Latest News
ਪੰਜਾਬ ਦਾ ਅਜੋਕਾ ਚੋਣ ਨਕਸ਼ਾ

Published on 13 Mar, 2019 11:22 AM.

ਪਾਰਲੀਮੈਂਟ ਚੋਣਾਂ ਲਈ ਪੰਜਾਬ ਦਾ ਨੰਬਰ ਭਾਵੇਂ ਸਭ ਤੋਂ ਅਖੀਰ ਉੱਤੇ ਲੱਗਾ ਹੈ, ਫਿਰ ਵੀ ਇਸ ਰਾਜ ਵਿੱਚ ਲੋਕ ਸਭਾ ਚੋਣਾਂ ਦੇ ਲਈ ਗੱਠਜੋੜਾਂ ਦੀ ਸਥਿਤੀ ਲੱਗਭੱਗ ਸਾਫ ਹੋਣ ਲੱਗ ਪਈ ਹੈ। ਹੋਰ ਕੁਝ ਦਿਨਾਂ ਤੱਕ ਬਿਲਕੁਲ ਸਾਫ ਹੋ ਜਾਵੇਗੀ। ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਿੱਚ ਗੱਠਜੋੜ ਦੀ ਗੱਲ ਦਿੱਲੀ ਵਿੱਚ ਤੁਰੀ ਸੀ ਅਤੇ ਓਥੇ ਹੀ ਇਸ ਅੱਗੇ ਅੜਿੱਕਾ ਲੱਗ ਜਾਣ ਨਾਲ ਇੱਕ ਤਰ੍ਹਾਂ ਮਾਮਲਾ ਵੱਖੋ-ਵੱਖੋ ਰਾਹਾਂ ਉੱਤੇ ਤੁਰਨ ਨਾਲ ਨਿਪਟ ਗਿਆ ਹੈ। ਪੱਛਮੀ ਬੰਗਾਲ ਤੋਂ ਮਮਤਾ ਬੈਨਰਜੀ ਨੇ ਦਿੱਲੀ ਆਣ ਕੇ ਇਸ ਬਾਰੇ ਯਤਨ ਛੋਹੇ ਸਨ ਕਿ ਕਿਸੇ ਤਰ੍ਹਾਂ ਇਹ ਦੋਵੇਂ ਪਾਰਟੀਆਂ ਇੱਕ ਹੋ ਕੇ ਭਾਜਪਾ ਨਾਲ ਟੱਕਰ ਲਈ ਸਾਂਝਾ ਮੋਰਚਾ ਬਣਾ ਲੈਣ, ਪਰ ਓਥੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਜੇ ਤੱਕ ਅਰਵਿੰਦ ਕੇਜਰੀਵਾਲ ਦੇ ਹੱਥੋਂ ਹੋਈ ਵਿਧਾਨ ਸਭਾ ਚੋਣਾਂ ਦੀ ਕਈ ਸਾਲ ਪੁਰਾਣੀ ਹਾਰ ਦਾ ਗਮ ਨਹੀਂ ਭੁਲਾ ਸਕੀ। ਉਸ ਨੇ ਗੱਠਜੋੜ ਨਹੀਂ ਬਣਨ ਦਿੱਤਾ। ਇਸ ਨਾਲ ਦੋਵਾਂ ਧਿਰਾਂ ਦਾ ਪੰਜਾਬ ਵਿੱਚ ਵੀ ਗੱਠਜੋੜ ਹੁੰਦਾ-ਹੁੰਦਾ ਰਹਿ ਗਿਆ ਹੈ। ਏਥੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਹਿਲਾਂ ਤੋਂ ਹੀ ਧਾਰਨਾ ਸੀ ਕਿ ਇਸ ਵਾਰੀ ਹੋਰ ਕਿਸੇ ਧਿਰ ਨਾਲ ਗੱਠਜੋੜ ਦੀ ਲੋੜ ਨਹੀਂ, ਕਾਂਗਰਸ ਚੜ੍ਹਤ ਵਿੱਚ ਹੈ ਤੇ ਆਪਣੇ ਸਿਰ ਸਾਰੀਆਂ ਸੀਟਾਂ ਜਿੱਤ ਸਕਦੀ ਹੈ। ਨਤੀਜੇ ਤਾਂ ਬਾਅਦ ਵਿੱਚ ਪਤਾ ਲੱਗਣਗੇ, ਇਕੱਲੇ ਚੱਲਣ ਦਾ ਰਾਹ ਸਾਫ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਕਦੀ ਕਾਂਗਰਸ ਅਤੇ ਕਦੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਟਕਸਾਲੀ ਅਕਾਲੀ ਦਲ ਨਾਲ ਜੁੜਨ ਦਾ ਪ੍ਰਭਾਵ ਦਿੱਤਾ ਸੀ, ਪਰ ਉਹ ਕਿਸੇ ਪਾਸੇ ਨਹੀਂ ਜੁੜ ਸਕੀ। ਜਦੋਂ ਟਕਸਾਲੀ ਅਕਾਲੀ ਦਲ ਨਾਲ ਗੱਲ ਸਿਰੇ ਲੱਗਣ ਦਾ ਪ੍ਰਭਾਵ ਮਿਲਦਾ ਪਿਆ ਸੀ, ਅਚਾਨਕ ਆਨੰਦਪੁਰ ਸਾਹਿਬ ਦੀ ਸੀਟ ਤੋਂ ਰੇੜਕਾ ਪੈ ਗਿਆ। ਦੋਵੇਂ ਪਾਰਟੀਆਂ ਇਸ ਸੀਟ ਉੱਤੇ ਹੱਕ ਜਤਾ ਰਹੀਆਂ ਹਨ। ਦੋਵਾਂ ਨੇ ਆਪਣੇ ਉਮੀਦਵਾਰ ਅਗੇਤੇ ਹੀ ਐਲਾਨ ਕਰ ਦਿੱਤੇ ਹਨ ਅਤੇ ਪਿੱਛੇ ਨਹੀਂ ਹਟ ਰਹੀਆਂ। ਇਸ ਤਰ੍ਹਾਂ ਅੜੀ ਨਾਲ ਸਮਝੌਤੇ ਨਹੀਂ ਹੋਇਆ ਕਰਦੇ ਅਤੇ ਇਹ ਲੱਗਭੱਗ ਸਾਫ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਚੋਣ ਸਮਝੌਤਾ ਹੋਣ ਦੀ ਆਸ ਬਹੁਤੀ ਨਹੀਂ। ਨਤੀਜੇ ਵਜੋਂ ਆਮ ਆਦਮੀ ਪਾਰਟੀ ਸੰਗਰੂਰ ਵਿੱਚ ਲੜਾਈ ਦੇਣ ਤੱਕ ਸੀਮਤ ਰਹਿ ਜਾਵੇਗੀ। ਟਕਸਾਲੀ ਅਕਾਲੀ ਦਲ ਦੋ ਸੀਟਾਂ ਲੜੇ ਜਾਂ ਦਸ ਲੜਦਾ ਰਹੇ, ਅਜੇ ਤੱਕ ਇਹੋ ਕਿਹਾ ਜਾ ਰਿਹਾ ਹੈ ਕਿ ਉਹ ਸਿਰਫ ਅਕਾਲੀ ਲੀਡਰਸ਼ਿਪ ਦੇ ਪੋਤੜੇ ਫੋਲਣ ਦਾ ਕੰਮ ਕਰੇਗਾ, ਖੁਦ ਕਿਸੇ ਕਾਮਯਾਬੀ ਬਾਰੇ ਯਕੀਨ ਅਜੇ ਤੱਕ ਨਹੀਂ ਦਿਵਾ ਸਕਿਆ ਜਾਪਦਾ। ਅਕਾਲੀ-ਭਾਜਪਾ ਗੱਠਜੋੜ ਦੀ ਗੱਲ ਕੀਤੀ ਜਾਂ ਨਾ ਕੀਤੀ ਬੇਲੋੜੀ ਹੈ। ਤੇਈ ਕੁ ਸਾਲ ਪਹਿਲਾਂ ਹਰਚਰਨ ਸਿੰਘ ਬਰਾੜ ਦੀ ਸਰਕਾਰ ਦੇ ਵਕਤ ਪੰਜਾਬ ਵਿੱਚ ਇਨ੍ਹਾਂ ਦੋਵਾਂ ਧਿਰਾਂ ਦਾ ਗੱਠਜੋੜ ਪਹਿਲੀ ਵਾਰ ਬਣਿਆ ਸੀ। ਓਦੋਂ ਇਹ ਸਹਿਮਤੀ ਹੋ ਗਈ ਕਿ ਪਾਰਲੀਮੈਂਟ ਦੀਆਂ ਸਿਰਫ ਤਿੰਨ ਸੀਟਾਂ ਭਾਜਪਾ ਅਤੇ ਬਾਕੀ ਦੀਆਂ ਦਸ ਸੀਟਾਂ ਅਕਾਲੀ ਦਲ ਲੜੇਗਾ। ਅੱਜ ਤੱਕ ਏਸੇ ਗੱਲ ਲਈ ਸਹਿਮਤੀ ਬਣੀ ਰਹੀ ਹੈ। ਪਿਛਲੇ ਹਫਤੇ ਫਿਰ ਇਸ ਉੱਤੇ ਉਨ੍ਹਾਂ ਨੇ ਮੋਹਰ ਲਾ ਦਿੱਤੀ ਹੈ, ਕੁਝ ਨਵਾਂ ਹੋਣ ਵਾਲਾ ਨਹੀਂ। ਨਵੀਂ ਧਿਰ ਸੁਖਪਾਲ ਸਿੰਘ ਖਹਿਰਾ ਦੀ ਸਰਗਰਮੀ ਵਿੱਚੋਂ ਨਿਕਲਿਆ ਪੰਜਾਬ ਡੈਮੋਕਰੇਟਿਕ ਅਲਾਇੰਸ ਹੈ। ਜਿਸ ਵਕਤ ਆਮ ਆਦਮੀ ਪਾਰਟੀ ਨੂੰ ਸੁਖਪਾਲ ਸਿੰਘ ਖਹਿਰਾ ਨੇ ਛੱਡਿਆ ਸੀ, ਉਸ ਤੋਂ ਥੋੜ੍ਹਾ ਸਮਾਂ ਬਾਅਦ ਆਪਣੀ ਵੱਖਰੀ ਪੰਜਾਬੀ ਏਕਤਾ ਪਾਰਟੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਸੀ। ਰਜਿਸਟਰੇਸ਼ਨ ਕਰਾਉਣ ਵੇਲੇ ਲਿਖਣ ਵਿੱਚ ਪੰਜਾਬ ਏਕਤਾ ਪਾਰਟੀ ਦਰਜ ਹੋ ਗਈ ਸੀ ਤੇ ਉਹੀ ਨਾਂਅ ਚੱਲ ਰਿਹਾ ਹੈ। ਲੁਧਿਆਣੇ ਦੇ ਦੋਵਾਂ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਇਸ ਦੇ ਨਾਲ ਪੱਕੀ ਬੱਝੀ ਹੋਈ ਹੈ। ਉਨ੍ਹਾਂ ਅਤੇ ਖਹਿਰਾ ਗਰੁੱਪ ਨੇ ਮਿਲ ਕੇ ਪਟਿਆਲੇ ਤੋਂ ਆਮ ਆਦਮੀ ਪਾਰਟੀ ਦੇ ਪਿਛਲੇ ਪਾਰਲੀਮੈਂਟ ਮੈਂਬਰ ਡਾਕਟਰ ਧਰਮਵੀਰ ਗਾਂਧੀ ਨਾਲ ਸੁਰ ਮਿਲਾ ਲਈ। ਕੁਝ ਅੜਚਣਾਂ ਦੇ ਬਾਅਦ ਬਹੁਜਨ ਸਮਾਜ ਪਾਰਟੀ ਵੀ ਨਾਲ ਆ ਗਈ ਹੈ। ਇਸ ਨਾਲ ਦੋ ਕਮਿਊਨਿਸਟ ਪਾਰਟੀਆਂ ਦਾ ਜੁੜਨਾ ਹੈਰਾਨੀ ਵਾਲੀ ਗੱਲ ਜ਼ਰੂਰ ਹੈ, ਪਰ ਉਨ੍ਹਾਂ ਦਾ ਵੀ ਇੱਕ ਖਾਸ ਜਨਤਕ ਆਧਾਰ ਹੈ ਅਤੇ ਇਸ ਗੱਠਜੋੜ ਵੱਲੋਂ ਉਨ੍ਹਾਂ ਨੂੰ ਇੱਕ-ਇੱਕ ਸੀਟ ਛੱਡ ਦੇਣ ਨਾਲ ਇਹ ਧੜਾ ਮਜ਼ਬੂਤ ਹੋਇਆ ਹੈ। ਕੀਤੇ ਗਏ ਫੈਸਲੇ ਦਾ ਸਾਰ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਾਸਤੇ ਤਿੰਨ ਸੀਟਾਂ ਅਤੇ ਲੋਕ ਇਨਸਾਫ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਾਸਤੇ ਵੀ ਤਿੰਨ-ਤਿੰਨ ਸੀਟਾਂ ਛੱਡ ਦਿੱਤੀਆਂ ਗਈਆਂ ਹਨ। ਡਾਕਟਰ ਧਰਮਵੀਰ ਗਾਂਧੀ ਦੀ ਆਪਣੀ ਸੀਟ ਉਸ ਨੂੰ ਛੱਡ ਦਿੱਤੀ ਵੀ ਕਾਫੀ ਜਾਪਦੀ ਹੈ। ਸੰਗਰੂਰ ਦੀ ਸੀਟ ਬਾਅਦ ਵਿੱਚ ਵਿਚਾਰਨ ਲਈ ਛੱਡ ਦਿੱਤੀ ਗਈ ਹੈ। ਇਸ ਨਾਲ ਪਹਿਲੇ ਦਿਨ ਹੀ ਇਹ ਗੱਠਜੋੜ ਪੰਜਾਬ ਦੀ ਚੋਣ ਰਾਜਨੀਤੀ ਦੀ ਚਰਚਾ ਦੇ ਕੇਂਦਰ ਵਿੱਚ ਆ ਗਿਆ ਹੈ। ਗੱਲ ਫਿਰ ਕਾਂਗਰਸ ਪਾਰਟੀ ਉੱਤੇ ਆ ਜਾਂਦੀ ਹੈ। ਜਦੋਂ ਬਾਕੀ ਸਭ ਧਿਰਾਂ ਬਾਰੇ ਲਗਭਗ ਸਪੱਸ਼ਟ ਹੈ ਕਿ ਕਿਸ ਸੀਟ ਦੇ ਲਈ ਕਿਸ ਪਾਰਟੀ ਜਾਂ ਕਿਸ ਉਮੀਦਵਾਰ ਦਾ ਨੌਂਗਾ ਪੈਣਾ ਹੈ, ਕਾਂਗਰਸ ਪਾਰਟੀ ਦੇ ਅੰਦਰ ਅਜੇ ਵੀ ਲੀਡਰਾਂ ਦੀ ਖਹਿਬਾਜ਼ੀ ਦੇ ਕਾਰਨ ਗੱਲ ਕਿਸੇ ਪਾਸੇ ਨਹੀਂ ਲੱਗ ਰਹੀ। ਪਾਰਟੀ ਵੱਲੋਂ ਦਿੱਲੀ ਵਿੱਚ ਕੀਤੀ ਮੀਟਿੰਗ ਵੀ ਸਥਿਤੀ ਸਾਫ ਕਰਨ ਵਾਸਤੇ ਲਾਹੇਵੰਦੀ ਨਹੀਂ ਹੋ ਸਕੀ, ਸਗੋਂ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਧੜੇ ਦੀ ਬਿਆਨਬਾਜ਼ੀ ਦੇ ਨਾਲ ਅੰਦਰਲੇ ਪਾਟਕ ਬਾਰੇ ਮੀਡੀਏ ਵਿੱਚ ਕਈ ਗੱਲਾਂ ਖੁੱਲ੍ਹੀ ਚਰਚਾ ਦਾ ਵਿਸ਼ਾ ਬਣਨ ਲੱਗ ਗਈਆਂ ਹਨ। ਟਿਕਟ ਦੀ ਝਾਕ ਵਿੱਚ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵੀ ਪੰਜਾਬ ਦੀ ਆਪਣੀ ਸਰਕਾਰ ਦੇ ਵਿਰੁੱਧ ਖੁੱਲ੍ਹੀ ਦੂਸ਼ਣਬਾਜ਼ੀ ਕਰੀ ਜਾਂਦਾ ਲੱਗਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸੁਭਾਅ ਦੇ ਮੁਤਾਬਕ ਹਾਲੇ ਤੱਕ ਚੁੱਪ ਕੀਤੇ ਹੋਏ ਹਨ, ਪਰ ਜਦੋਂ ਚੋਣਾਂ ਹੋਣ ਤਾਂ ਚੁੱਪ ਬਹੁਤੀ ਦੇਰ ਫਾਇਦੇਮੰਦ ਨਹੀਂ ਹੋ ਸਕਦੀ। ਪੰਜਾਬ ਦਾ ਚੋਣ ਨਕਸ਼ਾ ਸਾਫ ਹੋ ਰਿਹਾ ਹੈ, ਪਰ ਕਾਂਗਰਸ ਪਾਰਟੀ ਵਿੱਚ ਉਲਝਣਾਂ ਵਧ ਰਹੀਆਂ ਹਨ। —ਜਤਿੰਦਰ ਪਨੂੰ

1211 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper