Latest News
ਮਸੂਦ ਅਜ਼ਹਰ ਨੂੰ ਫਰਾਂਸ ਨੇ ਦਿੱਤਾ ਤਕੜਾ ਝਟਕਾ

Published on 15 Mar, 2019 09:25 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੰਯੁਕਤ ਰਾਸ਼ਟਰ 'ਚ ਜੈਸ਼ ਸਰਗਨਾ ਮਸੂਦ ਅਜ਼ਹਰ 'ਤੇ ਬੈਨ ਲਾਉਣ ਦੇ ਪ੍ਰਸਤਾਵ 'ਤੇ ਚੀਨ ਦੁਆਰਾ ਵੀਟੋ ਕਰਨ ਦੇ ਬਾਅਦ ਫਰਾਂਸ ਨੇ ਇਸ ਅੱਤਵਾਦੀ ਸੰਗਠਨ 'ਤੇ ਹੁਣ ਖੁਦ ਹੀ ਐਕਸ਼ਨ ਲੈਣ ਦਾ ਫੈਸਲਾ ਕਰ ਲਿਆ ਹੈ। ਫਰਾਂਸ ਨੇ ਹੁਣ ਜੈਸ਼ ਸਰਗਨਾ ਮਸੂਦ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਫੈਸਲਾ ਲਿਆ ਹੈ। ਜੈਸ਼ ਦੇ ਖਿਲਾਫ਼ ਫਰਾਂਸ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਮਸੂਦ ਦੇ ਪੱਖ 'ਚ ਵੀਟੋ ਦੀ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਆਲੋਚਨਾ ਕੀਤੀ ਸੀ।
ਫਰਾਂਸ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਸੰਯੁਕਤ ਬਿਆਨ 'ਚ ਕਿਹਾ ਗਿਆ ਹੈ ਕਿ ਫਰਾਂਸ ਮਸੂਦ ਨੂੰ ਯੂਰਪੀ ਯੂਨੀਅਨ ਦੀ ਅੱਤਵਾਦੀ ਸੂਚੀ 'ਚ ਸ਼ਾਮਲ ਕਰਨ ਨੂੰ ਲੈ ਕੇ ਗੱਲ ਕਰੇਗਾ। ਉਧਰ ਪਾਕਿਸਤਾਨ 'ਤੇ ਵੀ ਅੱਤਵਾਦੀ ਮਸੂਦ 'ਤੇ ਕਾਰਵਾਈ ਨੂੰ ਲੈ ਕੇ ਜ਼ਬਰਦਸਤ ਵਿਸ਼ਵ ਪੱਧਰ 'ਤੇ ਦਬਾਅ ਹੈ। ਪੁਲਵਾਮਾ 'ਚ ਸੀ ਆਰ ਪੀ ਐੱਫ਼ ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਜੈਸ਼ ਨੇ ਲਈ ਸੀ। ਇਸ ਹਮਲੇ 'ਚ 40 ਜਵਾਨ ਸ਼ਹੀਦ ਹੋਏ ਸਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਸੰਚਾਲਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ ਐੱਨ ਐੱਸ ਸੀ) ਦੁਆਰਾ ਵਿਸ਼ਵ ਅੱਤਵਾਦੀ ਐਲਾਨ ਕਰਾਉਣ ਦੀ ਰਾਹ 'ਚ ਚੀਨ ਨੇ ਚੌਥੀ ਵਾਰ ਅੜਿੱਕਾ ਡਾਹਿਆ ਸੀ। ਮਸੂਦ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਾਉਣ ਦੇ ਪ੍ਰਸਤਾਵ 'ਤੇ ਫੈਸਲੇ ਤੋਂ ਕੁਝ ਮਿੰਟ ਪਹਿਲਾਂ ਚੀਨ ਨੇ ਵੀਟੋ ਦਾ ਇਸਤੇਮਾਲ ਕਰਦੇ ਹੋਏ ਪ੍ਰਸਤਾਵ 'ਤੇ ਰੋਕ ਲਾ ਦਿੱਤੀ ਸੀ। 2017 'ਚ ਵੀ ਚੀਨ ਨੇ ਇਸ ਤਰ੍ਹਾਂ ਹੀ ਕੀਤਾ ਸੀ। ਬੀਤੇ 10 ਸਾਲ 'ਚ ਸੰਯੁਕਤ ਰਾਸ਼ਟਰ 'ਚ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਾਉਣ ਦਾ ਇਹ ਚੌਥਾ ਪ੍ਰਸਤਾਵ ਸੀ।
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਫਰਾਂਸ ਦੀ ਅਗਵਾਈ 'ਚ ਬ੍ਰਿਟੇਨ ਅਤੇ ਅਮਰੀਕਾ ਨੇ ਮਸੂਦ ਖਿਲਾਫ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪ੍ਰਸਤਾਵ ਪੇਸ਼ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਲੰਮੇ ਸਮੇਂ ਤੋਂ ਸੁਰੱਖਿਆ ਪ੍ਰੀਸ਼ਦ ਦਾ ਧਿਆਨ ਇਸ ਵੱਲ ਕਰ ਰਿਹਾ ਹੈ ਕਿ ਜੈਸ਼ 'ਤੇ ਸੰਯੁਕਤ ਰਾਸ਼ਟਰ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ।
ਅਜ਼ਹਰ ਪਾਕਿਸਤਾਨ 'ਚ ਪੰਜਾਬ ਸੂਬੇ ਦੇ ਬਹਾਵਲਪੁਰ 'ਚ ਕੌਸਰ ਕਾਲੋਨੀ 'ਚ ਰਹਿੰਦਾ ਹੈ। ਜਨਵਰੀ 2016 'ਚ ਪੰਜਾਬ ਦੇ ਪਠਾਨਕੋਟ 'ਚ ਭਾਰਤੀ ਹਵਾਈ ਫੌਜ ਦੇ ਬੇਸ 'ਤੇ ਜੈਸ਼ ਦੇ ਹਮਲੇ ਤੋਂ ਬਾਅਦ ਭਾਰਤ ਨੇ ਸੰਯੁਕਤ ਰਾਸ਼ਟਰ ਵੱਲੋਂ ਅਜ਼ਹਰ 'ਤੇ ਪਾਬੰਦੀ ਲਾਉਣ ਨੂੰ ਲੈ ਕੇ ਆਪਣੀ ਕੋਸ਼ਿਸ਼ ਤੇਜ਼ ਕਰ ਦਿੱਤੀ ਸੀ। ਇਸ 'ਚ ਭਾਰਤ ਨੂੰ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦਾ ਵੀ ਸਮਰਥਨ ਮਿਲਿਆ ਸੀ, ਪਰ ਚੀਨ ਨੇ ਇਸ ਦਾ ਵਿਰੋਧ ਕੀਤਾ ਸੀ।

183 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper