Latest News
ਭਾਰਤੀ ਅਕਾਸ਼ 'ਚ ਮੈੱਕਸ ਜਹਾਜ਼ਾਂ ਦੀਆਂ ਉਡਾਨਾਂ 'ਤੇ ਰੋਕ

Published on 13 Mar, 2019 11:31 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਡੀ ਜੀ ਸੀ ਏ) ਨੇ ਬੁੱਧਵਾਰ ਸ਼ਾਮ ਚਾਰ ਵਜੇ ਤੋਂ ਭਾਰਤੀ ਹਵਾਈ ਖੇਤਰ 'ਚ ਬੋਇੰਗ-737 ਮੈੱਕਸ ਜਹਾਜ਼ਾਂ ਦੇ ਉਡਾਨ ਭਰਨ 'ਤੇ ਰੋਕ ਲਾ ਦਿੱਤੀ ਹੈ, ਜਿਸ ਤੋਂ ਬਾਅਦ ਸਪਾਈਸ ਜੈੱਟ ਨੇ ਅੱਜ ਲਈ ਆਪਣੀਆਂ 14 ਉਡਾਨਾਂ ਰੱਦ ਕਰ ਦਿੱਤੀਆਂ ਹਨ। ਡੀ ਜੀ ਸੀ ਏ ਨੇ ਆਪਣੇ ਮੰਗਲਵਾਰ ਦੇਰ ਰਾਤ ਦੇ ਬਿਆਨ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਦੇਸ਼ ਦੇ ਹਵਾਈ ਅੱਡਿਆਂ ਤੋਂ ਮੈੱਕਸ ਜਹਾਜ਼ਾਂ ਦੀਆਂ ਉਡਾਨਾਂ 'ਤੇ ਮੰਗਲਵਾਰ ਰਾਤ ਤਤਕਾਲ ਪ੍ਰਭਾਵ 'ਤੇ ਰੋਕ ਲਾ ਦਿੱਤੀ ਹੈ, ਪਰ ਮੁਰੰਮਤ ਕੀਤੇ ਜਾ ਰਹੇ ਜਹਾਜ਼ਾਂ, ਅੰਤਰਰਾਸ਼ਟਰੀ ਉਡਾਨਾਂ ਤੇ ਘਰੇਲੂ ਜਹਾਜ਼ ਸੇਵਾ ਕੰਪਨੀਆਂ ਦੇ ਵਿਦੇਸ਼ ਗਏ ਜਹਾਜ਼ਾਂ ਨੂੰ ਸ਼ਾਮ ਚਾਰ ਵਜੇ ਤੱਕ ਵਾਪਸ ਆਉਣ ਦੀ ਇਜਾਜ਼ਤ ਹੋਵੇਗੀ। ਅੱਜ ਸ਼ਾਮ ਚਾਰ ਵਜੇ ਤੋਂ ਬਾਅਦ 737 ਮੈੱਕਸ ਜਹਾਜ਼ਾਂ 'ਤੇ ਭਾਰਤੀ ਅਕਾਸ਼ 'ਚ ਉਡਾਨ ਭਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਗੂ ਹੋ ਗਈ ਹੈ।
ਇਥੋਪੀਆ 'ਚ ਐਤਵਾਰ ਨੂੰ ਹੋਏ ਜਹਾਜ਼ ਹਾਦਸੇ ਤੋਂ ਬਾਅਦ ਭਾਰਤ ਸਮੇਤ ਕਰੀਬ 50 ਦੇਸ਼ਾਂ ਨੇ ਬੋਇੰਗ-737 ਮੈੱਕਸ ਜਹਾਜ਼ਾਂ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ।
ਭਾਰਤ, ਆਸਟ੍ਰੇਲੀਆ, ਦੁਬਈ, ਨਾਰਵੇ, ਪੋਲੈਂਡ, ਜਰਮਨੀ, ਚੀਨ, ਬ੍ਰਾਜ਼ੀਲ, ਵੀਅਤਨਾਮ, ਅਰਜਨਟੀਨਾ ਸਮੇਤ ਕਈ ਦੇਸ਼ਾਂ ਨੇ ਇਥੋਪੀਆ 'ਚ ਹੋਏ ਹਾਦਸੇ ਤੋਂ ਬਾਅਦ ਬੋਇੰਗ-737 ਮੈੱਕਸ ਜਹਾਜ਼ਾਂ 'ਤੇ ਰੋਕ ਲਾ ਦਿੱਤੀ ਹੈ।
ਆਸਟਰੇਲੀਆ ਦੀ ਜਹਾਜ਼ ਕੰਪਨੀ ਵਰਜਿਨ ਆਸਟ੍ਰੇਲੀਆ ਨੇ ਬੁੱਧਵਾਰ ਜਨਤਾ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਜਦ ਤੱਕ ਬੋਇੰਗ-737 ਮੈੱਕਸ ਜਹਾਜ਼ ਦੀ ਸੁਰੱਖਿਆ ਨੂੰ ਲੈ ਕੇ ਸੰਤੁਸ਼ਟੀ ਨਹੀਂ ਹੋਵੇਗੀ, ਉਦੋਂ ਤੱਕ ਕੋਈ ਵੀ ਨਵਾਂ ਬੋਇੰਗ ਜਹਾਜ਼ ਬੇੜੇ 'ਚ ਸ਼ਾਮਲ ਨਹੀਂ ਹੋਵੇਗਾ। ਵਰਜਿਨ ਆਸਟ੍ਰੇਲੀਆ ਦੇ ਕੋਲ ਵਰਤਮਾਨ 'ਚ ਹਾਲਾਂਕਿ ਇੱਕ ਵੀ ਬੋਇੰਗ 737 ਮੈੱਕਸ 8 ਜਹਾਜ਼ ਨਹੀਂ ਹਨ, ਪਰ ਉਨ੍ਹਾਂ 30 ਇਸ ਤਰ੍ਹਾਂ ਦੇ ਜਹਾਜ਼ਾਂ ਦਾ ਆਰਡਰ ਦੇ ਰੱਖਿਆ ਹੈ, ਜੋ ਨਵੰਬਰ 'ਚ ਸੌਂਪੇ ਜਾਣੇ ਹਨ।
ਇਸ ਤੋਂ ਇਲਾਵਾ ਪੋਲੈਂਡ ਸ਼ਹਿਰੀ ਹਵਾਬਾਜ਼ੀ ਦਫ਼ਤਰ ਨੇ ਵੀ ਬੋਇੰਗ-737 ਮੈੱਕਸ-8 ਦੀ ਆਵਾਜਾਈ 'ਤੇ ਰੋਕ ਲਾ ਦਿੱਤੀ ਹੈ।
ਪੋਲੈਂਡ ਦੇ ਰਾਸ਼ਟਰੀ ਹਵਾਬਾਜ਼ੀ ਦੇ ਬੁਲਾਰਾ ਨੇ ਹਵਾਈ ਜਹਾਜ਼ ਦੁਆਰਾ ਚਲਾਈਆਂ ਜਾਂਦੀਆਂ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਹੈ ਅਤੇ ਬੋਇੰਗ-737 ਮੈੱਕਸ ਦੇ ਉਪਯੋਗ ਕੀਤੇ ਜਾਣ ਵਾਲੇ ਮਾਰਗ 'ਤੇ ਫਿਲਹਾਲ ਹੋਰ ਹਵਾਈ ਜਹਾਜ਼ਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਥੋਪੀਆ ਜਹਾਜ਼ ਹਾਦਸੇ 'ਚ ਪੋਲੈਂਡ ਦੇ ਦੋ ਨਾਗਰਿਕਾਂ ਦੀ ਮੌਤ ਹੋ ਗਈ ਸੀ।

177 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper