Latest News
ਖੜਗੇ ਨੇ ਕੀਤਾ ਲੋਕਪਾਲ ਚੋਣ ਕਮੇਟੀ ਦਾ ਬਾਈਕਾਟ

Published on 15 Mar, 2019 09:19 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕਾਂਗਰਸ ਦੇ ਸੀਨੀਅਰ ਨੇਤਾ ਮਲਿਕਅਰਜਨ ਖੜਗੇ ਨੇ 'ਵਿਸ਼ੇਸ਼ ਸੱਦਾ ਪੱਤਰ' ਦੇ ਤੌਰ 'ਤੇ ਬੁਲਾਏ ਜਾਣ ਦਾ ਵਿਰੋਧ ਕਰਦੇ ਹੋਏ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਲੋਕਪਾਲ ਚੋਣ ਕਮੇਟੀ ਦੀ ਮੀਟਿੰਗ ਦਾ ਇੱਕ ਵਾਰ ਫਿਰ ਤੋਂ ਬਾਈਕਾਟ ਕੀਤਾ ਹੈ। ਮੀਟਿੰਗ 'ਚ ਵਿਸ਼ੇਸ਼ ਮੈਂਬਰ ਦੇ ਤੌਰ 'ਤੇ ਬੁਲਾਏ ਜਾਣ ਦਾ ਵਿਰੋਧ ਕਰਦੇ ਹੋਏ ਖੜਗੇ ਪਹਿਲਾਂ ਵੀ ਕਈ ਵਾਰ ਇਸ ਮੀਟਿੰਗ ਦਾ ਬਾਈਕਾਟ ਕਰ ਚੁੱਕੇ ਹਨ।
ਲੋਕ ਸਭਾ 'ਚ ਕਾਂਗਰਸ ਦੇ ਨੇਤਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਲੋਕਪਾਲ ਨਿਯਮ 2013 ਦੀ ਧਾਰਾ ਚਾਰ 'ਚ ਵਿਸ਼ੇਸ਼ ਮੈਂਬਰ ਦੇ ਤੌਰ 'ਤੇ ਲੋਕਪਾਲ ਚੋਣ ਕਮੇਟੀ ਦਾ ਹਿੱਸਾ ਹੋਣਾ ਜਾਂ ਇਸ ਦੀ ਮੀਟਿੰਗ 'ਚ ਸ਼ਾਮਲ ਹੋਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ 2014 'ਚ ਸੱਤਾ ਤੋਂ ਬੇਦਖ਼ਲ ਹੋਣ ਤੋਂ ਬਾਅਦ ਇਸ ਸਰਕਾਰ ਨੇ ਲੋਕਪਾਲ ਕਾਨੂੰਨ 'ਚ ਇਸ ਤਰ੍ਹਾਂ ਦੀ ਸੋਧ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਜਿਸ 'ਚ ਵਿਰੋਧੀ ਦਲ ਦੀ ਸਭ ਤੋਂ ਵੱਡੀ ਪਾਰਟੀ ਦਾ ਨੇਤਾ ਚੋਣ ਕਮੇਟੀ ਦੇ ਮੈਂਬਰ ਦੇ ਤੌਰ 'ਤੇ ਮੀਟਿੰਗ ਸ਼ਾਮਲ ਹੋ ਸਕੇ।
ਖੜਗੇ ਨੇ ਕਿਹਾ ਕਿ ਮੀਟਿੰਗ 'ਚ ਵਿਸ਼ੇਸ਼ ਮੈਂਬਰ ਦੇ ਤੌਰ 'ਤੇ ਮੇਰੇ ਸ਼ਾਮਲ ਨਾ ਹੋਣ ਦਾ ਬਹਾਨਾ ਬਣਾ ਕੇ ਸਰਕਾਰ ਨੇ ਪਿਛਲੇ ਪੰਜ ਸਾਲਾਂ 'ਚ ਲੋਕਪਾਲ ਦੀ ਨਿਯੁਕਤੀ ਨਹੀਂ ਕੀਤੀ।
ਫਿਲਹਾਲ, ਇਸ ਸੰਦਰਭ 'ਚ ਥੋੜ੍ਹੀ-ਬਹੁਤ ਜੋ ਵੀ ਕੋਸ਼ਿਸ਼ ਹੋਈ ਹੈ, ਉਹ ਸੁਪਰੀਮ ਕੋਰਟ ਦੇ ਦਬਾਅ ਕਾਰਨ ਹੋਈ ਹੈ। ਪੱਤਰ 'ਚ ਉਨ੍ਹਾਂ ਦਾਅਵਾ ਕੀਤਾ ਕਿ ਸੱਚਾਈ ਇਹ ਹੈ ਕਿ ਸਾਰੀ ਮੀਟਿੰਗ ਤੈਅ ਪ੍ਰੋਗਰਾਮ ਤਹਿਤ ਹੋਈ ਹੈ ਅਤੇ ਸਰਚ ਕਮੇਟੀ ਵੀ ਗਠਿਤ ਕੀਤੀ ਗਈ। ਇਸ ਨਾਲ ਸਾਫ਼ ਹੁੰਦਾ ਹੈ ਕਿ ਸਰਕਾਰ ਇਸ ਮਹੱਤਵਪੂਰਨ ਪ੍ਰਕਿਰਿਆ ਤੋਂ ਵਿਰੋਧੀ ਦਲ ਨੂੰ ਵੱਖ ਰੱਖਣਾ ਚਾਹੁੰਦੀ ਸੀ। ਕਾਂਗਰਸ ਨੇਤਾ ਨੇ ਇਹ ਵੀ ਕਿਹਾ ਕਿ ਵਿਰੋਧੀ ਦਲ ਨੂੰ ਵੱਖ ਰੱਖ ਕੇ ਪੂਰੀ ਪ੍ਰਕਿਰਿਆ ਨੂੰ ਹੀ ਵਿਗਾੜ ਦਿੱਤਾ ਗਿਆ ਹੈ ਅਤੇ ਇਸ ਇੱਕ ਤਰਫ਼ੀ ਪ੍ਰਕਿਰਿਆ ਨਾਲ ਚੁਣਿਆ ਕੋਈ ਵੀ ਵਿਅਕਤੀ ਅਹੁਦਾ ਸਵੀਕਾਰ ਕਰਨ ਤੋਂ ਮਨ੍ਹਾ ਕਰ ਸਕਦਾ ਹੈ।

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper