Latest News
ਲੋਕ ਸਭਾ ਚੋਣਾਂ ਲਈ ਦੋ ਰੈਲੀਆਂ

Published on 25 Feb, 2019 10:54 AM.


ਪਾਰਲੀਮੈਂਟ ਦੀ ਚੋਣ ਦਾ ਐਲਾਨ ਕਿਸ ਦਿਨ ਹੋਵੇਗਾ, ਇਹ ਗੱਲ ਸਿਰਫ ਚੋਣ ਕਮਿਸ਼ਨ ਦਾ ਮੁਖੀ ਜਾਣਦਾ ਹੋਵੇਗਾ, ਪਰ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਾ ਫੈਸਲਾ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਕੇਂਦਰ ਸਰਕਾਰ ਦੀ ਰਾਏ ਪੁੱਛਣ ਤੋਂ ਬਾਅਦ ਕਰਨ ਦੀ ਵੱਧ ਸੰਭਾਵਨਾ ਹੈ। ਆਮ ਲੋਕਾਂ ਲਈ ਚੋਣ ਕਮਿਸ਼ਨ ਅਤੇ ਇਹੋ ਜਿਹੇ ਕਈ ਹੋਰ ਅਦਾਰੇ ਖੁਦਮੁਖਤਾਰ ਹੁੰਦੇ ਹਨ, ਪਰ ਇਹ ਗੱਲ ਬੀਤੇ ਸਾਲਾਂ ਵਿੱਚ ਲਗਭਗ ਸਾਫ ਹੋ ਚੁੱਕੀ ਹੈ ਕਿ ਉਹ ਖੁਦਮੁਖਤਾਰ ਹੁੰਦੇ ਹੋਏ ਵੀ ਇਸ ਪਦਵੀ ਲਈ ਨਿਯੁਕਤ ਕਰਨ ਦੀ ਮਿਹਰਬਾਨੀ ਕਰਨ ਵਾਲਿਆਂ ਨੂੰ ਭੁਲਾਉਂਦੇ ਨਹੀਂ। ਇਹੋ ਕਾਰਨ ਹੈ ਕਿ ਇਸ ਵੇਲੇ ਵੀ ਇਹੋ ਕਿਹਾ ਜਾ ਰਿਹਾ ਹੈ ਕਿ ਚੋਣਾਂ ਵਾਸਤੇ ਐਲਾਨ ਕਦੋਂ ਅਤੇ ਕਿਹੋ ਜਿਹਾ ਕਰਨਾ ਹੈ, ਇਹ ਸਰਕਾਰ ਦੇ ਮੁਖੀ ਦੀ ਮਰਜ਼ੀ ਮੁਤਾਬਕ ਕੀਤਾ ਜਾ ਸਕਦਾ ਹੈ।
ਫਿਰ ਕਿਉਂਕਿ ਇਹ ਕਿਸੇ ਵਕਤ ਵੀ ਹੋ ਸਕਦਾ ਹੈ, ਇਸ ਲਈ ਵੱਖ-ਵੱਖ ਸਿਆਸੀ ਧਿਰਾਂ ਨੇ ਲੋਕਾਂ ਤੱਕ ਪਹੁੰਚਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸੰਬੰਧ ਵਿੱਚ ਕੱਲ੍ਹ ਐਤਵਾਰ ਨੂੰ ਦੋ ਰੈਲੀਆਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਵੀ ਹੋਈਆਂ ਹਨ ਤੇ ਇਨ੍ਹਾਂ ਦੀ ਕਾਫੀ ਚਰਚਾ ਹੋਈ ਹੈ। ਇਹ ਚਰਚਾ ਪੱਖ ਵਿੱਚ ਵੀ ਹੁੰਦੀ ਸੁਣੀ ਹੈ ਤੇ ਵਿਰੋਧ ਵਿੱਚ ਵੀ। ਚੰਡੀਗੜ੍ਹ ਦੀ ਰੈਲੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਸੀ ਤੇ ਅੰਮ੍ਰਿਤਸਰ ਵਿੱਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਆਮਦ ਹੋਈ ਸੀ। ਦੋਵਾਂ ਹੀ ਪਾਰਟੀਆਂ ਦੇ ਸਥਾਨਕ ਆਗੂਆਂ ਨੇ ਦਾਅਵੇ ਭਾਵੇਂ ਬਹੁਤ ਵੱਡੇ-ਵੱਡੇ ਕੀਤੇ ਸਨ, ਇਨ੍ਹਾਂ ਦੋਵਾਂ ਰੈਲੀਆਂ ਵਿੱਚ ਓਨੇ ਲੋਕ ਨਹੀਂ ਆਏ, ਜਿੰਨਾ ਆਉਣ ਦੀ ਆਸ ਕੀਤੀ ਜਾ ਰਹੀ ਸੀ ਤੇ ਹਾਜ਼ਰੀ ਫਿੱਕੀ ਹੀ ਰਹੀ।
ਅੰਮ੍ਰਿਤਸਰ ਦੀ ਰੈਲੀ ਵਿੱਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਆਉਣਾ ਸੀ ਤਾਂ ਉਸ ਦੀ ਆਮਦ ਤੋਂ ਪਹਿਲਾਂ ਭਾਜਪਾ ਦੇ ਲੀਡਰਾਂ ਦੀ ਆਪਸੀ ਖਹਿਬਾਜ਼ੀ ਆਮ ਲੋਕਾਂ ਨੂੰ ਸਮਝ ਪੈ ਗਈ। ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਜਿਸ ਭਾਜਪਾ ਮੰਤਰੀ ਦੀ ਅੰਮ੍ਰਿਤਸਰ ਵਿੱਚ ਤੂਤੀ ਬੋਲਦੀ ਸੀ, ਉਸ ਨੂੰ ਖੂੰਜੇ ਲਾਉਣ ਦਾ ਕੰਮ ਹੋ ਗਿਆ ਤੇ ਉਸ ਦੇ ਸਮੱਰਥਕਾਂ ਨੇ ਉਸ ਦੇ ਲਈ ਜਿੰਨੇ ਕੁ ਪੋਸਟਰ ਜਾਂ ਹੋਰਡਿੰਗ ਲਾਏ ਸਨ, ਉਹ ਸਭ ਪੁੱਟਣ ਜਾਂ ਪਾੜਨ ਦਾ ਕੰਮ ਵੀ ਭਾਜਪਾ ਦੇ ਆਪਣੇ ਵਰਕਰਾਂ ਨੇ ਕੀਤਾ। ਇਸ ਤੋਂ ਪਹਿਲਾਂ ਪਠਾਨਕੋਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮੌਕੇ ਪਿਛਲੇ ਸਾਲ ਗੁਰਦਾਸਪੁਰ ਤੋਂ ਉੱਪ ਚੋਣ ਲੜ ਚੁੱਕੇ ਭਾਜਪਾ ਆਗੂ ਸਵਰਨ ਸਲਾਰੀਆ ਨਾਲ ਇਸੇ ਤਰ੍ਹਾਂ ਕੀਤਾ ਗਿਆ ਸੀ। ਦੂਸਰੀ ਗੱਲ ਇਹ ਕਿ ਅਜੇ ਤੱਕ ਦੀ ਇਹ ਰਵਾਇਤ ਸੀ ਕਿ ਅਕਾਲੀ-ਭਾਜਪਾ ਵਿੱਚੋਂ ਕਿਸੇ ਵੀ ਧਿਰ ਦੀ ਰੈਲੀ ਹੋਵੇ, ਦੂਸਰੀ ਪਾਰਟੀ ਗੱਠਜੋੜ ਦੀ ਸਾਂਝ ਕਾਰਨ ਆਪਣਾ ਕੋਈ ਆਗੂ ਓਥੇ ਭੇਜ ਦਿਆ ਕਰਦੀ ਸੀ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਭਾਜਪਾ ਦੇ ਪ੍ਰਧਾਨ ਦੀ ਵਰਕਰਜ਼ ਰੈਲੀ ਮੌਕੇ ਅਕਾਲੀ ਦਲ ਦਾ ਇੱਕ ਵੀ ਆਗੂ ਨਹੀਂ ਭੇਜਿਆ ਗਿਆ। ਇਸ ਤੋਂ ਜਿਹੜਾ ਮੱਤਭੇਦਾਂ ਦਾ ਪ੍ਰਭਾਵ ਪੈਂਦਾ ਸੀ, ਉਹ ਭਾਜਪਾ ਪ੍ਰਧਾਨ ਦੀ ਤਕਰੀਰ ਨੇ ਓਦੋਂ ਹੋਰ ਵਧਾ ਦਿੱਤਾ, ਜਦੋਂ ਉਨ੍ਹਾ ਵਾਰ-ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਸ਼ਲਾਘਾ ਦੇ ਲਫਜ਼ ਵਰਤਣੇ ਜਾਰੀ ਰੱਖੇ ਤੇ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਾਰੇ ਭਾਸ਼ਣ ਵਿੱਚ ਨਾਂਅ ਤੱਕ ਲੈਣ ਦੀ ਜ਼ਰੂਰਤ ਵੀ ਨਹੀਂ ਸੀ ਸਮਝੀ। ਅਮਿਤ ਸ਼ਾਹ ਵਰਗਾ ਆਗੂ ਇਸ ਤਰ੍ਹਾਂ ਸੁੱਤੇ ਸਿੱਧ ਨਹੀਂ ਕਰ ਸਕਦਾ, ਇਸ ਦੇ ਕੁਝ ਅਰਥ ਹਨ।
ਜਿੱਥੋਂ ਤੱਕ ਓਸੇ ਦਿਨ ਚੰਡੀਗੜ੍ਹ ਵਿੱਚ ਕੀਤੀ ਗਈ ਆਮ ਆਦਮੀ ਪਾਰਟੀ ਦੀ ਰੈਲੀ ਦਾ ਸੰਬੰਧ ਹੈ, ਜਿਸ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਏ ਸਨ, ਉਸ ਵਿੱਚ ਲੋਕ ਘੱਟ ਆਉਣ ਦਾ ਵੱਡਾ ਕਾਰਨ ਇਹ ਹੈ ਕਿ ਪਾਰਟੀ ਓਥੇ ਅਗਲਾ ਉਮੀਦਵਾਰ ਉਸ ਬੰਦੇ ਨੂੰ ਬਣਾਉਣ ਲੱਗੀ ਹੈ, ਜਿਹੜਾ ਪਾਰਟੀ ਦੇ ਮੋਢੀ ਮੈਂਬਰਾਂ ਵਿੱਚੋਂ ਨਹੀਂ। ਪਹਿਲਾਂ ਵੀ ਉਹ ਤਿੰਨ ਕੁ ਪਾਰਟੀਆਂ ਵਿੱਚ ਸ਼ਾਮਲ ਹੋ ਚੁੱਕਾ ਹੈ ਤੇ ਇਸ ਮੌਕੇ ਜਦੋਂ ਆਮ ਆਦਮੀ ਪਾਰਟੀ ਵਿੱਚ ਆਇਆ ਹੈ ਤਾਂ ਉਸ ਦੇ ਇਸ ਪਾਰਟੀ ਨਾਲ ਸਾਥ ਦੀ ਮਿਆਦ ਯਕੀਨੀ ਨਹੀਂ ਮੰਨੀ ਜਾ ਰਹੀ। ਪਾਰਟੀ ਦੇ ਪੁਰਾਣੇ ਅਤੇ ਲੰਮਾ ਸਮਾਂ ਕੰਮ ਕਰ ਚੁੱਕੇ ਵਰਕਰਾਂ ਤੇ ਆਗੂਆਂ ਨੂੰ ਇਹ ਗੱਲ ਚੁਭਣ ਕਾਰਨ ਉਹ ਇਸ ਮੌਕੇ ਰੈਲੀ ਲਈ ਕੰਮ ਕਰਨ ਦੀ ਥਾਂ ਪਾਸੇ ਰਹਿਣ ਜਾਂ ਸਿਰਫ ਮੂੰਹ ਦਿਖਾਵੇ ਲਈ ਓਧਰ ਜਾ ਆਉਣ ਤੱਕ ਸੀਮਤ ਹੋ ਗਏ ਸਨ। ਪਿਛਲੀ ਵਾਰ ਇਹ ਪਾਰਟੀ ਇਹ ਕਹਿੰਦੀ ਸੀ ਕਿ ਕਿਸੇ ਹੋਰ ਪਾਰਟੀ ਵਿੱਚ ਰਹਿ ਚੁੱਕਾ ਕੋਈ ਆਗੂ ਅਸੀਂ ਲੈਣਾ ਹੀ ਨਹੀਂ, ਅੱਜ-ਕੱਲ੍ਹ ਹਰ ਜਗ੍ਹਾ ਹੋਰਨਾਂ ਪਾਰਟੀਆਂ ਦੇ ਆਗੂਆਂ ਦਾ ਸਵਾਗਤ ਕਰ ਰਹੀ ਹੈ। ਇਸ ਨਾਲ ਪਾਰਟੀ ਦਾ ਪਹਿਲਾਂ ਵਾਲਾ ਅਕਸ ਨਹੀਂ ਰਿਹਾ। ਹੈਰਾਨੀ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਦਾ ਭਾਸ਼ਣ ਵੀ ਲੋਕਾਂ ਦੇ ਮਜ਼ਾਕ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਜੇ ਉਨ੍ਹਾ ਦਾ ਉਮੀਦਵਾਰ ਜਿੱਤ ਗਿਆ ਤਾਂ ਚੰਡੀਗੜ੍ਹ ਸ਼ਹਿਰ ਨੂੰ ਦਿੱਲੀ ਵਰਗਾ ਬਣਾ ਦਿੱਤਾ ਜਾਵੇਗਾ, ਪਰ ਉਹ ਇਹ ਗੱਲ ਭੁੱਲ ਗਿਆ ਕਿ ਭਾਰਤ ਵਿੱਚ ਇੱਕੋ ਸ਼ਹਿਰ ਨੂੰ 'ਸਿਟੀ ਬਿਊਟੀਫੁਲ'’ ਕਿਹਾ ਜਾਂਦਾ ਹੈ ਤੇ ਉਹ ਚੰਡੀਗੜ੍ਹ ਹੈ, ਉਸ ਦੇ ਲੋਕ ਪ੍ਰਦੂਸ਼ਣ ਮਾਰੀ ਦਿੱਲੀ ਵਰਗਾ ਸ਼ਹਿਰ ਬਣਾਉਣ ਦਾ ਸੁਫਨਾ ਲੈਣਾ ਵੀ ਪਸੰਦ ਨਹੀਂ ਕਰਨਗੇ। ਉਂਜ ਇਹ ਵੀ ਕਹਿਣ ਨੂੰ 'ਸਿਟੀ ਬਿਊਟੀਫੁਲ'’ ਹੈ, ਸੰਸਾਰ ਦੇ ਅਸਲੀ ਸੁੰਦਰ ਅਤੇ ਵਿਕਸਤ ਸ਼ਹਿਰਾਂ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਚੰਡੀਗੜ੍ਹ ਵੀ ਵਿਕਸਤ ਦੇਸ਼ਾਂ ਦੀ ਇੱਕ ਬਸਤੀ ਤੋਂ ਵੱਧ ਨਹੀਂ ਰਹਿ ਗਿਆ।
ਕੱਲ੍ਹ ਦੀਆਂ ਇਨ੍ਹਾਂ ਦੋਵਾਂ ਰੈਲੀਆਂ ਨਾਲ ਪੰਜਾਬ ਵਿੱਚ ਚੋਣਾਂ ਦਾ ਚੱਕਾ ਰਿੜ੍ਹਨ ਦਾ ਪ੍ਰਭਾਵ ਜ਼ਰੂਰ ਮਿਲ ਗਿਆ ਹੈ ਤੇ ਆਸ ਕਰਨੀ ਚਾਹੀਦੀ ਹੈ ਕਿ ਅਗਲੇ ਦਿਨਾਂ ਵਿੱਚ ਸਿਆਸੀ ਰੈਲੀਆਂ ਦਾ ਹੜ੍ਹ ਵੀ ਆਉਣ ਵਿੱਚ ਬਹੁਤੀ ਦੇਰ ਨਹੀਂ ਲਾਵੇਗਾ।
-ਜਤਿੰਦਰ ਪਨੂੰ

1100 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper