ਧ੍ਰੋਹ ਨਹੀਂ ਕਿਹਾ ਜਾ ਸਕਦਾ। ਜਿਹੜੀ ਰਾਜ-ਪ੍ਰਣਾਲੀ ਨਾਲ ਸਾਡਾ ਦੇਸ਼ ਚੱਲ ਰਿਹਾ ਹੈ, ਉਸ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਉਸ ਨੇ ਜੋ ਕੁਝ ਵੀ ਕਿਹਾ ਸੀ, ਉਸ ਨੂੰ ਇਸ ਪੱਖ ਤੋਂ ਸਮਝਣਾ ਚਾਹੀਦਾ ਹੈ ਕਿ ਗੱਲ ਅੱਜ ਦੀ ਨਹੀਂ, ਭਲਕੇ ਫਿਰ ਦੋਵਾਂ ਦੇਸ਼ਾਂ ਵਿੱਚ ਅਮਨ ਦੀ ਹਵਾ ਵਗ ਸਕਦੀ ਹੈ, ਇਸ ਲਈ ਸੰਭਲ ਕੇ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਕੋਈ ਉਸ ਦੀ ਸੋਚ ਨਾਲ ਸਹਿਮਤ ਹੋਵੇ ਜਾਂ ਨਾ, ਪਰ ਇਸ ਨੂੰ ਲੈ ਕੇ ਉਸ ਨੂੰ ਦੇਸ਼ ਦਾ ਗੱਦਾਰ ਅਤੇ ਦੇਸ਼ ਧਰੋਹੀ ਕਹਿਣ ਤੁਰ ਪੈਣਾ ਵੀ ਠੀਕ ਨਹੀਂ ਸੀ।
ਫਿਰ ਵੀ ਇਹ ਪਿਛਲੇ ਹਫਤੇ ਦੀ ਗੱਲ ਸੀ ਤੇ ਇਸ ਨੂੰ ਲੈ ਕੇ ਅੱਜ ਦਾ ਧਮੱਚੜ ਇਸ ਗੱਲ ਲਈ ਪੈਂਦਾ ਰਿਹਾ ਕਿ ਜਿੱਦਾਂ ਦਾ ਪ੍ਰਤੀਕਰਮ ਉਸ ਨੇ ਪਿਛਲੇ ਹਫਤੇ ਦਿੱਤਾ ਸੀ, ਉਸ ਨੂੰ ਵੱਡਾ ਮੁੱਦਾ ਬਣਾ ਦਿੱਤਾ ਜਾਵੇ। ਜਦੋਂ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਤਿੰਨ ਸਾਲਾਂ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਹੀ, ਰੌਲਾ ਤਾਂ ਉਸ ਦੇ ਖਿਲਾਫ ਓਦੋਂ ਵੀ ਪੈਂਦਾ ਸੀ। ਅਕਾਲੀ-ਭਾਜਪਾ ਦੇ ਲੀਡਰਾਂ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤਨਾਅ ਕੋਈ ਕਾਂਗਰਸ ਬਨਾਮ ਅਕਾਲੀ-ਭਾਜਪਾ ਮਾਮਲਾ ਨਹੀਂ, ਇਸ ਤਨਾਅ ਵਾਲੇ ਦਿਨਾਂ ਦੀ ਸ਼ੁਰੂਆਤ ਓਦੋਂ ਤੋਂ ਹੁੰਦੀ ਹੈ, ਜਦੋਂ ਨਵਜੋਤ ਸਿੱਧੂ ਭਾਜਪਾ ਦਾ ਪਾਰਲੀਮੈਂਟ ਮੈਂਬਰ ਹੁੰਦਾ ਸੀ। ਪਹਿਲਾਂ ਉਹ ਮਜੀਠੀਆ ਤੇ ਬਾਦਲ ਪਰਵਾਰਾਂ ਦੇ ਬੜਾ ਨੇੜੇ ਗਿਣਿਆ ਜਾਣ ਲੱਗਾ ਸੀ ਤੇ ਫਿਰ ਕਿਸੇ ਮਸਲੇ ਤੋਂ ਟਕਰਾਅ ਸ਼ੁਰੂ ਹੋਇਆ ਅਤੇ ਇਸ ਦਾ ਸਿੱਟਾ ਨਵਜੋਤ ਸਿੱਧੂ ਨੂੰ ਭਾਜਪਾ ਵਿੱਚੋਂ ਕੱਢੇ ਜਾਣ ਵਿੱਚ ਨਿਕਲਿਆ ਸੀ। ਭਾਜਪਾ ਨੇ ਵੀ ਅਸਲ ਵਿੱਚ ਉਸ ਨੂੰ ਆਪਣੇ ਆਪ ਤਾਂ ਨਹੀਂ ਸੀ ਕੱਢਿਆ, ਅਕਾਲੀ ਦਲ ਦੀ ਲੀਡਰਸ਼ਿਪ ਨੇ ਅੜੀ ਕਰ ਕੇ ਕੱਢਵਾਇਆ ਸੀ। ਪਹਿਲਾਂ ਉਸ ਦੀ ਅੰਮ੍ਰਿਤਸਰ ਵਾਲੀ ਲੋਕ ਸਭਾ ਸੀਟ ਤੋਂ ਉਸ ਨੂੰ ਟਿਕਟ ਨਹੀਂ ਸੀ ਦੇਣ ਦਿੱਤੀ ਤੇ ਉਹ ਸੀਟ ਅਰੁਣ ਜੇਤਲੀ ਨੂੰ ਦਿਵਾ ਕੇ ਚੋਣ ਲੜਵਾਈ ਗਈ ਸੀ। ਇਸ ਦੇ ਬਾਅਦ ਭਾਜਪਾ 'ਤੇ ਇਸ ਗੱਲ ਲਈ ਜ਼ੋਰ ਪਾਇਆ ਗਿਆ ਕਿ ਉਹ ਨਵਜੋਤ ਸਿੱਧੂ ਨੂੰ ਪੰਜਾਬ ਤੋਂ ਕੱਢ ਕੇ ਕਿਸੇ ਹੋਰ ਰਾਜ ਵਿੱਚ ਲੈ ਜਾਵੇ ਤਾਂ ਸੰਬੰਧ ਠੀਕ ਰਹਿਣਗੇ। ਹਰਿਆਣੇ ਦੀ ਵਿਧਾਨ ਸਭਾ ਚੋਣ ਮੌਕੇ ਜਦੋਂ ਅਕਾਲੀ ਦਲ ਨੇ ਭਾਜਪਾ ਦੇ ਨਾਲ ਟੱਕਰ ਲਈ ਚੌਟਾਲਾ ਪਰਵਾਰ ਵੱਲੋਂ ਕਮਾਨ ਜਾ ਸੰਭਾਲੀ ਤਾਂ ਭਾਜਪਾ ਨੇ ਫਿਰ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਮੁਕਾਬਲੇ ਲਿਆ ਕੇ ਸਿੱਧੇ ਟਕਰਾਅ ਦੇ ਹਾਲਾਤ ਪੈਦਾ ਕਰ ਦਿੱਤੇ ਸਨ। ਜਦੋਂ ਹਰਿਆਣਾ ਜਿੱਤ ਲਿਆ ਤਾਂ ਭਾਜਪਾ ਨੇ ਫਿਰ ਨਵਜੋਤ ਸਿੱਧੂ ਨੂੰ ਅਕਾਲੀ ਦਲ ਦੇ ਲੀਡਰਾਂ ਦੇ ਦਬਾਅ ਹੇਠ ਅਣਗੌਲਿਆ ਕਰਨ ਦਾ ਰਾਹ ਫੜਿਆ ਤੇ ਉਹ ਪਾਰਟੀ ਛੱਡ ਕੇ ਕਾਂਗਰਸ ਵਿੱਚ ਜਾ ਵੜਿਆ ਸੀ।
ਇਸ ਵਕਤ ਪੰਜਾਬ ਦੀ ਵਿਧਾਨ ਸਭਾ ਵਿੱਚ ਜੋ ਕੁਝ ਹੁੰਦਾ ਇਸ ਰਾਜ ਦੇ ਲੋਕ ਆਮ ਹੀ ਵੇਖਦੇ ਹਨ, ਇਸ ਦਾ ਅਜੋਕੀ ਸਥਿਤੀ ਜਾਂ ਕਿਸੇ ਰਾਜਨੀਤਕ ਮੁੱਦੇ ਜਾਂ ਸਿਧਾਂਤਕ ਸਵਾਲਾਂ ਨਾਲ ਕੋਈ ਸੰਬੰਧ ਨਹੀਂ, ਇਹ ਸਾਰਾ ਕੁਝ ਚਾਰ ਸਾਲ ਪਹਿਲਾਂ ਦੇ ਨਵਜੋਤ ਸਿੰਘ ਸਿੱਧੂ ਦੇ ਭਾਜਪਾ ਆਗੂ ਹੋਣ ਦੌਰਾਨ ਅਕਾਲੀਆਂ ਨਾਲ ਉਪਜੀ ਕੁੜੱਤਣ ਦਾ ਪ੍ਰਗਟਾਵਾ ਹੋ ਰਿਹਾ ਹੈ। ਕੋਈ ਵੀ ਇਹ ਨਹੀਂ ਕਹੇਗਾ ਕਿ ਅਕਾਲੀ ਆਗੂਆਂ ਜਾਂ ਨਵਜੋਤ ਸਿੰਘ ਸਿੱਧੂ ਵਿੱਚੋਂ ਬਹੁਤਾ ਕਸੂਰਵਾਰ ਕੌਣ ਹੈ, ਸਗੋਂ ਕਹਿਣ ਵਾਲੀ ਗੱਲ ਚਰਚਾ ਦਾ ਵਿਸ਼ਾ ਇਹ ਹੈ ਕਿ ਕਈ ਸਾਲ ਪਹਿਲਾਂ ਇਕੱਠੇ ਹੋਣ ਸਮੇਂ ਦੀ ਇਨ੍ਹਾਂ ਦੋ ਧਿਰਾਂ ਦੀ ਕੁੜੱਤਣ ਅੱਜ ਪੰਜਾਬ ਵਿਧਾਨ ਸਭਾ ਦਾ ਕੰਮ ਨਹੀਂ ਚੱਲਣ ਦੇ ਰਹੀ। ਪੰਜਾਬ ਦੇ ਲੋਕਾਂ ਨੇ ਇਸ ਗੱਲ ਲਈ ਚੁਣ ਕੇ ਨਹੀਂ ਭੇਜਿਆ ਕਿ ਓਥੇ ਲੜਦੇ ਰਹੋ। ਲੋਕਾਂ ਨੂੰ ਵਿਧਾਇਕਾਂ ਤੋਂ ਪੰਜਾਬ ਦੇ ਮਸਲਿਆਂ ਉੱਤੇ ਗੰਭੀਰ ਵਿਚਾਰਾਂ ਦੀ ਆਸ ਹੈ, ਮੁੱਦਿਆਂ ਤੇ ਸਮੱਸਿਆਵਾਂ ਦੇ ਹੱਲ ਦੀ ਆਸ ਹੈ, ਪਰ ਇਸ ਦੀ ਥਾਂ ਜੇ ਇਹੋ ਕੁਝ ਹੁੰਦਾ ਰਿਹਾ, ਕਸੂਰ ਕਿਸੇ ਦਾ ਵੀ ਹੋਵੇ, ਪੰਜਾਬ ਦੇ ਲੋਕ ਕਿਸੇ ਨੂੰ ਮੁਆਫ ਨਹੀਂ ਕਰਨਗੇ।
-ਜਤਿੰਦਰ ਪਨੂੰ

979 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper