Latest News
ਪੱਤਰਕਾਰਤਾ ਨੂੰ ਜ਼ਿੰਦਾ ਰਹਿਣ ਦਿਓ

Published on 03 Mar, 2019 10:52 AM.

ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ ਹੀ ਭਾਰਤੀ ਮੀਡੀਏ ਦਾ ਵੱਡਾ ਹਿੱਸਾ ਅੰਧ-ਰਾਸ਼ਟਰਵਾਦੀ, ਹਿੰਦੂਤਵੀ ਤੇ ਫ਼ਿਰਕੂ ਪਾੜਾ ਪਾਉਣ ਵਾਲੀ ਇੱਕ ਫਾਸ਼ੀ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਸਾਧਨ ਬਣ ਗਿਆ। ਇਸ ਤਰ੍ਹਾਂ ਜਾਪਣ ਲੱਗ ਪਿਆ ਸੀ ਕਿ ਨਿਊਜ਼ ਚੈਨਲਾਂ, ਹਿੰਦੀ ਅਖ਼ਬਾਰਾਂ, ਆਰ ਐੱਸ ਐੱਸ, ਭਾਜਪਾ ਤੇ ਨਰਿੰਦਰ ਮੋਦੀ ਦਾ ਇੱਕ ਗੱਠਜੋੜ ਬਣ ਚੁੱਕਾ ਹੈ। ਨਿਊਜ਼ ਐਂਕਰਾਂ ਦੀਆਂ ਨਾਟਕੀ ਪੇਸ਼ਕਾਰੀਆਂ ਤੋਂ ਉਹ ਐਂਕਰ ਘੱਟ ਭਾਜਪਾ ਦੇ ਕੁੱਲਵਕਤੀ ਕਾਰਕੁਨ ਵੱਧ ਜਾਪਦੇ ਸਨ। ਪੱਤਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਦੇ ਮਸਲਿਆਂ ਪ੍ਰਤੀ ਸੱਤਾਧਾਰੀ ਆਗੂਆਂ ਨੂੰ ਸਵਾਲ ਕਰਨ, ਪਰ ਇਸ ਸਮੇਂ ਦੌਰਾਨ ਇਹ ਐਂਕਰ ਉਲਟਾ ਸੱਤਾਧਾਰੀਆਂ ਨੂੰ ਸਵਾਲ ਕਰਨ ਵਾਲਿਆਂ ਨੂੰ ਸਿਰਫ਼ ਸਵਾਲ ਹੀ ਨਹੀਂ ਕਰ ਰਹੇ, ਸਗੋਂ ਉਨ੍ਹਾਂ ਦੀ ਲਾਹ-ਪਾਹ ਕਰਨ ਤੱਕ ਵੀ ਚਲੇ ਜਾਂਦੇ ਰਹੇ ਹਨ।
ਮੌਜੂਦਾ ਸਮੇਂ ਭਾਰਤੀ ਪੱਤਰਕਾਰਤਾ ਜਿਸ ਤਰ੍ਹਾਂ ਨੀਵਾਣਾਂ ਛੂਹ ਰਹੀ ਹੈ, ਉਸ ਨਾਲ ਹਰ ਸੂਝਵਾਨ ਵਿਅਕਤੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ। 14 ਫ਼ਰਵਰੀ ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸੀ ਆਰ ਪੀ ਐੱਫ਼ ਦੇ 41 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦਾ ਭਾਰਤੀ ਮੀਡੀਆ ਬੇਲਗਾਮ ਹੀ ਹੋ ਗਿਆ ਹੈ। ਉਸ ਨੇ ਝੂਠ ਤੇ ਮਕਾਰੀ ਦੀਆਂ ਸਿਖ਼ਰਾਂ ਛੂਹ ਲਈਆਂ। ਐਂਕਰ ਹੀ ਸਰਕਾਰੀ ਬੁਲਾਰੇ ਬਣ ਬੈਠੇ। ਪੁਲਵਾਮਾ ਹਮਲੇ ਤੋਂ ਬਾਅਦ ਇਹ ਖ਼ਬਰ ਦਿੱਤੀ ਗਈ ਕਿ ਹਮਲੇ ਵਿੱਚ 350 ਕਿਲੋ ਵਿਸਫੋਟਕ ਪਦਾਰਥ ਵਰਤਿਆ ਗਿਆ ਸੀ। ਇਸ ਦੇ ਨਾਲ ਇੱਕ ਗੱਡੀ ਦਾ ਢੰਡੋਰਾ ਪਿੱਟਿਆ ਜਾਂਦਾ ਰਿਹਾ ਕਿ ਉਸ ਰਾਹੀਂ ਅਟੈਕ ਕੀਤਾ ਗਿਆ। ਜਾਂਚ ਏਜੰਸੀਆਂ ਨੇ ਇਨ੍ਹਾਂ ਦੋਹਾਂ ਗੱਲਾਂ ਨੂੰ ਹੀ ਗਲਤ ਸਾਬਤ ਕੀਤਾ। ਫਿਰ ਮੀਡੀਆ ਖਾਸ ਕਰ ਨਿਊਜ਼ ਚੈਨਲਾਂ ਵੱਲੋਂ ਸ਼ਹੀਦ ਜਵਾਨਾਂ ਦੇ ਅੰਤਮ ਸੰਸਕਾਰ ਦੀਆਂ ਤਸਵੀਰਾਂ ਦਿਖਾਉਣ ਸਮੇਂ ਉਨ੍ਹਾਂ ਦੇ ਪਰਵਾਰਾਂ ਪਾਸੋਂ ਬਦਲਾ ਲੈਣ ਦੇ ਬਿਆਨ ਪ੍ਰਸਾਰਤ ਕਰਕੇ ਜੰਗ-ਜੰਗ ਦਾ ਚੀਕ-ਚਿਹਾੜਾ ਪਾਇਆ ਗਿਆ। ਪੁਲਵਾਮਾ ਹਮਲੇ ਤੋਂ ਤੁਰੰਤ ਬਾਅਦ ਜੰਮੂ-ਕਸ਼ਮੀਰ ਦੇ ਗਵਰਨਰ ਨੇ ਇਹ ਗੱਲ ਮੰਨੀ ਸੀ ਕਿ ਇਸ ਹਮਲੇ ਵਿੱਚ ਸੂਹੀਆ ਏਜੰਸੀਆਂ ਦੀ ਨਾਕਾਮੀ ਸਾਬਤ ਹੋਈ ਹੈ, ਪਰ ਕਿਸੇ ਵੀ ਨਿਊਜ਼ ਚੈਨਲ ਨੇ ਸਰਕਾਰੀ ਅਧਿਕਾਰੀਆਂ ਤੋਂ ਇਸ ਸੰਬੰਧੀ ਕੋਈ ਸਵਾਲ ਨਹੀਂ ਪੁੱਛਿਆ।
26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ ਵਿੱਚ ਕੀਤੀ ਸਰਜੀਕਲ ਸਟਰਾਈਕ ਬਾਅਦ ਇਹ ਨਿਊਜ਼ ਚੈਨਲ ਹੋਰ ਵੀ ਭੜਕਾਹਟਾਂ ਪੈਦਾ ਕਰਨ ਲੱਗ ਪਏ। ਜਦੋਂ ਦੁਨੀਆਂ ਭਰ ਦੇ ਅਮਨ ਪਸੰਦ ਲੋਕ ਇਹ ਚਰਚਾ ਕਰ ਰਹੇ ਸਨ ਕਿ ਭਾਰਤ-ਪਾਕਿ ਵਿੱਚ ਯੁੱਧ ਨਹੀਂ ਹੋਣਾ ਚਾਹੀਦਾ। ਤਦ ਭਾਰਤੀ ਨਿਊਜ਼ ਚੈਨਲ ਇਹ ਚਰਚਾ ਕਰ ਰਹੇ ਸਨ ਕਿ ਯੁੱਧ ਹੋਣਾ ਚਾਹੀਦਾ ਹੈ। ਨਿਊਜ਼ ਚੈਨਲਾਂ ਵਿੱਚ ਵਾਰ ਰੂਮ ਬਣਾ ਦਿੱਤੇ ਗਏ ਸਨ, ਵੱਡੀਆਂ-ਵੱਡੀਆਂ ਮੁੱਛਾਂ ਵਾਲੇ ਅਖੌਤੀ ਫ਼ੌਜੀ ਮਾਹਰ ਅੱਗ ਉਗਲ ਰਹੇ ਸਨ। ਵਿਕਾਊ ਐਂਕਰ 'ਘੁੱਸ ਕੇ ਮਾਰੋ, ਚੜ੍ਹ ਕੇ ਮਾਰੋ', ਇਸ ਤਰ੍ਹਾਂ ਕਹਿ ਰਹੇ ਸਨ, ਜਿਵੇਂ ਉਹ ਸਰਹੱਦ ਉਤੇ ਖੜੇ ਹੋਣ। ਚਾਹੀਦਾ ਤਾਂ ਇਹ ਸੀ ਕਿ ਮੀਡੀਆ ਲੋਕਾਂ ਨੂੰ ਜੰਗਾਂ ਦੇ ਨਤੀਜਿਆਂ ਬਾਰੇ ਜਾਗਰੂਕ ਕਰਦਾ, ਉਹ ਦੱਸਦਾ ਕਿ ਯੁੱਧ ਦੌਰਾਨ ਹਜ਼ਾਰਾਂ ਮਨੁੱਖੀ ਜਾਨਾਂ ਜਾਂਦੀਆਂ ਹਨ, ਪਰਵਾਰ ਤਬਾਹ ਹੁੰਦੇ ਹਨ ਤੇ ਬੱਚੇ ਅਨਾਥ ਹੋ ਜਾਂਦੇ ਹਨ, ਪਰ ਉਸ ਨੇ ਤਾਂ ਉਹੀ ਮੁਹਾਰਨੀ ਪੜ੍ਹਨੀ ਸੀ, ਜੋ ਸਿਆਸੀ ਤੌਰ ਉੱਤੇ ਸੱਤਾਧਾਰੀਆਂ ਨੂੰ ਫਾਇਦਾ ਪੁਚਾ ਸਕੇ।
ਸਰਜੀਕਲ ਸਟਰਾਈਕ ਤੋਂ ਬਾਅਦ ਇਸ ਵਿਕਾਊ ਮੀਡੀਆ ਨੂੰ ਸ਼ਾਇਦ ਸੁਫ਼ਨਾ ਆ ਗਿਆ ਕਿ ਹਮਲੇ ਵਿੱਚ 350 ਅੱਤਵਾਦੀ ਮਾਰ ਦਿੱਤੇ ਗਏ ਹਨ, ਜਦੋਂ ਕਿ ਨਾ ਵਿਦੇਸ਼ ਵਿਭਾਗ ਦੇ ਅਧਿਕਾਰੀ ਤੇ ਨਾ ਹੀ ਸੈਨਾ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਅਜਿਹਾ ਕੋਈ ਅੰਕੜਾ ਜਾਰੀ ਕੀਤਾ ਗਿਆ। ਬਦੇਸ਼ੀ ਮੀਡੀਏ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਪ੍ਰਕਾਸ਼ਤ ਕੀਤੀਆਂ ਹਨ, ਉਹ ਭਾਰਤੀ ਮੀਡੀਏ ਦੇ ਦਾਅਵਿਆਂ ਦੀ ਖਿਲੀ ਉਡਾਉਂਦੀਆਂ ਹਨ।
ਕਤਰ ਦੇ ਨਿਊਜ਼ ਚੈਨਲ 'ਅਲ ਜ਼ਜ਼ੀਰਾ' ਨੇ ਕਿਹਾ ਹੈ ਕਿ ਬੁੱਧਵਾਰ ਨੂੰ ਹਮਲੇ ਵਾਲੀ ਥਾਂ ਉੱਤੇ ਜਾਣ ਤੋਂ ਬਾਅਦ ਦੇਖਿਆ ਗਿਆ ਹੈ ਕਿ ਪਾਕਿਸਤਾਨ ਦੇ ਜਾਬਾ ਸ਼ਹਿਰ ਦੇ ਬਾਹਰ ਜੰਗਲ ਵਿੱਚ 4 ਬੰਬ ਡਿੱਗੇ ਸਨ। ਉੱਥੇ ਇਨ੍ਹਾਂ ਬੰਬਾਂ ਨਾਲ ਪਏ ਟੋਏ, ਟੁੱਟੇ ਦਰੱਖਤ ਤੇ ਖਿਲਰੇ ਪਏ ਪੱਥਰ ਸਨ। ਕਿਸੇ ਮਲਬੇ ਜਾਂ ਜਾਨ-ਮਾਲ ਦੇ ਨੁਕਸਾਨ ਦਾ ਕੋਈ ਸਬੂਤ ਨਹੀਂ ਸੀ। ਨੇੜਲੇ ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਕੋਲ ਕੋਈ ਲਾਸ਼ ਜਾਂ ਜ਼ਖ਼ਮੀ ਨਹੀਂ ਆਇਆ। ਇਸ ਤਰ੍ਹਾਂ ਦੀ ਰਿਪੋਰਟ ਬੀ ਬੀ ਸੀ ਤੇ ਬਰਤਾਨੀਆ ਦੀ ਨਿਊਜ਼ ਏਜੰਸੀ ਰਾਇਰਜ਼ ਨੇ ਜਾਬਾ ਦੌਰੇ ਤੋਂ ਬਾਅਦ ਪੇਸ਼ ਕੀਤੀ ਹੈ। ਰਾਇਟਰਜ਼ ਨੇ 15 ਸਥਾਨਕ ਲੋਕਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕਿਸੇ ਵਿਅਕਤੀ ਦੇ ਵੀ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ। ਇਸ ਦੌਰਾਨ ਏਜੰਸੀ ਨੂੰ ਕੁਝ ਲੋਕਾਂ ਨੇ ਦੱਸਿਆ ਕਿ ਇੱਥੋਂ ਲੱਗਭੱਗ ਇੱਕ ਕਿਲੋਮੀਟਰ ਦੂਰ ਇੱਕ ਮਦਰੱਸਾ ਹੈ, ਜਿੱਥੇ ਜੈਸ਼-ਏ-ਮੁਹੰਮਦ ਦੀ ਮੌਜੂਦਗੀ ਹੈ। ਰਿਪੋਰਟ 'ਚ ਕਿਹਾ ਗਿਆ ਕਿ ਇਸ ਮਦਰੱਸੇ ਦੇ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਚੰਗੀ ਖ਼ਬਰ ਇਹ ਹੈ ਕਿ ਭਾਰਤੀ ਮੀਡੀਏ ਵੱਲੋਂ ਫੈਲਾਏ ਜਾ ਰਹੇ ਕੁਫ਼ਰ ਨੂੰ ਹੁਣ ਆਮ ਜਨਤਾ ਸਮਝਣ ਲੱਗੀ ਹੈ। ਸਾਬਕਾ ਆਈ ਪੀ ਐੱਸ ਅਧਿਕਾਰੀ ਧਰੁਵ ਗੁਪਤ ਨੇ ਲਿਖਿਆ ਹੈ, ''ਸਾਡੇ ਆਪਣੇ ਦੇਸ਼ ਵਿੱਚ ਹੀ ਜੈਸ਼ ਤੇ ਲਸ਼ਕਰ ਦੇ ਅਤੰਕੀਆਂ ਤੋਂ ਵੀ ਖ਼ਤਰਨਾਕ ਕੁਝ ਲੋਕ ਹਨ, ਜੋ ਸਰਕਾਰੀ ਸਰਪ੍ਰਸਤੀ ਹੇਠ ਦੇਸ਼ ਨੂੰ ਵੰਡਣ ਤੇ ਦੇਸ਼ ਵਾਸੀਆਂ ਨੂੰ ਮਾਨਸਿਕ ਤੌਰ ਉਤੇ ਅਪਾਹਜ ਬਣਾਉਣ ਦੇ ਅਭਿਆਨ ਵਿੱਚ ਲੱਗੇ ਹੋਏ ਹਨ।'' ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਤਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਲੋਕਤੰਤਰ ਦੇ ਜ਼ਿੰਮੇਵਾਰ ਨਾਗਰਿਕਾਂ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹੋ ਤਾਂ ਨਿਊਜ਼ ਚੈਨਲ ਦੇਖਣੇ ਬੰਦ ਕਰ ਦਿਓ। ਉਨ੍ਹਾ ਲਿਖਿਆ ਹੈ, ''ਜਦੋਂ ਪਾਕਿਸਤਾਨ ਨਾਲ ਤਣਾਅ ਨਹੀਂ ਹੁੰਦਾ ਤਾਂ ਇਹ ਮੰਦਰ ਨੂੰ ਲੈ ਕੇ ਤਣਾਅ ਪੈਦਾ ਕਰਦੇ ਹਨ। ਜਦੋਂ ਮੰਦਰ ਦਾ ਤਣਾਅ ਨਹੀਂ ਹੁੰਦਾ ਤਾਂ 'ਪਦਮਾਵਤੀ' ਫ਼ਿਲਮ ਨੂੰ ਲੈ ਕੇ ਤਣਾਅ ਪੈਦਾ ਕਰਦੇ ਹਨ।'' ਉਨ੍ਹਾ ਅਪੀਲ ਕੀਤੀ ਕਿ ਘੱਟੋ-ਘੱਟ ਢਾਈ ਮਹੀਨੇ ਮੇਰੇ ਸਮੇਤ ਸਭ ਚੈਨਲ ਵੇਖਣੇ ਬੰਦ ਕਰ ਦਿਓ। ਨਿਊਜ਼ ਚੈਨਲਾਂ ਦਾ ਇਹੋ ਵਤੀਰਾ ਰਿਹਾ ਤਾਂ ਲੋਕਾਂ ਦਾ ਪੱਤਰਕਾਰਤਾ ਵਰਗੇ ਸਨਮਾਨਤ ਪੇਸ਼ੇ ਤੋਂ ਵਿਸ਼ਵਾਸ ਉਠ ਜਾਵੇਗਾ, ਇਹ ਪੱਤਰਕਾਰਤਾ ਦੀ ਮੌਤ ਹੋਵੇਗੀ।

1117 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper