Latest News
ਪਾਕਿ ਨੂੰ ਭਾਰਤ ਨੇ ਕਿਹਾ; ਰੋਜ਼ 5000 ਨੂੰ ਦਿਓ ਵੀਜ਼ਾ ਫਰੀ ਐਂਟਰੀ

Published on 14 Mar, 2019 11:16 AM.

ਅੰਮ੍ਰਿਤਸਰ (ਜਸਬੀਰ ਪੱਟੀ)
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕਰਤਾਰਪੁਰ 'ਤੇ ਪਹਿਲੀ ਗੱਲਬਾਤ ਵੀਰਵਾਰ ਨੂੰ ਖ਼ਤਮ ਹੋ ਗਈ। ਇਸ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਗੱਲਬਾਤ ਦਾ ਆਯੋਜਨ ਪੁਲਵਾਮਾ ਅੱਤਵਾਦੀ ਹਮਲੇ ਦੇ ਠੀਕ ਇਕ ਮਹੀਨੇ ਬਾਅਦ ਹੋਇਆ ਹੈ। 14 ਫਰਵਰੀ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਸੀ ਆਰ ਪੀ ਐੱਫ਼ ਦੇ ਕਾਫ਼ਿਲੇ 'ਤੇ ਇੱਕ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ 'ਚ ਸੀ ਆਰ ਪੀ ਐੱਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਸ ਲਾਂਘਾ ਪ੍ਰੋਜੈਕਟ ਨਾਲ ਜੁੜੀ ਅਹਿਮ ਗੱਲਬਾਤ 'ਤੇ ਚਰਚਾ ਕੀਤੀ।
ਇਸ ਦੌਰਾਨ ਭਾਰਤ ਨੇ ਪਾਕਿਸਤਾਨ ਤੋਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਹਰ ਰੋਜ਼ 5000 ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਇਹ ਮੀਟਿੰਗ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਅਤੇ ਸਰਹੱਦ ਦੇ ਉਸ ਪਾਰ ਕਰਤਾਰਪੁਰ ਸਾਹਿਬ ਦੇ ਵਿਚਕਾਰ ਸ਼ਰਧਾਲੂਆਂ ਲਈ ਪ੍ਰਸਤਾਵਿਤ ਲਾਂਘੇ ਨੂੰ ਖੋਲ੍ਹਣ 'ਤੇ ਚਰਚਾ ਲਈ ਹੋਈ।
ਭਾਰਤ ਨੇ ਇਹ ਵੀ ਸੁਝਾਅ ਦਿੱਤਾ ਕਿ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਤੱਕ ਪੈਦਲ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਹਫ਼ਤੇ ਦੇ ਸੱਤੇ ਦਿਨ ਇਸ ਲਾਂਘੇ ਨੂੰ ਖੁੱਲ੍ਹਾ ਰੱਖਿਆ ਜਾਣਾ ਚਾਹੀਦਾ ਹੈ। ਪ੍ਰੱੈਸ ਕਾਨਫਰੰਸ ਦੇ ਦੌਰਾਨ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਸ ਸੀ ਐੱਲ ਦਾਸ ਨੇ ਕਿਹਾ ਕਿ ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਭਾਵਨਾ ਤਹਿਤ ਇਸ ਨੂੰ ਪੂਰੀ ਤਰ੍ਹਾਂ ਨਾਲ ਵੀਜ਼ਾ ਫਰੀ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ, 'ਇਸ ਦੇ ਨਾਲ ਹੀ ਹੋਰ ਦਸਤਾਵੇਜ਼ ਜਾਂ ਪ੍ਰਕਿਰਿਆ ਦੇ ਨਾਂਅ 'ਤੇ ਕੋਈ ਹੋਰ ਬੋਝ ਨਹੀਂ ਪਾਇਆ ਜਾਣਾ ਚਾਹੀਦਾ।'
ਭਾਰਤ ਅਤੇ ਪਾਕਿਸਤਾਨ ਵੱਲੋਂ ਜਾਰੀ ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ ਪਹਿਲੀ ਮੀਟਿੰਗ 'ਚ ਸ੍ਰੀ ਕਰਤਾਰ ਸਾਹਿਬ ਨੂੰ ਲਾਂਘੇ ਨਾਲ ਜੋੜਨ ਲਈ ਹੋਈ ਪਹਿਲੀ ਗੱਲਬਾਤ 'ਚ ਯਾਤਰੀਆਂ ਦੀ ਸੁਵਿਧਾ ਲਈ ਤਿਆਰ ਡਰਾਫ਼ਟ 'ਤੇ ਚਰਚਾ ਕੀਤੀ ਗਈ। ਸਾਂਝੇ ਬਿਆਨ ਮੁਤਾਬਿਕ ਦੋਵਾਂ ਦੇਸ਼ਾਂ ਨੇ ਲਾਂਘੇ ਲਈ ਪ੍ਰਸਤਾਵਿਤ ਕਈ ਅਹਿਮ ਗੱਲਾਂ 'ਤੇ ਚਰਚਾ ਕੀਤੀ। ਹੁਣ ਵਾਹਘਾ 'ਚ ਦੋ ਅਪ੍ਰੈਲ ਨੂੰ ਇਸ ਲਾਂਘੇ 'ਤੇ ਅਗਲੀ ਮੁਲਾਕਾਤ ਹੋਵੇਗੀ। ਕਰਤਾਰਪੁਰ ਲਾਂਘਾ, ਪਾਕਿਸਤਾਨ ਦੇ ਕਰਤਾਰਪੁਰ 'ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ 'ਚ ਸਥਿਤ ਡੇਰਾ ਬਾਬਾ ਨਾਨਕ ਨਾਲ ਜੋੜੇਗਾ। ਇਹ ਮੀਟਿੰਗ ਇਸ ਸਮੇਂ ਹੋਈ ਜਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਤਣਾਅ ਸਿਖ਼ਰ 'ਤੇ ਹੈ। ਭਾਰਤ ਦੇ ਪ੍ਰਤੀਨਿਧੀ ਮੰਡਲ 'ਚ ਗ੍ਰਹਿ, ਵਿਦੇਸ਼ ਮੰਤਰਾਲਾ ਤੋਂ ਇਲਾਵਾ ਬੀ ਐੱਸ ਐੱਫ਼ ਅਤੇ ਰਾਸ਼ਟਰੀ ਰਾਜ ਮਾਰਗ ਅਥਾਰਟੀ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਸ਼ਾਮਲ ਸਨ।
ਭਾਰਤੀ ਅਧਿਕਾਰੀਆਂ ਨੇ ਕਿਹਾ ਕਿ 15 ਏਕੜ ਜ਼ਮੀਨ 'ਤੇ ਫੇਜ਼ 1 ਤਿਆਰ ਕੀਤਾ ਜਾਵੇਗਾ, ਫੇਜ਼ 1 'ਚ ਬਣਾਇਆ ਜਾਵੇਗਾ ਯਾਤਰੀ ਟਰਮੀਨਲ, 5000 ਸ਼ਰਧਾਲੂ ਪ੍ਰਤੀ ਦਿਨ ਕਰਤਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ, ਸਟੇਟ ਆਫ ਦੀ ਆਰਟ ਬਿਲਡਿੰਗ ਬਣਾਉਣ ਦੀ ਜ਼ਿੰਮੇਵਾਰੀ ਲੈਂਡਪੋਰਟ ਅਥਾਰਿਟੀ ਆਫ ਇੰਡੀਆ, ਫੇਜ਼ 1 'ਤੇ ਆਏਗੀ 140 ਕਰੋੜ ਦੀ ਲਾਗਤਾਰ 5000 ਸ਼ਰਧਾਲੂਆਂ ਲਈ ਹੋਣਗੇ 54 ਇਮੀਗ੍ਰੇਸ਼ਨ ਕਾਊਂਟਰ, ਫੇਜ਼ 2 'ਚ ਬਣਾਈ ਜਾਵੇਗੀ 30 ਮੀਟਰ ਉੱਚੇ ਵਾਚ ਟਾਵਰ ਤੇ ਇਕ ਦਰਸ਼ਕ ਗੈਲਰੀ, 5 ਬਿਸਤਰਿਆਂ ਦਾ ਹਸਪਤਾਲ, 300 ਸ਼ਰਧਾਲੂਆਂ ਦੀ ਰਿਹਾਇਸ਼, ਫਾਇਰ ਸਟੇਸਨ, ਪੁਲਸ ਸਟੇਸ਼ਨ ਅਤੇ ਰੈਸਟੋਰੈਂਟ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇਗਾ। ਪਹਿਲਾ ਫੇਜ਼, ਖ਼ਾਸ ਦਿਹਾੜਿਆਂ 'ਤੇ 10,000 ਸ਼ਰਧਾਲੂ ਕਰ ਸਕਣਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ, ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਪੈਦਲ ਜਾਣ ਦੇਣ ਦੀ ਇਜਾਜ਼ਤ ਸਬੰਧੀ ਕੀਤੀ ਗਈ ਮੰਗ, 2 ਅਪ੍ਰੈਲ ਨੂੰ ਭਾਰਤੀ ਵਫਦ ਜਾਵੇਗਾ ਪਾਕਿਸਤਾਨ।
ਪਾਕਿਸਤਾਨ ਵੱਲੋਂ ਭਾਰਤ ਦੇ ਉਸ ਫੈਸਲੇ 'ਤੇ ਨਿਰਾਸ਼ਾ ਪ੍ਰਗਟ ਕੀਤੀ ਗਈ, ਜਿਸ 'ਚ ਇਸ ਇਤਿਹਾਸਕ ਮੁਲਾਕਾਤ ਦੀ ਕਵਰੇਜ਼ ਲਈ ਪਾਕਿਸਤਾਨੀ ਪੱਤਰਕਾਰਾਂ ਨੂੰ ਅਟਾਰੀ ਆਉਣ ਲਈ ਵੀਜ਼ਾ ਨਹੀਂ ਦਿੱਤਾ ਗਿਆ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਡਾਕਟਰ ਮੁਹੰਮਦ ਫੈਸਲ ਵੱਲੋਂ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ, 'ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਭਾਰਤ ਨੇ ਕੱਲ੍ਹ ਕਰਤਾਰਪੁਰ ਲਈ ਹੋਣ ਵਾਲੀ ਮੀਟਿੰਗ ਲਈ ਪਾਕਿਸਤਾਨ ਦੇ ਪੱਤਰਕਾਰਾਂ ਨੂੰ ਵੀਜ਼ਾ ਨਹੀਂ ਦਿੱਤਾ।'

514 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper