Latest News
ਗਾਲ੍ਹੀਬਾਜਾਂ ਨੂੰ ਸਰਕਾਰੀ ਸਰਪ੍ਰਸਤੀ

Published on 27 Feb, 2019 11:07 AM.


ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ, ਕਾਫ਼ੀ ਸਮੇਂ ਤੋਂ ਭਾਜਪਾ ਵਿੱਚ ਜਾਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੀ ਮੁਸ਼ਕਲ ਇਹ ਹੈ ਕਿ ਭਾਜਪਾ ਵਿੱਚ ਦਾਖਲੇ ਲਈ ਉਨ੍ਹਾਂ ਨੂੰ ਵਿਧਾਇਕੀ ਤੋਂ ਅਸਤੀਫ਼ਾ ਦੇਣਾ ਪਵੇਗਾ। ਇੰਜ ਬੇਰੁਜ਼ਗਾਰ ਹੋਣ ਲਈ ਉਹ ਤਿਆਰ ਨਹੀਂ ਹਨ। ਇਸ ਲਈ ਉਹ ਮੋਦੀ ਦੇ ਭਗਤਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਸੋਸ਼ਲ ਮੀਡੀਆ ਉੱਤੇ ਲਗਾਤਾਰ ਸਰਗਰਮ ਰਹਿੰਦੇ ਹਨ। 23 ਫ਼ਰਵਰੀ ਨੂੰ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪਾਇਆ ਗਿਆ, ਜਿਸ ਵਿੱਚ ਉਹ ਇੱਕ ਕਵਿਤਾ ਪੜ੍ਹ ਰਹੇ ਹਨ ਤੇ ਭੀੜਤੰਤਰ ਨੂੰ ਸੱਦਾ ਦੇ ਰਹੇ ਹਨ। ਅਸੀਂ ਕਪਿਲ ਮਿਸ਼ਰਾ ਵੱਲੋਂ ਪੜ੍ਹੀ ਗਈ ਉਹ ਕਵਿਤਾ ਹੇਠਾਂ ਪੇਸ਼ ਕਰ ਰਹੇ ਹਾਂ!
''ਮੋਦੀ ਜੀ ਤੁਮ ਉਨਕੋ ਦੇਖੋ ਜੋ ਦੁਸ਼ਮਣ ਹੈ ਸੀਮਾ ਪਾਰ,
ਬਾਕੀ ਜਨਤਾ ਨਿਪਟਾ ਦੇਗੀ ਘਰ ਮੇਂ ਛਿਪੇ ਗਦਾਰ।
ਕੋਈ ਅਮਰ ਸ਼ਹੀਦੋਂ ਕੀ ਜਾਤੀ ਗਿਣਵਾਨੇ ਲਗਤਾ ਹੈ,
ਕੋਈ ਲੇਖ ਲਿਖ ਕਰ ਜਾਧਵ ਕੋ ਫੰਸਵਾਨੇ ਲਗਤਾ ਹੈ।
ਕਭੀ ਪੱਥਰਬਾਜ਼ੋਂ ਕੋ ਮਾਸੂਮ ਬਤਾਇਆ ਜਾਤਾ ਹੈ,
ਔਰ ਕਭੀ ਭਾਰਤ ਕੀ ਸੈਨਾ ਪਰ ਇਲਜ਼ਾਮ ਲਗਾਇਆ ਜਾਤਾ ਹੈ।
ਕੋਈ ਬਰਖਾ ਪੁਲਵਾਮਾ ਸੇ ਧਿਆਨ ਹਟਾਨੇ ਲਗਤੀ ਹੈ,
ਕੋਈ ਕਵਿਤਾ, ਸਵਰਾ ਦੇਸ਼ ਕੋ ਬਦਨਾਮ ਕਰਾਨੇ ਲਗਤੀ ਹੈ।
ਕਭੀ ਪੀ ਐਮ ਕੇ ਬਾਰੇ ਝੂਠ ਫੈਲਾਇਆ ਜਾਤਾ ਹੈ,
ਔਰ ਕਭੀ ਕਸ਼ਮੀਰੀਓਂ ਕੋ ਅੰਡਰ ਅਟੈਕ ਬਤਾਇਆ ਜਾਤਾ ਹੈ।
ਕੋਈ ਨਸੀਰੂਦੀਨ ਦੇਸ਼ ਕੋ ਦਹਿਸ਼ਤ ਮੈਂ ਬਤਲਾਤਾ ਹੈ,
ਲੇਕਿਨ ਅਗਲੇ ਦਿਨ ਕਰਾਚੀ ਪੂੰਛ ਹਿਲਾਤੇ ਜਾਤਾ ਹੈ।
ਕੋਈ ਕਮਲ ਹਸਨ ਕਰਤਾ ਹੈ ਜਨਮਤ ਸੰਗ੍ਰਹਿ ਵਾਲੀ ਬਾਤ,
ਕੋਈ ਸ਼ੈਲਾ ਰੋਜ ਫੈਲਾਤੀ ਦੇਸ਼ ਵਿਰੋਧੀ ਝੂਠੀ ਬਾਤ।
ਵੋ ਫੇਸਬੁੱਕ ਪਰ ਭੀ ਪਾਕਿਸਤਾਨ ਜ਼ਿੰਦਾਬਾਦ ਲਿਖ ਜਾਤੇਂ ਹੈਂ,
ਅਤੇ ਆਤੰਕੀ ਹਮਲੋਂ ਪਰ ਵੋ ਲੱਡੂ ਤੱਕ ਬੰਟਵਾਤੇ ਹੈ।
ਜਿਨਹੇਂ ਏ ਐਮ ਯੂ ਮੇਂ ਤਿਰੰਗਾ ਦੇਖ ਆਗ ਲਗ ਜਾਤੀ ਹੈ,
ਔਰ ਜਿਨਕੇ ਨਾਹਰੋਂ, ਬਾਤੋਂ ਮੇਂ ਭਾਰਤ ਸੇ ਆਜ਼ਾਦੀ ਹੈ।
ਯੇ ਜੋ ਭੂਸ਼ਣ ਰਾਤੋਂ ਕੋ ਕੋਰਟ ਖੁਲਵਾਨੇ ਜਾਤੇਂ ਹੈ,
ਯੇ ਜੋ ਸਿੱਧੂ ਯੁੱਧ ਭੂਮੀ ਮੇਂ ਸ਼ਾਂਤੀ ਪਾਠ ਸਮਝਾਤੇ ਹੈ।
ਅਬ ਕੀ ਵਾਰ ਉਨਕੇ ਘਰ ਮੇਂ ਘੁਸਕਰ ਕਰਨਾ ਹੋਗਾ ਵਾਰ,
ਖੀਂਚ ਨਿਕਾਲੋ ਬੀਚ ਸੜਕ ਪਰ ਘਰ ਮੇਂ ਛਿਪੇ ਹੂਏ ਗਦਾਰ।
ਕਪਿਲ ਮਿਸ਼ਰਾ ਦੀ ਇਹ ਕਵਿਤਾ ਸ਼ੁਰੂ ਵੀ ਘਰ ਵਿੱਚ ਛਿਪੇ ਗਦਾਰਾਂ ਤੋਂ ਹੁੰਦੀ ਹੈ ਤੇ ਅੰਤ ਵਿੱਚ ਲੋਕਾਂ ਨੂੰ ਇਨ੍ਹਾਂ ਗਦਾਰਾਂ ਨੂੰ ਘਰਾਂ ਵਿੱਚੋਂ ਖਿੱਚ ਕੇ ਸੜਕਾਂ 'ਤੇ ਲਿਆ ਕੇ ਵਾਰ ਕਰਨ ਦਾ ਸੱਦਾ ਦਿੰਦੀ ਹੈ। ਇਹ ਗਦਾਰ ਕੌਣ ਹਨ? ਕਪਿਲ ਮਿਸ਼ਰਾ ਲਈ ਇਹ ਗਦਾਰ ਹਨ ਪ੍ਰਸਿੱਧ ਮਹਿਲਾ ਪੱਤਰਕਾਰ ਬਰਖਾ ਦੱਤ, ਸਮਾਜਿਕ ਕਾਰਕੁੰਨ ਕਵਿਤਾ ਕ੍ਰਿਸ਼ਨਨ, ਮੰਨੀ ਪ੍ਰਮੰਨੀ ਕਲਾਕਾਰ ਸਵਰਾ ਭਾਸਕਰ, ਅਭਿਨੇਤਾ ਨਸੀਰੂਦੀਨ ਸ਼ਾਹ ਤੇ ਕਮਲ ਹਸਨ, ਜੇ ਐਨ ਯੂ ਦੀ ਸਾਬਕਾ ਵਿਦਿਆਰਥੀ ਆਗੂ ਸ਼ੈਹਲਾ ਰਾਸ਼ਿਦ, ਸੁਪਰੀਮ ਕੋਰਟ ਦੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਨ, ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ। ਕਪਿਲ ਮਿਸ਼ਰਾ ਦੇ ਟਵਿੱਟਰ ਉਤੇ 6 ਲੱਖ 85 ਹਜ਼ਾਰ ਤੇ ਫੇਸਬੁੱਕ ਉਤੇ 1 ਲੱਖ 25 ਹਜ਼ਾਰ ਫਾਲੋਵਰਜ਼ ਹਨ। ਇਸ ਕਵਿਤਾ ਰਾਹੀਂ ਉਹ ਇਨ੍ਹਾਂ ਸਭ ਨੂੰ ਕਹਿ ਰਹੇ ਹਨ ਕਿ ਉਪਰ ਲਿਖੇ ਸਭ ਵਿਅਕਤੀਆਂ ਨੂੰ ਘਰਾਂ ਵਿੱਚੋਂ ਖਿੱਚ ਕੇ ਸੜਕਾਂ ਉੱਤੇ ਲੈ ਆਓ। ਇਹ ਇਸ ਲਈ ਕਿ ਇਹ ਵਿਅਕਤੀ ਨੇਤਾਵਾਂ ਤੋਂ ਸਵਾਲ ਪੁੱਛਦੇ ਹਨ, ਮਾਨਵਤਾ ਨੂੰ ਪ੍ਰਣਾਏ ਹੋਏ ਹਨ ਤੇ ਅਮਨ-ਸ਼ਾਂਤੀ ਦੀ ਗੱਲ ਕਰਦੇ ਹਨ। ਇਸ ਧਮਕੀ ਭਰੀ ਕਵਿਤਾ ਤੋਂ ਬਾਅਦ ਬਰਖਾ ਦੱਤ, ਪ੍ਰਸ਼ਾਂਤ ਭੂਸ਼ਣ, ਕਵਿਤਾ ਕ੍ਰਿਸ਼ਨਨ ਤੇ ਸ਼ੈਹਲਾ ਰਾਸ਼ਿਦ ਨੇ ਕਪਿਲ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਪਰ ਕਪਿਲ ਮਿਸ਼ਰਾ ਜਾਣਦੇ ਹਨ ਕਿ ਉਨ੍ਹਾਂ ਦੇ ਪਿੱਛੇ ਭਾਜਪਾ ਦੀ ਕੇਂਦਰੀ ਸਰਕਾਰ ਹੈ। ਇਸ ਦਾ ਸਬੂਤ ਸਾਹਮਣੇ ਵੀ ਆ ਚੁੱਕਾ ਹੈ। ਬੀਤੇ ਸੋਮਵਾਰ ਨੂੰ ਦੂਰ ਸੰਚਾਰ ਵਿਭਾਗ ਵਿੱਚ ਕੰਟਰੋਲਰ ਆਫ਼ ਕਮਿਊਨੀਕੇਸ਼ਨਜ਼ ਆਸ਼ੀਸ਼ ਜੋਸ਼ੀ ਨੇ ਦਿੱਲੀ ਦੇ ਪੁਲਸ ਮੁਖੀ ਅਮੂਲਿਆ ਪਟਨਾਇਕ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ ਕਿ ਕਪਿਲ ਮਿਸ਼ਰਾ ਨੇ ਸੋਸ਼ਲ ਮੀਡੀਆ ਉੱਤੇ ਆਪਣਾ ਇੱਕ ਭੜਕਾਊ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਲੋਕਾਂ ਨੂੰ ਕੁਝ ਨਾਗਰਿਕਾਂ ਉੱਤੇ ਹਮਲਾ ਕਰਨ ਲਈ ਉਕਸਾ ਰਹੇ ਹਨ। ਇਹ ਵੀਡੀਓ ਆਈ ਪੀ ਐੱਸ ਤੇ ਆਈ ਟੀ ਕਾਨੂੰਨ ਦੀ ਉਲੰਘਣਾ ਹੈ।'' ਉਨ੍ਹਾ ਦੇ ਇਸ ਪੱਤਰ ਉੱਤੇ ਕਾਰਵਾਈ ਦੀ ਥਾਂ ਦੂਰਸੰਚਾਰ ਵਿਭਾਗ ਦੇ ਮਹਾਂਨਿਰਦੇਸ਼ਕ ਓ ਪੀ ਜੈਰਥ ਨੇ ਆਸ਼ੀਸ਼ ਜੋਸ਼ੀ ਨੂੰ ਮੁਅੱਤਲ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੁਅੱਤਲੀ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਸਿਰਫ਼ ਗੁਜ਼ਾਰਾ ਭੱਤਾ ਮਿਲੇਗਾ ਤੇ ਉਹ ਉਪਰਲੇ ਅਧਿਕਾਰੀਆਂ ਦੀ ਇਜਾਜ਼ਤ ਬਿਨਾਂ ਹੈੱਡਕੁਆਟਰ ਨਹੀਂ ਛੱਡ ਸਕਣਗੇ। ਇੱਕ ਅਧਿਕਾਰੀ ਵੱਲੋਂ ਦੱਸਿਆ ਗਿਆ ਹੈ ਕਿ ਇਸ ਮੁਅੱਤਲੀ ਦੇ ਦੋ ਕਾਰਨ ਹਨ। ਪਹਿਲਾ ਇਹ ਕਿ ਜੋਸ਼ੀ ਨੇ ਕਪਿਲ ਮਿਸ਼ਰਾ ਵਿਰੁੱਧ ਦਿੱਲੀ ਪੁਲਸ ਨੂੰ ਪੱਤਰ ਲਿਖਣ ਲਈ ਆਪਣੇ ਉੱਚ ਅਧਿਕਾਰੀਆਂ ਤੋਂ ਇਜਾਜ਼ਤ ਨਹੀਂ ਲਈ ਅਤੇ ਦੂਜਾ ਇਹ ਕਿ ਉਸ ਨੇ 19 ਫ਼ਰਵਰੀ ਨੂੰ ਟੈਲੀਕਾਮ ਕੰਪਨੀਆਂ ਦੇ ਅਧਿਕਾਰੀਆਂ ਨੂੰ ਇੱਕ ਆਦੇਸ਼ ਜਾਰੀ ਕੀਤਾ ਸੀ ਕਿ ਜਿਹੜੇ ਲੋਕ ਦੂਜੇ ਲੋਕਾਂ ਨੂੰ ਅਸ਼ਲੀਲ ਤੇ ਭੱਦੇ ਸੁਨੇਹੇ ਭੇਜਦੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਸ਼ਿਕਾਇਤ ਦਰਜ ਕਰਾਉਣ ਲਈ ਹੈਲਪਲਾਈਨ ਸਥਾਪਤ ਕੀਤੀ ਜਾਵੇ। ਆਪਣੇ ਇਸ ਪੱਤਰ ਵਿੱਚ ਉਨ੍ਹਾ ਲਿਖਿਆ ਸੀ ਕਿ ਰਵੀਸ਼ ਕੁਮਾਰ, ਅਭਿਸਾਰ ਸ਼ਰਮਾ ਵਰਗੇ ਕੁਝ ਗਿਣੇ-ਚੁਣੇ ਲੋਕਾਂ ਨੂੰ ਮੋਬਾਇਲ ਫ਼ੋਨ ਉੱਤੇ ਅਸ਼ਲੀਲ ਅਤੇ ਗੰਦੇ ਸੁਨੇਹੇ ਭੇਜੇ ਜਾਂਦੇ ਹਨ। ਅਸ਼ਲੀਲ ਸੰਦੇਸ਼ ਭੇਜਣ ਵਾਲੇ ਤੁਹਾਡੇ ਨੈਟਵਰਕ ਦੇ ਗਾਹਕਾਂ ਵਿਰੁੱਧ ਕਾਰਵਾਈ ਕਰਨ ਲਈ ਤੁਹਾਨੂੰ ਹਦਾਇਤ ਕੀਤੀ ਜਾਂਦੀ ਹੈ, ਕਿਉਂਕਿ ਇਹ ਗਾਹਕ ਦੇ ਦਰਖਾਸਤ ਵਿੱਚ ਦਰਜ ਐਲਾਨਨਾਮੇ ਦੀ ਉਲੰਘਣਾ ਹੈ। ਕਿਰਪਾ 15 ਦਿਨਾਂ ਵਿੱਚ ਕਾਰਵਾਈ ਦੀ ਰਿਪੋਰਟ ਭੇਜੀ ਜਾਏ।
ਉਪਰੋਕਤ ਤੋਂ ਜ਼ਾਹਿਰ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਸੋਸ਼ਲ ਮੀਡੀਆ ਉੱਤੇ ਗੰਦੀਆਂ ਗਾਲ੍ਹਾਂ ਕੱਢਣ ਵਾਲਿਆਂ ਦੀ ਸਰਪ੍ਰਸਤੀ ਕਰ ਰਹੀ ਹੈ। ਉਸ ਨੂੰ ਪਤਾ ਹੈ ਕਿ ਜੋਸ਼ੀ ਵੱਲੋਂ ਭੇਜੇ ਪੱਤਰ ਉੱਤੇ ਜੇਕਰ ਕਾਰਵਾਈ ਹੁੰਦੀ ਹੈ ਤਾਂ ਲੱਖਾਂ ਮੋਦੀ ਭਗਤ ਕਾਨੂੰਨ ਦੀ ਗ੍ਰਿਫ਼ਤ ਵਿੱਚ ਆ ਜਾਣਗੇ। ਕੇਂਦਰ ਸਰਕਾਰ ਦੀ ਅਜਿਹੀ ਸੋਚ ਨਾ ਦੇਸ਼ਭਗਤੀ ਹੈ, ਨਾ ਸਭਿਅਕ ਆਚਰਣ ਤੇ ਨਾ ਹੀ ਕਾਨੂੰਨ ਦੀ ਪਾਲਣਾ।

1088 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper