Latest News
ਅਮਰੀਕਾ ਦੀ ਮਾਅਰਕੇਬਾਜ਼ੀ ਗਲਤ

Published on 21 Feb, 2019 11:37 AM.

ਬੁੱਧਵਾਰ ਦੇ ਦਿਨ ਰੂਸ ਦੇ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਇਹ ਬਿਆਨ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਯੂਰਪ ਵਿੱਚ ਅਮਰੀਕਾ ਨੇ ਐਟਮੀ ਮਿਜ਼ਾਈਲਾਂ ਬੀੜੀਆਂ ਤਾਂ ਉਹ ਵੀ ਚੁੱਪ ਨਹੀਂ ਬੈਠੇਗਾ ਤੇ ਅਮਰੀਕਾ ਦੇ ਖਿਲਾਫ ਕਾਰਵਾਈ ਕਰਨ ਤੋਂ ਨਹੀਂ ਝਿਜਕੇਗਾ। ਇਸ ਤਰ੍ਹਾਂ ਦਾ ਬਿਆਨ ਸੰਸਾਰ ਰਾਜਨੀਤੀ ਦੇ ਅਖਾੜੇ ਵਿੱਚ ਬਹੁਤ ਦੇਰ ਬਾਅਦ ਆਇਆ ਹੈ। ਇਸ ਨਾਲ ਸੰਸਾਰ ਕੂਟਨੀਤੀ ਦੇ ਮਾਹਰਾਂ ਦੇ ਕੰਨ ਖੜੇ ਹੋ ਗਏ ਹਨ। ਕਾਰਨ ਵੀ ਤੇ ਕਾਰਵਾਈ ਦੀ ਗੱਲ ਵੀ ਬਹੁਤ ਗੰਭੀਰ ਹੈ। ਅਸਲ ਵਿੱਚ ਇਹ ਮਸਲਾ ਅੰਦਰੇ-ਅੰਦਰ ਉੱਬਲ ਰਿਹਾ ਸੀ ਤੇ ਅਮਰੀਕਾ ਦੀ ਸਰਕਾਰ ਤੇ ਰਾਸ਼ਟਰਪਤੀ ਟਰੰਪ ਨੇ ਇਸ ਬਾਰੇ ਇਹ ਸੋਚ ਰੱਖਿਆ ਸੀ ਕਿ ਰੂਸ ਏਨਾ ਗੁੱਸਾ ਨਹੀਂ ਖਾਣ ਲੱਗਾ। ਰੂਸ ਦੀਆਂ ਸਰਕਾਰਾਂ ਦਾ ਆਪਣਾ ਸੁਭਾਅ ਹੈ। ਪੁਰਾਣੇ ਜ਼ਾਰ ਦੇ ਰਾਜ ਵਿੱਚ ਵੀ ਰੂਸ ਇੱਕ ਇਹੋ ਜਿਹੀ ਸ਼ਕਤੀ ਮੰਨਿਆ ਜਾਂਦਾ ਸੀ, ਜਿਸ ਵੱਲ ਛੇਤੀ ਕੀਤੇ ਕੋਈ ਮੂੰਹ ਨਹੀਂ ਸੀ ਕਰਦਾ। ਉਸ ਤੋਂ ਬਾਅਦ ਸੱਤਰ ਸਾਲਾਂ ਦੇ ਕਮਿਊਨਿਸਟ ਰਾਜ ਵੇਲੇ ਵੀ ਉਹ ਅਮਰੀਕਾ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲੀ ਇੱਕੋ-ਇੱਕ ਮਹਾਂਸ਼ਕਤੀ ਮੰਨਿਆ ਜਾਂਦਾ ਰਿਹਾ ਸੀ। ਕਮਿਊਨਿਸਟ ਰਾਜ ਦੇ ਖਾਤਮੇ ਵੇਲੇ ਜਿਹੜਾ ਯੇਲਤਸਿਨ ਰੂਸ ਦਾ ਆਗੂ ਬਣਿਆ ਸੀ, ਉਹ ਅਮਰੀਕਨਾਂ ਅੱਗੇ ਝੁਕ-ਝੁਕ ਜਾਣ ਵਾਲਾ ਹੋਣ ਕਰ ਕੇ ਬਹੁਤਾ ਚਿਰ ਲੋਕਾਂ ਨੇ ਪਸੰਦ ਨਹੀਂ ਸੀ ਕੀਤਾ ਤੇ ਵਲਾਦੀਮੀਰ ਪੁਤਿਨ ਨੂੰ ਇੱਕ ਕੌਮੀ ਸਵੈ-ਮਾਣ ਦੇ ਹੁਲਾਰੇ ਨੇ ਸੱਤਾ ਵਿੱਚ ਲੈ ਆਂਦਾ ਸੀ। ਪੂਤਿਨ ਨੇ ਜਦੋਂ ਯੂਕਰੇਨ ਦਾ ਮੁੱਦਾ ਨਿਪਟਾਇਆ ਸੀ ਤਾਂ ਸਾਰਾ ਅਮਰੀਕੀ ਬਲਾਕ ਤੜਫਦਾ ਰਿਹਾ ਸੀ, ਪਰ ਦਖਲ ਨਹੀਂ ਸੀ ਦੇ ਸਕਿਆ, ਕਿਉਂਕਿ ਰੂਸ ਦੀ ਤਾਕਤ ਦਾ ਪਤਾ ਸੀ। ਅੱਜ-ਕੱਲ੍ਹ ਅਮਰੀਕਾ ਦੀ ਅਗਵਾਈ ਹੇਠ ਫਿਰ ਸ਼ਰਾਰਤਾਂ ਦਾ ਦੌਰ ਚੱਲ ਨਿਕਲਿਆ ਹੈ। ਐਟਮੀ ਮਿਜ਼ਾਈਲਾਂ ਯੂਰਪ ਵਿੱਚ ਫਿੱਟ ਕੀਤੀਆਂ ਜਾਣ ਲੱਗੀਆਂ ਹਨ ਤੇ ਰੂਸ ਇਸ ਤਰ੍ਹਾਂ ਕੀਤੇ ਜਾਣ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਮਿਜ਼ਾਈਲਾਂ ਦੇ ਇਸ ਤਰ੍ਹਾਂ ਬੀੜਨ ਦਾ ਇਤਿਹਾਸ ਕਈ ਦਹਾਕੇ ਪੁਰਾਣਾ ਹੈ। ਇਹ ਦੂਸਰੀ ਸੰਸਾਰ ਜੰਗ ਵੇਲੇ ਤੋਂ ਸ਼ੁਰੂ ਹੁੰਦਾ ਹੈ। ਉਹ ਜੰਗ ਆਖਰੀ ਦੌਰ ਵਿੱਚ ਪਹੁੰਚ ਜਾਣ ਦੇ ਬਾਅਦ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਐਟਮ ਬੰਬ ਸੁੱਟ ਕੇ ਕਿਹਾ ਬੇਸ਼ੱਕ ਇਹ ਸੀ ਕਿ ਇਹ ਜਾਪਾਨ ਨੂੰ ਆਤਮ-ਸਮਰਪਣ ਲਈ ਮਜਬੂਰ ਕਰਨ ਵਾਸਤੇ ਸੁੱਟੇ ਹਨ, ਪਰ ਸਾਰਾ ਸੰਸਾਰ ਜਾਣਦਾ ਸੀ ਕਿ ਅਸਲ ਵਿੱਚ ਮੁੱਕਦੀ ਜਾਂਦੀ ਜੰਗ ਵਿੱਚ ਇਹ ਸਿਰਫ ਪਰਖਣ ਲਈ ਸੁੱਟਵਾਏ ਗਏ ਸਨ। ਇਸ ਨਾਲ ਦੁਨੀਆ ਦੇ ਵਿੱਚ ਨਵੀਂ ਦਹਿਸ਼ਤ ਦੀ ਲਹਿਰ ਦੌੜ ਗਈ ਤੇ ਕੁਝ ਦੇਰ ਬਾਅਦ ਰੂਸ ਨੇ ਆਪਣੇ ਕੋਲ ਐਟਮੀ ਤਾਕਤ ਹੋਣ ਦਾ ਖੁਲਾਸਾ ਕਰ ਕੇ ਅਮਰੀਕਾ ਦੇ ਹਾਕਮਾਂ ਨੂੰ ਇਹ ਗੱਲ ਸਮਝਾ ਦਿੱਤੀ ਸੀ ਕਿ ਉਹ ਆਪਣੇ-ਆਪ ਨੂੰ ਇਕਲੌਤੀ ਐਟਮੀ ਤਾਕਤ ਨਾ ਸਮਝਣ। ਜਦੋਂ ਕਿਊਬਾ ਦੇ ਦੁਆਲੇ ਅਮਰੀਕਾ ਨੇ ਘੇਰਾ ਪਾ ਲਿਆ ਅਤੇ ਰੂਸ ਵੱਲੋਂ ਘੂਰੀ ਵੱਟਣ ਪਿੱਛੋਂ ਉਹ ਘੇਰਾ ਚੁੱਕਣਾ ਪਿਆ ਸੀ ਤਾਂ ਓਦੋਂ ਐਟਮ ਦੀ ਇਹੋ ਰੂਸੀ ਤਾਕਤ ਸੀ, ਜਿਸ ਨੇ ਅਮਰੀਕਾ ਨੂੰ ਮਜਬੂਰ ਕੀਤਾ ਸੀ। ਫਿਰ ਅਗਲੇ ਕਈ ਸਾਲ ਦੋਵੇ ਦੇਸ਼ ਮਿਜ਼ਾਈਲਾਂ ਬੀੜਨ ਦਾ ਕੰਮ ਕਰਦੇ ਰਹੇ ਤੇ ਆਖਰ ਉਹ ਦਿਨ ਆ ਗਿਆ ਸੀ, ਜਦੋਂ ਸੰਸਾਰ ਵਿੱਚ ਮਜ਼ਬੂਤ ਹੋਈ ਅਮਨ ਲਹਿਰ ਦੇ ਸਿੱਟੇ ਵਜੋਂ ਸੰਸਾਰ ਪੱਧਰ ਦੀ ਇੱਕ ਸੰਧੀ ਕਰਨੀ ਪਈ ਸੀ ਕਿ ਦੋਵੇਂ ਤਾਕਤਾਂ ਐਟਮੀ ਹਥਿਆਰਾਂ ਵਿੱਚ ਕਮੀ ਕਰਨਗੀਆਂ। ਓਦੋਂ ਹੋਈ ਜਿਸ ਸੰਧੀ ਨਾਲ ਸੰਸਾਰ ਦੇ ਲੋਕਾਂ ਨੇ ਜੰਗ ਦਾ ਖਤਰਾ ਟਲ ਗਿਆ ਸਮਝਿਆ ਸੀ, ਉਸ ਨੂੰ ਅਮਲ ਵਿੱਚ ਦੋਵਾਂ ਪੱਖਾਂ ਨੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ, ਪਰ ਅਮਰੀਕਾ ਇਸ ਦਾ ਵੱਧ ਜ਼ਿੰਮੇਵਾਰ ਸਮਝਿਆ ਜਾਂਦਾ ਸੀ। ਕੁਝ ਹਫਤੇ ਪਹਿਲਾਂ ਉਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਇੱਕ ਦਿਨ ਆਪਣੇ ਆਪ ਇਹ ਐਲਾਨ ਕਰ ਦਿੱਤਾ ਕਿ ਉਹ ਐਟਮੀ ਸੰਧੀ ਛੱਡਣ ਦਾ ਫੈਸਲਾ ਕਰ ਚੁੱਕਾ ਹੈ। ਰੂਸ ਨੇ ਓਸੇ ਦਿਨ ਕਹਿ ਦਿੱਤਾ ਕਿ ਫਿਰ ਸਾਡੇ ਵੀ ਏਥੇ ਬੈਠੇ ਰਹਿਣ ਦੀ ਲੋੜ ਨਹੀਂ। ਓਸੇ ਦਿਨ ਇਹ ਗੱਲ ਕਹੀ ਜਾਣ ਲੱਗ ਪਈ ਕਿ ਇਸ ਦੇ ਬਾਅਦ ਦੋਵੇਂ ਐਟਮੀ ਤਾਕਤਾਂ ਇੱਕ-ਦੂਜੀ ਦਾ ਰਾਹ ਰੋਕਣ ਦੀ ਪੁਰਾਣੀ ਖੇਡ ਸ਼ੁਰੂ ਕਰਨ ਵੱਲ ਜਾ ਸਕਦੀਆਂ ਹਨ। ਹੋਇਆ ਵੀ ਇਹੋ ਹੈ। ਅਮਰੀਕਾ ਨੇ ਆਪਣੇ ਨੇੜਲਾ ਸਾਰਾ ਇਲਾਕਾ ਛੱਡ ਕੇ ਆਪਣੇ ਪੱਖ ਵਾਲੇ ਯੂਰਪੀ ਦੇਸ਼ਾਂ ਵਿੱਚ ਮਿਜ਼ਾਈਲਾਂ ਬੀੜਨ ਦਾ ਕੰਮ ਛੋਹਿਆ ਤਾਂ ਰੂਸ ਭੜਕ ਪਿਆ ਹੈ। ਉਸ ਦੇ ਰਾਸ਼ਟਰਪਤੀ ਨੇ ਪੱਤਰਕਾਰਾਂ ਤੇ ਜੰਗੀ ਤਕਨੀਕ ਅਤੇ ਰਣਨੀਤੀ ਦੇ ਮਾਹਰਾਂ ਨਾਲ ਗੱਲਬਾਤ ਕਰਦਿਆਂ ਇਹ ਸਾਫ ਕਹਿ ਦਿੱਤਾ ਹੈ ਕਿ ਜੇ ਅਮਰੀਕਾ ਦੀ ਸਰਕਾਰ ਸਾਡੇ ਗਵਾਂਢ ਯੂਰਪ ਵਿੱਚ ਇਸ ਤਰ੍ਹਾਂ ਦੀਆਂ ਮਿਜ਼ਾਈਲਾਂ ਗੱਡ ਰਹੀ ਹੈ ਤਾਂ ਅਸੀਂ ਵੀ ਚੁੱਪ ਨਹੀਂ ਬੈਠਾਂਗੇ। ਸਿੱਧੇ ਤੌਰ ਉੱਤੇ ਉਹ ਕਹਿ ਰਿਹਾ ਹੈ ਕਿ ਇਸ ਨਾਲ ਯੂਰਪੀ ਦੇਸ਼ਾਂ ਨੂੰ ਵੀ ਖਤਰਾ ਹੋਵੇਗਾ ਤੇ ਅਮਰੀਕਾ ਦਾ ਵੀ ਲਿਹਾਜ਼ ਨਹੀਂ ਹੋਵੇਗਾ। ਰੂਸੀ ਰਾਸ਼ਟਰਪਤੀ ਦੇ ਸ਼ਬਦਾਂ ਵਿਚਲੀ ਇਸ ਧਮਕੀ ਨੂੰ ਸਾਰੇ ਸੰਸਾਰ ਦੇ ਲੋਕਾਂ ਨੇ ਨੋਟ ਕੀਤਾ ਹੈ ਤਾਂ ਅਮਰੀਕਾ ਵਾਲਿਆਂ ਨੇ ਵੀ ਜ਼ਰੂਰ ਕੀਤਾ ਹੋਵੇਗਾ। ਉਨ੍ਹਾਂ ਦਾ ਰਾਸ਼ਟਰਪਤੀ ਕਿਸੇ ਵੀ ਹੋਰ ਨੂੰ ਕਿਸੇ ਗਿਣਤੀ ਵਿੱਚ ਨਹੀਂ ਰੱਖਦਾ। ਆਪਣੀ ਪਾਰਲੀਮੈਂਟ ਦੇ ਮੈਂਬਰਾਂ ਨਾਲ ਵੀ ਉਸ ਦਾ ਆਢਾ ਲੱਗਾ ਰਹਿੰਦਾ ਹੈ ਤੇ ਖੁਦ ਆਪਣੇ ਦਫਤਰ ਵਿੱਚ ਵੀ ਆਏ ਦਿਨ ਵੱਡੇ-ਵੱਡੇ ਅਧਿਕਾਰੀਆਂ ਦੀ ਛਾਂਟੀ ਕਰਨ ਰੁੱਝਾ ਰਹਿੰਦਾ ਹੈ। ਦੂਸਰੇ ਦੇਸ਼ਾਂ ਨਾਲ ਵੀ ਸੰਬੰਧ ਚੰਗੇ ਨਹੀਂ ਰੱਖਦਾ। ਸੰਸਾਰ ਪੱਧਰ ਦੀਆਂ ਕਈ ਏਜੰਸੀਆਂ ਨੂੰ ਉਸ ਦੀ ਅਗਵਾਈ ਹੇਠ ਅਮਰੀਕਾ ਦੀ ਸਰਕਾਰ ਛੱਡ ਚੁੱਕੀ ਹੈ ਤੇ ਹਰ ਗੱਲ ਵਿੱਚ ਉਹ ਸਿਰਫ ਆਪਣੇ ਦੇਸ਼ ਨੂੰ ਠੀਕ ਤੇ ਬਾਕੀ ਸਾਰੇ ਸੰਸਾਰ ਦੀਆਂ ਸਰਕਾਰਾਂ ਨੂੰ ਗਲਤ ਸਮਝਣ ਦਾ ਆਦੀ ਹੋ ਚੁੱਕਾ ਹੈ। ਇਹ ਹੀ ਉਸ ਦੀ ਗਲਤ ਧਾਰਨਾ ਹੈ। ਵਕਤ ਆ ਗਿਆ ਹੈ ਕਿ ਅਮਰੀਕੀ ਲੋਕਾਂ ਨੂੰ ਆਪਣੇ ਰਾਸ਼ਟਰਪਤੀ ਦੀ ਮਾਅਰਕੇਬਾਜ਼ੀ ਬਾਰੇ ਸੋਚਣਾ ਪਵੇਗਾ। ਉਸ ਦੀ ਇਹ ਨੀਤੀ ਪੁਆੜਾ ਨਾ ਪਾ ਦੇਵੇ ਤੇ ਸੰਸਾਰ ਅਮਨ ਨੂੰ ਚੁਆਤੀ ਨਾ ਲੱਗ ਜਾਵੇ, ਇਹ ਚਿੰਤਾ ਹਰ ਕਿਸੇ ਨੂੰ ਕਰਨੀ ਪਵੇਗੀ। -ਜਤਿੰਦਰ ਪਨੂੰ

1053 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper