Latest News
ਪਹਿਲਾ ਯਤਨ ਜੰਗ ਟਾਲਣ ਦਾ ਹੋਣਾ ਚਾਹੀਦੈ

Published on 26 Feb, 2019 11:29 AM.

ਮੰਗਲਵਾਰ ਦੇ ਵੱਡੇ ਤੜਕੇ ਭਾਰਤ ਦੀ ਹਵਾਈ ਫੌਜ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਨੂੰ ਉਲੰਘ ਕੇ ਪਾਕਿਸਤਾਨੀ ਕਬਜ਼ੇ ਵਾਲੀ ਧਰਤੀ ਉੱਤੇ ਅੱਤਵਾਦੀਆਂ ਦੇ ਇੱਕ ਵੱਡੇ ਕੈਂਪ ਉੱਤੇ ਹਮਲੇ ਕੀਤੇ ਹਨ। ਇਸ ਨਾਲ ਅੱਤਵਾਦੀਆਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਹੈ, ਇਸ ਬਾਰੇ ਭਾਰਤ ਅਤੇ ਪਾਕਿਸਤਾਨ ਦੇ ਦਾਅਵੇ ਵੱਖੋ-ਵੱਖ ਹਨ ਅਤੇ ਇਹ ਵੱਖ-ਵੱਖ ਹੋਣੇ ਸੁਭਾਵਕ ਵੀ ਹਨ। ਪਾਕਿਸਤਾਨ ਆਪਣੇ ਪਾਸੇ ਹੋਏ ਨੁਕਸਾਨ ਨੂੰ ਮੰਨੇ ਤਾਂ ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਸ਼ਰਮਿੰਦਾ ਹੋਵੇਗਾ। ਇਸ ਦੇ ਬਾਅਦ ਵੀ ਇਹ ਗੱਲ ਪਾਕਿਸਤਾਨ ਨੂੰ ਮੰਨਣੀ ਪਈ ਹੈ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਉਸ ਦੇ ਖੇਤਰ ਵਿੱਚ ਜਾ ਕੇ ਏਡਾ ਵੱਡਾ ਹਮਲਾ ਕੀਤਾ ਅਤੇ ਫਿਰ ਸਾਰੇ ਜਹਾਜ਼ ਸਹੀ-ਸਲਾਮਤ ਵਾਪਸ ਆ ਗਏ ਹਨ। ਆਪਣੀ ਸ਼ਰਮਿੰਦਗੀ ਲੁਕਾਉਣ ਲਈ ਪਾਕਿਸਤਾਨ ਦੇ ਫੌਜੀ ਅਧਿਕਾਰੀ ਇਹ ਕਹਿਣ ਲਈ ਸਾਰਾ ਤਾਣ ਲਾਈ ਜਾਂਦੇ ਹਨ ਕਿ ਭਾਰਤ ਦੇ ਜਹਾਜ਼ ਆਏ ਅਤੇ ਅਸੀਂ ਜਦੋਂ ਲਲਕਾਰਿਆ ਤਾਂ ਉਜਾੜ ਇਲਾਕੇ ਵਿੱਚ ਆਪਣਾ ਸਾਮਾਨ ਸੁੱਟ ਕੇ ਵਾਪਸ ਉਡਾਰੀਆਂ ਲਾ ਗਏ ਹਨ, ਨੁਕਸਾਨ ਹੀ ਕੋਈ ਨਹੀਂ ਹੋਇਆ। ਭਾਰਤ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੈਸ਼-ਇ-ਮੁਹੰਮਦ ਦੇ ਕੁਝ ਵੱਡੇ ਕੈਂਪ ਅਤੇ ਲਾਂਚਿੰਗ ਪੈਡ, ਜਿੱਥੋਂ ਅੱਤਵਾਦੀਆਂ ਨੂੰ ਭਾਰਤ ਦੀ ਹੱਦ ਵਿੱਚ ਮਾਰਨ ਅਤੇ ਮਰਨ ਲਈ ਭੇਜਿਆ ਜਾਂਦਾ ਸੀ, ਉਹ ਤਬਾਹ ਕਰ ਦਿੱਤੇ ਗਏ ਹਨ ਤੇ ਇਸ ਕਾਰਵਾਈ ਦੌਰਾਨ ਤਿੰਨ ਸੌ ਦੇ ਨੇੜੇ ਅੱਤਵਾਦੀ ਵੀ ਮਾਰ ਦਿੱਤੇ ਗਏ ਹਨ। ਜਦੋਂ ਪਿਛਲੀ ਵਾਰੀ ਸਰਜੀਕਲ ਸਟਰਾਈਕ ਕੀਤੀ ਸੀ, ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨੇ ਓਦੋਂ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਨ, ਜਿਹੋ ਜਿਹੀਆਂ ਅੱਜ ਕਰ ਰਹੇ ਹਨ।
ਕਿੰਨਾ ਨੁਕਸਾਨ ਹੋਇਆ ਤੇ ਭਾਰਤੀ ਹਵਾਈ ਫੌਜ ਦੀ ਕਿੰਨੀ ਵੱਡੀ ਕਾਮਯਾਬੀ ਹੈ, ਇਹ ਗੱਲਾਂ ਕਰਨ ਦੀ ਥਾਂ ਵੇਖਣ ਦੀ ਗੱਲ ਇਹ ਹੈ ਕਿ ਭਾਰਤ ਦੀ ਫੌਜ ਨੇ ਇਹ ਕਾਰਵਾਈ ਕਿਹੜੇ ਹਾਲਾਤ ਵਿੱਚ ਕੀਤੀ ਹੈ। ਪਿਛਲੇਰੇ ਹਫਤੇ ਪਾਕਿਸਤਾਨ ਤੋਂ ਆਏ ਹੋਏ ਅੱਤਵਾਦੀਆਂ ਵਿੱਚੋਂ ਇੱਕ ਨੇ ਆਤਮਘਾਤੀ ਬੰਬਾਰ ਬਣ ਕੇ ਭਾਰਤ ਦੀ ਪੈਰਾ-ਮਿਲਟਰੀ ਫੋਰਸ ਦੇ ਇੱਕ ਕਾਫਲੇ ਉੱਤੇ ਜਦੋਂ ਹਮਲਾ ਕੀਤਾ ਸੀ ਤਾਂ ਸਾਡੇ ਚਾਲੀ ਦੇ ਕਰੀਬ ਜਵਾਨ ਤੇ ਅਫਸਰ ਮਾਰ ਦਿੱਤੇ ਗਏ ਸਨ। ਭਾਰਤ ਦੇ ਲੋਕ ਵੀ ਤੇ ਫੌਜਾਂ ਦੇ ਜਵਾਨ ਵੀ ਉਸ ਵਕਤ ਤੋਂ ਗੁੱਸੇ ਵਿੱਚ ਭਰੇ-ਪੀਤੇ ਸਨ ਤੇ ਪਾਕਿਸਤਾਨ ਦੀ ਸਰਕਾਰ ਇਸ ਗੁੱਸੇ ਨੂੰ ਸਮਝਣ ਅਤੇ ਅੱਤਵਾਦੀਆਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਭਾਰਤ ਨੂੰ ਅੱਖਾਂ ਦਿਖਾਉਣ ਲੱਗੀ ਰਹੀ ਸੀ। ਬਰਦਾਸ਼ਤ ਦੀ ਇੱਕ ਹੱਦ ਹੀ ਹੁੰਦੀ ਹੈ। ਭਾਰਤ ਦੀ ਸਰਕਾਰ ਅਤੇ ਫੋਰਸਾਂ ਹੀ ਨਹੀਂ, ਭਾਰਤ ਦੇ ਲੋਕ ਵੀ ਇਹ ਸਮਝਣ ਲੱਗੇ ਸਨ ਕਿ ਪਾਕਿਸਤਾਨ ਸਾਡੇ ਸਬਰ ਦੀ ਹੱਦ ਪਰਖਣਾ ਚਾਹੁੰਦਾ ਹੈ ਤਾਂ ਉਸ ਨੂੰ ਠੋਕਵਾਂ ਜਵਾਬ ਦੇਣਾ ਚਾਹੀਦਾ ਹੈ। ਆਖਰ ਨੂੰ ਇਹ ਘੜੀ ਆ ਹੀ ਗਈ।
ਇਸ ਦੌਰਾਨ ਸੰਸਾਰ ਦੀਆਂ ਤਾਕਤਾਂ ਨੇ ਪਾਕਿਸਤਾਨ ਦੇ ਹਾਕਮਾਂ ਤੇ ਫੌਜ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਠੀਕ ਨਹੀਂ ਕਰ ਰਹੇ ਤੇ ਇਸ ਨਾਲ ਇਸ ਖਿੱਤੇ ਦੇ ਅਮਨ ਨੂੰ ਖਤਰਾ ਹੋ ਸਕਦਾ ਹੈ। ਉਸ ਦੇਸ਼ ਦੀ ਸਰਕਾਰ ਕਦੇ ਵੀ ਇਸ ਗੱਲ ਨੂੰ ਸਮਝਣ ਲਈ ਗੰਭੀਰ ਨਹੀਂ ਸੀ ਹੋਈ। ਫਿਰ ਜਦੋਂ ਇਹੋ ਜਿਹੀ ਖਬਰ ਆਈ ਕਿ ਉਸ ਦੇਸ਼ ਦੀ ਕੌਮੀ ਅਸੈਂਬਲੀ ਵਿੱਚ ਇਕਲੌਤਾ ਹਿੰਦੂ ਐੱਮ ਪੀ ਭਾਰਤ ਆਇਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਨੂੰ ਵੀ ਮਿਲਿਆ ਹੈ ਤਾਂ ਭਾਰਤ ਦੇ ਲੋਕਾਂ ਨੂੰ ਇਸ ਤੋਂ ਆਸ ਬੱਝੀ ਸੀ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਸੰਬੰਧ ਸੁਧਾਰਨ ਦੇ ਲਈ ਗੰਭੀਰ ਹੋਣ ਵੱਲ ਵਧ ਰਿਹਾ ਹੈ, ਪਰ ਇਹ ਆਸ ਸਿਰੇ ਨਹੀਂ ਚੜ੍ਹ ਸਕੀ। ਤਾਜ਼ਾ ਸਥਿਤੀ ਇਸੇ ਦਾ ਸਬੂਤ ਹੈ।
ਜਦੋਂ ਅਸੀਂ ਇਹ ਕੁਝ ਲਿਖ ਰਹੇ ਹਾਂ, ਭਾਰਤ ਤੇ ਪਾਕਿਸਤਾਨ ਦੋਵੇਂ ਪਾਸੇ ਬਹੁਤ ਜ਼ਿਆਦਾ ਤਣਾਅ ਦਿਖਾਈ ਦੇ ਰਿਹਾ ਹੈ। ਇਹ ਤਣਾਅ ਵਧਣ ਤੋਂ ਰੋਕਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਦੇ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਲੋਕੀਂ ਜੰਗ ਬਿਲਕੁਲ ਨਹੀਂ ਚਾਹੁੰਦੇ, ਪਰ ਜੇ ਗਵਾਂਢੀ ਦੇਸ਼ ਆਪਣੀ ਲੁਕਵੀਂ ਰਾਜਨੀਤੀ ਕਾਰਨ ਦਹਿਸ਼ਤਗਰਦਾਂ ਰਾਹੀਂ ਭਾਰਤ ਵਿੱਚ ਤਬਾਹੀ ਮਚਾਉਣ ਹੀ ਲੱਗਾ ਰਹੇ ਤਾਂ ਭਾਰਤੀ ਲੋਕਾਂ ਦੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਉਹ ਇਸ ਦਾ ਨਾ ਸਿਰਫ ਸਾਹਮਣਾ ਕਰਨ, ਸਗੋਂ ਇਸ ਦੇ ਨਾਲ ਆਢਾ ਵੀ ਲਾਉਣਾ ਪਵੇ ਤਾਂ ਲਾਉਣ ਨੂੰ ਤਿਆਰ ਰਹਿਣ। ਇਹ ਮਜਬੂਰੀ ਦੀ ਸਥਿਤੀ ਹੈ। ਭਾਰਤ ਦੇ ਲੋਕਾਂ ਦੀ ਕਦੇ ਵੀ ਲੜਾਈ ਛੇੜਨ ਦੀ ਮਾਨਸਿਕਤਾ ਨਹੀਂ ਰਹੀ, ਜਦੋਂ ਤੇ ਜਿਹੜੀ ਵੀ ਜੰਗ ਲੜਨੀ ਪਈ, ਉਹ ਸਿਰਫ ਓਦੋਂ ਲੜੀ ਹੈ, ਜਦੋਂ ਕੋਈ ਦੂਸਰਾ ਚਾਰਾ ਹੀ ਨਹੀਂ ਸੀ ਰਿਹਾ। ਦੇਸ਼ ਦੀ ਆਜ਼ਾਦੀ ਦੇ ਪਹਿਲੇ ਸਾਲ ਵਿੱਚ ਹੀ ਪਾਕਿਸਤਾਨ ਨੇ ਜੰਗ ਛੇੜ ਕੇ ਭਾਰਤ ਨੂੰ ਉਸ ਵਿੱਚ ਕੁੱਦਣ ਲਈ ਮਜਬੂਰ ਕਰ ਦਿੱਤਾ ਸੀ, ਫਿਰ ਉਸ ਨੇ ਤਿੰਨ ਵਾਰ ਹੋਰ ਜੰਗਾਂ ਛੇੜੀਆਂ ਅਤੇ ਭਾਰਤ ਨੂੰ ਹਰ ਵਾਰ ਮਜਬੂਰੀ ਵਿੱਚ ਇਨ੍ਹਾਂ ਜੰਗਾਂ ਵਿੱਚ ਕੁੱਦਣਾ ਪਿਆ ਸੀ। ਦੂਸਰੀ ਹਕੀਕਤ ਇਹ ਹੈ ਕਿ ਜਿੰਨੀ ਵਾਰ ਵੀ ਪਾਕਿਸਤਾਨ ਵੱਲੋਂ ਜੰਗ ਛੇੜੀ ਜਾਂਦੀ ਰਹੀ, ਭਾਰਤ ਦੀ ਜਿੱਤ ਹੋਈ ਅਤੇ ਜੰਗ ਛੇੜਨ ਵਾਲੇ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਇਹ ਇਸ ਵਾਰ ਫਿਰ ਹੋ ਸਕਦਾ ਹੈ।
ਫਿਰ ਵੀ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਭਾਰਤ ਜੰਗਾਂ ਦਾ ਇੱਛੁਕ ਦੇਸ਼ ਨਹੀਂ, ਅਮਨ ਦਾ ਪੁਜਾਰੀ ਗਿਣਿਆ ਜਾਣ ਵਾਲਾ ਉਹ ਦੇਸ਼ ਹੈ, ਜਿਸ ਉੱਤੇ ਅੱਜ ਤੱਕ ਕਦੇ ਜੰਗਬਾਜ਼ੀ ਦਾ ਦੋਸ਼ ਨਹੀਂ ਲਾਇਆ ਗਿਆ। ਏਸ ਰਿਕਾਰਡ ਨੂੰ ਮੂਹਰੇ ਰੱਖ ਕੇ ਭਾਰਤ ਦੀ ਸਰਕਾਰ ਨੂੰ ਪਹਿਲੀ ਕੋਸ਼ਿਸ਼ ਇਹੋ ਕਰਨੀ ਚਾਹੀਦੀ ਹੈ ਕਿ ਅੱਜ ਤੜਕੇ ਕੀਤੇ ਹਵਾਈ ਸਟਰਾਈਕ ਤੋਂ ਗੱਲ ਅੱਗੇ ਨਾ ਵਧੇ ਅਤੇ ਅਮਨ ਦਾ ਰਾਹ ਕੱਢਿਆ ਜਾਵੇ, ਪਰ ਜੇ ਨਾ ਨਿਕਲ ਸਕੇ ਤਾਂ ਜੋ ਸਥਿਤੀ ਹੋਵੇਗੀ, ਸਾਰਾ ਦੇਸ਼ ਇੱਕਮੁੱਠ ਹੈ।
- ਜਤਿੰਦਰ ਪਨੂੰ

1136 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper