Latest News
ਸ਼ਹੀਦਾਂ ਦੀਆਂ ਲਾਸ਼ਾਂ 'ਤੇ ਵੋਟਾਂ ਦੀ ਰਾਜਨੀਤੀ

Published on 20 Feb, 2019 11:44 AM.

ਪੁਲਵਾਮਾ ਹਮਲੇ ਤੋਂ ਬਾਅਦ ਹਿੰਦੂਤਵੀ ਸੰਗਠਨਾਂ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ਆਉਣ ਪਿੱਛੋਂ ਕੇਂਦਰੀ ਗ੍ਰਹਿ ਮੰਤਰਾਲਿਆ ਵੱਲੋਂ ਸਾਰੀਆਂ ਸੂਬਾਈ ਸਰਕਾਰਾਂ ਨੂੰ ਅਡਵਾਇਜ਼ਰੀ ਜਾਰੀ ਕਰਕੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਕਾਰਗਰ ਕਦਮ ਚੁੱਕਣ ਲਈ ਕਿਹਾ ਗਿਆ ਸੀ, ਪਰ ਕੇਂਦਰ ਸਰਕਾਰ ਦੇ ਇਸ ਹੁਕਮ ਦਾ ਭਾਜਪਾ ਆਗੂਆਂ ਤੇ ਹਿੰਦੂਤਵੀ ਸੰਗਠਨਾਂ ਉੱਤੇ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਉਹ ਸ਼ਹੀਦਾਂ ਦੀਆਂ ਚਿਤਾਵਾਂ ਉੱਤੇ ਵੋਟਾਂ ਦੀਆਂ ਰੋਟੀਆਂ ਸੇਕਣ ਲਈ ਆਪਣੀ ਵੰਡ ਪਾਊ ਸਿਆਸਤ ਤੋਂ ਬਾਜ਼ ਨਹੀਂ ਆ ਰਹੇ। ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੇ ਤਾਂ ਹਮਲੇ ਵਾਲੇ ਦਿਨ ਤੋਂ ਹੀ ਕਸ਼ਮੀਰੀ ਵਿਦਿਆਰਥੀਆਂ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਸੀ, ਹੁਣ ਮੇਘਾਲਿਆ ਦੇ ਗਵਰਨਰ ਤੇ ਸਾਬਕਾ ਭਾਜਪਾ ਨੇਤਾ ਤਥਾਗਤ ਰਾਏ ਨੇ ਵੀ ਬਲਦੀ ਉੱਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਤਥਾਗਤ ਰਾਏ ਨੇ ਇੱਕ ਰਿਟਾਇਰਡ ਫ਼ੌਜੀ ਦੀ ਅਪੀਲ ਦਾ ਸਮੱਰਥਨ ਕਰਦਿਆਂ ਕਿਹਾ ਹੈ ''ਅਗਲੇ ਦੋ ਸਾਲ ਤੱਕ ਕਸ਼ਮੀਰ ਘੁੰਮਣ ਨਾ ਜਾਓ, ਅਮਰਨਾਥ ਯਾਤਰਾ ਉੱਤੇ ਵੀ ਨਾ ਜਾਓ, ਸਰਦੀਆਂ ਵਿੱਚ ਆਉਣ ਵਾਲੇ ਕਸ਼ਮੀਰੀਆਂ ਤੋਂ ਸਾਮਾਨ ਨਾ ਖਰੀਦੋ, ਕਸ਼ਮੀਰ ਦੀ ਹਰ ਚੀਜ਼ ਦਾ ਬਾਈਕਾਟ ਕਰੋ।''
ਇਸੇ ਦੌਰਾਨ ਖ਼ਬਰ ਆਈ ਹੈ ਕਿ ਦੇਹਰਾਦੂਨ ਪੁਲਸ ਨੇ ਜੇ ਐਨ ਯੂ ਦੀ ਵਿਦਿਆਰਥੀ ਆਗੂ ਸ਼ੈਹਲਾ ਰਾਸ਼ਿਦ ਵਿਰੁੱਧ ਅਫ਼ਵਾਹ ਫੈਲਾਉਣ ਅਤੇ ਘੱਟ ਗਿਣਤੀ ਭਾਈਚਾਰੇ ਵਿੱਚ ਡਰ ਪੈਦਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰ ਲਿਆ ਹੈ। ਸ਼ੈਹਲਾ ਰਾਸ਼ਿਦ ਨੇ ਆਪਣੇ ਇੱਕ ਟਵੀਟ ਰਾਹੀਂ ਕਿਹਾ ਸੀ ਕਿ ਦੇਹਰਾਦੂਨ ਦੇ ਇੱਕ ਹੋਸਟਲ ਵਿੱਚ 15-20 ਕਸ਼ਮੀਰੀ ਵਿਦਿਆਰਥਣਾਂ ਫ਼ਸੀਆਂ ਹੋਈਆਂ ਹਨ ਤੇ ਬਾਹਰ ਭੀੜ ਖੜੀ ਹੈ। ਰਾਜ ਦੀ ਪੁਲਸ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਇਹੋ ਖ਼ਬਰ ਇੰਡੀਅਨ ਐਕਸਪ੍ਰੈੱਸ ਨੇ ਫਸੀਆਂ ਲੜਕੀਆਂ ਦੇ ਹਵਾਲੇ ਨਾਲ ਵੀ ਲਾਈ।
ਹੁਣ ਨਵੀਂ ਖ਼ਬਰ ਆ ਗਈ ਹੈ, ਜੋ ਦੇਹਰਾਦੂਨ ਪੁਲਸ ਦੇ ਦਾਅਵਿਆਂ ਦੀ ਖਿੱਲੀ ਉਡਾਉਂਦੀ ਹੈ। ਇੰਡੀਅਨ ਐਕਸਪ੍ਰੈੱਸ ਦੇ ਅਨੁਸਾਰ ਅਲਪਾਈਨ ਕਾਲਜ ਆਫ਼ ਮੈਨੇਜਮੈਂਟ ਨੇ ਭੀੜ ਦੀ ਮੰਗ ਉੱਤੇ 27 ਸਾਲਾ ਕਸ਼ਮੀਰੀ ਨੌਜਵਾਨ ਆਬਿਦ ਮਜੀਦ ਨੂੰ ਡੀਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਸੰਬੰਧੀ ਪੁੱਛੇ ਜਾਣ ਉੱਤੇ ਕਾਲਜ ਦੇ ਚੇਅਰਮੈਨ ਅਨਿਲ ਸੈਨੀ ਨੇ ਕਿਹਾ ਕਿ ਭੀੜ ਏਨੀ ਹਮਲਾਵਰ ਸੀ ਕਿ ਸਾਨੂੰ ਉਨ੍ਹਾਂ ਦੀ ਮੰਗ ਮੰਨ ਕੇ ਆਬਿਦ ਨੂੰ ਤੁਰੰਤ ਡੀਨ ਦੇ ਅਹੁਦੇ ਤੋਂ ਮੁਕਤ ਕਰਨ ਦਾ ਪੱਤਰ ਜਾਰੀ ਕਰਨਾ ਪਿਆ। ਇਸੇ ਦੌਰਾਨ ਬਜਰੰਗ ਦਲ ਦੇ ਆਗੂ ਵਿਕਾਸ ਵਰਮਾ ਨੇ ਕਿਹਾ ਹੈ ਕਿ ਅਸੀਂ ਉਤਰਾਖੰਡ ਵਿੱਚ ਕੋਈ ਵੀ ਕਸ਼ਮੀਰੀ ਨਹੀਂ ਚਾਹੁੰਦੇ। ਯਾਦ ਰਹੇ ਕਿ ਦੇਹਰਾਦੂਨ ਵਿੱਚ 3 ਹਜ਼ਾਰ ਤੋਂ ਵੱਧ ਕਸ਼ਮੀਰੀ ਵਿਦਿਆਰਥੀ ਹਨ।
ਸਥਿਤੀ ਨੂੰ ਇਸ ਕਦਰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ ਕਿ ਜਿਹੜਾ ਵੀ ਵਿਅਕਤੀ ਕਸ਼ਮੀਰੀ ਵਿਦਿਆਰਥੀਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਾ ਹੈ, ਮੂਰਖ ਹਿੰਦੂਤਵੀ ਰਾਸ਼ਟਰਵਾਦੀ ਉਸ ਦੇ ਮਗਰ ਪੈ ਜਾਂਦੇ ਹਨ। ਅਜਿਹਾ ਹੀ ਨਾਮਣੇ ਵਾਲੀ ਪੱਤਰਕਾਰ ਬਰਖਾ ਦੱਤ ਨਾਲ ਹੋ ਰਿਹਾ ਹੈ। ਬਰਖਾ ਦੱਤ ਨੇ ਸਿਰਫ਼ ਏਨਾ ਟਵੀਟ ਕੀਤਾ ਸੀ, ''ਜਿਹੜੇ ਲੋਕ ਕਸ਼ਮੀਰੀ ਨਾਗਰਿਕਾਂ ਉੱਤੇ ਹਮਲੇ ਕਰ ਰਹੇ ਹਨ, ਜਾਂ ਧਮਕਾ ਰਹੇ ਹਨ, ਉਹ ਦੇਸ਼ ਭਗਤ ਨਹੀਂ।'' ਉਸ ਦੇ ਏਨਾ ਲਿਖਣ ਬਾਅਦ ਅਖੌਤੀ ਹਿੰਦੂਤਵੀ ਰਾਸ਼ਟਰਵਾਦੀਆਂ ਦੇ ਦਿਮਾਗ਼ਾਂ ਵਿੱਚ ਭਰੀ ਹੋਈ ਸਾਰੀ ਗੰਦਗੀ ਵਹਿਣੀ ਸ਼ੁਰੂ ਹੋ ਗਈ। ਬਰਖਾ ਦੱਤ ਨੂੰ ਹਰ ਗੰਦੀ ਤੋਂ ਗੰਦੀ ਗਾਲ੍ਹ ਦਿੱਤੀ ਗਈ। ਇੱਥੋਂ ਤੱਕ ਕਿ ਬੇਸ਼ਰਮ ਹਿੰਦੂਤਵੀਆਂ ਵੱਲੋਂ ਆਪਣੀਆਂ ਨੰਗੀਆਂ ਤਸਵੀਰਾਂ ਤੱਕ ਉਸ ਨੂੰ ਭੇਜੀਆਂ ਗਈਆਂ। ਇਸ ਸੰਬੰਧੀ ਬਰਖਾ ਦੱਤ ਨੇ ਆਪਣੀ ਸ਼ਿਕਾਇਤ ਪੁਲਸ, ਗ੍ਰਹਿ ਮੰਤਰਾਲੇ ਤੇ ਰਾਜ ਦੇ ਮੁੱਖ ਮੰਤਰੀ ਨੂੰ ਵੀ ਕੀਤੀ ਪਰ ਹਾਲੇ ਤੱਕ ਕਿਸੇ ਕਾਰਵਾਈ ਦੀ ਖ਼ਬਰ ਨਹੀਂ ਹੈ।
ਅਸਲ ਵਿੱਚ ਇਹ ਸਾਰੀ ਖੇਡ ਸਿਰ 'ਤੇ ਆ ਚੁੱਕੀਆਂ ਲੋਕ ਸਭਾ ਚੋਣਾਂ ਵਿੱਚ ਫ਼ਿਰਕੂ ਕਤਾਰਬੰਦੀ ਤਿੱਖੀ ਕਰਨ ਲਈ ਖੇਡੀ ਜਾ ਰਹੀ ਹੈ। ਇਸ ਦਾ ਖੁਲਾਸਾ ਗੁਜਰਾਤ ਦੇ ਭਾਜਪਾ ਆਗੂ ਭਰਤ ਪਾਂਡਿਆਂ ਦੇ ਪਾਰਟੀ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਦਿੱਤੇ ਭਾਸ਼ਣ ਤੋਂ ਹੋ ਜਾਂਦਾ ਹੈ। ਉਸ ਨੇ ਆਪਣੇ ਭਾਸ਼ਣ ਵਿੱਚ ਪਾਰਟੀ ਕਾਰਜਕਰਤਾਵਾਂ ਨੂੰ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਪੂਰਾ ਦੇਸ਼ ਰਾਸ਼ਟਰਵਾਦ ਦੀ ਭਾਵਨਾ ਦੇ ਨਾਲ ਇਕਜੁੱਟ ਖੜਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਏਕਤਾ ਨੂੰ ਇਕਜੁੱਟ ਵੋਟਾਂ ਵਿੱਚ ਤਬਦੀਲ ਕਰੀਏ। ਇਸ ਬਿਆਨ ਉੱਤੇ ਪ੍ਰਤੀਕ੍ਰਿਆ ਦਿੰਦਿਆਂ ਪ੍ਰਸਿੱਧ ਪੱਤਰਕਾਰ ਰਾਜਦੀਪ ਸਾਰਦੇਸਾਈ ਨੇ ਟਵੀਟ ਕੀਤਾ ਹੈ, ''ਸਾਡੇ ਸ਼ਹੀਦਾਂ ਦੀਆਂ ਲਾਸ਼ਾਂ ਉੱਤੇ ਵੋਟਾਂ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਘੱਟੋ-ਘੱਟ ਕੋਈ ਸਿੱਧਾ ਕਹਿ ਤਾਂ ਰਿਹਾ ਹੈ ਕਿ ਸਾਡੇ ਸੈਨਿਕਾਂ ਦੀਆਂ ਲਾਸ਼ਾਂ ਉਤੇ ਵੋਟ ਕਿੱਦਾਂ ਬਟੋਰੇ ਜਾਣ। ਇਹ ਰਾਜਨੀਤੀ ਹੈ-ਦੁਖਦਾਇਕ।''

1075 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper