Latest News
ਮੁਰਤਜ਼ਾ ਅਲੀ ਨੂੰ ਸਲਾਮ

Published on 07 Mar, 2019 10:58 AM.


14 ਫ਼ਰਵਰੀ ਨੂੰ ਪੁਲਵਾਮਾ ਵਿੱਚ ਅੱਤਵਾਦੀਆਂ ਵੱਲੋਂ ਇੱਕ ਆਤਮਘਾਤੀ ਹਮਲੇ ਵਿੱਚ ਸੀ ਆਰ ਪੀ ਐੱਫ਼ ਦੇ 41 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਹਮਲੇ ਦਾ ਸਾਰੇ ਦੇਸ਼ ਵਿੱਚ ਤਿੱਖਾ ਵਿਰੋਧ ਹੋਇਆ ਸੀ। ਇੱਕ ਪਾਸੇ ਹਰ ਦੇਸ਼ ਵਾਸੀ, ਬਿਨਾਂ ਕਿਸੇ ਜਾਤ ਜਾਂ ਧਰਮ ਦੇ ਵਿਤਕਰੇ ਤੋਂ, ਇਸ ਹਮਲੇ ਦੀ ਘੋਰ ਨਿੰਦਾ ਕਰ ਰਿਹਾ ਸੀ, ਦੂਜੇ ਪਾਸੇ ਕੱਟੜਪੰਥੀ ਹਿੰਦੂ ਸੰਗਠਨ ਮੁਸਲਮਾਨਾਂ, ਖਾਸਕਰ ਕਸ਼ਮੀਰੀਆਂ ਵਿਰੁੱਧ ਜ਼ਹਿਰ ਉਗਲ ਰਹੇ ਸਨ ਤੇ ਭੀੜਾਂ ਨੂੰ ਉਨ੍ਹਾਂ ਉੱਤੇ ਹਮਲੇ ਕਰਨ ਲਈ ਉਕਸਾਅ ਰਹੇ ਸਨ।
ਇਸੇ ਦੌਰਾਨ ਇੱਕ ਦੇਸ਼ ਭਗਤ ਮੁਸਲਮਾਨ ਮੁਰਤਜ਼ਾ ਅਲੀ ਨੇ ਫ਼ਿਰਕੂ ਵੰਡਵਾਦੀਆਂ ਦੇ ਨਾਪਾਕ ਚਿਹਰਿਆਂ ਉੱਤੇ ਅਜਿਹਾ ਥਪੜ ਜੜਿਆ ਕਿ ਉਹ ਛੇਤੀ ਕੀਤੇ ਇਸ ਨੂੰ ਭੁਲਾਅ ਨਹੀਂ ਸਕਣਗੇ। ਮੁਰਤਜ਼ਾ ਅਲੀ ਨੇ ਐਲਾਨ ਕੀਤਾ ਕਿ ਉਹ ਪੁਲਵਾਮਾ ਦੇ ਸ਼ਹੀਦਾਂ ਦੇ ਪਰਵਾਰਾਂ ਲਈ 110 ਕਰੋੜ ਰੁਪਏ ਦੇਣਗੇ।
ਮੁਰਤਜ਼ਾ ਅਲੀ ਰਾਜਸਥਾਨ ਦੇ ਕੋਟਾ ਦੇ ਰਹਿਣ ਵਾਲੇ ਹਨ। ਉਹ ਜਨਮ ਤੋਂ ਹੀ ਨੇਤਰਹੀਣ ਹਨ। ਉਸ ਨੇ ਆਪਣੀ ਪੜ੍ਹਾਈ ਕੋਟਾ ਦੇ ਕਾਮਰਸ ਕਾਲਜ ਤੋਂ ਕੀਤੀ। ਉਨ੍ਹਾ ਦਾ ਪਰਿਵਾਰਕ ਪੇਸ਼ਾ ਆਟੋਮੋਬਾਇਲ ਦਾ ਸੀ। ਨੇਤਰਹੀਣ ਹੋਣ ਕਾਰਨ ਜਦੋਂ ਧੰਦੇ ਵਿੱਚ ਨੁਕਸਾਨ ਹੋਣ ਲੱਗਿਆ ਤਾਂ ਉਸ ਨੇ ਮੋਬਾਇਲ ਤੇ ਡਿਸ਼ ਟੀ ਵੀ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੰਨ 2010 ਵਿੱਚ ਜਦੋਂ ਉਹ ਜੈਪੁਰ ਦੇ ਇੱਕ ਪੈਟਰੌਲ ਪੰਪ ਤੋਂ ਤੇਲ ਭਰਾ ਰਹੇ ਸਨ ਤਾਂ ਕੋਲ ਖੜੇ ਇੱਕ ਵਿਅਕਤੀ ਦੇ ਮੋਬਾਇਲ ਉੱਤੇ ਫੋਨ ਕਾਲ ਆ ਗਈ। ਜਦੋਂ ਉਸ ਵਿਅਕਤੀ ਨੇ ਫੋਨ ਰਿਸੀਵ ਕੀਤਾ, ਉੱਥੇ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਮੁਰਤਜ਼ਾ ਅਲੀ ਨੇ ਇਸ ਸੰਬੰਧੀ ਖੋਜ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਉਸ ਨੇ 'ਫਿਊਲ ਬਰਨ ਰੇਡੀਏਸ਼ਨ ਟੈਕਨਾਲੋਜੀ' ਦੀ ਖੋਜ ਕਰ ਲਈ। ਇਸ ਟੈਕਨਾਲੋਜੀ ਨਾਲ ਜੀ ਪੀ ਐੱਸ, ਕੈਮਰਾ ਜਾਂ ਕਿਸੇ ਹੋਰ ਯੰਤਰ ਤੋਂ ਬਿਨਾਂ ਹੀ ਕਿਸੇ ਵੀ ਵਾਹਨ ਨੂੰ ਲੱਭਿਆ ਜਾ ਸਕਦਾ ਹੈ। ਇਸ ਸਮੇਂ ਮੁਰਤਜ਼ਾ ਅਲੀ ਮੁੰਬਈ ਵਿੱਚ ਬਤੌਰ ਵਿਗਿਆਨਕ ਕੰਮ ਕਰ ਰਹੇ ਹਨ। ਇੱਕ ਕੰਪਨੀ ਨਾਲ ਹੋਏ ਸਮਝੌਤੇ ਵਿੱਚ ਉਸ ਨੂੰ ਕਾਫ਼ੀ ਵੱਡੀ ਰਕਮ ਮਿਲੀ ਹੈ। ਇਸੇ ਰਕਮ ਵਿੱਚੋਂ ਉਹ ਸ਼ਹੀਦਾਂ ਦੇ ਪਰਵਾਰਾਂ ਨੂੰ 110 ਕਰੋੜ ਰੁਪਿਆ ਦੇਣਾ ਚਾਹੁੰਦੇ ਹਨ।
ਮੁਰਤਜ਼ਾ ਅਲੀ ਨੇ ਸ਼ਹੀਦਾਂ ਦੇ ਪਰਵਾਰਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਦਫ਼ਤਰ ਨੂੰ ਇੱਕ ਈ-ਮੇਲ ਭੇਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਉਨ੍ਹਾ ਨੂੰ ਜਲਦੀ ਹੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਾਏ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ। ਵੱਡੇ ਦੁੱਖ ਦੀ ਗੱਲ ਹੈ ਕਿ ਸੰਘ ਪਾੜ-ਪਾੜ ਕੇ ਜੰਗ-ਜੰਗ, ਹਿੰਦੂ-ਮੁਸਲਿਮ ਦੀਆਂ ਦੁਹਾਈਆਂ ਪਾਉਣ ਵਾਲੇ ਮੀਡੀਆ ਚੈਨਲਾਂ ਲਈ ਇਹ ਕੋਈ ਖ਼ਬਰ ਹੀ ਨਹੀਂ ਹੈ। ਸ਼ਾਇਦ ਵਿਕਾਊ ਮੀਡੀਏ ਨੂੰ ਇਹ ਲੱਗ ਰਿਹਾ ਹੋਵੇ ਕਿ ਮੁਰਤਜ਼ਾ ਅਲੀ ਦੇ ਨਾਂਅ ਵਾਲੇ ਵਿਅਕਤੀ ਦੀ ਦਰਿਆਦਿਲੀ ਨੂੰ ਪੇਸ਼ ਕਰਨ ਨਾਲ ਉਸ ਦੇ ਪ੍ਰਿਤਪਾਲਕ ਨਰਾਜ਼ ਨਾ ਹੋ ਜਾਣ।

1078 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper