Latest News
ਮਾਇਆਵਤੀ ਵਿਰੁੱਧ ਪ੍ਰਿਅੰਕਾ ਦਾ ਨਵਾਂ ਪੈਂਤੜਾ

Published on 14 Mar, 2019 11:11 AM.


ਆਮ ਕਹਾਵਤ ਹੈ ਕਿ ਰਾਜਨੀਤੀ ਵਿੱਚ ਦਿੱਲੀ ਦੇ ਤਖਤ ਦਾ ਰਸਤਾ ਲਖਨਊ ਤੋਂ ਹੋ ਕੇ ਜਾਂਦਾ ਹੈ। ਇਹ ਇਸ ਲਈ, ਕਿਉਂਕਿ ਇਹ ਸਭ ਸੂਬਿਆਂ ਤੋਂ ਵੱਡਾ ਹੈ ਤੇ ਇਸ ਦੀਆਂ ਲੋਕ ਸਭਾ ਸੀਟਾਂ ਦੀ ਗਿਣਤੀ 80 ਹੈ। ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਉਸ ਦੀਆਂ ਕੁੱਲ ਜਿੱਤੀਆਂ ਸੀਟਾਂ ਵਿੱਚੋਂ ਚੌਥਾ ਹਿੱਸਾ ਇਸੇ ਰਾਜ ਤੋਂ ਮਿਲੀਆਂ ਸਨ। ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਕਾਫ਼ੀ ਚਿਰ ਪਹਿਲਾਂ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਅਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨੇ ਆਪਸੀ ਗੱਠਜੋੜ ਬਣਾ ਲਿਆ ਸੀ। ਉਨ੍ਹਾਂ 3 ਲੋਕ ਸਭਾ ਸੀਟਾਂ ਦੇ ਕੇ ਅਜੀਤ ਸਿੰਘ ਦੇ ਰਾਸ਼ਟਰੀ ਲੋਕ ਦਲ ਨੂੰ ਵੀ ਆਪਣੇ ਨਾਲ ਜੋੜ ਲਿਆ। ਪਿਛਲੀਆਂ ਚੋਣਾਂ ਵਾਂਗ ਹੀ ਇਸ ਗਠਜੋੜ ਨੇ ਕਾਂਗਰਸ ਪਾਰਟੀ ਨੂੰ ਰਾਹੁਲ ਗਾਂਧੀ ਲਈ ਲੋਕ ਸਭਾ ਦੀ ਅਮੇਠੀ ਤੇ ਸੋਨੀਆ ਗਾਂਧੀ ਲਈ ਰਾਇਬਰੇਲੀ ਸੀਟ ਛੱਡ ਕੇ ਆਪਣੀ ਦੀ ਮੁੱਠੀ ਘੁੱਟ ਲਈ। ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਪੂਰਬੀ ਯੂ ਪੀ ਦੀ ਕਮਾਨ ਪ੍ਰਿਅੰਕਾ ਗਾਂਧੀ ਤੇ ਪੱਛਮੀ ਯੂ ਪੀ ਦੀ ਕਮਾਨ ਜਿਓਤਿਰਦਿਤਿਆ ਸਿੰਧੀਆ ਨੂੰ ਸੌਂਪ ਕੇ ਆਪਣੀਆਂ ਗੋਟੀਆਂ ਬਿਠਾਉਣੀ ਸ਼ੁਰੂ ਕਰ ਕੀਤੀਆਂ। ਭਾਜਪਾ ਦੇ ਇੱਕ ਸਿੱਖ ਐੱਮ ਐੱਲ ਏ ਅਵਤਾਰ ਸਿੰਘ ਭੜਾਨਾ ਨੂੰ ਆਪਣੇ ਨਾਲ ਜੋੜ ਲਿਆ, ਜਿਸ ਦਾ ਪੱਛਮੀ ਯੂ ਪੀ ਦੇ ਸਿੱਖ ਭਾਈਚਾਰੇ ਵਿੱਚ ਚੰਗਾ ਅਸਰ-ਰਸੂਖ ਹੈ। ਕੁਝ ਦਿਨ ਬਾਅਦ ਹੀ ਭਾਜਪਾ ਦੀ ਐਮ ਪੀ ਸਵਿੱਤਰੀ ਬਾਈ ਫੂਲੇ ਵੀ ਕਾਂਗਰਸ ਦੇ ਪਾਲੇ ਵਿੱਚ ਆ ਗਈ। ਸਵਿੱਤਰੀ ਬਾਈ ਫੂਲੇ 2014 ਦੀਆਂ ਚੋਣਾਂ ਵਿੱਚ ਬਸਪਾ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਸੀ। ਭਾਜਪਾ ਨੇ ਉੁਸ ਨੂੰ ਬਹਿਰਾਇਚ ਤੋਂ ਟਿਕਟ ਦਿੱਤੀ ਤੇ ਉਹ ਚੋਣ ਜਿੱਤ ਗਈ ਸੀ। ਉਸ ਦਾ ਪੂਰਬੀ ਯੂ ਪੀ ਦੇ ਦਲਿਤ ਸਮਾਜ ਵਿੱਚ ਕਾਫ਼ੀ ਵੱਡਾ ਅਧਾਰ ਹੈ। ਪ੍ਰਿਅੰਕਾ ਗਾਂਧੀ ਤੇ ਜਿਓਤਿਰਦਿਤਿਆ ਸਿੰਧੀਆ ਨੇ ਆਪਣੇ ਲਖਨਊ ਦੌਰੇ ਦੌਰਾਨ ਹੋਰ ਛੋਟੀਆਂ ਪਾਰਟੀਆਂ ਦੇ ਆਗੂਆਂ ਨਾਲ ਵੀ ਗੱਠਜੋੜ ਬਣਾਉਣ ਲਈ ਵਿਚਾਰ-ਚਰਚਾ ਕੀਤੀ। ਇਨ੍ਹਾਂ ਵਿੱਚ ਮਹਾਨ ਦਲ ਤੇ ਅਪਨਾ ਦਲ ਦੇ ਇੱਕ ਧੜੇ ਦੇ ਆਗੂਆਂ ਤੋਂ ਇਲਾਵਾ ਸਮਾਜਵਾਦੀ ਪਾਰਟੀ ਤੋਂ ਵੱਖ ਹੋਏ ਸ਼ਿਵਪਾਲ ਯਾਦਵ ਵੀ ਸ਼ਾਮਲ ਸਨ।
ਇਸੇ ਦੌਰਾਨ ਕਾਂਗਰਸ ਪਾਰਟੀ ਨੇ ਯੂ ਪੀ ਦੀਆਂ ਚੋਣਵੀਆਂ 11 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਸਮਝਿਆ ਜਾਂਦਾ ਸੀ ਕਿ ਸ਼ਾਇਦ ਇਹ 11 ਸੀਟਾਂ ਤੇ 2 ਪਹਿਲੀਆਂ ਛੱਡੀਆਂ ਸਮੇਤ 13 ਸੀਟਾਂ ਦੇ ਕੇ ਕਾਂਗਰਸ ਨੂੰ ਵੀ ਸਪਾ-ਬਸਪਾ ਵਾਲੇ ਗੱਠਜੋੜ ਵਿੱਚ ਸ਼ਾਮਲ ਕਰ ਲਿਆ ਜਾਵੇਗਾ, ਪਰ ਦੋ ਦਿਨ ਪਹਿਲਾਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਵੱਲੋਂ ਆਏ ਬਿਆਨ ਤੋਂ ਬਾਅਦ ਇਹ ਸੰਭਾਵਨਾ ਮੱਧਮ ਪੈ ਗਈ। ਮਾਇਆਵਤੀ ਨੇ ਤਾਂ ਯੂ ਪੀ ਤੋਂ ਵੀ ਅੱਗੇ ਲੰਘਦਿਆਂ ਇਹ ਕਹਿ ਕਿ ਉਸ ਦੀ ਪਾਰਟੀ ਕਾਂਗਰਸ ਨਾਲ ਕਿਸੇ ਰਾਜ ਵਿੱਚ ਕੋਈ ਸਮਝੌਤਾ ਨਹੀਂ ਕਰੇਗੀ, ਸਾਰੇ ਦਰਵਾਜ਼ੇ ਬੰਦ ਕਰ ਦਿੱਤੇ।
ਸ਼ਾਇਦ ਇਸੇ ਗੱਲ ਤੋਂ ਕੌੜ ਖਾ ਕੇ ਪ੍ਰਿਅੰਕਾ ਗਾਂਧੀ ਜਿਓਤਿਰਦਿਤਿਆ ਸਿੰਧੀਆ ਤੇ ਰਾਜ ਬੱਬਰ ਨੂੰ ਨਾਲ ਲੈ ਕੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਅਜ਼ਾਦ ਨੂੰ ਮਿਲਣ ਮੇਰਠ ਜਾ ਪੁੱਜੀ, ਜਿੱਥੇ ਉਹ ਹਸਪਤਾਲ ਵਿੱਚ ਦਾਖ਼ਲ ਹੈ। ਚੰਦਰ ਸ਼ੇਖਰ ਅਜ਼ਾਦ ਪੱਛਮੀ ਯੂ ਪੀ ਦੇ ਦਲਿਤ ਨੌਜਵਾਨਾਂ ਵਿੱਚ ਬਹੁਤ ਹਰਮਨ-ਪਿਆਰਾ ਹੈ। ਪੱਛਮੀ ਯੂ ਪੀ ਵਿੱਚ 21 ਫ਼ੀਸਦੀ ਦਲਿਤ ਤੇ 20 ਫ਼ੀਸਦੀ ਮੁਸਲਮਾਨ ਹਨ। ਚੰਦਰ ਸ਼ੇਖਰ ਅਜ਼ਾਦ ਦਲਿਤ ਨੌਜਵਾਨਾਂ ਵਾਂਗ ਹੀ ਮੁਸਲਮਾਨ ਵਸੋਂ ਵਿੱਚ ਚੰਗੀ ਪਕੜ ਰੱਖਦੇ ਹਨ।
ਸੰਨ 2017 ਵਿੱਚ ਸਹਾਰਨਪੁਰ ਦੇ ਸੁਬੀਰਪੁਰ ਪਿੰਡ ਵਿੱਚ ਦਲਿਤਾਂ ਤੇ ਰਾਜਪੂਤਾਂ ਵਿੱਚ ਹੋਈਆਂ ਝੜਪਾਂ ਸਮੇਂ ਚੰਦਰ ਸ਼ੇਖਰ ਦੀ ਭੀਮ ਆਰਮੀ ਚਰਚਾ ਵਿੱਚ ਆਈ ਸੀ। ਉਸ ਤੋਂ ਬਾਅਦ ਯੋਗੀ ਦੀ ਪੁਲਸ ਵੱਲੋਂ ਉਸ ਉੱਤੇ ਰਾਸੁਕਾ ਲਾ ਕੇ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਉਸ ਦੇ ਨਾਲ ਹੀ 37 ਹੋਰ ਦਲਿਤ ਨੌਜਵਾਨ ਵੱਖ-ਵੱਖ ਧਾਰਾਵਾਂ ਅਧੀਨ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤੇ ਗਏ। 15 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਪਿਛਲੇ ਸਾਲ ਸਤੰਬਰ ਵਿੱਚ ਚੰਦਰ ਸ਼ੇਖਰ ਅਜ਼ਾਦ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਵਾਰ ਉਹ 15 ਮਾਰਚ ਨੂੰ ਬਾਬੂ ਕਾਂਸ਼ੀ ਰਾਮ ਦਾ ਜਨਮ ਦਿਨ ਮਨਾਉਣ ਲਈ ਦੇਵਬੰਦ ਤੋਂ ਦਿੱਲੀ ਤੱਕ ਇੱਕ ਬਾਈਕ ਰੈਲੀ ਕੱਢ ਰਹੇ ਸਨ। ਇਹ ਰੈਲੀ 12 ਮਾਰਚ ਨੂੰ ਮੁਜ਼ੱਫ਼ਰਨਗਰ, 13 ਮਾਰਚ ਨੂੰ ਮੇਰਠ, 14 ਮਾਰਚ ਨੂੰ ਗਾਜ਼ੀਆਬਾਦ ਤੇ 15 ਮਾਰਚ ਨੂੰ ਜੰਤਰ-ਮੰਤਰ ਦਿੱਲੀ ਵਿਖੇ ਪੁੱਜਣੀ ਸੀ। ਪਰ ਪੁਲਸ ਨੇ ਉਸ ਨੂੰ ਪਹਿਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਚੰਦਰ ਸ਼ੇਖਰ ਅਜ਼ਾਦ ਸਮੇਤ 28 ਵਿਅਕਤੀਆਂ ਅਤੇ 150 ਅਗਿਆਤ ਲੋਕਾਂ ਉੱਤੇ ਕੇਸ ਦਰਜ ਕਰ ਲਿਆ। ਗ੍ਰਿਫ਼ਤਾਰੀ ਸਮੇਂ ਤਬੀਅਤ ਵਿਗੜ ਜਾਣ ਕਾਰਣ ਉਸ ਨੂੰ ਮੇਰਠ ਵਿਖੇ ਹਸਪਤਾਲ ਵਿੱਚ ਦਾਖ਼ਲ ਕਰਾਉਣਾ ਪਿਆ।
ਪ੍ਰਿਅੰਕਾ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਨੇ ਚੰਦਰ ਸ਼ੇਖਰ ਨਾਲ ਲੱਗਭੱਗ ਡੇਢ ਘੰਟਾ ਗੱਲਬਾਤ ਕੀਤੀ। ਉਸ ਤੋਂ ਬਾਅਦ ਭਾਵੇਂ ਦੋਹਾਂ ਪਾਸਿਆਂ ਨੇ ਗੱਲਬਾਤ ਦਾ ਕੋਈ ਸਿਆਸੀ ਸੰਕੇਤ ਨਹੀਂ ਦਿੱਤਾ, ਪਰ ਅਗਲੇ ਹੀ ਦਿਨ ਚੰਦਰ ਸ਼ੇਖਰ ਆਜ਼ਾਦ ਦਾ ਇਹ ਬਿਆਨ ਆ ਗਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਵਾਰਾਨਸੀ ਤੋਂ ਚੋਣ ਲੜੇਗਾ। ਸਪੱਸ਼ਟ ਹੈ ਕਿ ਚੰਦਰ ਸ਼ੇਖਰ ਆਜ਼ਾਦ ਦੇ ਕਾਂਗਰਸ ਦੇ ਪਾਲੇ ਵਿੱਚ ਆ ਜਾਣ ਤੋਂ ਬਾਅਦ ਯੂ ਪੀ ਵਿੱਚੋਂ ਸਭ ਤੋਂ ਵੱਧ ਨੁਕਸਾਨ ਬਸਪਾ ਨੂੰ ਹੋਵੇਗਾ। ਕਾਂਗਰਸ ਦੇ ਇਸ ਦਾਅ ਤੋਂ ਬਾਅਦ ਸ਼ਾਇਦ ਮਾਇਆਵਤੀ ਨੂੰ ਕੁਝ ਹੋਸ਼ ਆ ਜਾਵੇ ਤੇ ਦੇਸ਼ ਦੇ ਵੱਡੇ ਹਿੱਤਾਂ ਲਈ ਉਹ ਆਪਣੀ ਸੌੜੀ ਸੋਚ ਨੂੰ ਤਿਆਗ ਦੇਵੇ।

1151 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper