Latest News
ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲੇ ਨਿਖੇਧੀਯੋਗ

Published on 19 Feb, 2019 11:13 AM.


ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀ ਆਰ ਪੀ ਐੱਫ਼ ਦੇ ਕਾਫ਼ਲੇ ਉੱਤੇ ਹੋਏ ਆਤਮਘਾਤੀ ਹਮਲੇ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਮੁੱਚੇ ਦੇਸ਼ ਵਾਸੀ ਪਾਕਿਸਤਾਨੀ ਸ਼ਹਿ ਪ੍ਰਾਪਤ ਅੱਤਵਾਦੀਆਂ ਵੱਲੋਂ ਕੀਤੀ ਗਈ ਇਸ ਕਾਰਵਾਈ ਵਿਰੁੱਧ ਸੜਕਾਂ ਉੱਤੇ ਉਤਰ ਆਏ ਸਨ। ਬਿਨਾਂ ਕਿਸੇ ਜਾਤ ਜਾਂ ਧਰਮ ਦੇ ਭੇਦਭਾਵ ਦੇ ਸਭ ਭਾਰਤੀਆਂ ਨੇ ਇਸ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਪ੍ਰੰਤੂ ਇਸ ਦਰਮਿਆਨ ਆਰ ਐੱਸ ਐੱਸ ਨਾਲ ਜੁੜੇ ਕੁਝ ਸੰਗਠਨ ਇਸ ਹਮਲੇ ਦੀ ਆੜ ਵਿੱਚ ਦੇਸ਼ ਦੀ ਫ਼ਿਰਕੂ-ਇੱਕਸੁਰਤਾ ਨੂੰ ਵਿਗਾੜਨ ਦੇ ਰਾਹ ਪਏ ਹੋਏ ਹਨ।
ਜੰਮੂ ਦੇ ਗੁੱਜਰ ਨਗਰ ਵਿੱਚ ਹਿੰਦੂਤਵੀ ਜਥੇਬੰਦੀਆਂ ਨੇ ਮੁਸਲਮਾਨਾਂ ਦੇ ਘਰਾਂ ਉੱਤੇ ਹਮਲੇ ਕੀਤੇ ਅਤੇ ਉੱਥੇ ਖੜੀਆਂ ਦਰਜਨਾਂ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਗੁੰਡਾਗਰਦੀ ਨੂੰ ਰੋਕਣ ਲਈ ਆਖਰ ਪ੍ਰਸ਼ਾਸਨ ਨੂੰ ਜੰਮੂ ਵਿੱਚ ਕਰਫ਼ਿਊ ਲਾਉਣਾ ਪਿਆ। ਹਮਲੇ ਦੇ ਅਗਲੇ ਦਿਨ 15 ਫ਼ਰਵਰੀ ਦੀ ਰਾਤ ਨੂੰ ਦਿੱਲੀ ਦੇ ਸਾਕੇਤ ਮੈਟਰੋ ਸਟੇਸ਼ਨ ਦੇ ਬਾਹਰ ਹਿੰਦੂਤਵੀ ਜਥੇਬੰਦੀਆਂ ਵੱਲੋਂ 'ਜੇ ਐੱਨ ਯੂ-ਏ ਐੱਮ ਯੂ ਉੱਤੇ ਹਮਲਾ ਕਰੋ' ਦੇ ਨਾਅਰੇ ਲਾਏ ਗਏ। ਮੈਟਰੋ ਸਟੇਸ਼ਨ ਦੇ ਬਾਹਰ ਮਸ਼ਾਲ ਤੇ ਤਿਰੰਗਾ ਲਈ ਭੀੜ ਦੀ ਅਗਵਾਈ ਕਰ ਰਹੀ ਇੱਕ ਔਰਤ ਭੀੜ ਨੂੰ ਪੁੱਛਦੀ ਹੈ, 'ਮੈਂ ਹਮਲਾ ਕਰੂੰਗੀ ਤਾਂ ਕੀ ਤੁਸੀਂ ਮੇਰਾ ਸਾਥ ਦਿਓਗੇ?' ਭੀੜ ਪੂਰੇ ਜ਼ੋਰ ਨਾਲ ਜਵਾਬ ਦਿੰਦੀ ਹੈ, 'ਹਾਂ, ਹਾਂ, ਹਾਂ।' ਫਿਰ ਉਹ ਔਰਤ ਕਹਿੰਦੀ ਹੈ ਕਿ ਅਸੀਂ ਜੇ ਐੱਨ ਯੂ ਉੱਤੇ ਹਮਲੇ ਦੀ ਤਿਆਰੀ ਕਰਦੇ ਹਾਂ, ਕਿਉਂਕਿ ਉੱਥੇ ਦੇਸ਼ ਦੇ ਗਦਾਰ ਬੈਠੇ ਹਨ। ਉਨ੍ਹਾਂ ਗਦਾਰਾਂ ਨੂੰ ਅਸੀਂ ਖੁਦ ਬਾਹਰ ਕੱਢ ਕੇ ਪੱਥਰਾਂ ਨਾਲ ਕੁਚਲ ਦਿਆਂਗੇ, ਸਵਾਲ ਪੈਦਾ ਹੁੰਦਾ ਹੈ ਕਿ ਪੁਲਵਾਮਾ ਹਮਲੇ ਨਾਲ ਜੇ ਐੱਨ ਯੂ ਦਾ ਕੀ ਸੰਬੰਧ? ਕੀ ਸੀ ਆਰ ਪੀ ਐੱਫ਼ ਦੇ ਕਾਫ਼ਲੇ ਉੱਤੇ ਜੇ ਐੱਨ ਯੂ ਦੇ ਵਿਦਿਆਰਥੀਆਂ ਨੇ ਹਮਲਾ ਕੀਤਾ ਸੀ? ਹਿੰਦੂਤਵੀਆਂ ਦੀ ਅਸਲ ਤਕਲੀਫ਼ ਇਹ ਹੈ ਕਿ ਜੇ ਐੱਨ ਯੂ ਵਾਲੇ ਜੰਗ ਦੀ ਨਹੀਂ, ਅਮਨ ਦੀ ਗੱਲ ਕਰਦੇ ਹਨ, ਇਹੋ ਹਿੰਦੂਤਵੀਆਂ ਨੂੰ ਫਿੱਟ ਨਹੀਂ ਬਹਿੰਦਾ। ਜੇ ਐੱਨ ਯੂ ਵਾਲੇ ਗ਼ਰੀਬਾਂ, ਮਜ਼ਦੂਰਾਂ ਤੇ ਮਿਹਨਤੀ ਜਮਾਤਾਂ ਦੇ ਹੱਕਾਂ ਦੀ ਲੜਾਈ ਲੜਦੇ ਹਨ, ਜੋ ਸੱਤਾਧਾਰੀਆਂ ਨੂੰ ਵਿਚਲਿਤ ਕਰ ਦਿੰਦਾ ਹੈ।
ਇਨ੍ਹਾਂ ਹਿੰਦੂਤਵੀਆਂ ਨੂੰ ਮਾਰੇ ਗਏ ਸੈਨਕਾਂ ਦਾ ਕੋਈ ਦੁੱਖ ਨਹੀਂ, ਉਹ ਤਾਂ ਉਨ੍ਹਾਂ ਦੀਆਂ ਲਾਸ਼ਾਂ ਉੱਤੇ ਸਿਆਸਤ ਦੀਆਂ ਰੋਟੀਆਂ ਸੇਕਣ ਵਿੱਚ ਰੁੱਝੇ ਹੋਏ ਹਨ। ਉਤਰਾਖੰਡ ਵਿੱਚ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁੰਨਾਂ ਵੱਲੋਂ 12 ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ। ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਿਛਲੇ ਸ਼ਨੀਵਾਰ ਨੂੰ ਹਿੰਦੂਤਵੀਆਂ ਦੀ ਭੀੜ ਵੱਲੋਂ ਕੁੜੀਆਂ ਦੇ ਹੋਸਟਲ ਨੂੰ ਘੇਰਾ ਪਾ ਲੈਣ ਤੋਂ ਬਾਅਦ 20 ਕਸ਼ਮੀਰੀ ਕੁੜੀਆਂ ਨੇ ਆਪਣੇ-ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਉਨ੍ਹਾਂ ਵਿੱਚੋਂ ਇੱਕ 24 ਸਾਲਾ ਵਿਦਿਆਰਥਣ, ਜੋ ਡਾਲਫਿਨ ਇੰਸਟੀਚਿਊਟ ਵਿੱਚ ਐੱਮ ਐੱਸ ਸੀ ਦੀ ਪੜ੍ਹਾਈ ਕਰ ਰਹੀ ਹੈ, ਨੇ ਦੱਸਿਆ ਕਿ ਸੈਂਕੜੇ ਲੋਕਾਂ ਨੇ ਸਾਡੇ ਹੋਸਟਲ ਨੂੰ ਘੇਰ ਲਿਆ ਹੈ ਤੇ ਉਨ੍ਹਾਂ ਪਾਸ ਪੱਥਰ ਤੇ ਲਾਠੀਆਂ ਹਨ। ਉਸ ਨੇ ਅਖ਼ਬਾਰ ਨੂੰ ਅੱਗੇ ਦੱਸਿਆ ਕਿ ਅਸੀਂ ਪੁਲਸ ਤੋਂ ਮਦਦ ਮੰਗੀ, ਉਹ ਆਈ, ਉਹ ਸਾਨੂੰ ਭੀੜ ਦਾ ਸਾਹਮਣਾ ਕਰਨ ਲਈ ਤੇ ਮਾਫ਼ੀ ਮੰਗਣ ਲਈ ਕਹਿ ਰਹੀ ਹੈ। ਅਸੀਂ ਕਿਸ ਗੱਲ ਲਈ ਮਾਫ਼ੀ ਮੰਗੀਏ? ਉਹ ਸਾਨੂੰ ਦੇਸ਼ ਧਰੋਹੀ ਕਹਿ ਰਹੇ ਹਨ, ਜਦੋਂ ਕਿ ਅਸੀਂ ਅਜਿਹਾ ਕੁਝ ਨਹੀਂ ਕੀਤਾ। ਅਸੀਂ ਦਰਵਾਜ਼ਾ ਨਹੀਂ ਖੋਲ੍ਹ ਸਕਦੀਆਂ, ਅਸੀਂ ਬਹੁਤ ਡਰੀਆਂ ਹੋਈਆਂ ਹਾਂ, ਸਾਡੀ ਮਦਦ ਕਰਨ ਵਾਲਾ ਕੋਈ ਨਹੀਂ।
ਇੱਕ ਅੰਦਾਜ਼ੇ ਮੁਤਾਬਕ ਦੇਹਰਾਦੂਨ ਵਿੱਚ ਪੰਜ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਤਿੰਨ ਹਜ਼ਾਰ ਦੇ ਕਰੀਬ ਕਸ਼ਮੀਰੀ ਪੜ੍ਹ ਰਹੇ ਹਨ। ਦੇਹਰਾਦੂਨ ਪੁਲਸ ਨੇ ਕਸ਼ਮੀਰੀ ਵਿਦਿਆਰਥੀਆਂ ਵਿਰੁੱਧ ਹਿੰਸਾ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ, ਪਰ ਕਸ਼ਮੀਰੀ ਵਿਦਿਆਰਥੀਆਂ ਨਾਲ ਹੋ ਰਹੀ ਕੁੱਟਮਾਰ ਦਾ ਵੀਡੀਓ ਸ਼ਨੀਵਾਰ ਤੋਂ ਹੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਕਸ਼ਮੀਰ ਦੇ ਬਾਰਾਮੂਲਾ ਦੇ ਬੀ ਐੱਫ਼ ਆਈ ਟੀ ਵਿੱਚ ਪੜ੍ਹ ਰਹੇ ਇੱਕ 23 ਸਾਲਾ ਵਿਦਿਆਰਥੀ ਨੇ ਦੱਸਿਆ ਕਿ ਭੀੜ ਨੇ ਸੰਸਥਾਨ ਦੇ ਗੇਟ ਅੱਗੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਮਾਰਕੁਟਾਈ ਕੀਤੀ ਅਤੇ ਤਿੰਨ ਵਿਅਕਤੀ ਸਾਡੇ ਕਿਰਾਏ ਵਾਲੇ ਕਮਰੇ ਵਿੱਚ ਆਏ ਅਤੇ ਸਾਨੂੰ ਬਾਹਰ ਆਉਣ ਲਈ ਕਿਹਾ। ਬਾਅਦ ਵਿੱਚ ਸੌ ਦੇ ਕਰੀਬ ਵਿਅਕਤੀ ਆਏ, ਜੋ ਨਾਅਰੇ ਲਾ ਰਹੇ ਸਨ 'ਹਿੰਦੋਸਤਾਨ ਦੇ ਗਦਾਰਾਂ ਨੂੰ ਗੋਲੀ ਮਾਰੋ।' ਅਸੀਂ ਘਰ ਵਿੱਚ ਫਸੇ ਹੋਏ ਹਾਂ, ਮਕਾਨ ਮਾਲਕ ਸਾਨੂੰ ਘਰ ਛੱਡਣ ਲਈ ਕਹਿ ਰਿਹਾ ਹੈ, ਪਰ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ, ਕਿਉਂਕਿ ਭੀੜ ਹਰ ਥਾਂ ਹੈ।
ਇਸੇ ਦੌਰਾਨ ਦੇਹਰਾਦੂਨ ਦੇ ਬਾਬਾ ਫਰੀਦ ਇੰਸਟੀਚਿਊਸ਼ਨ ਆਫ਼ ਟੈਕਨਾਲੋਜੀ ਦੇ ਪ੍ਰਿੰਸੀਪਲ ਨੇ ਇੱਕ ਲਿਖਤੀ ਨੋਟ ਜਾਰੀ ਕਰਕੇ ਕਿਹਾ ਹੈ ਕਿ ਆਉਣ ਵਾਲੇ ਵਿਦਿਅਕ ਸੈਸ਼ਨ ਵਿੱਚ ਕਿਸੇ ਵੀ ਕਸ਼ਮੀਰੀ ਵਿਦਿਆਰਥੀ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਅਜਿਹਾ ਬਿਆਨ ਹੀ ਐਲਪਾਈਨ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਵੀ ਜਾਰੀ ਕੀਤਾ ਗਿਆ ਹੈ।
ਸਥਿਤੀ ਬਹੁਤ ਹੀ ਖ਼ਤਰਨਾਕ ਹੈ। ਹਿੰਦੂਤਵੀ ਚੋਣਾਂ ਵਿੱਚ ਕਤਾਰਬੰਦੀ ਲਈ ਹਰ ਘਟਨਾ ਨੂੰ ਹਿੰਦੂ-ਮੁਸਲਿਮ ਨਾਲ ਜੋੜ ਰਹੇ ਹਨ। ਉਹ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਕਰ ਰਹੇ ਹਨ ਕਿ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਲਿਸਟ ਵਿੱਚ ਇੱਕ ਨਾਂਅ ਨਸੀਰ ਅਹਿਮਦ ਦਾ ਵੀ ਹੈ, ਜੋ ਰਜੌਰੀ ਦੇ ਪਿੰਡ ਦਾਦਾਸਨ ਵਾਲਾ ਦਾ ਰਹਿਣ ਵਾਲਾ ਸੀ। ਨਸੀਰ ਦੇ ਪਿੰਡ ਦੇ ਇੱਕ ਨੌਜਵਾਨ ਜਾਹਿਰ ਅਬਾਸ ਨੇ ਮੀਡੀਆ ਟੀਮ ਨੂੰ ਦੱਸਿਆ ਕਿ ਸਾਡੇ ਛੋਟੇ ਜਿਹੇ ਪਿੰਡ ਨੇ ਅੱਤਵਾਦੀਆਂ ਵਿਰੁੱਧ ਲੰਮੀ ਲੜਾਈ ਲੜੀ ਹੈ। ਉਸ ਨੇ ਦੱਸਿਆ ਕਿ ਅੱਤਵਾਦੀਆਂ ਨਾਲ ਲੜਾਈ ਵਿੱਚ ਉਨ੍ਹਾਂ ਦੇ ਪਿੰਡ ਦੇ ਤਕਰੀਬਨ 50 ਵਿਅਕਤੀ ਸ਼ਹੀਦ ਹੋ ਚੁੱਕੇ ਹਨ।
ਪਰ ਹਿੰਦੂਤਵੀਆਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ। ਉਹ ਤਾਂ ਸਾਡੀ ਭਾਈਚਾਰਕ ਇਕਸੁਰਤਾ ਨੂੰ ਤੋੜ ਕੇ ਵੋਟਾਂ ਦੀ ਸਿਆਸਤ ਖੇਡ ਰਹੇ ਹਨ। ਹਰ ਦੇਸ਼ ਭਗਤ ਵਿਅਕਤੀ ਨੂੰ ਹਿੰਦੂਤਵੀਆਂ ਦੀਆਂ ਇਨ੍ਹਾਂ ਕੁਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਮੈਦਾਨ ਮੱਲਣਾ ਚਾਹੀਦਾ ਹੈ। ਇਹ ਹੀ ਪੁਲਵਾਮਾ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

1046 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper