Latest News
ਫ਼ੌਜ ਦਾ ਸਿਆਸੀਕਰਨ ਬੰਦ ਹੋਵੇ

Published on 10 Mar, 2019 11:15 AM.


ਪੁਲਵਾਮਾ ਵਿਖੇ ਸੀ ਆਰ ਪੀ ਐੱਫ਼ ਦੇ ਕਾਫ਼ਲੇ ਉੱਤੇ ਹੋਏ ਆਤਮਘਾਤੀ ਹਮਲੇ ਵਿੱਚ ਸਾਡੇ 41 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟਰਾਈਕ ਕੀਤੀ ਗਈ ਸੀ। ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਹੀ ਇਨ੍ਹਾਂ ਦੋਵਾਂ ਘਟਨਾਵਾਂ ਦਾ ਸਿਆਸੀਕਰਨ ਕਰਕੇ ਲੋਕ ਸਭਾ ਚੋਣਾਂ ਵਿੱਚ ਇਸ ਦਾ ਲਾਹਾ ਲੈਣ ਲਈ ਹਰ ਹੱਥਕੰਡਾ ਅਪਣਾਉਣ ਦੇ ਰਾਹ ਪਈ ਹੋਈ ਹੈ। ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਭਾਜਪਾ ਦਾ ਹਰ ਛੋਟਾ-ਵੱਡਾ ਆਗੂ ਇਸੇ ਪਾਸੇ ਤੁਰੇ ਹੋਏ ਹਨ।
26 ਫ਼ਰਵਰੀ ਨੂੰ ਪ੍ਰਧਾਨ ਮੰਤਰੀ ਦੀ ਰਾਜਸਥਾਨ ਦੇ ਚੁਰੂ ਵਿੱਚ ਹੋਈ ਰੈਲੀ ਸਮੇਂ ਮੰਚ ਉੱਤੇ ਲੱਗੇ ਬੈਨਰ ਵਿੱਚ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ। ਭਾਜਪਾ ਵੱਲੋਂ ਚੋਣਾਂ ਸੰਬੰਧੀ ਦਿੱਲੀ ਵਿੱਚ ਕੱਢੇ ਗਏ ਇੱਕ ਰੋਡ ਸ਼ੋਅ ਵਿੱਚ ਦਿੱਲੀ ਦੇ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਫ਼ੌਜ ਦੀ ਵਰਦੀ ਪਾ ਕੇ ਇਸ ਦੀ ਅਗਵਾਈ ਕਰ ਰਹੇ ਸਨ। ਭੋਪਾਲ ਵਿੱਚ ਭਾਜਪਾ ਵਿਧਾਇਕ ਵਿਸ਼ਵਾਸ ਸਾਰੰਗ ਫ਼ੌਜ, ਨਰਿੰਦਰ ਮੋਦੀ ਤੇ ਭਾਜਪਾ ਦੇ ਚੋਣ ਚਿੰਨ੍ਹ ਕਮਲ ਦੀ ਤਸਵੀਰ ਵਾਲਾ ਬੈਨਰ ਲੈ ਕੇ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਲਈ ਨਿਕਲੇ ਹੋਏ ਹਨ। ਯੂ ਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਹੋਰ ਵੀ ਕਈ ਭਾਜਪਾ ਆਗੂ ਆਪਣੀ ਸਿਆਸਤ ਚਮਕਾਉਣ ਲਈ ਫ਼ੌਜ ਦੀ ਵਰਤੋਂ ਦਾ ਸਹਾਰਾ ਲੈ ਰਹੇ ਹਨ।
ਭਾਜਪਾ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਫ਼ੌਜ ਦੇ ਸਾਬਕਾ ਅਧਿਕਾਰੀ ਬਹੁਤ ਦੁਖੀ ਹਨ। ਸਮੁੰਦਰੀ ਫ਼ੌਜ ਦੇ ਸਾਬਕਾ ਚੀਫ਼ ਲਕਸ਼ਮੀ ਨਰਾਇਣ ਰਾਮਦਾਸ ਨੇ ਚੋਣ ਕਮਿਸ਼ਨ ਨੂੰ ਲਿਖੇ ਇੱਕ ਖਤ ਵਿੱਚ ਅਜਿਹੀਆਂ ਕਾਰਵਾਈ 'ਤੇ ਇਤਰਾਜ਼ ਪ੍ਰਗਟ ਕਰਦਿਆਂ ਇਨ੍ਹਾਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾ ਲਿਖਿਆ ਹੈ ਕਿ ਕੁਝ ਪਾਰਟੀਆਂ ਆਪਣੇ ਸਿਆਸੀ ਆਗੂਆਂ ਦੇ ਨਾਲ ਹਥਿਆਰਬੰਦ ਸੈਨਾਵਾਂ ਦੀਆਂ ਤਸਵੀਰਾਂ, ਵਰਦੀ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰ ਰਹੀਆਂ ਹਨ। ਇਹ ਜਨਤਾ, ਮੀਡੀਆ ਅਤੇ ਚੋਣ ਰੈਲੀਆਂ ਵਿੱਚ ਕੀਤਾ ਜਾ ਰਿਹਾ ਹੈ। ਇਹ ਵਰਤਾਰਾ ਫ਼ੌਜੀ ਕਦਰਾਂ-ਕੀਮਤਾਂ ਅਤੇ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਖ਼ਤਮ ਕਰ ਸਕਦਾ ਹੈ। ਉਨ੍ਹਾ ਅੱਗੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਨੇ ਹਮੇਸ਼ਾ ਖੁਦ ਨੂੰ ਇੱਕ ਅਜਿਹੇ ਢਾਂਚੇ ਨਾਲ ਜੋੜ ਕੇ ਗੌਰਵਸ਼ਾਲੀ ਕੰਮ ਕੀਤਾ ਹੈ, ਜੋ ਨੈਤਿਕ ਕਦਰਾਂ ਵਾਲਾ, ਗੈਰ-ਸਿਆਸੀ ਅਤੇ ਧਰਮ ਨਿਰਪੱਖਤਾ ਦੀ ਛਵੀ ਵਾਲਾ ਰਿਹਾ ਹੈ। ਉਨ੍ਹਾ ਕਿਹਾ ਕਿ ਫ਼ੌਜ 'ਚੋਂ ਰਿਟਾਇਰ ਹੋ ਚੁੱਕੇ ਬਹੁਤ ਸਾਰੇ ਲੋਕ ਅਜਿਹੀਆਂ ਕੋਸ਼ਿਸ਼ਾਂ ਤੋਂ ਪ੍ਰੇਸ਼ਾਨ ਹਨ, ਜੋ ਫ਼ੌਜਾਂ ਦੀ ਏਕਤਾ ਅਤੇ ਧਰਮ-ਨਿਰਪੱਖਤਾ ਨੂੰ ਨੁਕਸਾਨ ਪੁਚਾ ਸਕਦੀਆਂ ਹਨ। ਸਾਬਕਾ ਨੇਵੀ ਚੀਫ਼ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸਿਆਸੀ ਪਾਰਟੀਆਂ ਨੂੰ ਚੋਣ ਲਾਭਾਂ ਲਈ ਫ਼ੌਜੀ ਕਾਰਵਾਈਆਂ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ।
ਇਸੇ ਦੌਰਾਨ ਭਾਜਪਾ ਦੀ ਦਿੱਲੀ ਇਕਾਈ ਵੱਲੋਂ ਬਹੁਤ ਸਾਰੀਆਂ ਥਾਂਵਾਂ ਉੱਤੇ ਵੱਡੇ-ਵੱਡੇ ਪੋਸਟਰ ਲਾਏ ਗਏ ਹਨ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਤਸਵੀਰ ਦੇ ਨਾਲ-ਨਾਲ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭੀਨੰਦਨ ਦੀ ਤਸਵੀਰ ਵੀ ਛਾਪੀ ਗਈ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸਵਰਾਜ ਇੰਡੀਆ ਦੇ ਕੌਮੀ ਪ੍ਰਧਾਨ ਯੋਗੇਂਦਰ ਯਾਦਵ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਸੀ ਕਿ ਕੀ ਉਹ ਕਿਸੇ ਸਿਆਸੀ ਪਾਰਟੀ ਨੂੰ ਇੱਕ ਨੌਕਰੀ ਕਰ ਰਹੇ ਫ਼ੌਜੀ ਦੀ ਤਸਵੀਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ।
ਇਸ ਦੇ ਜਵਾਬ ਵਿੱਚ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਕਮਿਸ਼ਨ ਨੇ 2013 ਵਿੱਚ ਜਾਰੀ ਕੀਤੇ ਗÂ ਆਪਣੇ ਹੁਕਮ ਦਾ ਹਵਾਲਾ ਦਿੰਦਿਆਂ ਸਭ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਪਾਰਟੀ ਪ੍ਰਤੀਨਿਧਾਂ ਅਤੇ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਹਿਣ ਕਿ ਉਹ ਇਸ ਦਾ ਸਖ਼ਤੀ ਨਾਲ ਪਾਲਣ ਕਰਨ। ਵਰਨਣਯੋਗ ਹੈ ਕਿ ਚੋਣ ਕਮਿਸ਼ਨ ਨੇ 2013 ਵਿੱਚ ਰੱਖਿਆ ਮੰਤਰਾਲੇ ਦੀ ਸ਼ਿਕਾਇਤ ਉਤੇ ਇਹ ਆਦੇਸ਼ ਜਾਰੀ ਕੀਤਾ ਸੀ ਕਿ ਸੁਰੱਖਿਆ ਬਲ ਦੇਸ਼ ਦੀਆਂ ਸਰਹੱਦਾਂ ਤੇ ਸਿਆਸੀ ਤੰਤਰ ਦੀ ਸੁਰੱਖਿਆ ਦੇ ਨਿਰਪੱਖ ਪਹਿਰੇਦਾਰ ਹਨ। ਇਸ ਲਈ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਕਿਸੇ ਵੀ ਸੂਰਤ ਵਿੱਚ ਸੈਨਾਵਾਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮੌਜੂਦਾ ਸੰਦਰਭ ਵਿੱਚ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਉਹ ਅਜਿਹੇ ਮਾਮਲਿਆਂ ਉੱਤੇ ਸਖ਼ਤ ਕਾਰਵਾਈ ਕਰੇਗਾ। ਇਹ ਸਤਰਾਂ ਲਿਖਣ ਸਮੇਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ । ਹੁਣ ਇਹ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੀ ਕਿਸੇ ਵੀ ਕਾਰਵਾਈ, ਜਿਹੜੀ ਫ਼ੌਜ ਦੀ ਨਿਰਪੱਖਤਾ ਤੇ ਦੇਸ਼ਭਗਤੀ ਨੂੰ ਨੁਕਸਾਨ ਪੁਚਾਉਂਦੀ ਹੋਵੇ, ਉਸ ਨੂੰ ਸਖ਼ਤੀ ਨਾਲ ਰੋਕੇ।

1164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper