Latest News
ਪਾਕਿ ਦੀ ਸਿਆਸੀ ਲੀਡਰਸ਼ਿਪ ਲਈ ਸੋਚਣ ਦਾ ਸਮਾਂ

Published on 01 Mar, 2019 11:10 AM.


ਇਹ ਸਥਿਤੀ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਲਈ ਸੁਖਾਵੀਂ ਨਹੀਂ ਕਹੀ ਜਾ ਸਕਦੀ ਕਿ ਉਸ ਨੂੰ ਆਪਣੀ ਪਾਰਲੀਮੈਂਟ ਵਿੱਚ ਖੜੋ ਕੇ ਇਹ ਗੱਲ ਮੰਨਣੀ ਪਵੇ ਕਿ ਗਵਾਂਢੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਅਗਲੇ ਪਾਸੇ ਸਾਡੇ ਨਾਲ ਫੋਨ ਉੱਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਸ ਦੇਸ਼ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀ ਇਹੋ ਗੱਲ ਮੰਨਣੀ ਪੈ ਰਹੀ ਹੈ। ਇਹ ਦੋਵੇਂ ਜਣੇ ਮਸਾਂ ਤਿੰਨ ਦਿਨ ਪਹਿਲਾਂ ਤੀਕਰ ਇਸ ਤਰ੍ਹਾਂ ਬੜ੍ਹਕਾਂ ਮਾਰਦੇ ਸਨ ਕਿ ਜਿਵੇਂ ਕਿਸੇ ਦੀ ਕੋਈ ਪ੍ਰਵਾਹ ਹੀ ਨਹੀਂ ਹੁੰਦੀ ਤੇ ਸਿਰਫ ਦੋ ਦਿਨਾਂ ਵਿੱਚ ਏਨੇ ਢਿੱਲੇ ਹੋ ਗਏ ਕਿ ਆਪਣੀ ਕਮਜ਼ੋਰੀ ਦਾ ਪ੍ਰਗਟਾਵਾ ਕਰਨਾ ਪੈ ਗਿਆ। ਇਹ ਪਾਕਿਸਤਾਨ ਦੀ ਫੌਜੀ ਕਮਾਂਡ ਦਾ 'ਕ੍ਰਿਸ਼ਮਾ'’ ਹੈ।
ਸਾਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਨੂੰ ਓਥੋਂ ਦੀ ਸਰਕਾਰ ਨਹੀਂ ਚਲਾਉਂਦੀ, ਸਰਕਾਰ ਨੂੰ ਫੌਜ ਚਲਾਉਂਦੀ ਹੈ ਤੇ ਦੇਸ਼ ਨੂੰ ਕਿਵੇਂ ਚਲਾਉਣਾ ਜਾਂ ਗਵਾਂਢੀ ਦੇਸ਼ਾਂ ਨਾਲ ਕਿਹੋ ਜਿਹੇ ਸੰਬੰਧ ਰੱਖਣੇ ਹਨ, ਇਹ ਵੀ ਫੌਜ ਤੈਅ ਕਰਦੀ ਹੈ। ਭਾਰਤ ਵਿਰੁੱਧ ਪਾਕਿਸਤਾਨ ਦੀ ਫੌਜੀ ਕਮਾਂਡ ਆਪਣੇ ਚਿਰੋਕਣੇ ਵਿਹਾਰ ਦੇ ਕਾਰਨ ਕੋਈ ਨਾ ਕੋਈ ਰੱਫੜ ਪਾਈ ਰੱਖਦੀ ਹੈ ਤੇ ਹਰ ਵਾਰੀ ਜਦੋਂ ਕਿਸੇ ਥਾਂ ਗੱਲ ਵਿਗੜ ਜਾਂਦੀ ਹੈ ਤਾਂ ਫੌਜੀ ਕਮਾਂਡਰ ਪਿੱਛੇ ਹਟ ਜਾਂਦੇ ਅਤੇ ਸਿਆਸੀ ਲੀਡਰਸ਼ਿਪ ਨੂੰ ਬੁਰੇ ਬਣਨਾ ਪੈਂਦਾ ਹੈ। ਇਹੋ ਗੱਲ ਇਸ ਵਾਰੀ ਹੋਈ ਹੈ। ਪੁਲਵਾਮਾ ਵਿੱਚ ਫੌਜ ਦੀ ਸ਼ਹਿ ਨਾਲ ਚੱਲਦੇ ਜੈਸ਼ ਇ ਮੁਹੰਮਦ ਵਾਲੇ ਦਹਿਸ਼ਤਗਰਦਾਂ ਨੇ ਭਾਰਤ ਦੀ ਪੈਰਾ ਮਿਲਟਰੀ ਫੋਰਸ ਉੱਤੇ ਹਮਲਾ ਕਰਵਾਇਆ ਤੇ ਚਾਲੀ ਤੋਂ ਵੱਧ ਜਵਾਨ ਮਾਰਨ ਦਾ ਗੁਨਾਹ ਕੀਤਾ ਸੀ। ਜਦੋਂ ਭਾਰਤ ਨੇ ਇਸ ਬਾਰੇ ਰੋਸ ਕੀਤਾ ਤਾਂ ਪਹਿਲਾਂ ਫੌਜੀ ਕਮਾਂਡਰਾਂ ਦੇ ਹੱਥੀਂ ਚੜ੍ਹੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਤਿੱਖੀ ਬਿਆਨਬਾਜ਼ੀ ਦਾ ਰਾਹ ਫੜਿਆ ਤੇ ਫਿਰ ਪ੍ਰਧਾਨ ਮੰਤਰੀ ਇਮਰਾਨ ਖਾਨ ਓਸੇ ਰਾਹ ਚੱਲ ਪਿਆ। ਦੋਵਾਂ ਨੇ ਇਹ ਤਾਂ ਵੇਖਿਆ ਕਿ ਫੌਜੀ ਕਮਾਂਡਰ ਦਾ ਉਨ੍ਹਾਂ ਨੂੰ ਪੂਰਾ ਸਮੱਰਥਨ ਹੈ, ਪਰ ਇਹ ਨਹੀਂ ਸਨ ਵੇਖ ਸਕੇ ਕਿ ਸਾਰੀ ਦੁਨੀਆ ਦੇ ਦੇਸ਼ ਇਸ ਵਾਰੀ ਉਨ੍ਹਾਂ ਦੇ ਵਿਰੁੱਧ ਏਦਾਂ ਦੇ ਗੁੱਸੇ ਨਾਲ ਭਰੇ-ਪੀਤੇ ਹਨ ਕਿ ਇਹ ਮਾਹੌਲ ਮਹਿੰਗਾ ਵੀ ਪੈ ਸਕਦਾ ਹੈ। ਹੋਇਆ ਵੀ ਇਹੋ ਹੈ।
ਯੂ ਐੱਨ ਸਕਿਓਰਟੀ ਕੌਂਸਲ ਵਿੱਚ ਪਾਕਿਸਤਾਨ ਦੀ ਸਰਕਾਰ ਨੂੰ ਸ਼ਰਮਿੰਦੇ ਕਰਨ ਵਾਲਾ ਮਤਾ ਭਾਰਤ ਨੂੰ ਪੇਸ਼ ਕਰਨ ਦੀ ਲੋੜ ਨਹੀਂ ਸੀ ਪਈ, ਇਹ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਪੇਸ਼ ਕੀਤਾ ਸੀ। ਉਸ ਤੋਂ ਪਹਿਲਾਂ ਭਾਰਤ ਦੀ ਹਵਾਈ ਫੌਜ ਇੱਕ ਹਮਲਾ ਕਰ ਕੇ ਪਾਕਿਸਤਾਨ ਦੇ ਅੱਤਵਾਦੀ ਕੈਂਪ ਦਾ ਕਿੱਸਾ ਸਾਰੇ ਸੰਸਾਰ ਸਾਹਮਣੇ ਬੇਪਰਦ ਕਰ ਚੁੱਕੀ ਸੀ। ਪਾਕਿਸਤਾਨ ਬੇਸ਼ੱਕ ਇਹ ਕਹਿੰਦਾ ਰਿਹਾ ਕਿ ਉਸ ਦੇ ਦੇਸ਼ ਉੱਤੇ ਹਮਲਾ ਕੀਤਾ ਗਿਆ ਹੈ, ਸਾਰੀ ਦੁਨੀਆ ਦੀ ਸੱਥ ਵਿੱਚ ਇਹੋ ਗੱਲ ਹਕੀਕਤ ਸਮਝੀ ਗਈ ਕਿ ਇਸ ਦੇਸ਼ ਨੇ ਆਪਣੇ ਗਵਾਂਢੀ ਦੇਸ਼ ਨੂੰ ਏਨਾ ਤੰਗ ਕਰ ਦਿੱਤਾ ਹੈ ਕਿ ਉਸ ਨੂੰ ਇਹ ਹਮਲਾ ਕਰਨਾ ਪਿਆ ਹੈ। ਭਾਰਤੀ ਪੱਖ ਪਹਿਲਾਂ ਵੀ ਬਾਕੀ ਦੁਨੀਆ ਦੇ ਸਾਹਮਣੇ ਚੋਖਾ ਭਾਰੂ ਸਮਝਿਆ ਜਾਂਦਾ ਸੀ, ਪਰ ਇਸ ਵਾਰੀ ਨਵੀਂ ਗੱਲ ਹੋਈ ਹੈ ਕਿ ਭਾਰਤ ਨੂੰ ਆਪਣਾ ਕੇਸ ਆਪ ਲੜਨਾ ਨਹੀਂ ਪਿਆ, ਸੰਸਾਰ ਦੀਆਂ ਤਿੰਨ ਪ੍ਰਮੁੱਖ ਸ਼ਕਤੀਆਂ ਨੇ ਉਸ ਵੱਲੋਂ ਪੇਸ਼ ਕੀਤਾ ਹੈ। ਜਦੋਂ ਭਾਰਤੀ ਪੱਖ ਵਿੱਚ ਇਸ ਤਰ੍ਹਾਂ ਦੀ ਲਾਮਬੰਦੀ ਹੋ ਰਹੀ ਸੀ, ਇੱਕ ਵੀ ਦੇਸ਼ ਪਾਕਿਸਤਾਨ ਦੇ ਨਾਲ ਖੜੋਣ ਵਾਲਾ ਨਹੀਂ ਨਿਕਲਿਆ।
ਇਸ ਦੌਰਾਨ ਭਾਰਤ ਦੇ ਇੱਕ ਹਵਾਈ ਜਹਾਜ਼ ਨੂੰ ਪਾਕਿਸਤਾਨ ਦੀ ਫੌਜ ਨੇ ਡੇਗ ਲਿਆ ਅਤੇ ਉਸ ਦਾ ਪਾਇਲਟ ਵੀ ਫੜ ਲਿਆ, ਪਰ ਇਸ ਦੇ ਬਾਵਜੂਦ ਉਹ ਭਾਰਤ ਨੂੰ ਹਮਲਾਵਰ ਸਾਬਤ ਨਹੀਂ ਕਰ ਸਕਿਆ ਤੇ ਮਸਾਂ ਦੋ ਦਿਨਾਂ ਬਾਅਦ ਉਸ ਪਾਇਲਟ ਨੂੰ ਵਾਪਸ ਕਰਨ ਦਾ ਐਲਾਨ ਵੀ ਖੁਦ ਕਰਨ ਵਾਸਤੇ ਮਜਬੂਰ ਹੋਣਾ ਪੈ ਗਿਆ ਹੈ। ਓਥੋਂ ਦੀ ਪਾਰਲੀਮੈਂਟ ਵਿੱਚ ਆਪਣੇ ਲੋਕਾਂ ਦੇ ਤਾਜ਼ਾ-ਤਾਜ਼ਾ ਚੁਣੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਮੁਰਦਾਬਾਦ ਦੇ ਨਾਅਰੇ ਵੀ ਲੱਗੇ ਹਨ। ਜਿਹੜੇ ਫੌਜੀ ਕਮਾਂਡਰਾਂ ਨੂੰ ਦੋ ਦਿਨ ਪਹਿਲਾਂ ਵਾਰ-ਵਾਰ ਬਿਆਨ ਬਦਲਦੇ ਹੋਏ ਮੀਡੀਆ ਸਾਹਮਣੇ ਬੈਠੇ ਦੇਖਿਆ ਜਾਂਦਾ ਸੀ, ਉਹ ਇਸ ਵੇਲੇ ਸੀਨ ਤੋਂ ਗਾਇਬ ਹੋਏ ਪਏ ਜਾਪਦੇ ਹਨ। ਸੰਸਾਰ ਤੋਂ ਕੁੱਟ ਪੈਣੀ ਸ਼ੁਰੂ ਹੋਈ ਤਾਂ ਸਿਆਸੀ ਹਕੂਮਤ ਅੱਗੇ ਕਰਨੀ ਪਈ ਹੈ। ਉਂਜ ਇਸ ਤੋਂ ਪਹਿਲਾਂ ਜਦੋਂ ਪਾਕਿਸਤਾਨ ਦੀ ਫੌਜ ਨੇ ਕਾਰਗਿਲ ਦੀ ਜੰਗ ਲਾਈ ਤਾਂ ਲਾਉਣ ਵਾਲਾ ਜਨਰਲ ਮੁਸ਼ੱਰਫ ਸੀ, ਪਰ ਜਦੋਂ ਉਸ ਦੀ ਫੌਜ ਓਥੇ ਬੁਰੀ ਤਰ੍ਹਾਂ ਫਸ ਗਈ ਤਾਂ ਅਮਰੀਕਾ ਨੂੰ ਬਚਾਉਣ ਦੇ ਤਰਲੇ ਮਾਰਨ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅੱਗੇ ਕੀਤਾ ਸੀ। ਇਸ ਤੋਂ ਜਿਹੜਾ ਸਬਕ ਉਸ ਦੇਸ਼ ਦੀ ਸਿਆਸੀ ਲੀਡਰਸ਼ਿਪ ਨੂੰ ਸਿੱਖਣਾ ਚਾਹੀਦਾ ਸੀ, ਉਹ ਉਸ ਨੇ ਕਦੇ ਸਿੱਖਿਆ ਨਹੀਂ ਤੇ ਆਪਣੇ ਬੇਸ਼ਰਮ ਫੌਜੀ ਕਮਾਂਡਰਾਂ ਦੇ ਆਖੇ ਇੱਕ ਵਾਰ ਹੋਰ ਬੇਇੱਜ਼ਤੀ ਕਰਵਾ ਲਈ ਹੈ। ਇਹ ਵੀ ਅਜੇ ਆਖਰੀ ਮੌਕਾ ਨਹੀਂ।
ਆਖਰੀ ਮੌਕਾ ਇਸ ਨੂੰ ਇਸ ਲਈ ਨਹੀਂ ਕਿਹਾ ਜਾ ਸਕਦਾ ਕਿ ਉਸ ਦੇਸ਼ ਦੀ ਫੌਜ ਨੇ ਭਾਰਤ ਵੱਲੋਂ ਬਾਲਾਕੋਟ ਵਾਲੇ ਕੈਂਪ ਉੱਤੇ ਕੀਤੇ ਹਮਲੇ ਦਾ ਜਵਾਬ ਦੇਣ ਲਈ ਆਪਣੇ ਜਿਹੜੇ ਐੱਫ-16 ਜਹਾਜ਼ ਵਰਤੇ ਹਨ, ਉਨ੍ਹਾਂ ਦੇ ਕਾਰਨ ਪਾਕਿਸਤਾਨ ਦੇ ਰਾਜ ਕਰਤਿਆਂ ਨੂੰ ਅਮਰੀਕਾ ਦੀ ਸਰਕਾਰ ਅਤੇ ਜਹਾਜ਼ ਬਣਾਉਣ ਵਾਲੀ ਕੰਪਨੀ ਕੋਲ ਸ਼ਰਮਿੰਦੇ ਹੋਣਾ ਪੈਣਾ ਹੈ। ਉਹ ਜਹਾਜ਼ ਖਰੀਦ ਕੀਤੇ ਜਾਣ ਵੇਲੇ ਇਹ ਐਗਰੀਮੈਂਟ ਪਾਕਿਸਤਾਨ ਸਰਕਾਰ ਨੇ ਕੀਤਾ ਸੀ ਕਿ ਇਹ ਸਿਰਫ ਸਵੈ-ਰੱਖਿਆ ਲਈ ਵਰਤ ਸਕਦੇ ਹਨ, ਕਿਸੇ ਵੀ ਦੂਸਰੇ ਦੇਸ਼ ਉੱਤੇ ਹਮਲਾ ਕਰਨ ਲਈ ਨਹੀਂ ਵਰਤਣਗੇ। ਉਨ੍ਹਾਂ ਦੀ ਫੌਜੀ ਕਮਾਂਡ ਨੇ ਇਹ ਵੀ ਮੰਨ ਲਿਆ ਹੈ ਕਿ ਉਸ ਦੇ ਜਹਾਜ਼ ਨੇ ਕੰਟਰੋਲ ਰੇਖਾ ਟੱਪ ਕੇ ਹਮਲਾ ਕੀਤਾ ਸੀ ਤੇ ਜਿਹੜੀ ਮਿਜ਼ਾਈਲ ਸੁੱਟੀ ਸੀ, ਉਸ ਮਿਜ਼ਾਈਲ ਨੂੰ ਸਿਰਫ ਐੱਫ-16 ਵਿੱਚੋਂ ਹੀ ਸੁੱਟਿਆ ਜਾ ਸਕਦਾ ਹੈ। ਉਸ ਕਿਸਮ ਦੇ ਜਹਾਜ਼ ਦਾ ਕੰਟਰੋਲ ਰੇਖਾ ਟੱਪਣਾ ਉਸ ਦੀ ਖਰੀਦ ਦੇ ਵਕਤ ਅਮਰੀਕਾ ਨਾਲ ਕੀਤੇ ਗਏ ਓਦੋਂ ਵਾਲੇ ਸਮਝੌਤੇ ਦੀ ਸਪੱਸ਼ਟ ਉਲੰਘਣਾ ਹੈ। ਇਸ ਨਾਲ ਅਮਰੀਕਾ ਤੱਕ ਕੌੜ ਚੜ੍ਹੀ ਪਈ ਹੈ।
ਇੱਕ ਪਿਛੋਂ ਦੂਸਰਾ, ਕਈ ਕਦਮ ਪਾਕਿਸਤਾਨੀ ਫੌਜ ਨੇ ਇਹੋ ਜਿਹੇ ਚੁੱਕੇ ਹਨ, ਜਿਨ੍ਹਾਂ ਕਾਰਨ ਓਥੋਂ ਦੇ ਸਿਆਸੀ ਲੀਡਰਾਂ ਨੂੰ ਦੁਨੀਆ ਮੂਹਰੇ ਸ਼ਰਮਿੰਦੇ ਹੋਣਾ ਪਿਆ ਤੇ ਹੋਰ ਹੋਣਾ ਪੈ ਰਿਹਾ ਹੈ। ਇਹ ਲੜੀ ਟੁੱਟਣੀ ਚਾਹੀਦੀ ਹੈ। ਸਿਆਸੀ ਲੀਡਰਸ਼ਿਪ ਜੇ ਸੂਝ ਕਰੇ ਤਾਂ ਇਸ ਲੜੀ ਨੂੰ ਤੋੜਨ ਦਾ ਰਾਹ ਬਣ ਸਕਦਾ ਹੈ, ਪਰ ਇਸ ਦੇ ਲਈ ਫੌਜੀ ਕਮਾਂਡ ਦੇ ਜੂਲੇ ਹੇਠੋਂ ਨਿਕਲਣਾ ਪਵੇਗਾ। ਕਰਨਾ ਕੀ ਚਾਹੀਦਾ ਹੈ, ਇਹ ਪਾਕਿਸਤਾਨ ਦੀ ਲੀਡਰਸ਼ਿਪ ਦੇ ਸੋਚਣ ਦਾ ਮੁੱਦਾ ਅਤੇ ਇਸ ਬਾਰੇ ਸੋਚਣ ਦਾ ਸਮਾਂ ਹੈ।
-ਜਤਿੰਦਰ ਪਨੂੰ

1081 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper