Latest News
ਮਾਇਆਵਤੀ ਹੋਈ 'ਮੁਲਾਇਮ', ਮੈਨਪੁਰੀ 'ਚ ਐੱਸ ਪੀ ਲਈ ਕਰੇਗੀ ਚੋਣ ਪ੍ਰਚਾਰ

Published on 15 Mar, 2019 09:21 AM.

ਲਖਨਊ (ਨਵਾਂ ਜ਼ਮਾਨਾ ਸਰਵਿਸ)
ਯੂ ਪੀ ਦੇ ਚੋਣ ਦੰਗਲ 'ਚ ਭਾਜਪਾ ਨੂੰ ਮਾਤ ਦੇਣ ਲਈ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ 1995 ਦੇ ਗੈਸਟ ਹਾਊਸ ਕਾਂਡ ਨੂੰ ਭੁੱਲ ਕੇ ਆਪਣੇ ਵਿਰੋਧੀ ਅਤੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਲਈ ਵੋਟ ਮੰਗਦੀ ਨਜ਼ਰ ਆ ਸਕਦੀ ਹੈ। ਲੋਕਸਭਾ ਚੋਣਾਂ 'ਚ ਸੂਬੇ 'ਚ ਐੱਸ ਪੀ, ਬਸਪਾ ਗਠਬੰਧਨ ਨੂੰ ਜਿੱਤ ਦਿਵਾਉਣ ਲਈ ਐਸ ਪੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਮਾਇਆਵਤੀ 12 ਰੈਲੀਆਂ ਕਰਨਗੇ।
ਸੂਤਰਾਂ ਦੀ ਮੰਨੀਏ ਤਾਂ ਸਮਾਜਵਾਦੀ ਪਾਰਟੀ ਨੇ ਮਹਾਂਗਠਬੰਧਨ ਦੇ ਚੋਣ ਪ੍ਰਚਾਰ ਦਾ ਬਿਊਰਾ ਤਿਆਰ ਕਰ ਲਿਆ ਹੈ। ਇਨ੍ਹਾਂ ਰੈਲੀਆਂ ਦੀ ਤਰੀਕ ਅਤੇ ਸਥਾਨ ਨਿਰਧਾਰਤ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਲਿਸਟ 'ਚ 19 ਅਪ੍ਰੈਲ ਨੂੰ ਮੈਨਪੁਰੀ 'ਚ ਰੈਲੀ ਪ੍ਰਸਤਾਵਿਤ ਹੈ। ਇਸ ਰੈਲੀ 'ਚ ਮੁਲਾਇਮ ਸਿੰਘ ਯਾਦਵ ਦੇ ਨਾਲ ਮੰਚ 'ਤੇ ਬਸਪਾ ਸੁਪਰੀਮੋ ਮਾਇਆਵਤੀ ਵੀ ਨਜ਼ਰ ਆ ਸਕਦੀ ਹੈ।
ਸਾਲ 1992 'ਚ ਮੁਲਾਇਮ ਸਿੰਘ ਯਾਦਵ ਨੇ ਜਨਤਾ ਦਲ ਤੋਂ ਵੱਖ ਹੋ ਕੇ ਸਮਾਜਵਾਦੀ ਪਾਰਟੀ ਬਣਾਈ ਸੀ। ਪਾਰਟੀ ਬਣਾਉਣ ਤੋਂ ਬਾਅਦ ਭਾਜਪਾ ਦਾ ਰਸਤਾ ਰੋਕਣ ਲਈ ਮੁਲਾਇਮ ਨੇ 1993 'ਚ ਬਹੁਜਨ ਸਮਾਜ ਪਾਰਟੀ ਦੇ ਨਾਲ ਹੱਥ ਮਲਾਇਆ ਸੀ ਅਤੇ ਸਰਕਾਰ ਬਣਾਈ ਸੀ। ਹਾਲਾਂਕਿ ਮਾਇਆਵਤੇ ਇਸ ਸਰਕਾਰ 'ਚ ਸ਼ਾਮਲ ਨਹੀਂ ਹੋਈ, ਪਰ 2 ਜੂਨ 1995 ਨੂੰ ਬਸਪਾ ਨੇ ਮੁਲਾਇਮ ਸਰਕਾਰ ਤੋਂ ਕਿਨਾਰਾ ਕਰਦੇ ਹੋਏ ਸਮਰੱਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਅਤੇ ਜਿਸ ਨਾਲ ਦੋਵਾਂ ਦਲਾਂ ਦਾ ਗਠਬੰਧਨ ਟੁੱਟ ਗਿਆ। ਮਾਇਆਵਤੀ ਦੇ ਸਮਰੱਥਨ ਵਾਪਸੀ ਦੇ ਐਲਾਨ ਤੋਂ ਬਾਅਦ ਮੁਲਾਇਮ ਸਰਕਾਰ ਡਗਮਗਾ ਗਈ।
ਇਸ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਨੂੰ ਬਚਾਉਣ ਲਈ ਵਿਧਾਨ ਸਭਾ ਦੇ ਜੋੜ-ਤੋੜ ਦਾ ਸਿਲਸਿਲਾ ਸ਼ੁਰੂ ਹੋਇਆ, ਪਰ ਗੱਲ ਨਾ ਬਣਦੀ ਦੇਖ ਸਮਾਜਵਾਦੀ ਪਾਰਟੀ ਦੇ ਨਾਰਾਜ਼ ਵਿਧਾਇਕ ਅਤੇ ਵਰਕਰ ਮੀਰਬਾਈ ਮਾਰਗ ਸਥਿਤ ਸਟੇਟ ਗੈਸਟ ਹਾਊਸ ਪਹੁੰਚ ਗਈੇ। ਇੱਥੇ ਕਮਰੇ 'ਚ ਬੰਦ ਬਸਪਾ ਸੁਪਰੀਮੋ ਮਾਇਆਵਤੀ ਨਾਲ ਕੁਝ ਲੋਕਾਂ ਨੇ ਬਦਸਲੂਕੀ ਕੀਤੀ।
ਉਥੇ ਹੀ ਇਸ ਮਾਮਲੇ 'ਚ ਜੋ ਐੱਫ਼ ਆਈ ਆਰ ਦਰਜ ਕਰਾਈ ਗਈ ਸੀ, ਉਸ 'ਚ ਕਿਹਾ ਗਿਆ ਸੀ ਕਿ ਸਮਾਜਵਾਦੀ ਪਾਰਟੀ ਦੇ ਲੋਕ ਮਾਇਆਵਤੀ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਸਨ।
ਇਸ ਘਟਨਾ ਨੂੰ ਯੂ ਪੀ ਦੇ ਸਿਆਸਤ 'ਚ ਗੈਸਟ ਹਾਊਸ ਕਾਂਡ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper