Latest News
ਪਾਕਿ-ਭਾਰਤ : ਸਰਹੱਦਾਂ ਦੀ ਕਹਾਣੀ, ਸਾਡੇ ਤੋਂ ਇਹ ਦੁਸ਼ਮਣੀ ਨਿਭਾਈ ਨਾ ਜਾਣੀ!

Published on 14 Mar, 2019 11:23 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ-ਪਾਕਿਸਤਾਨ ਨੂੰ ਸਰਹੱਦਾਂ ਚਾਹੇ ਹੀ ਵੰਡਦੀਆਂ ਹੋਣ, ਪਰ ਦੋਵਾਂ ਮੁਲਕਾਂ 'ਚ ਕੁਝ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹਨ, ਜੋ ਅੱਜ ਵੀ ਸਰਹੱਦਾਂ ਅਤੇ ਆਪਣੇ ਪਰਾਏ ਦੇ ਭੇਦ ਨੂੰ ਤੋੜ ਕੇ 'ਕੁਝ ਅਪਨਾ ਸਾ' ਦਰਸਾਉਂਦੀਆਂ ਹਨ। ਇਤਿਹਾਸ 'ਚ ਝਾਂਗਦੇ ਕੁਝ ਨਾਂਅ ਅੱਜ ਵੀ ਉਸ ਖਾਮੋਸ਼ੀ ਨਾਲ 'ਤੁਝਮੇ ਵੀ ਮੈਂ ਹੂੰ' ਦਾ ਸੰਦੇਸ਼ ਦਿੰਦਾ ਹੈ।
ਇਹ ਹਿੰਦੁਸਤਾਨ ਦਾ ਗੁਜਰਾਤ ਅਤੇ ਉਹ ਪਾਕਿਸਤਾਨ ਦਾ ਗੁਜਰਾਤ, ਇਹ ਸਾਡਾ ਹੈਦਰਾਬਾਦ ਤਾਂ ਉਹ ਉਨ੍ਹਾਂ ਦਾ ਹੈਦਰਾਬਾਦ। ਸਰਹੱਦ ਦੇ ਉਸ ਪਾਰ ਲਾਹੌਰ 'ਚ ਵੀ ਦਿੱਲੀ ਦੀ ਮਹਿਕ ਵਿਖੇਰਦਾ ਦਿੱਲੀ ਗੇਟ ਮਿਲੇਗਾ ਤਾਂ ਭਾਰਤ ਦੇ ਪਟਿਆਲਾ 'ਚ ਲਾਹੌਰੀ ਗੇਟ ਤੋਂ ਅੱਜ ਵੀ ਉਸ ਦੇਸ਼ ਦੀ ਖੁਸ਼ਬੂ ਆਉਂਦੀ ਹੈ। ਭਾਰਤ 'ਚ 'ਕਰਾਚੀ ਹਲਵੇ' ਦੇ ਸ਼ੌਕੀਨ ਹਰ ਨੁੱਕੜ 'ਤੇ ਮਿਲ ਜਾਣਗੇ ਤਾਂ ਪਾਕਿਸਤਾਨ 'ਚ ਵੀ 'ਬੰਗਾਲੀ ਸਮੋਸੇ' ਦੇ ਮੁਰੀਦ ਘੱਟ ਨਹੀਂ ਹਨ।
ਵੰਡ ਤੋਂ ਬਾਅਦ ਦਹਾਕਿਆਂ ਤੋਂ ਚਲੀ ਆ ਰਹੀ ਅਸ਼ਾਂਤੀ ਦੇ ਵਿਚਕਾਰ ਕੁਝ ਨਾਂਅ ਅੱਜ ਵੀ ਇਸ ਤਰ੍ਹਾਂ ਦੀ ਜ਼ਿੱਦ ਨਾਲ ਖੜ੍ਹੇ ਹਨ, ਮਨੋ ਦੁਸ਼ਮਣੀ ਨਾਲ ਭਰੇ ਮਾਹੌਲ 'ਚ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਦੋਵੇਂ ਗੁਆਂਢੀ ਮੁਲਕ ਨਾ ਸਿਰਫ਼ ਸਰਹੱਦਾਂ ਸਾਂਝੀਆਂ ਕਰਦੇ ਹਨ, ਬਲਕਿ ਸਦੀਆਂ ਪੁਰਾਣੀ ਸੰਸਕ੍ਰਿਤੀ ਵਿਰਾਸਤ ਵੀ ਇੱਕ ਦੂਜੇ ਨਾਲ ਵੰਡਦੇ ਹਨ।
ਭਾਰਤ ਅਤੇ ਪਾਕਿਸਤਾਨ ਦਾ ਅਤੀਤ ਸਾਂਝਾ, ਪਰ ਵਰਤਮਾਨ ਵੰਡਿਆ ਹੋਇਆ ਹੈ। ਇਹ ਵੀ ਸੱਚ ਹੈ ਕਿ ਭਾਰਤ-ਪਾਕਿਸਤਾਨ ਦਾ ਨਾਂਅ ਅੱਜ ਸਿਰਫ਼ ਆਪਸੀ ਝਗੜੇ 'ਚ ਲਿਆ ਜਾਂਦਾ ਹੈ, ਪਰ ਦੋਵਾਂ ਮੁਲਕਾਂ 'ਚ ਕਰੀਬ ਸੱਤ ਦਹਾਕਿਆਂ ਬਾਅਦ ਅੱਜ ਵੀ ਆਪਸੀ ਏਕਤਾ ਦੀਆਂ ਕਈ ਨਿਸ਼ਾਨੀਆਂ ਮੌਜੂਦ ਹਨ।
ਫਿਰ ਚਾਹੇ ਉਹ ਗਲੀਆਂ, ਦੁਕਾਨਾਂ, ਸਮਾਰਕ, ਖਾਣ-ਪੀਣ ਦੀਆਂ ਚੀਜ਼ਾਂ ਹੋਣ ਜਾਂ ਫਿਰ ਹੋਰ ਵੀ ਬਹੁਤ ਕੁਝ, ਇਨ੍ਹਾਂ ਦਾ ਜ਼ਿਕਰ ਦੋਵਾਂ ਦੇਸ਼ਾਂ ਦੇ ਇਤਿਹਾਸਕਾਰ ਕਰਦੇ ਹਨ। ਪੁਲਵਾਮਾ ਹਮਲੇ ਤੋਂ ਬਾਅਦ ਹਾਲੀਆ ਤਣਾਅ ਵਧਣ ਨਾਲ ਇਹ ਵਿਰਾਸਤ ਵੀ ਵਧਦੇ ਤਣਾਅ ਦੇ ਸਾਏ 'ਚ ਆ ਗਈ ਹੈ। 14 ਫਰਵਰੀ ਨੂੰ ਅੱਤਵਾਦੀ ਹਮਲੇ ਦੀ ਘਟਨਾ ਤੋਂ ਬਾਅਦ ਅਹਿਮਦਾਬਾਦ ਅਤੇ ਬੈਂਗਲੁਰੂ 'ਚ 'ਕਰਾਚੀ ਬੇਕਰੀ' ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਪੁਲਵਾਮਾ ਹਮਲੇ ਦੇ ਬਾਅਦ 1971 ਦੇ ਬਾਅਦ ਤੋਂ ਪਹਿਲੀ ਵਾਰ ਦੋਵਾਂ ਦੇਸ਼ਾਂ ਦੀ ਹਵਾਈ ਫੌਜ ਦੇ ਵਿਚਕਾਰ 27 ਫਰਵਰੀ ਨੂੰ ਪਹਿਲੀ ਵਾਰ ਹਵਾਈ ਝੜਪ ਹੋਈ, ਇਸ ਦੌਰਾਨ ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਦੇ ਪਾਇਲਟ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਹਾਲਾਂਕਿ ਇਸ ਦੇ ਤਿੰਨ ਦਿਨ ਬਾਅਦ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਇੱਕ ਮਾਰਚ ਨੂੰ ਰਿਹਾਅ ਕਰ ਦਿੱਤਾ ਗਿਆ।
ਦੋਵਾਂ ਦੁਕਾਨਾਂ ਦੇ ਪ੍ਰਬੰਧਾਂ ਨੂੰ ਕੁਝ ਲੋਕਾਂ ਨੇ ਆਪਣੇ ਸਾਈਨ ਬੋਰਡ ਤੋਂ 'ਕਰਾਚੀ' ਨਾਂਅ ਲੁਕਾਉਣ ਦੀ ਹਦਾਇਤ ਦਿੱਤੀ, ਕਿਉਂਕਿ ਬੇਕਰੀ ਦੇ ਨਾਂਅ ਦੇ ਨਾਲ ਕਰਾਚੀ ਸ਼ਹਿਰ ਦਾ ਨਾਂਅ ਜੁੜਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਭਾਰਤੀਅਤਾ ਦੇ ਪ੍ਰਦਰਸ਼ਨ ਲਈ ਇੱਕ ਪੋਸਟਰ ਦੇ ਨਾਲ ਤਿਰੰਗਾ ਵੀ ਲਾਇਆ, ਜਿਸ 'ਚ ਲਿਖਿਆ ਸੀ ਕਿ ਇਸ ਬ੍ਰੈਂਡ ਦੀ ਸਥਾਪਨਾ ਵੰਡ ਤੋਂ ਬਾਅਦ ਭਾਰਤ ਆਏ ਖਾਨਚੰਦ ਰਾਮਨਾਨੀ ਨਾਂਅ ਦੇ ਇੱਕ ਸਿੰਧੀ ਨੇ 1953 'ਚ ਕੀਤੀ ਸੀ ਅਤੇ ਉਹ 'ਦਿਲ ਤੋਂ ਪੂਰੀ ਤਰ੍ਹਾਂ ਭਾਰਤੀ' ਹਨ।
ਇਸ ਖੌਫ਼ ਦਾ ਅਸਰ ਰਾਸ਼ਟਰੀ ਰਾਜਧਾਨੀ ਸਮੇਤ ਹੋਰ ਸ਼ਹਿਰਾਂ 'ਚ ਵੀ ਦਿਖਾਈ ਦਿੱਤਾ। ਪੁਰਾਣੀ ਦਿੱਲੀ ਦੇ ਇੱਕ ਕਾਰੋਬਾਰੀ ਨੇ ਕਿਹਾ, 'ਮੈਂ ਤੁਹਾਨੂੰ ਸਿਰਫ਼ ਏਨਾ ਦੱਸ ਸਕਦਾ ਹਾਂ ਕਿ ਅਸੀਂ ਓਨੇ ਹੀ ਭਾਰਤੀ ਹਾਂ ਜਿੰਨੇ ਕਿ ਇਹ ਸੜਕ 'ਤੇ ਖੜੇ ਹੋਣ ਜਾਂ ਕਾਰੋਬਾਰ ਕਰਨ ਵਾਲਾ ਕੋਈ ਵਿਅਕਤੀ। ਮੇਰੀ ਦੁਕਾਨ ਦੇ ਨਾਂਅ ਨਾਲ ਇਸ ਦੇਸ਼ ਲਈ ਮੇਰੀ ਵਫ਼ਾਦਾਰੀ 'ਤੇ ਸਵਾਲ ਨਹੀਂ ਉਠਾਇਆ ਜਾਣਾ ਚਾਹੀਦਾ। ਮੇਰੀ ਇਹ ਦੁਕਾਨ 50 ਸਾਲ ਤੋਂ ਜ਼ਿਆਦਾ ਸਮੇਂ ਤੋਂ ਹੈ।'
ਫਿਲਹਾਲ ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਜ਼ਿਕਰ ਵਾਲੇ ਨਾਂਵਾਂ ਨੂੰ ਬਦਲਣਾ ਨਾ ਤਾਂ ਰਾਸ਼ਟਰਵਾਦ ਹੈ ਅਤੇ ਨਾ ਹੀ ਇਹ ਕੋਈ ਬਹਾਦਰੀ ਵਾਲਾ ਕੰਮ ਹੈ। ਹਾਲ 'ਚ ਪ੍ਰਕਾਸ਼ਤ ਕਿਤਾਬ 'ਦ ਪਾਰਟੀਸ਼ਨ ਆਫ਼ ਇੰਡੀਆ' ਦੇ ਸੰਪਾਦਕ ਅਮਿਤ ਰੰਜਨ ਨੇ ਪੀ ਟੀ ਆਈ ਨੂੰ ਦੱਸਿਆ, ਭਾਰਤ 'ਚ ਵੀ ਗੁਜਰਾਤ (ਸੂਬੇ) ਹੈ ਤਾਂ ਪਾਕਿਸਤਾਨ ਦੇ ਪੰਜਾਬ 'ਚ ਇੱਕ ਜ਼ਿਲ੍ਹੇ ਨੂੰ ਗੁਜਰਾਤ ਕਹਿੰਦੇ ਹਨ। ਉਥੇ ਸਿੰਧ 'ਚ ਇੱਕ ਸ਼ਹਿਰ ਹੈਦਰਾਬਾਦ ਹੈ ਤਾਂ ਸਾਡੇ ਇੱਥੇ ਵੀ ਹੈਦਰਾਬਾਦ ਸ਼ਹਿਰ ਹੈ। ਜਿੱਥੋਂ ਤੱਕ ਕਿ ਬਾਜਵਾ, ਸੇਠੀ, ਰਾਠੌੜ, ਚੌਧਰੀ ਆਦਿ ਵਰਗੇ ਉਪਨਾਮ ਵੀ ਦੋਵਾਂ ਦੇਸ਼ਾਂ 'ਚ ਇਸਤੇਮਾਲ ਕੀਤੇ ਜਾਂਦੇ ਹਨ। ਅਸੀਂ ਲੋਕ ਭੂਗੋਲ ਨਹੀਂ ਬਦਲ ਸਕਦੇ ਅਤੇ ਨਾ ਹੀ ਆਪਣੇ ਸਾਂਝੇ ਇਤਿਹਾਸ ਨੂੰ ਮਿਟਾ ਸਕਦੇ ਹਾਂ। ਪਾਕਿਸਤਾਨ 'ਚ ਸ਼ਹਿਰਾਂ ਦੇ ਨਾਂਅ 'ਤੇ ਭੋਜਨ, ਸਥਾਨ ਅਤੇ ਦੁਕਾਨਾਂ ਦੇ ਨਾਂਵਾਂ ਦਾ ਜ਼ਿਕਰ ਕਰਦੇ ਹੋਏ ਸੰਸਕ੍ਰਿਤੀ ਇਤਿਹਾਸਕਾਰ ਸੋਹੇਲ ਹਾਸ਼ਮੀ ਨੇ ਕਿਹਾ ਕਿ ਇਹ ਸਭ ਵੰਡ ਅਤੇ ਪਾਕਿਸਤਾਨ ਦੇ ਨਿਰਮਾਣ ਤੋਂ ਪਹਿਲਾਂ ਦਾ ਹੈ। ਉਨ੍ਹਾ ਕਿਹਾ, ਪਹਾੜਗੰਜ 'ਚ ਮੁਲਤਾਨੀ ਢਾਂਡਾ ਨਾਂਅ ਇੱਕ ਜਗ੍ਹਾ ਹੈ, ਪਰ ਹੁਣ ਮੁਲਤਾਨ ਪਾਕਿਸਤਾਨ 'ਚ ਹੈ। ਇਹ ਪਾਕਿਸਤਾਨ ਦੇ ਬਨਣ ਦੀ ਕਹਾਣੀ ਕਹਿੰਦਾ ਹੈ। ਇਹ ਸਥਾਨ ਹੁਣ ਭਾਰਤ 'ਚ ਹੈ ਅਤੇ ਸਿਰਫ਼ ਇਸ ਲਈ ਉਨ੍ਹਾਂ ਦੇ ਨਾਂਵਾਂ ਨੂੰ ਕੀ ਬਦਲਣਾ ਹੋਵੇਗਾ? ਸਾਨੂੰ ਨਿਸਚਿਤ ਰੂਪ ਨਾਲ ਇਹ ਸਮਝਣਾ ਚਾਹੀਦਾ ਕਿ ਲੋਕ ਜਦ ਪਲਾਇਨ ਕਰਦੇ ਹਨ, ਉਦੋਂ ਵੀ ਉਹ ਆਪਣੇ ਨਾਂਵਾਂ ਦੇ ਨਾਲ ਆਪਣੀ ਜਗ੍ਹਾ ਦਾ ਨਾਂਅ ਢੋਂਹਦੇ ਹਨ। ਉਨ੍ਹਾਂ ਸਵਾਲ ਪੁੱਛਦੇ ਹੋਏ ਕਿਹਾ, ਇੱਕ ਵਿਸ਼ੇਸ਼ ਤਰ੍ਹਾਂ ਦਾ ਹਲਵਾ ਹੈ, ਜੋ ਕਿਤੇ ਵੀ ਚਲੇ ਜਾਓ, ਕਰਾਚੀ ਹਲਵੇ ਦੇ ਨਾਂਅ ਨਾਲ ਹੀ ਮਸ਼ਹੂਰ ਹੈ। ਤੁਸੀਂ ਇਸ ਦਾ ਕੀ ਕਰੋਗੇ, ਕੀ ਇਸ ਨੂੰ ਦਿੱਲੀ ਹਲਵਾ ਜਾਂ ਪਟਿਆਲਾ ਹਲਵਾ ਕਹੋਗੇ।'

372 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper