Latest News
ਆਹਲੂਵਾਲੀਏ ਦੀ ਸਪੱਸ਼ਟ ਬਿਆਨੀ

Published on 05 Mar, 2019 11:54 AM.


ਭਾਰਤੀ ਹਵਾਈ ਫ਼ੌਜ ਵੱਲੋਂ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੀ ਗਈ ਸਰਜੀਕਲ ਸਟਰਾਈਕ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਆਗੂਆਂ ਦੇ ਬਿਆਨਾਂ ਦੀ ਸੱਚਾਈ ਹੌਲੀ-ਹੌਲੀ ਸਾਹਮਣੇ ਆ ਰਹੀ ਹੈ। ਅਸਲ ਵਿੱਚ ਭਾਜਪਾ ਆਗੂਆਂ ਦਾ ਸਾਰਾ ਜ਼ੋਰ ਇਸ ਗੱਲ ਉੱਤੇ ਲੱਗਾ ਰਿਹਾ ਕਿ ਝੂਠ ਬੋਲੋ ਤੇ ਵੋਟਾਂ ਬਟੋਰੋ। ਪਹਿਲਾਂ ਇਹ ਕਿਹਾ ਗਿਆ ਕਿ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ 300 ਤੋਂ 350 ਸੀ। ਬਦੇਸ਼ ਵਿਭਾਗ ਦੇ ਬੁਲਾਰੇ ਨੇ ਪ੍ਰੈੱਸ ਕਾਨਫ਼ਰੰਸ ਲਾ ਕੇ ਇਹ ਕਹਿ ਦਿੱਤਾ ਕਿ ਬਹੁਤ ਸਾਰੇ ਅੱਤਵਾਦੀ ਤੇ ਉਨ੍ਹਾਂ ਨੂੰ ਟਰੇਨਿੰਗ ਦੇਣ ਵਾਲੇ ਮਾਰੇ ਗਏ ਹਨ। ਜਦੋਂ ਇਸ ਸੰਬੰਧੀ ਪਾਰਲੀਮੈਂਟਰੀ ਕਮੇਟੀ ਨੇ ਬਦੇਸ਼ ਸਕੱਤਰ ਨੂੰ ਬੁਲਾ ਕੇ ਪੁੱਛਿਆ ਤਾਂ ਉਸ ਨੇ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦੱਸਣ ਤੋਂ ਅਸਮਰੱਥਾ ਜ਼ਾਹਿਰ ਕਰ ਦਿੱਤੀ। ਹੁਣ ਕੇਂਦਰੀ ਮੰਤਰੀ ਐੱਸ ਐੱਸ ਆਹਲੂਵਾਲੀਆ ਨੇ ਆਪਣੇ ਤਾਜ਼ਾ ਬਿਆਨ ਰਾਹੀਂ ਸਥਿਤ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾ ਕਿਹਾ ਹੈ, ''ਪੀ ਓ ਕੇ ਵਿੱਚ ਭਾਰਤ ਦੀ ਏਅਰ ਸਟਰਾਈਕ ਦਾ ਮਕਸਦ ਇਹ ਦਿਖਾਉਣਾ ਸੀ ਕਿ ਅਸੀਂ ਇਹ ਕਰ ਸਕਦੇ ਹਾਂ, ਨਾ ਕਿ ਕਿਸੇ ਨੂੰ ਮਾਰਨਾ। ਇਸ ਕਾਰਵਾਈ ਵਿੱਚ ਕੋਈ ਅੱਤਵਾਦੀ ਨਹੀਂ ਮਾਰਿਆ ਗਿਆ। ਮੀਡੀਆ ਵਿੱਚ 300-350 ਅੱਤਵਾਦੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਚੱਲ ਰਹੀਆਂ ਹਨ, ਪਰ ਅਜਿਹਾ ਕੋਈ ਦਾਅਵਾ ਸਰਕਾਰ ਵੱਲੋਂ ਕੀਤਾ ਹੀ ਨਹੀਂ ਗਿਆ, ਫਿਰ ਇਹ ਅੰਕੜਾ ਆਇਆ ਕਿੱਥੋਂ? ਕੀ ਕਿਸੇ ਭਾਸ਼ਣ ਵਿੱਚ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿੰਨੇ ਅੱਤਵਾਦੀ ਮਾਰੇ ਗਏ ਹਨ? ਮੈਂ ਪੁੱਛਦਾ ਹਾਂ ਕਿ ਕੀ ਨਰਿੰਦਰ ਮੋਦੀ, ਅਮਿਤ ਸ਼ਾਹ ਜਾਂ ਸਰਕਾਰ ਦੇ ਕਿਸੇ ਬੁਲਾਰੇ ਨੇ ਕੋਈ ਅੰਕੜਾ ਦਿੱਤਾ ਹੈ।''
ਲੱਗਭੱਗ ਇਹੋ ਜਿਹੀ ਗੱਲ ਹੀ ਹਵਾਈ ਸੈਨਾ ਦੇ ਮੁਖੀ ਬੀ ਐੱਸ ਧਨੋਆ ਨੇ ਕੀਤੀ ਹੈ। ਉਨ੍ਹਾ ਕਿਹਾ ਕਿ ਸਾਡਾ ਕੰਮ ਨਿਸ਼ਾਨਾ ਫੁੰਡਨਾ ਹੁੰਦਾ ਹੈ, ਲਾਸ਼ਾਂ ਦੀ ਗਿਣਤੀ ਕਰਨ ਦਾ ਨਹੀਂ। ਉਪਰੋਕਤ ਦੋਹਾਂ ਬਿਆਨਾਂ ਤੋਂ ਸਪੱਸ਼ਟ ਝਲਕਦਾ ਹੈ ਕਿ ਸਾਡੀ ਹਵਾਈ ਫ਼ੌਜ ਵੱਲੋਂ ਕੀਤੀ ਗਈ ਏਅਰ ਸਟਰਾਈਕ ਉਸ ਮਦਰੱਸੇ/ਕੈਂਪ ਵਿੱਚ ਮੌਜੂਦ ਵਿਅਕਤੀਆਂ ਤੇ ਬੱਚਿਆਂ ਨੂੰ ਮਾਰਨ ਲਈ ਨਹੀਂ, ਸਗੋਂ ਪਾਕਿਸਤਾਨ ਉੱਤੇ ਦਬਾਅ ਬਣਾਉਣ ਲਈ ਸੀ, ਤਾਂ ਕਿ ਉਹ ਅੱਤਵਾਦੀਆਂ ਵਿਰੁੱਧ ਕਾਰਵਾਈ ਲਈ ਮਜਬੂਰ ਹੋਵੇ। ਤਾਜ਼ਾ ਖ਼ਬਰਾਂ ਆ ਰਹੀਆਂ ਹਨ ਕਿ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾ ਰਹੇ ਮਦਰੱਸੇ ਵਿੱਚ ਅੱਤਵਾਦੀਆਂ ਦੀ ਸਿਖਲਾਈ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਸੈਂਕੜੇ ਬੱਚੇ ਵੀ ਪੜ੍ਹਦੇ ਸਨ ਤੇ ਹਮਲੇ ਪਿੱਛੋਂ ਪਾਕਿਸਤਾਨ ਦੀ ਸੈਨਾ ਵੱਲੋਂ ਉਨ੍ਹਾਂ ਨੂੰ ਉੱਥੋਂ ਕੱਢ ਲਿਆ ਗਿਆ। ਜੇਕਰ ਏਅਰ ਸਟਰਾਈਕ ਮਦਰੱਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਹੁੰਦੀ ਤਾਂ ਏਨੇ ਸਾਰੇ ਬੱਚੇ ਮਾਰੇ ਜਾਂਦੇ ਤਾਂ ਅਸੀਂ ਕੌਮਾਂਤਰੀ ਭਾਈਚਾਰੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਸੀ ਰਹਿਣਾ।
ਪਰ ਭਾਜਪਾ ਆਗੂਆਂ ਦੇ ਸਿਰ ਉੱਤੇ ਤਾਂ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਦਾ ਜਨੂੰਨ ਚੜ੍ਹਿਆ ਹੋਇਆ ਹੈ। ਉਹ ਹਰ ਹਾਲਤ ਜੰਗ ਦਾ ਮਾਹੌਲ ਬਣਾ ਕੇ ਰੱਖਣਾ ਚਾਹੁੰਦੇ ਹਨ। ਜਦੋਂ ਪਾਕਿਸਤਾਨ ਵੱਲੋਂ ਅਜਿਹੀ ਏਅਰ ਸਟਰਾਈਕ ਸਾਡੇ ਵਾਲੇ ਪਾਸੇ ਕੀਤੀ ਗਈ ਤੇ ਉਨ੍ਹਾਂ ਦੇ ਜਹਾਜ਼ਾਂ ਨੂੰ ਖਦੇੜਦਿਆਂ ਸਾਡਾ ਇੱਕ ਹਵਾਈ ਜਹਾਜ਼ ਤਬਾਹ ਹੋ ਗਿਆ ਤੇ ਉਸ ਦਾ ਪਾਇਲਟ ਅਭਿਨੰਦਨ ਪਾਕਿਸਤਾਨੀ ਫ਼ੌਜ ਦੇ ਹੱਥ ਲੱਗ ਗਿਆ ਤਾਂ ਸਾਰਾ ਦੇਸ਼ ਉਸ ਦੀ ਵਾਪਸੀ ਨੂੰ ਲੈ ਕੇ ਚਿੰਤਤ ਸੀ, ਪਰ ਸਾਡਾ ਪ੍ਰਧਾਨ ਮੰਤਰੀ ਕਹਿ ਰਿਹਾ ਸੀ ਕਿ ਇਹ ਪਾਇਲਟ ਪ੍ਰੋਜੈਕਟ ਸੀ, ਰੀਅਲ ਕਾਰਵਾਈ ਤਾਂ ਹਾਲੇ ਹੋਣੀ ਹੈ।
ਜਦੋਂ ਕੇਂਦਰੀ ਮੰਤਰੀ ਆਹਲੂਵਾਲੀਆ ਸਾਹਿਬ ਇਹ ਸਫ਼ਾਈ ਦੇ ਰਹੇ ਸਨ ਕਿ ਭਾਜਪਾ ਆਗੂਆ ਨੇ ਕਦੇ ਵੀ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦੇ ਅੰਕੜੇ ਬਾਰੇ ਗੱਲ ਨਹੀਂ ਕੀਤੀ, ਉਸੇ ਵੇਲੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਪ੍ਰੋਗਰਾਮ ਵਿੱਚ ਅਮਿਤ ਸ਼ਾਹ ਕਹਿ ਰਹੇ ਸਨ ਕਿ ਉੜੀ ਹਮਲੇ ਤੋਂ ਬਾਅਦ ਸੈਨਾ ਨੇ ਸਰਜੀਕਲ ਸਟਰਾਈਕ ਕੀਤੀ ਸੀ। ਪੁਲਵਾਮਾ ਹਮਲੇ ਤੋਂ ਬਾਅਦ ਲੋਕਾਂ ਦਾ ਵਿਚਾਰ ਸੀ ਕਿ ਪਾਕਿਸਤਾਨ ਦੇ ਚੌਕੰਨਾ ਹੋ ਜਾਣ ਕਾਰਨ ਹੁਣ ਸਰਜੀਕਲ ਸਟਰਾਈਕ ਨਹੀਂ ਕੀਤੀ ਜਾ ਸਕਦੀ। ਪ੍ਰੰਤੂ ਘਟਨਾ ਦੇ 13ਵੇਂ ਦਿਨ ਮੋਦੀ ਸਰਕਾਰ ਨੇ ਬਿਨਾਂ ਕਿਸੇ ਨੁਕਸਾਨ ਦੇ ਏਅਰ ਸਟਰਾਈਕ ਕਰਕੇ 250 ਸੌ ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ। ਹੁਣ ਅਮਿਤ ਸ਼ਾਹ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾ ਪਾਸ ਇਹ ਅੰਕੜਾ ਕਿੱਥੋਂ ਆਇਆ। ਅਸਲ ਵਿੱਚ ਭਾਜਪਾ ਆਗੂ ਸਾਡੇ ਜਵਾਨਾਂ ਵੱਲੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਕੀਤੀਆਂ ਜਾ ਰਹੀਆਂ ਕੁਰਬਾਨੀਆਂ ਦਾ ਸਿਆਸੀਕਰਨ ਕਰਕੇ 2019 ਦੀਆਂ ਲੋਕ ਸਭਾ ਚੋਣਾਂ ਵਾਲਾ ਭਵਸਾਗਰ ਪਾਰ ਕਰਨਾ ਚਾਹੁੰਦਾ ਹਨ।
ਭਾਜਪਾ ਨੂੰ ਇਸ ਸਥਿਤੀ ਦਾ ਇੱਕ ਵੱਡਾ ਲਾਭ ਜਰੂਰ ਹੋਇਆ ਹੈ। ਹੁਣ ਉਨ੍ਹਾਂ ਨੂੰ ਇਹ ਕੋਈ ਨਹੀਂ ਪੁੱਛ ਰਿਹਾ ਕਿ ਨੋਟਬੰਦੀ ਨਾਲ ਕਾਲੇ ਧਨ ਤੇ ਅੱਤਵਾਦ ਦਾ ਕਿੰਨਾ ਲੱਕ ਟੁੱਟਿਆ। ਹੁਣ ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਖੇਤੀ ਖੇਤਰ ਦੀ ਆਮਦਨ ਬੀਤੇ 14 ਸਾਲਾਂ ਦੇ ਸਭ ਤੋਂ ਨੀਵੇ ਥਾਂ ਉੱਤੇ ਕਿਉਂ ਪਹੁੰਚ ਗਈ ਹੈ। ਉਨ੍ਹਾਂ ਵੱਲੋਂ ਪਿਛਲੀਆਂ ਚੋਣਾਂ ਵਿੱਚ ਕੀਤੇ ਗਏ ਹਰ ਸਾਲ ਦੋ ਕਰੋੜ ਨੌਕਰੀਆਂ ਦੇ ਵਾਅਦੇ ਦੀ ਪੂਰਤੀ ਬਾਰੇ ਵੀ ਹੁਣ ਕੋਈ ਸੁਆਲ ਨਹੀਂ ਹੋ ਰਿਹਾ। ਸਭ ਆਰਥਿਕ ਸਵਾਲ ਹੁਣ ਜੰਗ ਪਰਦੇ ਪਿੱਛੇ ਛੁਪਾ ਦਿੱਤੇ ਗਏ ਹਨ, ਪਰ ਭਾਜਪਾ ਆਗੂਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੋਕ ਹੁਣ ਬਹੁਤ ਸਿਆਣੇ ਹੋ ਚੁੱਕੇ ਹਨ। ਉਹ ਜੰਗ ਨਹੀਂ, ਅਮਨ ਚਾਹੁੰਦੇ ਹਨ। ਆਖਰ ਜਿੱਤ ਅਮਨ ਚਾਹੁਣ ਵਾਲਿਆਂ ਦੀ ਹੋਵੇਗੀ, ਜੰਗਬਾਜ਼ਾਂ ਦੀ ਨਹੀਂ।

1121 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper